ਵਿਵਾਦ ਸੁਲਝਾਉਂਦੇ-ਸੁਲਝਾਉਂਦੇ ਆਪਸ ’ਚ ਹੀ ਉਲਝ ਪਏ ਸੰਤ

06/02/2022 1:26:33 AM

ਧਰਮ ਸ਼ਾਸਤਰਾਂ ’ਚ ਦੱਸੇ ਗਏ ਅਟੱਲ ਸਿਧਾਂਤਾਂ ਦੇ ਨਤੀਜੇ ’ਤੇ ਪਹੁੰਚਣ ਜਾਂ ਕਿਸੇ ਵਿਵਾਦ ਨੂੰ ਸੁਲਝਾਉਣ ਲਈ ਪ੍ਰਾਚੀਨ ਕਾਲ ਤੋਂ ਹੀ ਭਾਰਤ  ’ਚ ਧਰਮ ਗੁਰੂਆਂ ਦੇ ਦਰਮਿਆਨ ‘ਸ਼ਾਸਤਾਰਥ’ ਦੀ ਪ੍ਰੰਪਰਾ ਚਲੀ ਆ ਰਹੀ ਹੈ। ਇਸ ’ਚ ਦੋਵਾਂ ਧਿਰਾਂ ਵੱਲੋਂ ਦਿੱਤੇ ਗਏ ਤਰਕਾਂ ਦੀ ਕਸੌਟੀ ’ਤੇ ਪਰਖ ਕੇ ਸ਼ਾਂਤੀਪੂਰਵਕ ਸੁਲਝਾਇਆ ਜਾਂਦਾ ਸੀ। ‘ਸ਼ਾਸਤਾਰਥ’ ਦੀ ਪ੍ਰੰਪਰਾ ਨੂੰ ਆਦਿ ਸ਼ੰਕਰਾਚਾਰੀਆ ਜੀ ਅਤੇ ਕੁਮਾਰਿਲ ਭੱਟ ਵਰਗੇ ਵਿਦਵਾਨਾਂ ਨੇ ਅੱਗੇ ਵਧਾਇਆ। ਆਦਿ ਸ਼ੰਕਰਾਚਾਰੀਆ ਜੀ ਅਤੇ ਪ੍ਰਸਿੱਧ ਵਿਦਵਾਨ ਮੰਡਨ ਮਿਸ਼ਰ ਜੀ ਦਾ ‘ਸ਼ਾਸਤਾਰਥ’ ਵੈਦਿਕ ਸਨਾਤਨ ਜਗਤ  ’ਚ ਬਹੁਤ ਪ੍ਰਸਿੱਧ ਹੈ ਪਰ ਅਫਸੋਸ ਦਾ ਵਿਸ਼ਾ ਹੈ ਕਿ ਅੱਜ ਦੇ ਦੌਰ ਦੇ ਕੁਝ ਕੁ ਸੰਤ-ਮਹਾਤਮਾ ‘ਸ਼ਾਸਤਾਰਥ’ ਵੱਲੋਂ ਕਿਸੇ ਸਿੱਟੇ ’ਤੇ ਪਹੁੰਚਣ ਦੀ ਬਜਾਏ ਇਸ ਦੇ ਦੌਰਾਨ ਆਪਣਾ ਸੰਯਮ ਗੁਆ ਕੇ ਆਲੋਚਨਾ ਦੇ ਪਾਤਰ ਬਣਨ ਲੱਗੇ ਹਨ। ਇਸੇ ਦੀ ਇਕ ਉਦਾਹਰਣ 31 ਮਈ ਨੂੰ ਮਹਾਰਾਸ਼ਟਰ ਦੇ ਨਾਸਿਕ ਦੇ ਅੰਜਨੇਰੀ ਪਿੰਡ ’ਚ ਦੇਖਣ ਨੂੰ ਮਿਲੀ। ਵਰਨਣਯੋਗ ਹੈ ਕਿ ਪਵਨ ਪੁੱਤਰ ਹਨੂਮਾਨ ਜੀ ਦੇ ਜਨਮ ਸਥਾਨ ਨੂੰ ਲੈ ਕੇ ਵਿਵਾਦ ਚਲਿਆ ਆ ਰਿਹਾ ਹੈ। ਇਸ ਸਬੰਧ ’ਚ ਕਰਨਾਟਕ ਦੇ ਕਿਸ਼ਕਿੰਧਾ, ਮਹਾਰਾਸ਼ਟਰ ਦੇ ਨਾਸਿਕ ਅਤੇ ਆਂਧਰਾ ਪ੍ਰਦੇਸ਼ ਦੇ ਤਿਰੂਮਾਲਾ ਤਿਰੂਪਤੀ  ਦੇਵਸਥਾਨਮ (ਟੀ. ਟੀ. ਡੀ.) ਦੇ ਆਪਣੇ ਆਪਣੇ ਦਾਅਵੇ ਹਨ। ਇਸ ਦੇ ਇਲਾਵਾ ਗੁਜਰਾਤ, ਝਾਰਖੰਡ ਅਤੇ ਬਿਹਾਰ ’ਚ ਵੀ ਹਨੂਮਾਨ ਜੀ ਦਾ ਜਨਮ ਸਥਾਨ ਹੋਣ ਸਬੰਧੀ ਦਾਅਵਾ ਕੀਤਾ ਜਾ ਚੁੱਕਾ ਹੈ। 

ਕਰਨਾਟਕ ਦੇ ਅਧਿਆਤਮਕ ਨੇਤਾ ਤੇ ਕਿਸ਼ਕਿੰਧਾ ਦੇ ਮੱਠ ਦੇ ਮੁਖੀ ਸਵਾਮੀ ਗੋਵਿੰਦਾਨੰਦ ਸਰਸਵਤੀ ਨੇ ਕੁਝ ਸਮੇਂ ਪਹਿਲਾਂ ਦਾਅਵਾ ਕੀਤਾ ਸੀ ਕਿ ਕਿਸ਼ਕਿੰਧਾ ਹਨੂਮਾਨ ਦੀ ਜਾ ਜਨਮ ਸਥਾਨ ਹੈ ਨਾ ਕਿ ਨਾਸਿਕ ’ਚ ਅੰਜਨੇਰੀ। ਪਹਿਲਾਂ ਤਾਂ ਇਕ ਸ਼ੋਭਾ ਯਾਤਰਾ ਦੀ ਅਗਵਾਈ ਕਰਦੇ ਹੋਏ ਤ੍ਰਿਅੰਬਕੇਸ਼ਵਰ ਤੋਂ ਅੰਜਨੇਰੀ ਪਹੁੰਚਣ ਦੀ ਗੋਵਿੰਦਾਨੰਦ ਸਰਸਵਤੀ ਦੀ ਯੋਜਨਾ ਦਾ ਅੰਜਨੇਰੀ ਦੇ ਨਿਵਾਸੀਆਂ ਅਤੇ ਸਾਧੂਆਂ ਨੇ  ਵਿਰੋਧ ਕੀਤਾ, ਫਿਰ 30 ਮਈ ਨੂੰ ਨਾਸਿਕ-ਤ੍ਰਿਅੰਬਕੇਸ਼ਵਰ ਮਾਰਗ ਰੋਕ ਦਿੱਤਾ ਤਾਂ ਕਿ ਗੋਵਿੰਦਾਨੰਦ ਦੇ ਆਉਣ ’ਤੇ ਆਪਣਾ ਵਿਰੋਧ ਦਰਜ ਕਰਾ ਸਕਣ।  ਇਸ ਵਿਵਾਦ ਨੂੰ ਵਿਰਾਮ ਦੇ ਕੇ ਕਿਸੇ ਸਿੱਟੇ ’ਤੇ ਪਹੁੰਚਣ ਲਈ 31 ਮਈ ਨੂੰ ਨਾਸਿਕ ’ਚ ਅੰਜਨੇਰੀ ਪਿੰਡ ਦੇ ਕਾਲਾ ਰਾਮ ਮੰਦਰ ’ਚ  ਮਹੰਤ ਸ਼੍ਰੀਮੰਡਲਾਚਾਰੀਆ ਪੀਠਾਧੀਸ਼ਵਰ ਸਵਾਮੀ ਅਨਿਕੇਤ ਸ਼ਾਸਤਰੀ ਦੇਸ਼ਪਾਂਡੇ ਮਹਾਰਾਜ ਨੇ ਧਰਮ ਸੰਸਦ ਦਾ ਆਯੋਜਨ ਕੀਤਾ, ਜਿਸ ’ਚ ਨਾਸਿਕ, ਤ੍ਰਿਅੰਬਕੇਸ਼ਵਰ, ਕਰਨਾਟਕ ਅਤੇ ਸ਼ੋਲਾਪੁਰ ਤੋਂ 20-25 ਵਿਦਵਾਨ ਸੰਤ ਸ਼ਾਮਲ ਹੋਏ। 31 ਮਈ ਨੂੰ ਧਰਮ ਸੰਸਦ ਦੀ ਸ਼ੁਰੂਆਤ ਹੀ ਬੈਠਣ ਦੀ  ਵਿਵਸਥਾ ਨੂੰ ਲੈ ਕੇ ਤਿੱਖੀ ਨੋਕ-ਝੋਕ ਦੇ ਨਾਲ ਹੋਈ। ਕਿਸ਼ਕਿੰਧਾ ’ਚ ਪ੍ਰਭੂ ਹਨੂਮਾਨ ਦੇ ਜਨਮ ਸਥਾਨ ਦਾ ਦਾਅਵਾ ਕਰਨ ਵਾਲੇ ਮਹੰਤ ਗੋਵਿੰਦਦਾਸ ਇਕ ਭਗਵਾ ਕੁਰਸੀ ’ਤੇ ਬੈਠੇ ਸਨ ਜਦਕਿ ‘ਸ਼ਾਸਤਰਾਰਥ’ ’ਚ   ਹਿੱਸਾ ਲੈਣ ਆਏ ਸੰਤਾਂ ਲਈ ਧਰਤੀ ’ਤੇ ਬੈਠਣ ਦਾ ਪ੍ਰਬੰਧ ਸੀ। 

ਇਸੇ ਗੱਲ ’ਤੇ ਨਾਸਿਕ ਦੇ ਸੰਤ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਇਹ ਕਹਿੰਦੇ ਹੋਏ ਧਰਮ ਸੰਸਦ ਦਾ  ਬਾਈਕਾਟ ਕਰ ਦਿੱਤਾ ਕਿ ‘‘ਸ਼ਾਸਤਰਾਰਥ’ ਬਰਾਬਰ ਬੈਠ  ਕੇ ਹੁੰਦਾ ਹੈ ਪਰ ਕੁਝ ਲੋਕ ਧਰਮ ਸੰਸਦ ’ਚ ਖੁਦ ਨੂੰ ਵੱਡਾ ਮੰਨ ਚੁੱਕੇ ਹਨ। ਇਹ ਕਿਸੇ ਅਖਾੜੇ ਨਾਲ ਵੀ ਨਹੀਂ ਜੁੜੇ ਹਨ। ਇਹ ਕਿਵੇਂ ਕੋਈ ਸੱਦਾ  ਦੇ ਸਕਦੇ ਹਨ? ਇਹ ਸ਼ੰਕਰਾਚਾਰੀਆ ਹਨ ਕੀ?’’ਇਸ ਦੇ ਬਾਅਦ ਹੋਰ ਮੁੱਦਿਆਂ  ’ਤੇ ਸਾਧੂਆਂ ਨੇ ਇਕ ਦੂਜੇ  ’ਤੇ ਵਿਅੰਗ ਕੀਤੇ ਅਤੇ ਕਾਲਾ ਰਾਮ ਮੰਦਰ ਦੇ ਮਹੰਤ ਸੁਧੀਰ ਦਾਸ ਅਤੇ ਕਰਨਾਟਕ ਦੇ ਕਿਸ਼ਕਿੰਧਾ ਦੇ ਮਹੰਤ ਗੋਵਿੰਦਾਨੰਦ ਸਰਸਵਤੀ ਦਰਮਿਆਨ ਝਗੜਾ ਹੋ ਗਿਆ। ਨੌਬਤ ਇੱਥੋਂ ਤੱਕ ਆ ਗਈ ਕਿ ਮਹੰਤ ਸੁਧੀਰ ਦਾਸ ਨੇ ਗੋਵਿੰਦਾਨੰਦ ਸਰਸਵਤੀ ਨੂੰ ਮਾਰਨ ਲਈ ਉਨ੍ਹਾਂ ਨੂੰ ਧਮਕੀ ਦਿੰਦੇ ਹੋਏ ਉੱਥੇ ਮੌਜੂਦ ਇਕ ਚੈਨਲ ਦੇ ਰਿਪੋਰਟਰ ਦਾ ਮਾਈਕ ਖੋਹ ਕੇ ਹੱਥ ’ਚ ਚੁੱਕ ਲਿਆ ਅਤੇ ਸਥਿਤੀ  ਕਾਬੂ ਤੋਂ ਬਾਹਰ ਜਾਂਦੀ ਦੇਖ ਪੁਲਸ ਨੂੰ ਸ਼ਾਂਤੀ ਵਿਵਸਥਾ ਕਾਇਮ ਰੱਖਣ ਲਈ ਦਖਲ ਦੇਣਾ ਪਿਆ। 

ਕੁਝ ਹਿੱਸਾ ਲੈਣ ਵਾਲਿਆਂ ਅਨੁਸਾਰ ਇਸ ਦਰਮਿਆਨ ਗੋਵਿੰਦਾਨੰਦ ਸਰਸਵਤੀ ਦੇ ਸਮਰਥਕਾਂ ਨੇ ਦਾਅਵਾ ਕੀਤਾ ਕਿ  ਉਨ੍ਹਾਂ ਨੂੰ ਸਭਾ ’ਚ ਆਪਣੇ ਵਿਚਾਰ ਰੱਖਣ ਦੀ ਇਜਾਜ਼ਤ ਨਹੀਂ  ਦਿੱਤੀ ਗਈ ਜਿਸ ਕਾਰਨ ਬਹਿਸ ਹੋਰ ਤੇਜ਼ ਹੋ ਗਈ। ਹਾਲਾਂਕਿ ਕੁੱਟਮਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਲਸ  ਨੇ ਆ ਕੇ ਉੱਥੇ ਹਾਲਾਤ ’ਤੇ ਕਾਬੂ ਪਾ ਲਿਆ  ਪਰ ਇਸ ਦੇ ਬਾਵਜੂਦ ਮਾਹੌਲ ਤਣਾਅਪੂਰਨ ਤਾਂ ਹੋ ਹੀ ਗਿਆ ਸੀ ਅਤੇ  ਧਰਮ ਸੰਸਦ ਕਿਸੇ ਸਿੱਟੇ ’ਤੇ ਪਹੁੰਚੇ ਬਿਨਾਂ ਹੀ ਖਤਮ ਹੋ ਗਈ। ਮਹੰਤ ਗੋਵਿੰਦ ਦਾਸ ਅੰਜਨੇਰੀ ਤੋਂ ਅਯੁੱਧਿਆ ਤੱਕ ਇਕ ਰੱਥ ਯਾਤਰਾ ਵੀ ਕੱਢਣ ਵਾਲੇ ਸਨ, ਜਿਸ ਦੀ ਨਾਸਿਕ ਪੁਲਸ ਨੇ ਇਜਾਜ਼ਤ ਨਹੀਂ ਦਿੱਤੀ। ਸੰਤ-ਮਹਾਤਮਾ ਤਾਂ ਸਮਾਜ ਨੂੰ ਚੰਗੀਆਂ ਗੱਲਾਂ ਦੱਸ ਕੇ ਸਹੀ ਦਿਸ਼ਾ ਦਿੰਦੇ ਹਨ। ਇਸ ਲਈ ਨਾਸਿਕ ਦੀ ਧਰਮ ਸੰਸਦ ’ਚ ਜੋ ਕੁਝ ਹੋਇਆ ਉਸ ਨਾਲ ਸੰਤ ਸਮਾਜ ਦੇ ਵੱਕਾਰ ਨੂੰ ਧੱਕਾ ਹੀ ਲੱਗਾ ਹੈ ਜੋ ਧਰਮ ਗੁਰੂਆਂ ਦੀ ਪ੍ਰਚਾਰ ਲਾਲਸਾ ਅਤੇ ਲੋਕਾਂ ਦੀਆਂ ਨਜ਼ਰਾਂ ’ਚ ਆਉਣ ਦੀ ਹੋੜ ਦਾ ਹੀ ਨਤੀਜਾ ਹੈ।  ਇਸ ਸਮੇਂ ਜਦਕਿ ਦੇਸ਼ ’ਚ ਮੰਦਰ-ਮਸਜਿਦ ਵਿਵਾਦ ਨੂੰ ਲੈ ਕੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ, ਨਾਸਿਕ ’ਚ ਇਕ ਵਿਵਾਦ ਨੂੰ ਸੁਲਝਾਉਣ ਲਈ ਇਕੱਠੇ ਸੰਤ-ਮਹਾਤਮਾਵਾਂ ਨੇ ਆਪਸ ’ਚ ਹੀ ਉਲਝ ਕੇ ਇਕ ਨਵੇਂ ਵਿਵਾਦ ਨੂੰ ਜਨਮ ਦੇ  ਿਦੱਤਾ ਹੈ।  ਵਰਨਣਯੋਗ ਹੈ ਕਿ  ਲੋਕ ਤਾਂ ਸਾਧੂ-ਸੰਤਾਂ ਅਤੇ ਵਿਦਵਾਨਾਂ ਦੇ ਕੋਲ ਆਪਣੀਆਂ ਸਮੱਸਿਆਵਾਂ ਅਤੇ  ਵਿਵਾਦ ਸੁਲਝਾਉਣ ਦੀ ਆਸ ਲੈ ਕੇ ਜਾਂਦੇ ਹਨ ਪਰ ਜੇਕਰ ਇਹ ਆਪਣੇ ਹੀ ਵਿਵਾਦ ਸੁਲਝਾਉਣ ’ਚ ਅਸਫਲ ਰਹਿਣਗੇ ਤਾਂ ਫਿਰ ਇਨ੍ਹਾਂ ਤੋਂ ਆਮ ਲੋਕ ਆਪਣੀਆਂ ਸਮੱਸਿਆਵਾਂ ਅਤੇ ਵਿਵਾਦਾਂ ਦਾ ਹੱਲ ਪਾਉਣ ਦੀ ਕੀ ਆਸ ਰੱਖ ਸਕਦੇ ਹਨ।           

ਵਿਜੇ ਕੁਮਾਰ 
 


Karan Kumar

Content Editor

Related News