''ਸ਼੍ਰੀ ਅਮਰਨਾਥ ਯਾਤਰੀਆਂ'' ਦੀ ਅਡੋਲ ਆਸਥਾ ਅਤੇ ਹਿੰਮਤ ਨੂੰ ''ਨਮਨ''

07/18/2017 3:56:20 AM

ਜੰਮੂ-ਕਸ਼ਮੀਰ ਵਿਚ ਸ਼੍ਰੀ ਅਮਰਨਾਥ ਦੀ ਯਾਤਰਾ ਆਸਥਾ ਦਾ ਅਜਿਹਾ ਕੇਂਦਰ ਹੈ, ਜਿਥੇ ਦੇਸ਼ ਭਰ ਤੋਂ ਲੋਕ ਮੁਸ਼ਕਿਲਾਂ ਸਹਿ ਕੇ ਭੋਲੇ ਬਾਬਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚਦੇ ਹਨ। ਇਹ ਸ਼ਰਧਾਲੂ ਅਜਿਹੇ ਹਥਿਆਰ ਰਹਿਤ ਵੀਰ ਸੈਨਿਕ ਹਨ, ਜੋ ਇਥੇ ਦੇਸ਼ ਦੀ ਏਕਤਾ-ਅਖੰਡਤਾ ਮਜ਼ਬੂਤ ਕਰਨ ਅਤੇ ਇਸ ਦੀ ਰੱਖਿਆ ਲਈ ਆਉਂਦੇ ਹਨ। 
ਇਹ ਕਰੋੜਾਂ ਸ਼ਿਵ ਭਗਤਾਂ ਦੀ ਆਸਥਾ ਦਾ ਕੇਂਦਰ ਹੀ ਨਹੀਂ, ਇਥੋਂ ਦੀ ਅਰਥ ਵਿਵਸਥਾ ਮਜ਼ਬੂਤ ਕਰਨ ਦਾ ਵੀ ਮਾਧਿਅਮ ਹੈ। ਇਸ ਸਮੇਂ ਜਦਕਿ ਸੂਬੇ ਦੀ ਆਮਦਨ ਦੇ ਮੁੱਖ ਸੋਮੇ ਸੈਰ-ਸਪਾਟੇ ਦਾ ਅੱਤਵਾਦ ਕਾਰਨ ਭੱਠਾ ਬੈਠ ਚੁੱਕਾ ਹੈ, ਇਕ ਅਮਰਨਾਥ ਯਾਤਰਾ ਹੀ ਕਸ਼ਮੀਰ ਦੀ ਅਰਥ ਵਿਵਸਥਾ ਨੂੰ ਕੁਝ ਸਹਾਰਾ ਦੇ ਰਹੀ ਹੈ। 
ਇਸ ਯਾਤਰਾ ਨਾਲ ਜੰਮੂ-ਕਸ਼ਮੀਰ ਸਰਕਾਰ ਨੂੰ ਕਰੋੜਾਂ ਰੁਪਏ ਦੀ ਆਮਦਨ ਤੋਂ ਇਲਾਵਾ ਸਥਾਨਕ ਘੋੜੇ, ਪਿੱਠੂ ਤੇ ਪਾਲਕੀ ਵਾਲੇ ਵੀ ਚੰਗੀ ਕਮਾਈ ਕਰਦੇ ਹਨ। ਇਸੇ ਆਮਦਨ ਨਾਲ ਉਹ ਆਪਣੇ ਬੱਚਿਆਂ ਦੇ ਵਿਆਹ ਅਤੇ ਨਵੇਂ ਮਕਾਨ ਬਣਾਉਂਦੇ ਤੇ ਖਰੀਦਦਾਰੀ ਕਰਦੇ ਹਨ। 
ਸ਼੍ਰੀ ਅਮਰਨਾਥ ਦੀ ਪਵਿੱਤਰ ਗੁਫਾ ਦੀ ਮੁੜ ਖੋਜ ਬੂਟਾ ਮੁਹੰਮਦ ਨਾਂ ਦੇ ਇਕ ਨੇਕਦਿਲ ਮੁਸਲਮਾਨ ਗੁੱਜਰ ਨੇ ਕੀਤੀ ਸੀ ਤੇ ਇਥੇ ਚੜ੍ਹਾਏ ਜਾਣ ਵਾਲੇ ਚੜ੍ਹਾਵੇ ਦਾ ਇਕ ਹਿੱਸਾ ਅੱਜ ਵੀ ਬੂਟਾ ਮੁਹੰਮਦ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਜਾਂਦਾ ਹੈ। 
ਯਾਤਰਾ ਮਾਰਗ ਵਿਚ ਲਖਨਪੁਰ ਤੋਂ ਗੁਫਾ ਤਕ 125 ਤੋਂ ਵੱਧ ਸਵੈਮ ਸੇਵੀ ਮੰਡਲੀਆਂ ਲੰਗਰ ਲਾ ਕੇ ਰੱਖੜੀ ਤਕ ਇਥੇ ਸ਼ਰਧਾਲੂਆਂ ਦੇ ਖਾਣ-ਪੀਣ, ਠਹਿਰਨ, ਦਵਾਈਆਂ ਆਦਿ ਨਾਲ ਨਿਰਸੁਆਰਥ ਭਾਵ ਨਾਲ ਸੇਵਾ ਕਰਦੀਆਂ ਹਨ। 
ਇਸ ਸਾਲ ਵੀ ਖਰਾਬ ਮੌਸਮ ਅਤੇ ਅੱਤਵਾਦੀਆਂ ਦੇ ਹਮਲੇ ਦੀ ਪਰਵਾਹ ਨਾ ਕਰਦੇ ਹੋਏ ਸ਼ਰਧਾਲੂ 29 ਜੂਨ ਤੋਂ ਸ਼੍ਰੀ ਅਮਰਨਾਥ ਯਾਤਰਾ ਲਈ ਨਿਕਲ ਪਏ ਹਨ, ਜੋ ਰੱਖੜੀ, ਭਾਵ 7 ਅਗਸਤ ਤਕ ਜਾਰੀ ਰਹੇਗੀ।
ਯਾਤਰਾ ਦੇ 11ਵੇਂ ਦਿਨ 9 ਜੁਲਾਈ ਤਕ 1,34,771 ਸ਼ਰਧਾਲੂ ਭੋਲੇ ਬਾਬਾ ਦੇ ਦਰਬਾਰ ਵਿਚ ਨਤਮਸਤਕ ਹੋ ਚੁੱਕੇ ਹਨ, ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਯਾਤਰਾ ਦੇ ਪਹਿਲੇ ਦਿਨ 29 ਜੂਨ ਨੂੰ ਲਖਨਪੁਰ ਵਿਚ ਸ਼ਰਧਾਲੂਆਂ ਦੀ ਇਕ ਬੱਸ ਹਾਦਸਾਗ੍ਰਸਤ ਹੋਣ ਨਾਲ 12 ਲੋਕ ਜ਼ਖ਼ਮੀ ਹੋ ਗਏ ਅਤੇ 30 ਜੂਨ ਨੂੰ ਆਧਾਰ ਕੈਂਪਾਂ ਬਾਲਟਾਲ ਅਤੇ ਪਹਿਲਗਾਮ 'ਚ ਭਾਰੀ ਵਰਖਾ ਕਾਰਨ ਯਾਤਰਾ ਕੁਝ ਦੇਰ ਰੋਕਣੀ ਪਈ। 
ਜੰਮੂ-ਸ਼੍ਰੀਨਗਰ ਰਾਜਮਾਰਗ ਉੱਤੇ ਵੀ ਕਈ ਥਾਵਾਂ 'ਤੇ ਢਿੱਗਾਂ ਡਿਗਣ ਕਾਰਨ ਯਾਤਰੀਆਂ ਦਾ ਤੀਜਾ ਜਥਾ ਰੋਕਣਾ ਪਿਆ ਅਤੇ ਅੱਤਵਾਦੀ ਬੁਰਹਾਨ ਵਾਨੀ ਦੀ ਬਰਸੀ ਕਾਰਨ ਕਸ਼ਮੀਰ ਵਾਦੀ 'ਚ ਪਾਏ ਜਾ ਰਹੇ ਤਣਾਅ  ਕਾਰਨ ਵੀ 8 ਜੁਲਾਈ ਨੂੰ ਯਾਤਰਾ ਰੱਦ ਕੀਤੀ ਗਈ।
ਪਰ ਇਸ ਯਾਤਰਾ 'ਚ 10 ਜੁਲਾਈ ਰਾਤ ਨੂੰ ਬਹੁਤ ਵੱਡੀ ਰੁਕਾਵਟ ਪਈ, ਜਦੋਂ ਅੱਤਵਾਦੀਆਂ ਨੇ ਅਨੰਤਨਾਗ ਜ਼ਿਲੇ ਵਿਚ ਇਕ ਯਾਤਰੀ ਬੱਸ 'ਤੇ ਹਮਲਾ ਕਰ ਕੇ 8 ਲੋਕਾਂ ਦੀ ਹੱਤਿਆ ਕਰ ਕੇ ਯਾਤਰਾ ਦੇ ਸ਼ਾਂਤੀਪੂਰਵਕ ਸਮਾਪਤ ਹੋਣ ਦਾ ਸਿਲਸਿਲਾ ਤੋੜ ਦਿੱਤਾ। 
ਹਾਲਾਂਕਿ ਇਸ ਤੋਂ ਬਾਅਦ ਵੀ ਸ਼ਰਧਾਲੂਆਂ ਦੀ ਆਸਥਾ ਅਤੇ ਹਿੰਮਤ ਨਹੀਂ ਡਿਗੀ ਅਤੇ 18 ਦਿਨਾਂ ਵਿਚ ਹੀ ਸ਼ਰਧਾਲੂਆਂ ਨੇ 2 ਲੱਖ ਦਾ ਅੰਕੜਾ ਪਾਰ ਕਰ ਦਿੱਤਾ। 
ਪਰ 16 ਜੁਲਾਈ ਨੂੰ ਹੀ ਇਕ ਹੋਰ ਮੰਦਭਾਗੀ ਘਟਨਾ ਵਿਚ ਰਾਮਬਨ ਜ਼ਿਲੇ ਦੀ ਬਨਿਹਾਲ ਤਹਿਸੀਲ ਦੇ ਨਚਲਾਨਾ ਇਲਾਕੇ ਵਿਚ ਸ਼ਰਧਾਲੂਆਂ ਨਾਲ ਭਰੀ ਇਕ ਬੱਸ ਖੱਡ 'ਚ ਡਿਗ ਜਾਣ ਨਾਲ 17 ਲੋਕਾਂ ਦੀ ਮੌਤ ਅਤੇ 31 ਲੋਕ ਜ਼ਖ਼ਮੀ ਹੋ ਗਏ। 
ਇਹੋ ਨਹੀਂ, ਇਸ ਯਾਤਰਾ ਦੌਰਾਨ ਹੁਣ ਤਕ ਦਿਲ ਦਾ ਦੌਰਾ ਪੈਣ ਅਤੇ ਸਿਹਤ ਸੰਬੰਧੀ ਹੋਰ ਤਕਲੀਫਾਂ ਕਾਰਨ 7 ਸ਼ਰਧਾਲੂਆਂ ਦੀ ਮੌਤ ਦੇ ਬਾਵਜੂਦ ਯਾਤਰਾ ਲਗਾਤਾਰ ਜਾਰੀ ਹੈ ਪਰ ਸੁਰੱਖਿਆ ਪ੍ਰਬੰਧਾਂ 'ਚ ਕੁਝ ਕਮੀਆਂ ਵੀ ਰਹੀਆਂ ਹਨ। 
ਹਮਲੇ ਦੀ ਸ਼ਿਕਾਰ ਬੱਸ, ਨਾ ਹੀ ਅਮਰਨਾਥ ਯਾਤਰਾ ਦੇ ਕਾਫਿਲੇ ਦਾ ਹਿੱਸਾ ਸੀ ਅਤੇ ਨਾ ਹੀ ਅਮਰਨਾਥ ਸ਼੍ਰਾਈਨ ਬੋਰਡ 'ਚ ਰਜਿਸਟਰਡ ਸੀ। ਸ਼ਾਮ 5 ਵਜੇ ਸਾਰੀਆਂ ਯਾਤਰੀ ਬੱਸਾਂ ਦੀ ਯਾਤਰਾ ਰੋਕ ਦੇਣ ਦੇ ਹੁਕਮਾਂ ਦੇ ਬਾਵਜੂਦ ਉਸ ਬੱਸ ਰਾਹੀਂ ਯਾਤਰਾ ਜਾਰੀ ਰੱਖਣਾ ਅਤੇ ਸੁਰੱਖਿਆ ਬਲਾਂ ਵਲੋਂ ਉਸ ਨੂੰ ਨਾ ਰੋਕਣਾ, ਸੁਰੱਖਿਆ ਪ੍ਰਬੰਧਾਂ 'ਚ ਭਾਰੀ ਕਮੀ ਦਰਸਾਉਂਦਾ ਹੈ। 
ਇਸ ਤਰ੍ਹਾਂ ਰਾਮਬਨ ਤੋਂ ਬਨਿਹਾਲ ਵਿਚਾਲੇ 36 ਕਿਲੋਮੀਟਰ ਦਾ ਇਲਾਕਾ, ਜਿਥੇ ਬੱਸ 16 ਜੁਲਾਈ ਨੂੰ ਖੱਡ ਵਿਚ ਡਿਗੀ, ਹਾਦਸਿਆਂ ਪ੍ਰਤੀ ਅਤਿਅੰਤ ਨਾਜ਼ੁਕ ਹੈ। ਇਥੇ ਸੜਕ ਕਾਫੀ ਸਮੇਂ ਤੋਂ ਬਹੁਤ ਖਰਾਬ ਹੈ। ਇਥੇ ਘੱਟੋ-ਘੱਟ ਇਕ ਦਰਜਨ ਥਾਵਾਂ 'ਤੇ ਟਰੈਫਿਕ ਜਾਮ ਲੱਗੇ ਰਹਿੰਦੇ ਹਨ ਅਤੇ ਪੁਲਸ ਵਲੋਂ ਟਰੈਫਿਕ ਮੈਨੇਜਮੈਂਟ ਵੀ ਅਸੰਤੋਸ਼ਜਨਕ ਹੈ। 
ਇੰਨਾ ਹੀ ਨਹੀਂ, ਅਨੇਕ ਥਾਵਾਂ 'ਤੇ ਜ਼ਮੀਨ ਧਸ ਚੁੱਕੀ ਹੈ ਅਤੇ ਇਥੇ ਢਿੱਗਾਂ ਵੀ ਆਮ ਡਿਗਦੀਆਂ ਰਹਿੰਦੀਆਂ ਹਨ। ਵਾਹਨ ਚਾਲਕਾਂ ਅਨੁਸਾਰ ਸੜਕ ਦੇ ਇਸ ਟੁਕੜੇ ਨੂੰ ਪਾਰ ਕਰਨਾ ਕਿਸੇ ਭੈੜੇ ਸੁਪਨੇ ਤੋਂ ਘੱਟ ਨਹੀਂ ਹੈ। 
ਇਸ ਲਈ ਇਸ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਜਿਥੇ ਉਕਤ ਕਮੀਆਂ ਨੂੰ ਦੂਰ ਕਰਨ ਦੀ ਲੋੜ ਹੈ, ਉਥੇ ਹੀ ਆਪਣੀ ਸੁਰੱਖਿਆ ਨੂੰ ਦਰਪੇਸ਼ ਅੱਤਵਾਦੀ ਖਤਰੇ ਅਤੇ ਹੋਰ ਕੁਦਰਤੀ ਜੋਖ਼ਿਮਾਂ ਦੀ ਪਰਵਾਹ ਨਾ ਕਰਦੇ ਹੋਏ ਸ਼ਰਧਾਲੂਆਂ ਦੀ ਵਧਦੀ ਭੀੜ ਇਸ ਤੱਥ ਦਾ ਮੂੰਹ ਬੋਲਦਾ ਪ੍ਰਮਾਣ ਹੈ ਕਿ ਜਨ-ਆਸਥਾ ਦੇ ਅੱਗੇ ਇਹ ਖਤਰੇ ਕੁਝ ਵੀ ਨਹੀਂ।
ਭੋਲੇ ਬਾਬਾ ਦੇ ਇਹ ਸ਼ਰਧਾਲੂ ਸਹੀ ਅਰਥਾਂ ਵਿਚ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਝੰਡਾਬਰਦਾਰ, ਸ਼ਾਂਤੀ ਦੂਤ ਅਤੇ ਅਡੋਲ ਆਸਥਾ ਦੇ ਪ੍ਰਤੀਕ ਹਨ। ਇਹ ਰਾਸ਼ਟਰ ਵਿਰੋਧੀ ਤੱਤਾਂ ਨੂੰ ਸਪੱਸ਼ਟ ਸੰਦੇਸ਼ ਦਿੰਦੇ ਹਨ ਕਿ ਦੇਸ਼ ਨੂੰ ਤੋੜਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਦੇ ਸਫਲ ਨਹੀਂ ਹੋਣਗੀਆਂ, ਇਸ ਲਈ ਇਨ੍ਹਾਂ ਦੀ ਹਿੰਮਤ ਨੂੰ ਜਿੰਨਾ ਵੀ ਨਮਨ ਕੀਤਾ ਜਾਵੇ, ਘੱਟ ਹੈ।                                         
—ਵਿਜੇ ਕੁਮਾਰ


Vijay Kumar Chopra

Chief Editor

Related News