ਮਹਿੰਗਾਈ ਤੋਂ ਰਾਹਤ ਦੇਣ ਦੇ ਲਈ ਸਰਕਾਰ ਨੇ ਚੁੱਕੇ ਕੁਝ ਹੋਰ ਕਦਮ

05/26/2022 1:22:28 AM

ਦੇਸ਼ ’ਚ ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਲਈ ਕੁਝ ਸਮੇਂ ਤੋਂ ਸਰਕਾਰ ਲਗਾਤਾਰ  ਯਤਨ ਕਰ ਰਹੀ ਹੈ। ਇਸੇ ਲੜੀ ’ਚ 13 ਮਈ ਨੂੰ ਕੇਂਦਰ ਸਰਕਾਰ ਨੇ ਕਣਕ ਦੀਆਂ ਕੀਮਤਾਂ ’ਚ ਕਮੀ ਲਿਆਉਣ ਦੇ ਮਕਸਦ ਨਾਲ ਇਸਦੀ ਬਰਾਮਦ ਰੋਕ ਦਿੱਤੀ ਸੀ ਜਿਸ ਦੇ ਬਾਅਦ ਕਣਕ ਦੇ ਭਾਅ 4 ਤੋਂ 8 ਫੀਸਦੀ ਤੱਕ ਟੁੱਟ ਗਏ ਸੀ ਅਤੇ ਫਿਲਹਾਲ ਕਣਕ ਦੇ ਭਾਅ ਬਰਾਮਦ ਪਾਬੰਦੀ ਵਾਲੇ ਦਿਨ ਦੇ ਪੱਧਰ ਤੋਂ 15 ਤੋਂ 75 ਰੁਪਏ  ਪ੍ਰਤੀ ਕੁਇੰਟਲ ਤੱਕ ਘੱਟ ਹਨ। ਇਸੇ ਤਰ੍ਹਾਂ ਕੇਂਦਰ ਸਰਕਾਰ ਨੇ 21 ਮਈ ਨੂੰ ਪੈਟ੍ਰੋਲ ’ਤੇ 8 ਰੁਪਏ ਅਤੇ ਡੀਜ਼ਲ ’ਤੇ 6 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾਉਣ ਦੇ ਇਲਾਵਾ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਵਾਲੇ ਸਿਲੰਡਰਾਂ ’ਤੇ ਇਸ  ਸਾਲ 200 ਰੁਪਏ ਦੀ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ।

ਇਸੇ ਦਿਨ ਇਸਪਾਤ ਅਤੇ ਪਲਾਸਟਿਕ ਉਦਯੋਗ ’ਚ ਵਰਤੇ  ਜਾਣ ਵਾਲੇ ਕੁਝ ਕੱਚੇ ਮਾਲ ’ਤੇ ਵੀ ਦਰਾਮਦ ਡਿਊਟੀ ਘਟਾਉਣ ਦਾ ਫੈਸਲਾ ਵੀ ਲਿਆ ਗਿਆ ਅਤੇ ਹੁਣ 24 ਮਈ ਨੂੰ ਕੇਂਦਰ ਸਰਕਾਰ ਨੇ ਖੁਰਾਕੀ ਤੇਲਾਂ ’ਤੇ ਵੱਡਾ ਫੈਸਲਾ ਲੈਂਦੇ ਹੋਏ ਮਾਰਚ 2024 ਤੱਕ ਲਈ ਸਾਲਾਨਾ 20 ਲੱਖ ਟਨ ਕੱਚੇ ਸੋਇਆਬੀਨ ਅਤੇ ਸੂਰਜਮੁਖੀ ਤੇਲ ਦੀ ਦਰਾਮਦ ’ਤੇ  ਕਸਟਮ  ਡਿਊਟੀ ਅਤੇ ਸੈੱਸ ਹਟਾਉਣ ਦਾ ਐਲਾਨ ਕੀਤਾ ਹੈ।ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਇਸੇ ਦਿਨ ਘਰੇਲੂ ਬਾਜ਼ਾਰ ’ਚ ਇਸ ਦੀ ਉਪਲੱਬਧਤਾ ਵਧਾ ਕੇ ਉਸ ਦਾ ਮੁੱਲ ਵਾਧਾ ਰੋਕਣ ਲਈ ਖੰਡ ਦੀ ਬਰਾਮਦ ’ਤੇ 1 ਜੂਨ ਤੋਂ ਪਾਬੰਦੀ  ਲਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ  ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਹੋਰ ਰਾਹਤ ਦੇਣ ਲਈ ਜਲਦੀ ਹੀ ਪੈਟ੍ਰੋਲ, ਡੀਜ਼ਲ ’ਤੇ ਐਕਸਾਈਜ਼ ਡਿਊਟੀ ’ਚ ਹੋਰ ਕਮੀ ਕਰਨ, ਹੋਰ ਖੁਰਾਕੀ ਤੇਲਾਂ, ਅਤੇ ਕਪਾਹ ’ਤੇ ਵੀ ਦਰਾਮਦ ਡਿਊਟੀ ਘਟਾਉਣ ’ਤੇ ਵਿਚਾਰ ਕਰਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਤਾਂ ਕਿ ਘਰੇਲੂ ਕੱਪੜਾ ਨਿਰਮਾਤਾਵਾਂ ਨੂੰ ਸਸਤੀਆਂ ਦਰਾਂ ’ਤੇ ਧਾਗਾ ਮਿਲ ਸਕੇ।

ਰੇਟਿੰਗ ਏਜੰਸੀ ‘ਇਕ੍ਰਾ’ ਅਨੁਸਾਰ ਸਰਕਾਰ  ਦੇ  ਇਨ੍ਹਾਂ ਕਦਮਾਂ  ਨਾਲ  ਪ੍ਰਚੂਨ ਮਹਿੰਗਾਈ ਦੀ ਦਰ ਅਪ੍ਰੈਲ ’ਚ 8 ਸਾਲ ਦੇ ਸਰਵਉੱਚ ਪੱਧਰ 7.8 ਦੀ ਤੁਲਨਾ ’ਚ ਕੁਝ ਘਟ ਕੇ ਮਈ ਮਹੀਨੇ ’ਚ 7 ਫੀਸਦੀ ਤੱਕ ਆ ਸਕਦੀ ਹੈ। ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ’ਚ 40 ਬੇਸਿਸ ਪੁਆਇੰਟ ਦੀ ਕਮੀ ਦੇ ਮਾਨਿਟਰੀ ਫੈਸਲੇ ਬਾਅਦ ਵਿੱਤ ਮੰਤਰਾਲਾ ਨੇ ਮਹਿੰਗਾਈ ’ਤੇ ਚੌਤਰਫਾ ਹਮਲਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਿਜ਼ਰਵ ਬੈਂਕ ਨੇ ਜੂਨ ’ਚ ਆਰਥਿਕ ਨੀਤੀ ’ਚ ਵਿਆਜ ਦਰਾਂ ’ਚ ਵਾਧੇ ਦੇ ਸੰਕੇਤ ਦਿੱਤੇ ਹਨ। ਇਸ ਨਾਲ ਮੰਗ ’ਚ ਕਮੀ ਆਉਣ ਨਾਲ ਮਹਿੰਗਾਈ ਕਾਬੂ ’ਚ ਆਉਣ ਦੇ ਬਾਅਦ ਜੀ. ਡੀ. ਪੀ ’ਚ  ਸੁਧਾਰ ਨਾਲ ਨੌਕਰੀਆਂ ਦੇ ਮੌਕੇ ਵੀ ਵਧਣਗੇ। ਨਤੀਜੇ ਵਜੋਂ ਸਰਕਾਰ  ਦੇ ਇਨ੍ਹਾਂ ਕਦਮਾਂ ਨਾਲ ਜਿੱਥੇ ਆਮ ਲੋਕਾਂ, ਖਾਸ ਕਰ ਕੇ ਘਰੇਲੂ ਸੁਆਣੀਆਂ ਨੂੰ ਕੁਝ ਰਾਹਤ ਮਿਲੇਗੀ  ਉੱਥੇ  ਹੀ  ਇਸ ਨਾਲ ਅਗਲੀਆਂ ਚੋਣਾਂ ’ਚ ਵੀ ਸਰਕਾਰ ਦੇ ਪ੍ਰਤੀ ਲੋਕਾਂ ਦੀ ਨਾਰਾਜ਼ਗੀ ’ਚ ਕੁਝ ਕਮੀ ਆ ਸਕਦੀ ਹੈ। 
ਵਿਜੇ ਕੁਮਾਰ 


Karan Kumar

Content Editor

Related News