ਭਾਰਤੀ ਜਨਤਾ ਪਾਰਟੀ ਦੇ ''ਸੰਕਟਮੋਚਕ'' ਸ਼੍ਰੀ ਅਰੁਣ ਜੇਤਲੀ ਦਾ ਦਿਹਾਂਤ

08/25/2019 3:31:59 AM

ਪਿਛਲਾ ਇਕ ਵਰ੍ਹਾ ਭਾਰਤੀ ਜਨਤਾ ਪਾਰਟੀ ਅਤੇ ਦੇਸ਼ ਲਈ ਬਹੁਤ ਦੁਖਦਾਈ ਰਿਹਾ ਹੈ, ਜਦੋਂ ਪਾਰਟੀ ਦੇ ਕਈ ਸੀਨੀਅਰ ਆਗੂ ਇਕ-ਇਕ ਕਰ ਕੇ ਇਸ ਦੁਨੀਆ ਤੋਂ ਚਲੇ ਗਏ ਅਤੇ ਇਸੇ ਲੜੀ 'ਚ 24 ਅਗਸਤ ਨੂੰ ਭਾਜਪਾ ਨੂੰ ਇਕ ਹੋਰ ਧੱਕਾ ਲੱਗਾ, ਜਦੋਂ ਇਸ ਦੇ ਇਕ ਹੋਰ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਦਾ ਨਵੀਂ ਦਿੱਲੀ 'ਚ 66 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ।
'ਸਾਫਟ ਟਿਸ਼ੂ ਸਰਕੋਮਾ' ਨਾਮੀ ਇਕ ਤਰ੍ਹਾਂ ਦੇ ਕੈਂਸਰ ਤੋਂ ਪੀੜਤ ਸ਼੍ਰੀ ਜੇਤਲੀ ਇਲਾਜ ਲਈ ਅਮਰੀਕਾ ਵੀ ਗਏ। ਉਹ ਡਾਇਬਟੀਜ਼ ਤੋਂ ਵੀ ਪੀੜਤ ਸਨ। ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਵੀ ਹੋ ਚੁੱਕਾ ਸੀ ਅਤੇ ਉਨ੍ਹਾਂ ਨੇ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ 'ਬੈਰੀਐਟ੍ਰਿਕ ਸਰਜਰੀ' ਵੀ ਕਰਵਾਈ ਸੀ।
ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸ਼੍ਰੀ ਜੇਤਲੀ ਸਿਹਤ ਸਬੰਧੀ ਕਾਰਣਾਂ ਕਰਕੇ ਹੀ ਮੋਦੀ-2 ਸਰਕਾਰ ਵਿਚ ਸ਼ਾਮਿਲ ਨਹੀਂ ਹੋਏ ਅਤੇ 9 ਅਗਸਤ ਨੂੰ ਉਨ੍ਹਾਂ ਨੂੰ ਵੱਖ-ਵੱਖ ਤਕਲੀਫਾਂ ਕਾਰਣ ਏਮਜ਼ ਵਿਚ ਦਾਖਲ ਕਰਵਾਇਆ ਗਿਆ ਸੀ।
ਸ਼੍ਰੀ ਜੇਤਲੀ ਨੇ ਐਮਰਜੈਂਸੀ ਦੌਰਾਨ ਜੇਲ ਯਾਤਰਾ ਵੀ ਕੀਤੀ। ਉਨ੍ਹਾਂ ਦੀ ਸਿਆਸੀ ਪਾਰੀ ਕੁਲਹਿੰਦ ਵਿਦਿਆਰਥੀ ਪ੍ਰੀਸ਼ਦ ਤੋਂ ਸ਼ੁਰੂ ਹੋਈ ਅਤੇ ਉਹ 1977 'ਚ 22 ਸਾਲ ਦੀ ਉਮਰ 'ਚ ਵਿਦਿਆਰਥੀ ਸੰਘ ਦੇ ਪ੍ਰਧਾਨ ਚੁਣੇ ਗਏ।
ਉਸੇ ਸਾਲ ਉਹ ਕੁਲਹਿੰਦ ਵਿਦਿਆਰਥੀ ਪ੍ਰੀਸ਼ਦ ਦੇ ਕੌਮੀ ਸਕੱਤਰ ਬਣਾਏ ਗਏ ਅਤੇ 1980 'ਚ ਉਨ੍ਹਾਂ ਨੂੰ ਭਾਜਪਾ ਦੇ ਯੂਥ ਵਿੰਗ ਦੀ ਇੰਚਾਰਜੀ ਸੌਂਪੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਉਨ੍ਹਾਂ ਦੀ ਸਿਆਸੀ ਪਾਰੀ ਮੋਦੀ-1 ਸਰਕਾਰ ਵਿਚ ਵਿੱਤ ਮੰਤਰੀ ਦੇ ਅਹੁਦੇ ਤਕ ਪਹੁੰਚ ਕੇ ਖਤਮ ਹੋਈ।
ਸ਼੍ਰੀ ਜੇਤਲੀ 'ਚ ਦੂਜੇ ਲੋਕਾਂ ਨੂੰ ਆਪਣੀ ਗੱਲ ਦਾ ਕਾਇਲ ਕਰ ਦੇਣ ਦੀ ਅਦਭੁੱਤ ਸਮਰੱਥਾ ਸੀ। ਭਾਜਪਾ ਦੇ ਚੰਗੇ-ਬੁਰੇ ਹਰ ਦੌਰ ਦੇ ਸਾਥੀ ਅਤੇ ਮਿਲਣਸਾਰ ਸੁਭਾਅ ਵਾਲੇ ਇਕ ਰਾਜਨੇਤਾ ਵਜੋਂ ਉਨ੍ਹਾਂ ਨੇ ਨਾ ਸਿਰਫ ਅਧਿਕਾਰੀਆਂ ਤੇ ਸਿਆਸਤਦਾਨਾਂ ਨਾਲ ਬਿਹਤਰ ਤਾਲਮੇਲ ਬਣਾ ਕੇ ਰੱਖਿਆ, ਸਗੋਂ 2014 'ਚ ਜਦੋਂ ਉਹ ਕੇਂਦਰ ਸਰਕਾਰ ਵਿਚ ਵਿੱਤ ਮੰਤਰੀ ਬਣੇ ਤਾਂ ਕਿਸੇ ਨਾਲ ਵੀ ਆਪਣੇ ਸਬੰਧ ਨਹੀਂ ਵਿਗੜਨ ਦਿੱਤੇ।
ਦੇਸ਼ ਦੇ ਬਿਹਤਰੀਨ ਵਕੀਲਾਂ ਵਿਚ ਗਿਣੇ ਜਾਣ ਵਾਲੇ ਸ਼੍ਰੀ ਜੇਤਲੀ ਨੇ 80 ਦੇ ਦਹਾਕੇ ਵਿਚ ਸੁਪਰੀਮ ਕੋਰਟ ਅਤੇ ਦੇਸ਼ ਦੀਆਂ ਕਈ ਹਾਈਕੋਰਟਾਂ ਵਿਚ ਅਹਿਮ ਕੇਸ ਲੜ ਕੇ ਜਿੱਤੇ ਅਤੇ ਆਪਣਾ ਨਾਂ ਦੇਸ਼ ਦੇ ਮੋਹਰੀ ਵਕੀਲਾਂ ਵਿਚ ਦਰਜ ਕਰਵਾਇਆ।
ਸਿਰਫ ਇਕ ਸਾਲ ਵਿਚ ਭਾਜਪਾ ਨੂੰ ਲੱਗਣ ਵਾਲਾ ਇਹ 7ਵਾਂ ਧੱਕਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 14 ਅਗਸਤ ਨੂੰ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ਛੱਤੀਸਗੜ੍ਹ ਦੇ ਸਾਬਕਾ ਰਾਜਪਾਲ ਸ਼੍ਰੀ ਬਲਰਾਮਜੀ ਦਾਸ ਟੰਡਨ, 16 ਅਗਸਤ ਨੂੰ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ, 27 ਅਕਤੂਬਰ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਅਤੇ 12 ਨਵੰਬਰ ਨੂੰ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਐੱਚ. ਐੱਨ. ਅਨੰਤ ਕੁਮਾਰ ਦੀ ਮੌਤ ਹੋਈ।
ਇਹੋ ਨਹੀਂ, ਇਸ ਸਾਲ 17 ਮਾਰਚ ਨੂੰ ਸਾਬਕਾ ਕੇਂਦਰੀ ਰੱਖਿਆ ਮੰਤਰੀ ਅਤੇ ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਾਰਿਕਰ ਅਤੇ 6 ਅਗਸਤ 2019 ਨੂੰ ਭਾਜਪਾ ਦੀ ਇਕ ਹੋਰ ਸੀਨੀਅਰ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਵੀ ਮੌਤ ਹੋ ਗਈ।
ਸ਼੍ਰੀ ਅਰੁਣ ਜੇਤਲੀ ਨਾਲ ਸਾਡੇ 25 ਸਾਲਾਂ ਤੋਂ ਨਿੱਜੀ ਸਬੰਧ ਸਨ ਅਤੇ ਉਨ੍ਹਾਂ ਦੀ ਮੌਤ ਨਾਲ ਦੇਸ਼ ਨੇ ਇਕ ਯੋਗ ਪ੍ਰਸ਼ਾਸਕ, ਨਿਆਂ ਮਾਹਿਰ, ਬੇਦਾਗ਼ ਸਿਆਸਤਦਾਨ, ਯਾਰਾਂ ਦਾ ਯਾਰ ਅਤੇ ਦਿਲਦਾਰ ਗੁਆ ਲਿਆ ਹੈ।

                                                                                                   —ਵਿਜੇ ਕੁਮਾਰ


KamalJeet Singh

Content Editor

Related News