''ਪੱਤਰ ਯੁੱਧ'' ਛੋਟੀ ਚਿੱਠੀ ਦਾ ਜਵਾਬ ਵੱਡੀ ਚਿੱਠੀ ਨਾਲ ਮਿਲ ਕੇ ਹੀ ਸਰਕਾਰ ''ਤੇ ਦਬਾਅ ਪਾਉਣਾ ਹੋਵੇਗਾ

07/28/2019 4:39:44 AM

ਦੇਸ਼ ਵਿਚ ਵੱਖ-ਵੱਖ ਸਮਾਜਿਕ ਮੁੱਦਿਆਂ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਹਾਲ ਹੀ 'ਚ ਮਹੱਤਵਪੂਰਨ ਹਸਤੀਆਂ ਦੇ 2 ਸਮੂਹਾਂ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਗਏ ਦੋ ਪੱਤਰਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ।
ਪਹਿਲਾ ਪੱਤਰ 49 ਹਸਤੀਆਂ ਨੇ 23 ਜੁਲਾਈ ਨੂੰ ਲਿਖਿਆ, ਜਿਨ੍ਹਾਂ 'ਚ ਅਭਿਨੇਤਰੀਆਂ ਅਪਰਣਾ ਸੇਨ ਅਤੇ ਕੋਂਕਣਾ ਸੇਨ ਸ਼ਰਮਾ, ਇਤਿਹਾਸਕਾਰ ਰਾਮਚੰਦਰ ਗੁਹਾ, ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਅਤੇ ਸ਼ਾਸਤਰੀ ਗਾਇਕਾ ਸ਼ੁਭਾ ਮੁਦਗਲ ਆਦਿ ਸ਼ਾਮਿਲ ਹਨ।
ਇਸ ਵਿਚ ਦੇਸ਼ 'ਚ 'ਜੈ ਸ਼੍ਰੀ ਰਾਮ' ਦੇ ਨਾਅਰੇ ਦੀ ਦੁਰਵਰਤੋਂ, ਇਸ ਦੇ ਆਧਾਰ 'ਤੇ ਲੋਕਾਂ ਨੂੰ ਉਕਸਾਉਣ ਅਤੇ ਦਲਿਤ, ਮੁਸਲਿਮ ਅਤੇ ਹੋਰ ਕਮਜ਼ੋਰ ਵਰਗਾਂ ਦੀ ਮੌਬ ਲਿੰਚਿੰਗ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕਰਦਿਆਂ ਲਿਖਿਆ ਹੈ ਕਿ :

''ਤੁਹਾਡੇ ਵਲੋਂ ਮੌਬ ਲਿੰਚਿੰਗ ਦੀਆਂ ਘਟਨਾਵਾਂ ਦੀ ਨਿੰਦਾ ਕਰਨਾ ਹੀ ਕਾਫੀ ਨਹੀਂ ਹੈ। ਇਸ ਲਈ ਅਜਿਹੀਆਂ ਘਟਨਾਵਾਂ ਰੋਕਣ ਲਈ ਠੋਸ ਕਾਨੂੰਨ ਬਣਾਉਣਾ ਚਾਹੀਦਾ ਹੈ।'' ਬੰਗਾਲ ਭਾਜਪਾ ਦੇ ਮੀਤ ਪ੍ਰਧਾਨ ਚੰਦਰਕੁਮਾਰ ਬੋਸ ਨੇ ਇਸ ਪੱਤਰ ਦਾ ਸਮਰਥਨ ਕੀਤਾ ਹੈ।
ਉਕਤ ਪੱਤਰ ਦੇ ਜਨਤਕ ਹੋਣ ਤੋਂ ਤੁਰੰਤ ਬਾਅਦ ਫਿਲਮ, ਕਲਾ, ਸੰਗੀਤ ਅਤੇ ਸਾਹਿਤ ਜਗਤ ਦੇ ਕਈ ਮੰਨੇ-ਪ੍ਰਮੰਨੇ ਚਿਹਰਿਆਂ ਸਮੇਤ 62 ਬੁੱਧੀਜੀਵੀ ਲੋਕਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਹੈ, ਜਿਨ੍ਹਾਂ ਵਿਚ ਮੋਹਨ 'ਵੀਣਾ' ਵਾਦਕ ਪੰ. ਵਿਸ਼ਵ ਮੋਹਨ ਭੱਟ, ਅਭਿਨੇਤਰੀ ਕੰਗਨਾ ਰਾਣਾਵਤ, ਗੀਤਕਾਰ ਪ੍ਰਸੂਨ ਜੋਸ਼ੀ, ਫਿਲਮਕਾਰ ਮਧੁਰ ਭੰਡਾਰਕਰ, ਨ੍ਰਤਕੀ ਸੋਨਲ ਮਾਨਸਿੰਘ, ਗਾਇਕਾ ਮਾਲਿਨੀ ਅਵਸਥੀ ਆਦਿ ਸ਼ਾਮਿਲ ਹਨ।
ਇਨ੍ਹਾਂ ਹਸਤੀਆਂ ਦਾ ਦੋਸ਼ ਹੈ ਕਿ 23 ਜੁਲਾਈ ਦਾ ਪੱਤਰ ਸਿਆਸੀ ਨਜ਼ਰੀਏ ਤੋਂ ਪੱਖਪਾਤ ਭਰਿਆ ਅਤੇ ਵਿਸ਼ੇਸ਼ ਉਦੇਸ਼ ਨਾਲ ਲਿਖਿਆ ਗਿਆ, ਜਿਸ ਦਾ ਉਦੇਸ਼ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਦਿੱਖ ਨੂੰ ਮਿੱਟੀ 'ਚ ਮਿਲਾਉਣਾ ਹੈ। ਪੱਤਰ 'ਚ ਕਿਹਾ ਗਿਆ ਹੈ ਕਿ : ''ਇਹ ਲੋਕ ਉਦੋਂ ਕਿਉਂ ਚੁੱਪ ਸਨ, ਜਦੋਂ ਆਦਿਵਾਸੀ ਅਤੇ ਹਾਸ਼ੀਏ 'ਤੇ ਰਹਿ ਰਹੇ ਲੋਕ ਨਕਸਲੀਆਂ ਅਤੇ ਜੰਮੂ-ਕਸ਼ਮੀਰ 'ਚ ਸਰਗਰਮ ਵੱਖਵਾਦੀਆਂ ਦੀ ਹਿੰਸਾ ਦਾ ਸ਼ਿਕਾਰ ਹੋਏ, ਜਦੋਂ ਵੱਖਵਾਦੀਆਂ ਨੇ ਕਸ਼ਮੀਰ 'ਚ ਸਕੂਲਾਂ ਨੂੰ ਅੱਗ ਲਾਉਣ ਦਾ ਹੁਕਮ ਦਿੱਤਾ ਅਤੇ ਦੇਸ਼ ਦੇ ਟੁਕੜੇ ਕਰਨ ਦੀ ਗੱਲ ਕਹੀ?''
ਪੱਤਰ 'ਚ ਇਹ ਵੀ ਸਵਾਲ ਉਠਾਇਆ ਗਿਆ ਹੈ ਕਿ ''ਇਹ ਲੋਕ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਉਣ ਵਾਲਿਆਂ ਦੀ ਹੱਤਿਆ ਅਤੇ ਕਸ਼ਮੀਰੀ ਪੰਡਿਤਾਂ ਅਤੇ ਕੈਰਾਨਾ ਤੋਂ ਹਿੰਦੂਆਂ ਦੀ ਹਿਜਰਤ 'ਤੇ ਕੁਝ ਕਿਉਂ ਨਹੀਂ ਬੋਲਦੇ?''
ਦਰਅਸਲ, ਦੋਹਾਂ ਹੀ ਪੱਤਰਾਂ 'ਚ ਲਿਖੀਆਂ ਗਈਆਂ ਗੱਲਾਂ ਕਿਸੇ ਹੱਦ ਤਕ ਸਹੀ ਹਨ, ਲਿਹਾਜ਼ਾ ਇਸ ਮਾਮਲੇ 'ਚ ਆਪਸ 'ਚ ਵਿਵਾਦ ਖੜ੍ਹਾ ਕਰਨ ਦੀ ਬਜਾਏ ਦੋਹਾਂ ਹੀ ਧਿਰਾਂ ਨੂੰ ਸਾਂਝੇ ਤੌਰ 'ਤੇ ਉਕਤ ਸਮੱਸਿਆਵਾਂ ਅਤੇ ਦੇਸ਼ ਨੂੰ ਦਰਪੇਸ਼ ਹੋਰ ਸਮੱਸਿਆਵਾਂ ਆਦਿ ਦੂਰ ਕਰਨ ਲਈ ਮਿਲ ਕੇ ਸਰਕਾਰ 'ਤੇ ਦਬਾਅ ਪਾਉਣਾ ਚਾਹੀਦਾ ਹੈ।

                                                                                                 —ਵਿਜੇ ਕੁਮਾਰ


KamalJeet Singh

Content Editor

Related News