ਰਿਸ਼ੀ ਸੁਨਕ ਨੇ ਦਿੱਤੀ ਆਪਣੇ ਦੇਸ਼ਵਾਸੀਆਂ ਨੂੰ ਭਾਰਤੀ ਮਾਪਿਆਂ ਵਰਗੀ ਨਸੀਹਤ

Monday, Apr 24, 2023 - 03:58 AM (IST)

ਰਿਸ਼ੀ ਸੁਨਕ ਨੇ ਦਿੱਤੀ ਆਪਣੇ ਦੇਸ਼ਵਾਸੀਆਂ ਨੂੰ ਭਾਰਤੀ ਮਾਪਿਆਂ ਵਰਗੀ ਨਸੀਹਤ

ਇਕ ਦਹਾਕਾ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤੀ ਮਾਪਿਆਂ ਵਾਂਗ ਚਿੰਤਤ ਹੁੰਦੇ ਹੋਏ ਕਿਹਾ ਸੀ ਕਿ ਕੀ ਅਸੀਂ ਗਣਿਤ, ਵਿਗਿਆਨ, ਇੰਜੀਨੀਅਰਿੰਗ, ਟੈਕਨਾਲੋਜੀ ਨੂੰ ਹੱਲਾਸ਼ੇਰੀ ਦੇਣ ਲਈ ਵਧੇਰੇ ਯਤਨ ਕਰ ਸਕਦੇ ਹਾਂ?

ਉਨ੍ਹਾਂ ਦਾ ਕਹਿਣਾ ਸੀ ਕਿ ਜੇ ਤੁਸੀਂ ਇਕ ਵਧੀਆ ਇੰਜੀਨੀਅਰ ਜਾਂ ਵਧੀਆ ਕੰਪਿਊਟਰ ਇੰਜੀਨੀਅਰ ਹੋ, ਜੇ ਤੁਹਾਡਾ ਗਣਿਤ ਮਜ਼ਬੂਤ ਹੈ ਅਤੇ ਤੁਹਾਡੇ ’ਚ ਤਕਨੀਕੀ ਸਮਰੱਥਾ ਹੈ ਤਾਂ ਅੱਜ ਵੀ ਅਰਥਵਿਵਸਥਾ ’ਚ ਤੁਹਾਡੇ ਲਈ ਸਭ ਥਾਂ ਰੋਜ਼ਗਾਰ ਹੈ।

ਅਜਿਹੀ ਹੀ ਚਿੰਤਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਕ ਇੰਟਰਵਿਊ ਦੌਰਾਨ ਪ੍ਰਗਟ ਕੀਤੀ ਹੈ ਜਿਸ ਅਧੀਨ ਇੰਗਲੈਂਡ ’ਚ ਜਲਦੀ ਹੀ 18 ਸਾਲ ਦੀ ਉਮਰ ਤੱਕ ਗਣਿਤ ਦੀ ਪੜ੍ਹਾਈ ਲਾਜ਼ਮੀ ਕਰਨ ਦੀ ਯੋਜਨਾ ਹੈ।

ਇਸ ਯੋਜਨਾ ’ਤੇ ਕੰਮ ਕਰ ਰਹੇ ਸੁਨਕ ਨੇ ਕਿਹਾ ਕਿ ਉਹ ਬੱਚਿਆਂ ਦਾ ਨੁਕਸਾਨ ਹੁੰਦਾ ਨਹੀਂ ਦੇਖ ਸਕਦੇ। ਉਨ੍ਹਾਂ ਦਾ ਮੰਨਣਾ ਹੈ ਕਿ ਬਾਲਗਾਂ ’ਚ ਗਣਿਤ ਦੀ ਸਮਝ ਨਾ ਹੋਣੀ ਸ਼ਰਮਨਾਕ ਹੈ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਦਾ ਹੈ ਜਦੋਂ ਕਿ ਅੱਜ ਦੁਨੀਆ ’ਚ ਬੱਚਿਆਂ ’ਚ ਨੌਕਰੀਆਂ ਲਈ ਪਹਿਲਾਂ ਤੋਂ ਕਿਤੇ ਵੱਧ ਵਿਸ਼ਲੇਸ਼ਨਾਤਮਕ ਹੁਨਰ ਦੀ ਲੋੜ ਹੈ।

ਉਨ੍ਹਾਂ ਮੁਤਾਬਕ ਅੱਜ ਇੰਗਲੈਂਡ ਦੇ ਵਿਦਿਆਰਥੀ ਵਿਗਿਆਨ ਤੇ ਜ਼ਰੂਰੀ ਜੀ. ਸੀ. ਐੱਸ. ਈ. ਦੀ ਪੜ੍ਹਾਈ ਤਾਂ ਕਰ ਰਹੇ ਹਨ, 16 ਤੋਂ 19 ਸਾਲ ਦੇ ਬੱਚਿਆਂ ’ਚੋਂ ਅੱਧੇ ਹੀ ਗਣਿਤ ਪੜ੍ਹਦੇ ਹਨ। ਬੱਚਿਆਂ ’ਚ ਗਣਿਤ ਦੀ ਖਰਾਬ ਸਮਝ ਸਮਾਜਿਕ ਪੱਖੋਂ ਪ੍ਰਵਾਨ ਨਹੀਂ ਹੋਣੀ ਚਾਹੀਦੀ ਅਤੇ 18 ਸਾਲ ਦੀ ਉਮਰ ਤੱਕ ਹਰ ਬੱਚੇ ਨੂੰ ਗਣਿਤ ਅਤੇ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ। ਇਹ ‘ਟਾਈਮਸ ਸਿੱਖਿਆ ਕਮਿਸ਼ਨ’ ਦੀ ਇਕ ਪ੍ਰਮੁੱਖ ਸਿਫਾਰਿਸ਼ ਵੀ ਹੈ।

ਰਿਸ਼ੀ ਸੁਨਕ ਨੇ ਚੌਕਸ ਕੀਤਾ ਕਿ ਗਣਿਤ ’ਚ ਖਰਾਬ ਪ੍ਰਦਰਸ਼ਨ ਨਾਲ ਭਵਿੱਖ ’ਚ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਹੈ, ਇਸ ਲਈ ਸਾਨੂੰ ਗਣਿਤ ਨੂੰ ਮਹੱਤਵ ਦੇਣਾ ਹੋਵੇਗਾ ਕਿਉਂਕਿ ਇਹ ਇਕ ਅਹਿਮ ਵਿਸ਼ਾ ਹੈ।

ਹਾਲਾਂਕਿ, ਇਸ ਯੋਜਨਾ ਨੂੰ ਅਮਲੀਜਾਮਾ ਪਹਿਨਾਉਣ ’ਚ ਸੁਨਕ ਨੂੰ ਗਣਿਤ ਦੇ ਅਧਿਆਪਕਾਂ ਦੀ ਕਮੀ ਕਾਰਨ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇੰਗਲੈਂਡ ’ਚ ਲਗਭਗ ਅੱਧੇ ਸੈਕੰਡਰੀ ਸਕੂਲ ਗਣਿਤ ਪੱਖੋਂ ਗੈਰ-ਮਾਹਿਰ ਅਧਿਆਪਕਾਂ ’ਤੇ ਨਿਰਭਰ ਹਨ ਅਤੇ ਸਰਕਾਰ 2012-13 ਤੋਂ ਗਣਿਤ ਅਧਿਆਪਕਾਂ ਦੀ ਸਾਲਾਨਾ ਭਰਤੀ ਦਾ ਨਿਸ਼ਾਨਾ ਪੂਰਾ ਕਰਨ ’ਚ ਨਾਕਾਮ ਰਹੀ ਹੈ।

ਇਸ ਦੌਰਾਨ, ਤਨਖਾਹ ਨੂੰ ਲੈ ਕੇ ਅਧਿਆਪਕਾਂ ਅਤੇ ਸਰਕਾਰ ਵਿਚਾਲੇ ਤਿੱਖਾ ਵਿਵਾਦ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। 2010 ਅਤੇ ਪਿਛਲੇ ਸਾਲ ਦਰਮਿਆਨ ਅਧਿਆਪਕਾਂ ਦੀ ਔਸਤ ਅਸਲ ਤਨਖਾਹ ’ਚ 11 ਫੀਸਦੀ ਦੀ ਗਿਰਾਵਟ ਆਈ ਹੈ।

ਸੁਨਕ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਧਨ ਤਾਂ ਘੱਟ ਹਨ ਪਰ ਫਿਰ ਵੀ ਉਹ ਆਪਣੀ ਯੋਜਨਾ ਨੂੰ ਅਮਲੀਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਨਗੇ।

ਸੁਨਕ ਦੀ ਇਹ ਸਲਾਹ ਉਸ ਨਸੀਹਤ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ ਜੋ ਭਾਰਤੀ ਮਾਤਾ-ਪਿਤਾ ਆਪਣੀ ਔਲਾਦ ਨੂੰ ਦਿੰਦੇ ਹਨ। ਹੁਣ ਆਪਣੇ ਦੇਸ਼ ਦੇ ਬੱਚਿਆਂ ਦਾ ਗਣਿਤ ਗਿਆਨ ਵਧਾਉਣ ’ਚ ਉਹ ਕਿੰਨਾ ਸਫਲ ਹੁੰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ, ਹਾਲਾਂਕਿ ਭਾਰਤ ’ਚ ਵੀ ਅਜਿਹੀ ਹੀ ਮੁਹਿੰਮ ਚਲਾਉਣ ਦੀ ਲੋੜ ਹੈ ਕਿਉਂਕਿ ਇੱਥੇ ਵੀ ਸਾਡੇ ਬੱਚੇ ਕੰਪਿਊਟਰ ’ਤੇ ਨਿਰਭਰ ਹੁੰਦੇ ਜਾਣ ਕਾਰਨ ਆਪਣੀ ਕੁਦਰਤੀ ਦਿਮਾਗੀ ਸਮਰੱਥਾ ਦੀ ਵਰਤੋਂ ਕਰਨ ਤੋਂ ਬਚਣ ਲੱਗੇ ਹਨ।


author

Mukesh

Content Editor

Related News