ਇਹ ਹੈ! ਭਾਰਤ ਦੇਸ਼ ਸਾਡਾ, ਕਿਹੋ ਜਿਹਾ ਪਾਪ ਕਰ ਰਹੇ ਹਨ ਚੰਦ ਲੋਕ
Thursday, Jul 20, 2023 - 03:51 AM (IST)

ਕਦੀ ਆਪਣੇ ਉੱਚ ਆਦਰਸ਼ਾਂ ਲਈ ਪ੍ਰਸਿੱਧ ਭਾਰਤ ’ਚ ਅੱਜ ਕੁਝ ਲੋਕ ਆਪਣੀਆਂ ਸ਼ਰਮਨਾਕ ਕਰਤੂਤਾਂ ਨਾਲ ਮਨੁੱਖਤਾ ਨੂੰ ਸ਼ਰਮਿੰਦਾ ਕਰ ਰਹੇ ਹਨ ਜਿਸ ਦੀਆਂ ਸਿਰਫ ਪਿਛਲੇ 12 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
* 19 ਜੁਲਾਈ ਨੂੰ ‘ਪ੍ਰਕਾਸ਼ਮ’ (ਆਂਧਰਾ ਪ੍ਰਦੇਸ਼) ਜ਼ਿਲੇ ਦੇ ‘ਓਂਗੋਲ’ ’ਚ ਇਕ ਆਦਿਵਾਸੀ ਨੌਜਵਾਨ ਨਾਲ ਹੋਏ ਝਗੜੇ ਦੌਰਾਨ ਉਸ ’ਤੇ ਪੇਸ਼ਾਬ ਕਰਨ ਦੇ ਦੋਸ਼ ’ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
* 18 ਜੁਲਾਈ ਨੂੰ ਨਵੀਂ ਦਿੱਲੀ ’ਚ ਇਕ ਨੌਜਵਾਨ ਨੇ ਘਰੇਲੂ ਝਗੜੇ ਕਾਰਨ ਆਪਣੀ ਪਤਨੀ, ਸੱਸ ਅਤੇ ਚਚੇਰੇ ਸਹੁਰੇ ’ਤੇ ਚਾਕੂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ।
* 18 ਜੁਲਾਈ ਨੂੰ ਹੀ ਉੱਜੈਨ (ਮੱਧ ਪ੍ਰਦੇਸ਼) ’ਚ ਬਾਬਾ ਮਹਾਕਾਲ ਦੀ ਸਵਾਰੀ ਦੇ ਜਲੂਸ ’ਚ ਸ਼ਾਮਲ ਸ਼ਰਧਾਲੂਆਂ ’ਤੇ ਥੁੱਕਣ ਦੇ ਦੋਸ਼ ’ਚ 3 ਲੋਕ ਫੜੇ ਗਏ। ਇਨ੍ਹਾਂ ’ਚੋਂ ਇਕ ਗ੍ਰਿਫਤਾਰ ਬਾਲਗ ਦੋਸ਼ੀ ਦੇ ਮਕਾਨ ’ਤੇ ਬੁਲਡੋਜ਼ਰ ਚਲਾ ਦਿੱਤਾ ਗਿਆ, ਜਦਕਿ 2 ਨਾਬਾਲਗਾਂ ਨੂੰ ਸੁਧਾਰ ਘਰ ਭੇਜਿਆ ਗਿਆ ਹੈ।
* 18 ਜੁਲਾਈ ਨੂੰ ਹੀ ਮਥੁਰਾ (ਉੱਤਰ ਪ੍ਰਦੇਸ਼) ਜ਼ਿਲੇ ਦੀ ਇਕ ਵਿਸ਼ੇਸ਼ ਅਦਾਲਤ ਨੇ 10 ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਪਿਤਾ ਨੂੰ ਪੂਰੀ ਜ਼ਿੰਦਗੀ ਉਮਰ ਕੈਦ ਤੋਂ ਇਲਾਵਾ 80,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
* 18 ਜੁਲਾਈ ਨੂੰ ਹੀ ਸ਼ਿਵਪੁਰੀ (ਮੱਧ ਪ੍ਰਦੇਸ਼) ਜ਼ਿਲੇ ’ਚ ਇਕ ਗ੍ਰਾਮ ਪੰਚਾਇਤ ਦੀ ਦਲਿਤ ਸਰਪੰਚ ਨੇ ਜਦ ਕੁਝ ਦਬੰਗਾਂ ਦੀ ਗੱਲ ਨਾ ਮੰਨੀ ਤਾਂ ਉਨ੍ਹਾਂ ਨੇ ਉਸ ਨੂੰ ਫੜ ਕੇ ਚਿੱਕੜ ’ਚ ਘਸੀਟਣ ਤੋਂ ਇਲਾਵਾ ਜੁੱਤੀਆਂ ਨਾਲ ਕੁੱਟਿਆ।
* 17 ਜੁਲਾਈ ਨੂੰ ਸ੍ਰੀ ਹਰਗੋਬਿੰਦਪੁਰ ਦੇ ਪਿੰਡ ‘ਸਮਰਾਇ’ ’ਚ ਇਕ ਨੌਜਵਾਨ ਨੇ ਪੈਸੇ ਨਾ ਦੇਣ ’ਤੇ ਡਾਂਗ ਨਾਲ ਕੁੱਟ-ਕੁੱਟ ਕੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ।
* 17 ਜੁਲਾਈ ਨੂੰ ਹੀ ਕੌਸ਼ੰਬੀ (ਉੱਤਰ ਪ੍ਰਦੇਸ਼) ਦੇ ‘ਭਖੰਦਾ’ ਪਿੰਡ ’ਚ ਇਕ ਬੱਚੀ ਦੇ ਜਨਮ ਲੈਂਦਿਆਂ ਹੀ ਉਸ ਦੇ ਘਰ ਵਾਲਿਆਂ ਨੇ ਉਸ ਦੇ ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ 10 ਵਾਰ ਕਰ ਕੇ ਲਹੂ-ਲੁਹਾਨ ਕਰਨ ਪਿੱਛੋਂ ਪੋਲੀਥੀਨ ਦੇ ਲਿਫਾਫੇ ’ਚ ਪਾ ਕੇ ਖੇਤਾਂ ’ਚ ਸੁੱਟ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ।
* 17 ਜੁਲਾਈ ਨੂੰ ਹੀ ਬੈਂਗਲੁਰੂ ’ਚ ਇਕ 27 ਸਾਲਾ ਨੌਜਵਾਨ ਨੇ ਕਿਸੇ ਗੱਲ ’ਤੇ ਝਗ਼ੜੇ ਕਾਰਨ ਆਪਣੇ ਮਾਤਾ-ਪਿਤਾ ਦੇ ਸਿਰ ’ਤੇ ਵਾਰ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ।
* 17 ਜੁਲਾਈ ਨੂੰ ਹੀ ਸ਼ਿਮਲਾ (ਹਿਮਾਚਲ ਪ੍ਰਦੇਸ਼) ਦੇ ‘ਕੋਟਖਾਈ’ ’ਚ ਇਕ 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਬਾਅਦ ਗਲਾ ਘੁੱਟ ਕੇ ਮਾਰ ਸੁੱਟਣ ਦੇ ਦੋਸ਼ ’ਚ ਉਸ ਦੇ ਚਾਚੇ ਨੂੰ ਗ੍ਰਿਫਤਾਰ ਕੀਤਾ ਗਿਆ।
* 17 ਜੁਲਾਈ ਨੂੰ ਹੀ ਪਠਾਨਕੋਟ (ਪੰਜਾਬ) ਦੇ ਪਿੰਡ ‘ਖੋਬਾ’ ’ਚ ਘਰ ਦੇ ਖਰਚ ਲਈ ਪੈਸੇ ਮੰਗਣ ’ਤੇ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ।
* 17 ਜੁਲਾਈ ਨੂੰ ਹੀ ਮਾਲਦਾ (ਪੱਛਮੀ ਬੰਗਾਲ) ਦੇ ‘ਕੰਨਿਆਦੀਘੀ’ ਪਿੰਡ ’ਚ ਪੰਚਾਇਤ ਚੋਣ ’ਚ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਆਪਣੀ ਪਤਨੀ ਦੀ ਹਾਰ ਤੋਂ ਗੁੱਸੇ ’ਚ ਆਏ ਵਿਅਕਤੀ ਨੇ ਆਪਣੇ ਭਾਜਪਾ ਹਮਾਇਤੀ ਪਿਤਾ ਦੀ ਹੱਤਿਆ ਕਰ ਦਿੱਤੀ।
* 17 ਜੁਲਾਈ ਨੂੰ ਹੀ ਪੀਲੀਭੀਤ ’ਚ 5 ਲੱਖ ਰੁਪਏ ਦਾਜ ਦੀ ਮੰਗ ਪੂਰੀ ਕਰਨ ਦੇ ਲਈ ਇਕ ਮਹਿਲਾ ਨੂੰ ਵੇਸਵਾਪੁਣੇ ’ਚ ਧੱਕਣ, ਉਸ ਨਾਲ ਗੈਰ-ਕੁਦਰਤੀ ਸੈਕਸ ਕਰਨ ਅਤੇ ਉਸ ਦੇ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ’ਚ ਮਹਿਲਾ ਦੇ ਪਤੀ, ਦਿਓਰ ਅਤੇ ਹੋਰ ਸਹੁਰੇ ਵਾਲਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ।
* 16 ਜੁਲਾਈ ਨੂੰ ਗੁਰੂਗ੍ਰਾਮ (ਹਰਿਆਣਾ) ’ਚ ਇਕ 29 ਸਾਲਾ ਵਿਅਕਤੀ ਨੂੰ ਆਪਣੀ ਸੌਂ ਰਹੀ ਨਾਬਾਲਿਗ ਧੀ ਨਾਲ ਜਬਰ-ਜ਼ਨਾਹ ਕਰਨ ਅਤੇ ਪਤਨੀ ਵੱਲੋਂ ਅਜਿਹਾ ਕਰਨ ਤੋਂ ਰੋਕਣ ’ਤੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 16 ਜੁਲਾਈ ਨੂੰ ਹੀ ਊਧਮ ਸਿੰਘ ਨਗਰ (ਉੱਤਰਾਖੰਡ) ਦੇ ‘ਸਿਤਾਰਗੰਜ’ ’ਚ ਇਕ ਵਿਅਕਤੀ ਨੂੰ ਆਪਣੀ ਨਾਬਾਲਿਗ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਉਸ ਦੇ 2 ਹੋਰ ਸਾਥੀਆਂ ਨਾਲ ਗ੍ਰਿਫਤਾਰ ਕੀਤਾ ਗਿਆ।
* 14 ਜੁਲਾਈ ਨੂੰ ਹੀ ਮੁੰਬਈ ’ਚ ਇਕ ਵਿਸ਼ੇਸ਼ ਅਦਾਲਤ ਨੇ ਆਪਣੀ 8 ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
* 13 ਜੁਲਾਈ ਨੂੰ ਯਮੁਨਾਨਗਰ (ਹਰਿਆਣਾ) ’ਚ ਆਪਣੀ 16 ਸਾਲਾ ਇਕਲੌਤੀ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਸਥਾਨਕ ਅਦਾਲਤ ਨੇ ਉਸ ਦੇ ਪਿਤਾ ਨੂੰ ਆਖਰੀ ਸਾਹ ਤਕ ਜੇਲ ’ਚ ਰਹਿਣ ਅਤੇ ਡੇਢ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
* 13 ਜੁਲਾਈ ਨੂੰ ਹੀ ਸ੍ਰੀ ਚਮਕੌਰ ਸਾਹਿਬ (ਪੰਜਾਬ) ਦੇ ਪਿੰਡ ‘ਬਰਸਾਲਪੁਰ’ ’ਚ ਇਕ ਵਿਅਕਤੀ ਨੇ ਘਰੇਲੂ ਝਗੜੇ ’ਚ ਆਪਣੀ ਪਤਨੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
* 7 ਜੁਲਾਈ ਨੂੰ ਗ੍ਰੇਟਰ ਨੋਇਡਾ (ਉੱਤਰ ਪ੍ਰਦੇਸ਼) ’ਚ ਧੀ ਨੂੰ ਜਨਮ ਦੇਣ ’ਤੇ ਪਤੀ ਅਤੇ ਸਹੁਰਿਆਂ ਵੱਲੋਂ ਔਰਤ ਦੀ ਕੁੱਟਮਾਰ ਕਰ ਕੇ ਘਰੋਂ ਕੱਢ ਦੇਣ ਦੇ ਵਿਰੁੱਧ ਪੀੜਤ ਔਰਤ ਨੇ ਥਾਣਾ ਸੂਰਜਪੁਰ ’ਚ ਆਪਣੇ ਪਤੀ, ਸੱਸ-ਸਹੁਰੇ ਅਤੇ ਜੇਠ ਵਿਰੁੱਧ ਸ਼ਿਕਾਇਤ ਦਰਜ ਕਰਵਾਈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਚੰਦ ਲੋਕ ਕਿਸ ਤਰ੍ਹਾਂ ਰਿਸ਼ਤਿਆਂ ਦੀ ਹੱਤਿਆ ਕਰਨ ਦਾ ਪਾਪ ਕਰ ਰਹੇ ਹਨ। ਇਸ ਲਈ ਇਸ ਬੁਰਾਈ ਨੂੰ ਰੋਕਣ ਲਈ ਅਜਿਹਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਅਤੇ ਸਿੱਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸਦੇ ਨਾਲ ਹੀ ਸਮਾਜ ਸੁਧਾਰਕਾਂ ਅਤੇ ਧਾਰਮਿਕ-ਸਮਾਜਿਕ ਸੰਸਥਾਵਾਂ ਨੂੰ ਅੱਗੇ ਆ ਕੇ ਲੋਕਾਂ ’ਚ ਉੱਚ ਸੰਸਕਾਰ ਭਰਨ ਦੀ ਲੋੜ ਹੈ ਤਾਂ ਕਿ ਮਨੁੱਖਤਾ ਸ਼ਰਮਸਾਰ ਨਾ ਹੋਵੇ।
-ਵਿਜੇ ਕੁਮਾਰ