''ਟੀਪੂ ਸੁਲਤਾਨ ਮਸਜਿਦ'' ਦਾ ਸ਼ਾਹੀ ਇਮਾਮ ਮਸਜਿਦ ਦੇ ਟਰੱਸਟੀਆਂ ਵਲੋਂ ਬਰਖਾਸਤ

05/19/2017 7:31:28 AM

ਸਤੰਬਰ 2013 ''ਚ ਇਕ ਅਹਿਮ ਫੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਦੇਸ਼ ''ਚ ਗੱਡੀਆਂ ''ਤੇ ਲਾਲ ਬੱਤੀ ਦੀ ਸੀਮਿਤ ਵਰਤੋਂ ਦੀ ਪੈਰਵੀ ਕੀਤੀ ਸੀ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ਸੰਬੰਧ ''ਚ ਇਕ ਰਿਪੋਰਟ ਪ੍ਰਧਾਨ ਮੰਤਰੀ ਦਫਤਰ ਨੂੰ ਭੇਜੀ ਹੋਈ ਸੀ, ਜਿਸ ''ਤੇ ਕਾਫੀ ਸਮੇਂ ਤੋਂ ਵਿਚਾਰ-ਵਟਾਂਦਰਾ ਚੱਲ ਰਿਹਾ ਸੀ। 
ਇਸੇ ਸੰਬੰਧ ''ਚ 17 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਦੇਸ਼ ''ਚ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚੱਲੇ ਆ ਰਹੇ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਲਈ ਇਹ ਹੁਕਮ ਜਾਰੀ ਕੀਤਾ ਗਿਆ ਕਿ 1 ਮਈ ਤੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀਆਂ ਸਮੇਤ ਕਿਸੇ ਵੀ ਵੀ. ਵੀ. ਆਈ. ਪੀ. ਦੀ ਗੱਡੀ ''ਤੇ ਲਾਲ ਬੱਤੀ ਨਹੀਂ ਲਗਾਈ ਜਾ ਸਕੇਗੀ। 
ਸ਼੍ਰੀ ਗਡਕਰੀ ਅਨੁਸਾਰ ਸਰਕਾਰ ਦਾ ਮੰਨਣਾ ਹੈ ਕਿ ਵੀ. ਆਈ. ਪੀ. ਕਲਚਰ ਦਾ  ਪ੍ਰਤੀਕ ਹੋਣ ਕਾਰਨ ਗੱਡੀਆਂ ''ਤੇ ਲਾਲ ਬੱਤੀ ਦੀ ਕੋਈ ਤੁਕ ਨਹੀਂ ਬਣਦੀ ਅਤੇ ਲੋਕਤੰਤਰਿਕ ਦੇਸ਼ਾਂ ਵਿਚ ਇਸ ਦੇ ਲਈ ਕੋਈ ਥਾਂ ਵੀ ਨਹੀਂ ਹੈ ਪਰ ਕਈ ਸੂਬਿਆਂ ''ਚ ਵਿਧਾਇਕ ਧੜੱਲੇ ਨਾਲ ਇਸ ਦੀ ਵਰਤੋਂ ਕਰਦੇ ਹਨ। 
ਕੇਂਦਰੀ ਮੰਤਰੀ ਮੰਡਲ ਦੇ ਇਸ ਫੈਸਲੇ ਦਾ ਮੋਟੇ ਤੌਰ ''ਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਸਵਾਗਤ ਕੀਤਾ ਸੀ ਪਰ ਕੁਝ ਗਿਣੇ-ਚੁਣੇ ਲੋਕਾਂ ਨੂੰ ਇਹ ਫੈਸਲਾ ਪਸੰਦ ਨਹੀਂ ਆਇਆ, ਜਿਨ੍ਹਾਂ ''ਚ ਕੋਲਕਾਤਾ ਦੀ ਪ੍ਰਸਿੱਧ ''ਟੀਪੂ ਸੁਲਤਾਨ ਮਸਜਿਦ'' ਦੇ ''ਸ਼ਾਹੀ ਇਮਾਮ'' ਸਈਅਦ ਨੁਰੂਰ ਰਹਿਮਾਨ ਬਰਕਤੀ ਵੀ ਸ਼ਾਮਿਲ ਹਨ। 
ਉਕਤ ਫੈਸਲੇ ਨੂੰ ਮੰਨਣ ਤੋਂ ਨਾਂਹ ਕਰਦਿਆਂ ਉਹ 11 ਮਈ ਨੂੰ ਕੋਲਕਾਤਾ ਵਿਚ ਲਾਲ ਬੱਤੀ ਵਾਲੀ ਕਾਰ ''ਚ ਬੈਠ ਕੇ ਇਕ ਸਮਾਗਮ ਵਿਚ ਹਿੱਸਾ ਲੈਣ ਪਹੁੰਚੇ ਅਤੇ ਲਾਲ ਬੱਤੀ ਉਤਾਰਨ ਤੋਂ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਕਿ ''''ਮੈਨੂੰ ਬ੍ਰਿਟਿਸ਼ ਸਰਕਾਰ ਨੇ ਲਾਲ ਬੱਤੀ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਇਥੇ ਬ੍ਰਿਟਿਸ਼ ਸਰਕਾਰ ਦਾ ਕਾਨੂੰਨ ਹੈ। ਪਹਿਲਾਂ ਇਥੋਂ ਦਾ ਕਾਨੂੰਨ ਬਦਲਿਆ ਜਾਵੇ, ਤਾਂ ਹੀ ਮੈਂ ਇਸ ਨੂੰ ਮੰਨਾਂਗਾ।''''
ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਵੀ ਰਹਿਮਾਨ ਬਰਕਤੀ ਨੇ ਇਕ ਟਵੀਟ ਦੇ ਜ਼ਰੀਏ ਕਿਹਾ ਸੀ ਕਿ ''''ਕਿਸੇ ''ਚ ਇਹ ਹਿੰਮਤ ਨਹੀਂ ਹੈ ਕਿ ਕੋਈ ਮੇਰੀ ਲਾਲ ਬੱਤੀ ਨੂੰ ਹਟਾ ਸਕੇ। ਆਰ. ਐੱਸ. ਐੱਸ. ਨਾਜਾਇਜ਼ ਹੈ, ਨਾ ਕਿ ਮੇਰੀ ਕਾਰ ''ਤੇ ਲੱਗੀ ਲਾਲ ਬੱਤੀ। ਮੈਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲਾਲ ਬੱਤੀ ਲਗਾਉਣ ਦੀ ਇਜਾਜ਼ਤ ਦਿੱਤੀ ਹੈ ਅਤੇ ਮੈਨੂੰ ਕਿਹਾ ਹੈ ਕਿ ਤੁਸੀਂ ਲਾਲ ਬੱਤੀ ਲਗਾ ਕੇ ਘੁੰਮੋ, ਅਸੀਂ ਤੁਹਾਡੇ ਨਾਲ ਹਾਂ।''''
(ਜ਼ਿਕਰਯੋਗ ਹੈ ਕਿ ਮਮਤਾ ਸਰਕਾਰ ਤੋਂ ਪਹਿਲਾਂ ਬੰਗਾਲ ਦੀ ਖੱਬਾ ਮੋਰਚਾ ਸਰਕਾਰ ਨੇ ਬਰਕਤੀ ਨੂੰ ਲਾਲ ਬੱਤੀ ਲਗਾਉਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਸੀ।)
ਇਸ ਤੋਂ ਇਲਾਵਾ ਵੀ ਉਹ ਕਈ ਮੌਕਿਆਂ ''ਤੇ ਵਿਵਾਦਪੂਰਨ ਬਿਆਨ ਦੇ ਚੁੱਕੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇਹ ਕਹਿ ਕੇ ਭਾਰੀ ਵਿਵਾਦ ਖੜ੍ਹਾ ਕਰ ਦਿੱਤਾ ਸੀ ਕਿ :
''''ਬਤੌਰ ਸ਼ਾਹੀ ਇਮਾਮ ਮੈਂ ਐਲਾਨ ਕਰਦਾ ਹਾਂ ਕਿ ਜੋ ਕੋਈ ਵੀ ਮੁਸਲਮਾਨ ਭਾਜਪਾ ਜਾਂ ਸੰਘ ਦਾ ਸਮਰਥਨ ਕਰੇਗਾ, ਉਸ ਨੂੰ ਕੁੱਟਿਆ ਜਾਵੇਗਾ ਅਤੇ ਭਾਈਚਾਰੇ ''ਚੋਂ ਬਾਹਰ ਕਰ ਦਿੱਤਾ ਜਾਵੇਗਾ। ਬ੍ਰਿਟਿਸ਼ ਸਰਕਾਰ ਵਿਰੁੱਧ ਜਿਹੋ ਜਿਹਾ ''ਜੇਹਾਦ'' ਕੀਤਾ ਗਿਆ ਸੀ, ਉਹੋ ਜਿਹਾ ਹੀ ਆਰ. ਐੱਸ. ਐੱਸ. ਅਤੇ ਭਾਜਪਾ ਵਿਰੁੱਧ ਵੀ ਕੀਤਾ ਜਾਵੇਗਾ।''''
ਰਹਿਮਾਨ ਬਰਕਤੀ ਦੇ ਇਸੇ ਆਚਰਣ ਅਤੇ ਰਾਸ਼ਟਰ ਵਿਰੋਧੀ ਇਤਰਾਜ਼ਯੋਗ ਤੇ ਭੜਕਾਊ ਬਿਆਨ ਦੇਣ ਕਾਰਨ 17 ਮਈ ਨੂੰ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ। ਮਸਜਿਦ ਦੇ ਟਰੱਸਟੀ ਬੋਰਡ ਦੀ ਮੀਟਿੰਗ ਤੋਂ ਬਾਅਦ ਇਸ ਸੰਬੰਧੀ ਐਲਾਨ ਕਰਦਿਆਂ ਕਿਹਾ ਗਿਆ ਕਿ ''''ਬਰਕਤੀ ਦੀ ਦੇਸ਼ ਵਿਰੋਧੀ ਟਿੱਪਣੀ ਕਾਰਨ ਉਨ੍ਹਾਂ ਨੂੰ ਫੌਰੀ ਪ੍ਰਭਾਵ ਤੋਂ ਸ਼ਾਹੀ ਇਮਾਮ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ।''''
''''ਅਸੀਂ  ਉਨ੍ਹਾਂ ਦੇ ਉਪ-ਇਮਾਮ ਨੂੰ ਨਮਾਜ਼ ਕਰਵਾਉਣ ਲਈ ਕਿਹਾ ਹੈ ਅਤੇ ਅਸੀਂ ਨਵਾਂ ਇਮਾਮ ਨਿਯੁਕਤ ਕਰਾਂਗੇ। ਅਸੀਂ ਇਹ ਕਦੇ ਵੀ ਉਮੀਦ ਨਹੀਂ ਕਰਦੇ ਕਿ ਇਮਾਮ, ਜੋ ਇਕ ਧਾਰਮਿਕ ਵਿਅਕਤੀ ਹਨ, ਆਪਣੀ ਹੱਦ ਪਾਰ ਕਰਨਗੇ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨਗੇ।''''
ਜ਼ਿਕਰਯੋਗ ਹੈ ਕਿ ਅਜੇ ਪਿਛਲੇ ਹਫਤੇ ਹੀ ਬਰਕਤੀ ਦੀਆਂ ਵਿਵਾਦਪੂਰਨ ਟਿੱਪਣੀਆਂ ਲਈ ਉਨ੍ਹਾਂ ਨੂੰ ''ਮੁਸਲਿਮ ਸਮਾਜ ''ਤੇ ਧੱਬਾ'' ਕਰਾਰ ਦਿੱਤਾ ਗਿਆ ਸੀ। 
ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਸਾਧੂ-ਸੰਤਾਂ, ਦਰਵੇਸ਼ਾਂ, ਫਕੀਰਾਂ ਅਤੇ ਧਰਮ-ਉਪਦੇਸ਼ਕਾਂ ਤੋਂ ਤਾਂ ਸਾਦਗੀ ਭਰੀ ਜ਼ਿੰਦਗੀ ਬਿਤਾਉਣ, ਸਾਰੇ ਲੋਕਾਂ ਨਾਲ ਨਿਮਰ ਵਤੀਰਾ ਕਰਨ ਅਤੇ ਖ਼ੁਦ ਧਰਮ-ਆਚਰਣ ਕਰਦਿਆਂ ਆਪਣੇ ਪੈਰੋਕਾਰਾਂ ਨੂੰ ਵੀ ਅਜਿਹਾ ਹੀ ਕਰਨ ਦੀ ਸਲਾਹ ਦੇਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਸ਼ਾਇਦ ਮੌਲਾਨਾ ਬਰਕਤੀ ਦੇ ਇਸ ਕਸੌਟੀ ''ਤੇ ਖਰਾ ਨਾ ਉਤਰਨ ਕਾਰਨ ਮਸਜਿਦ ਦੇ ਪ੍ਰਬੰਧਕਾਂ ਨੂੰ ਤੁਰੰਤ ਇਹ ਸਹੀ ਫੈਸਲਾ ਲੈਣਾ ਪਿਆ।                                 
—ਵਿਜੇ ਕੁਮਾਰ


Vijay Kumar Chopra

Chief Editor

Related News