ਭਾਰਤੀ ਸਰਹੱਦ ’ਤੇ ‘ਚੀਨ ਦੇ ਇਰਾਦਿਆਂ ਬਾਰੇ’ ਸੀਨੀਅਰ ‘ਅਮਰੀਕੀ ਫੌਜੀ ਅਧਿਕਾਰੀ ਦੀ ਚਿਤਾਵਨੀ’

Friday, Jun 10, 2022 - 01:00 AM (IST)

ਭਾਰਤੀ ਸਰਹੱਦ ’ਤੇ ‘ਚੀਨ ਦੇ ਇਰਾਦਿਆਂ ਬਾਰੇ’ ਸੀਨੀਅਰ ‘ਅਮਰੀਕੀ ਫੌਜੀ ਅਧਿਕਾਰੀ ਦੀ ਚਿਤਾਵਨੀ’

ਸ਼ੁਰੂ ਤੋਂ ਹੀ ਚੀਨ ਦੇ ਹਾਕਮਾਂ ਦੀ ਕਥਨੀ ਅਤੇ ਕਰਨੀ ’ਚ ਭਾਰੀ ਫਰਕ ਰਿਹਾ ਹੈ ਅਤੇ ਉਹ ਸੋਚੇ-ਸਮਝੇ ਢੰਗ ਨਾਲ ਆਪਣੀਆਂ ਵਿਸਤਾਰਵਾਦੀ ਯੋਜਨਾਵਾਂ ਨੂੰ ਅੱਗੇ ਵਧਾਉਂਦੇ ਆ ਰਹੇ ਹਨ ਜੋ ਸਭ ਦੇ ਲਈ ਚਿੰਤਾ ਦਾ ਵਿਸ਼ਾ ਹੈ।  ਜਿੱਥੋਂ ਤੱਕ ਭਾਰਤ ਅਤੇ ਚੀਨ ਦਾ ਸਬੰਧ ਹੈ, ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਦੋਵਾਂ ਦੇਸ਼ਾਂ ਦੀਆਂ ਫੌਜਾਂ ’ਚ 15 ਜੂਨ, 2020 ਨੂੰ ਖੂਨੀ ਟਕਰਾਅ ਵੀ ਹੋ ਚੁੱਕਾ ਹੈ ਜਿਸ ’ਚ ਭਾਰਤ ਦੇ 20 ਜਵਾਨ ਸ਼ਹੀਦ ਤੇ ਚੀਨ ਦੇ 45 ਤੋਂ ਵੱਧ ਫੌਜੀ ਮਾਰੇ ਗਏ ਸਨ। ਗਲਵਾਨ ਦੀ ਘਟਨਾ ਤੋਂ ਪਹਿਲਾਂ ਅਤੇ ਉਸ ਦੇ ਬਾਅਦ ਵੀ ਦੋਵਾਂ ਦੇਸ਼ਾਂ ’ਚ  ਅਸਲ ਕੰਟਰੋਲ ਰੇਖਾ ’ਤੇ ਚੱਲ ਰਿਹਾ  ਅੜਿੱਕਾ ਦੂਰ ਕਰਨ ਅਤੇ ਫੌਜਾਂ ਹਟਾਉਣ ਦੇ ਲਈ ਵੱਖ-ਵੱਖ ਪੱਧਰਾਂ ’ਤੇ ਗੱਲਬਾਤ ਦੇ 12ਵੇਂ ਦੌਰ ਦੇ ਬਾਅਦ 31 ਜੁਲਾਈ, 2021 ਨੂੰ ਭਾਰਤ ਅਤੇ ਚੀਨ ਇਸ ਇਲਾਕੇ  ’ਚੋਂ ਆਪਣੀਆਂ ਫੌਜਾਂ ਪਿੱਛੇ ਹਟਾਉਣ ’ਤੇ ਰਾਜ਼ੀ ਹੋ ਗਏ ਸਨ ਪਰ ਦੋਵਾਂ ਦੇਸ਼ਾਂ ਦਰਮਿਆਨ ਸਮਝੌਤੇ ਦੇ ਬਾਅਦ ਵੀ ਇਕ ਡੂੰਘੀ  ਸਾਜ਼ਿਸ਼ ਦੇ ਹਿੱਸੇ ਦੇ ਤੌਰ ’ਤੇ ਚੀਨ ਦਾ  ਧੋਖੇ  ਵਾਲਾ ਵਤੀਰਾ ਜਾਰੀ ਹੈ। ਇਸੇ ਦੇ ਅਧੀਨ ਚੀਨੀ ਹਾਕਮ  ਭਾਰਤੀ ਸਰਹੱਦ ਦੇ ਨੇੜੇ ਸੜਕਾਂ  ਦਾ ਨਿਰਮਾਣ ਕਰ ਕੇ ਅਤੇ ਬਸਤੀਆਂ ਵਸਾ ਕੇ ਭਾਰਤੀ ਫੌਜ ਲਈ ਸਮੱਸਿਆ ਪੈਦਾ ਕਰ ਰਹੇ  ਹਨ। ਪਿਛਲੇ ਮਹੀਨੇ ਹੀ ਚੀਨ ਵੱਲੋਂ ਪੂਰਬੀ ਲੱਦਾਖ ’ਚ ਪੇਂਗੋਂਗ ਝੀਲ ’ਚ ਇਕ ਮਹੱਤਵਪੂਰਨ ਪੁਲ ਬਣਾਉਣ ਦਾ ਪਤਾ ਲੱਗਾ ਸੀ ਜਿਸ ਦੀ  ਸਹਾਇਤਾ ਨਾਲ ਚੀਨੀ ਫੌਜੀਆਂ ਲਈ ਜਲਦੀ ਲੱਦਾਖ ਪਹੁੰਚਣਾ  ਸੌਖਾ  ਹੋਣਾ ਸੀ।

ਇਸੇ ਪਿਛੋਕੜ ’ਚ ਭਾਰਤ ਦੇ ਫੌਜ ਮੁਖੀ ਜਨਰਲ ਮਨੋਜ ਪਾਂਡੇ ਨਾਲ ਦੋ-ਪੱਖੀ ਰੱਖਿਆ ਸਹਿਯੋਗ ’ਤੇ ਗੱਲਬਾਤ ਦੇ ਲਈ ਭਾਰਤ ਦੇ  ਦੌਰੇ ’ਤੇ ਆਏ ਅਮਰੀਕੀ ਫੌਜ ਦੇ ਪ੍ਰਸ਼ਾਂਤ ਖੇਤਰ ਦੇ ਕਮਾਂਡਿੰਗ ਜਨਰਲ ‘ਚਾਰਲਸ ਏ. ਫਿਲਨ’ ਨੇ ਚੀਨ ਸਰਕਾਰ ਦੇ  ਵਤੀਰੇ ਨੂੰ ਹਿੰਦ ਪ੍ਰਸ਼ਾਂਤ ਖੇਤਰ ਦੇ ਲਈ ਖਤਰੇ ਦੀ ਘੰਟੀ ਦੱਸਦੇ ਹੋਏ ਚੀਨ ਦੀਆਂ ਸਰਗਰਮੀਆਂ ’ਤੇ ਲਗਾਤਾਰ ਨਜ਼ਰ ਰੱਖਣ ਦੀ ਲੋੜ  ਪ੍ਰਗਟਾਈ ਹੈ। ਜਨਰਲ ‘ਫਿਲਨ’ ਦੇ ਅਨੁਸਾਰ, ‘‘ਭਾਰਤ ਅਤੇ ਚੀਨ ’ਚ ਚੱਲ ਰਹੀ ਗੱਲਬਾਤ ਤਾਂ ਠੀਕ ਹੈ ਪਰ ਚੀਨ ਦਾ ਆਚਰਣ  ਵੀ ਮਹੱਤਵਪੂਰਨ ਹੈ। ਮੈਨੂੰ ਲੱਗਦਾ ਹੈ ਕਿ ਚੀਨ ਵੱਲੋਂ ‘ਵੈਸਟਰਨ ਥੀਏਟਰ ਕਮਾਂਡ’ ’ਚ ਭਾਰਤ ਦੀ ਸਰਹੱਦ ’ਤੇ ਕੀਤੇ ਗਏ ਨਿਰਮਾਣ ਖਤਰਨਾਕ ਹਨ। ਉੱਥੇ ਚੱਲ ਰਹੀਆਂ ਸਰਗਰਮੀਆਂ ਅੱਖਾਂ ਖੋਲ੍ਹਣ ਅਤੇ ਚਿੰਤਤ ਕਰਨ ਵਾਲੀਆਂ ਹਨ।’’ ‘‘ਮੇਰੇ ਕੋਲ ਤੁਹਾਨੂੰ ਇਹ ਦੱਸਣ ਦਾ ਕੋਈ ਸਾਧਨ ਨਹੀਂ ਹੈ ਕਿ ਭਾਰਤ-ਚੀਨ ਸਰਹੱਦ ’ਤੇ ਤਣਾਅ ਕਿਸ ਤਰ੍ਹਾਂ ਖਤਮ ਹੋਵੇਗਾ ਜਾਂ ਅਸੀਂ ਇਸ ਮਾਮਲੇ ’ਚ ਕਿੱਥੇ ਹੋਵਾਂਗੇ ਪਰ ਚੀਨ ਤੋਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਸ ਦੇ ਇਰਾਦੇ ਕੀ ਹਨ ਅਤੇ ਹਰ ਖੇਤਰ ’ਚ ਚੀਨੀ ਫੌਜ ਦੇ ਹਥਿਆਰਾਂ ਦੇ ਜਮਾਵੜੇ ਦੀ ਲੋੜ ਕੀ ਹੈ।’’

‘‘ਸ਼ੁਰੂ ਤੋਂ ਹੀ ਚੀਨ ਨੇ  ਧੋਖੇ ਦਾ ਰਸਤਾ ਚੁਣਿਆ ਹੋਇਆ ਹੈ। ਲੱਦਾਖ ਦੇ ਕੋਲ ਚੀਨ ਦੀ ਫੌਜ ਦਾ ਜਮਾਵੜਾ ਅਤੇ ਇਸ ਦਾ ਮੁੱਢਲਾ ਫੌਜੀ ਢਾਂਚਾ ਮਜ਼ਬੂਤ ਕਰਨਾ ਪੇਈਚਿੰਗ ਦੇ ਅਸਥਿਰ ਅਤੇ  ਫੁੱਟਪਾਊ ਵਤੀਰੇ ਦਾ ਹਿੱਸਾ ਹੈ।’’ ਵਰਨਣਯੋਗ ਹੈ ਕਿ ਚੀਨ ਦਾ ਇਹ ਵਤੀਰਾ  ਉਸ ਦੀ ਭਾਰਤੀ ਖੇਤਰ ਹੜੱਪਣ ਦੀ ਯੋਜਨਾ ਦਾ ਉਸੇ ਤਰ੍ਹਾਂ ਦਾ ਇਕ ਹਿੱਸਾ ਹੈ ਜਿਸ ਤਰ੍ਹਾਂ ਉਹ ਅਰੁਣਾਚਲ ਅਤੇ ਹੋਰ ਸਥਾਨਾਂ ’ਚ ਕਰਦਾ ਆ ਰਿਹਾ ਹੈ। ਇਸ ਸਬੰਧ ’ਚ ਜਨਰਲ  ਫਿਲਨ ਦਾ ਇਹ ਵੀ ਕਹਿਣਾ ਹੈ :‘‘ਚੀਨ ਇਸ ਖੇਤਰ ’ਚ ਜੋ  ਤਬਾਹਕੁੰਨ  ਵਿਹਾਰ ਦਿਖਾ ਰਿਹਾ ਹੈ ਉਹ ਕਿਸੇ ਵੀ ਨਜ਼ਰੀਏ ਤੋਂ ਸਹੀ ਨਹੀਂ ਹੈ ਅਤੇ ਚੀਨ ਦੇ ਕੁਝ ਵਤੀਰਿਆਂ ਦੇ ਵਿਰੁੱਧ ਭਾਰਤ ਅਤੇ ਅਮਰੀਕਾ ਸਮੇਤ ਸਾਨੂੰ ਸਭ ਸਮਵਿਚਾਰਕ ਦੇਸ਼ਾਂ ਨੂੰ ਆਪਣੀ ਭੂਮੀ ਦੀ ਰੱਖਿਆ ਦੇ ਲਈ ਸੰਗਠਿਤ ਹੋ ਕੇ ਅਤੇ ਡੂੰਘੇ ਸਹਿਯੋਗ ਅਤੇ ਤਾਲਮੇਲ ਦੇ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ।’’ਇਸੇ ਦੀ ਤਿਆਰੀ ਬਾਰੇ ਜਨਰਲ ਫਿਲਨ ਨੇ ਕਿਹਾ, ‘‘ਭਾਰਤੀ ਅਤੇ ਅਮਰੀਕੀ ਫੌਜਾਂ ਇਸ ਸਾਲ ਅਕਤੂਬਰ ’ਚ ਹਿਮਾਲਿਆ ’ਚ 9000 ਤੋਂ 10000 ਫੁੱਟ ਦੀ ਉਚਾਈ ’ਤੇ ਸਾਂਝੇ ਅਭਿਆਸ ਕਰਨਗੀਆਂ ਅਤੇ 2023 ’ਚ ਅਲਾਸਕਾ ’ਚ ਅਜਿਹਾ ਹੀ ਅਭਿਆਸ ਉਨ੍ਹਾਂ ਹਾਲਤਾਂ ’ਚ ਕੀਤਾ ਜਾਵੇਗਾ ਜਿਨ੍ਹਾਂ ’ਚ 2020 ’ਚ ਭਾਰਤ ਅਤੇ ਚੀਨ ਦੇ ਦਰਮਿਆਨ ਗਲਵਾਨ ਘਾਟੀ ’ਚ ਖੂਨੀ ਟਕਰਾਅ ਹੋਇਆ ਸੀ।’’

ਜਨਰਲ ‘ਫਿਲਨ’ ਦੇ ਅਨੁਸਾਰ ਇਸ ਨਾਲ ਦੋਵਾਂ ਹੀ ਦੇਸ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ’ਚ ਸਮਰੱਥ ਹੋਣ ’ਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇੰਨੀ ਉਚਾਈ ਵਾਲੇ ਵਾਤਾਵਰਣ ’ਚ ਜੰਗ ਲੜਨ ਦੇ ਮਾਮਲੇ ’ਚ ਅਮਰੀਕੀ ਫੌਜ ਭਾਰਤੀ ਫੌਜ ਤੋਂ ਕਈ ਚੀਜ਼ਾਂ ਸਿੱਖ ਸਕਦੀ ਹੈ ਅਤੇ ਇਹ ਇਕ-ਦੂਜੇ ਦੇ ਪ੍ਰਤੀ ਵਫਾਦਾਰੀ ਪ੍ਰਗਟਾਉਣ ਦਾ ਅਨਮੋਲ ਤਰੀਕਾ ਹੈ। ਇਹ ਪਹਿਲਾ  ਮੌਕਾ ਹੈ ਜਦੋਂ ਕਿਸੇ ਦੇਸ਼ ਨੇ ਚੀਨ ਨਾਲ ਖਤਰੇ ਦੇ ਮਾਮਲੇ ’ਚ ਭਾਰਤ ਨੂੰ ਇਸ ਤਰ੍ਹਾਂ ਬੇਬਾਕੀ ਨਾਲ  ਸੁਚੇਤ ਕੀਤਾ ਹੈ। ਅਮਰੀਕਾ ਦਾ ਭਾਰਤ ਦੇ ਨਾਲ  ਸਾਂਝਾ ਜੰਗੀ ਅਭਿਆਸ ਬੇਸ਼ੱਕ ਭਾਰਤ ਦੇ ਪ੍ਰਤੀ ਉਸ ਦੇ ਜ਼ੋਰਦਾਰ ਸਮਰਥਨ ਨੂੰ ਦਰਸਾਉਂਦਾ ਹੈ ਅਤੇ ਜੰਗ ਦੀ ਸਥਿਤੀ ’ਚ ਉਹ ਸ਼ਾਇਦ ਭਾਰਤ ਦੀ ਥੋੜ੍ਹੀ-ਬਹੁਤੀ ਮਦਦ ਵੀ ਕਰ ਸਕਦਾ ਹੈ ਪਰ ਅਸੀਂ ਸਿਰਫ ਉਸ ਦੇ ਭਰੋਸੇ ’ਤੇ ਨਹੀਂ ਰਹਿ ਸਕਦੇ। ਇਤਿਹਾਸ ਗਵਾਹ ਹੈ ਕਿ ਯੂਕ੍ਰੇਨ  ਦੇ ਵਾਂਗ ਹਰ ਕਿਸੇ ਨੂੰ ਆਪਣੀ ਲੜਾਈ ਤਾਂ ਖੁਦ ਹੀ ਲੜਨੀ ਪੈਂਦੀ ਹੈ ਇਸ ਲਈ ਸਾਨੂੰ ਆਪਣਾ ਮਨ ਬਣਾ ਕੇ  ਅਤੇ ਇਸ ਮਾਮਲੇ ’ਚ ਮਜ਼ਬੂਤ ਸਟੈਂਡ ਲੈ ਕੇ ਆਪਣੀ ਪ੍ਰਤੀਰੱਖਿਆ ਮਜ਼ਬੂਤ ਕਰਨੀ ਹੋਵੇਗੀ।

ਵਿਜੇ ਕੁਮਾਰ 


author

Karan Kumar

Content Editor

Related News