ਰੇਲਵੇ ਸੁਰੱਖਿਆ ਸਟਾਫ ਦੀ ਕਮੀ ਜਲਦੀ ਦੂਰ ਕਰਨ ਦੀ ਲੋੜ
Friday, Jun 30, 2023 - 04:41 AM (IST)

ਸੂਚਨਾ ਅਧਿਕਾਰ ਅਧੀਨ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਉੱਤਰ ਰੇਲਵੇ ਨੇ ਦੱਸਿਆ ਕਿ ਰੇਲਵੇ ’ਚ ਜੂਨ 2023 ਤਕ ਲੈਵਲ-1 ਸਮੇਤ ਗਰੁੱਪ ਸੀ ’ਚ 2,74,580 ਅਹੁਦੇ ਖਾਲੀ ਹਨ, ਜਿਨ੍ਹਾਂ ’ਚੋਂ 1,77,924 ਤੋਂ ਵੱਧ ਅਹੁਦੇ ਸੁਰੱਖਿਆ ਸ਼੍ਰੇਣੀ ਲਈ ਹਨ।
ਓਡਿਸ਼ਾ, ਜਿੱਥੇ ਬੀਤੀ 2 ਜੂਨ ਨੂੰ ਹੋਏ ਭਿਆਨਕ ਰੇਲ ਹਾਦਸੇ ’ਚ 289 ਯਾਤਰੀ ਮਾਰੇ ਗਏ ਸਨ, ਉੱਥੇ ਹੋਰ ਰੇਲ ਮੰਡਲਾਂ ਦੀ ਤੁਲਨਾ ’ਚ ਕਰਮਚਾਰੀਆਂ ਦੀ ਭਰਤੀ ਘੱਟ ਹੈ।
ਸਟਾਫ ਦੀ ਕਮੀ ਕਾਰਨ ਕਦੀ-ਕਦੀ ਤਾਂ ਕਰਮਚਾਰੀਆਂ ਦੇ 6-16 ਘੰਟੇ ਤੱਕ ਕੰਮ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ। ਮਾਹਿਰਾਂ ਮੁਤਾਬਕ ਅਜਿਹੀ ਹਾਲਤ ’ਚ ਰੇਲਗੱਡੀਆਂ ਦੀ ਸੁਰੱਖਿਆ ’ਚ ਵੱਡੀ ਭੁੱਲ ਹੋਣ ਦੇ ਜੋਖਮ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕਿਉਂਕਿ ਓਡਿਸ਼ਾ ’ਚ ਰੇਲ ਹਾਦਸੇ ਪਿੱਛੋਂ ਵੀ ਛੋਟੇ-ਮੋਟੇ ਰੇਲ ਹਾਦਸੇ ਦੇਸ਼ ’ਚ ਜਾਰੀ ਹਨ, ਜੋ ਸੁਚੇਤ ਕਰ ਰਹੇ ਹਨ ਕਿ ਖਾਲੀ ਆਸਾਮੀਆਂ ਜਲਦੀ ਭਰਨੀਆਂ ਕਿੰਨੀਆਂ ਜ਼ਰੂਰੀ ਹਨ। ਸੀਨੀਅਰ ਅਤੇ ਜੂਨੀਅਰ ਸੈਕਸ਼ਨ ਇੰਜੀਨੀਅਰਾਂ, ਗੈਂਗਮੈਨਾਂ ਅਤੇ ਤਕਨੀਸ਼ੀਅਨਾਂ ਆਦਿ ਦੇ ਅਹੁਦੇ ਖਾਲੀ ਹੋਣ ਕਾਰਨ ਰੇਲ ਢਾਂਚੇ ਦੀ ਜ਼ਰੂਰੀ ਦੇਖਭਾਲ ਪ੍ਰਭਾਵਿਤ ਹੋ ਰਹੀ ਹੈ।
ਹੁਣ ਰੇਲਵੇ ਬੋਰਡ ਨੇ ਸਾਰੇ ਰੇਲ ਮੰਡਲਾਂ ਨੂੰ ਸੁਰੱਖਿਆ ਸ਼੍ਰੇਣੀ ’ਚ ਖਾਲੀ ਪਏ ਅਹੁਦੇ ਭਰਨ ਦਾ ਨਿਰਦੇਸ਼ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਲਈ ਜੇ ਉਹ ਜ਼ਰੂਰੀ ਸਮਝਣ ਤਾਂ ਵਿਸ਼ੇਸ਼ ਮੁਹਿੰਮ ਵੀ ਚਲਾ ਸਕਦੇ ਹਨ। ਇਸ ਲਈ ਜਿੰਨੀ ਜਲਦੀ ਰੇਲਵੇ ’ਚ ਇਨ੍ਹਾਂ ਖਾਲੀ ਅਹੁਦਿਆਂ ਨੂੰ ਭਰਿਆ ਜਾਵੇਗਾ, ਓਨਾ ਹੀ ਰੇਲ ਯਾਤਰੀਆਂ ਦੀ ਸੁਰੱਖਿਆ ਦੇ ਹਿੱਤ ’ਚ ਚੰਗਾ ਹੋਵੇਗਾ।
ਇਸ ਸਮੇਂ ਜਦ ਕਿ ਰੇਲ ਗੱਡੀਆਂ ਦੀ ਗਿਣਤੀ ਅਤੇ ਉਨ੍ਹਾਂ ਦੀਆਂ ਬੋਗੀਆਂ ’ਚ ਵਾਧੇ ਦੇ ਨਾਲ-ਨਾਲ ਦੇਸ਼ ’ਚ ਵੰਦੇ ਭਾਰਤ ਵਰਗੀਆਂ ਤੇਜ਼ ਰਫਤਾਰ ਗੱਡੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ, ਇਨ੍ਹਾਂ ਦੇ ਸੁਚਾਰੂ ਸੰਚਾਲਨ ਅਤੇ ਸਿਗਨਲਾਂ ਤੇ ਪੱਟੜੀਆਂ ਆਦਿ ਦੀ ਤਸੱਲੀਬਖਸ਼ ਦੇਖਭਾਲ ਕਰਨ ਲਈ ਸਟਾਫ ਦੀ ਕਮੀ ਪੂਰੀ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ।
-ਵਿਜੇ ਕੁਮਾਰ