ਹਰਿਆਣਾ 'ਚ ਭਾਜਪਾ ਸਰਕਾਰ ਡਿਗਾਉਣ ਦੀ ਤਿਆਰੀ, ਦੁਸ਼ਯੰਤ ਚੌਟਾਲਾ ਨੇ ਰਾਜਪਾਲ ਨੂੰ ਲਿਖੀ ਚਿੱਠੀ
Thursday, May 09, 2024 - 05:23 PM (IST)
ਨੈਸ਼ਨਲ ਡੈਸਕ- ਹਰਿਆਣਾ ਦੀ ਰਾਜਨੀਤੀ ਨਾਲ ਜੁੜੀ ਵੱਢੀ ਖਬਰ ਸਾਹਮਣੇ ਆ ਰਹੀ ਹੈ। ਸਾਬਕਾ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਹਰਿਆਣਾ ਦੇ ਰਾਜਪਾਲ ਨੂੰ ਚਿੱਠੀ ਲਿਖੀ ਹੈ। ਚੌਟਾਲਾ ਨੇ ਰਾਜਪਾਲ ਨੂੰ ਵਿਧਾਨ ਸਭਾ ਦਾ ਸੈਸ਼ਲ ਬੁਲਾ ਕੇ ਫਲੋਰ ਟੈਸਟ ਦੀ ਮੰਗ ਕੀਤੀ ਹੈ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਅਸੀਂ ਮੌਜੂਦਾ ਸਰਕਾਰ ਦਾ ਸਮਰਥਨ ਨਹੀਂ ਕਰਦੇ ਅਤੇ ਹਰਿਆਣਾ 'ਚ ਕਿਸੇ ਵੀ ਦੂਜੀ ਸਿਆਸੀ ਪਾਰਟੀ ਦੁਆਰਾ ਸਰਕਾਰ ਬਣਾਉਣ 'ਚ ਸਮਰਥਨ ਲਈ ਸਾਡੇ ਦਰਵਾਜ਼ੇ ਖ਼ੁੱਲੇ ਹਨ।
ਦੁਸ਼ਯੰਤ ਚੌਟਾਲਾ ਨੇ ਲਿਖਿਆ ਕਿ ਤਿੰਨ ਆਜ਼ਾਦ ਵਿਧਾਇਕਾਂ ਨੇ ਸਰਕਾਰ ਤੋਂ ਸਮਰਥਨ ਵਾਪਿਸ ਲਿਆ ਹੈ। ਦੁਸ਼ਯੰਤ ਚੌਟਾਲਾ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਸਰਕਾਰ ਕੋਲ ਵਿਸ਼ਵਾਸ ਮਤ ਨਹੀਂ ਰਿਹਾ, ਇਸ ਲਈ ਵਿਧਾਨ ਸਭਾ ਦਾ ਸੈਸ਼ਲ ਬੁਲਾ ਕੇ ਸਰਕਾਰ ਫਲੋਰ ਟੈਸਟ ਪਾਸ ਕਰੇ।
ਦੱਸ ਦਈਏ ਕਿ ਹਰਿਆਣਾ ਸਰਕਾਰ ਛੱਡ ਕਾਂਗਰਸ ਨੂੰ ਸਮਰਥਨ ਦੇਣ ਪਹੁੰਚੇ ਤਿੰਨ ਵਿਧਾਇਕਾਂ ਤੋਂ ਬਾਅਦ ਹੁਣ ਭਾਜਪਾ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ ਦੇ ਸੁਪਰੀਮੋ ਦੁਸ਼ਯੰਤ ਚੌਟਾਲਾ ਨੇ ਭੁਪਿੰਦਰ ਸਿੰਘ ਹੁੱਡਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਿਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਜੇ.ਜੇ.ਪੀ. ਪਾਰਟੀ ਨੂੰ ਸਰਕਾਰ ਦੀ ਬੀ ਟੀਮ ਕਿਹਾ ਹੈ। ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਜੇਕਰ ਜਨਨਾਇਕ ਜਨਤਾ ਪਾਰਟੀ ਸਰਕਾਰ ਨੂੰ ਡੇਗਣ 'ਚ ਸਹਿਯੋਗ ਦੇਣ ਦੀ ਗੱਲ ਕਰ ਰਹੀ ਹੈ ਤਾਂ ਉਸ ਨੂੰ ਲਿਖਤੀ ਰੂਪ 'ਚ ਅਜਿਹਾ ਕਰਨਾ ਚਾਹੀਦਾ ਹੈ, ਤਾਂ ਹੀ ਕਾਂਗਰਸ ਦਾ ਵਫਦ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕਰੇਗਾ। ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ 40 ਦੇ ਕਰੀਬ ਸਾਬਕਾ ਵਿਧਾਇਕ ਅਤੇ ਸੰਸਦ ਮੈਂਬਰ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।