‘ਮਹਿੰਗਾਈ ’ਤੇ ਕਾਬੂ ਪਾਉਣ ਦੇ ਲਈ’ ਰਿਜ਼ਰਵ ਬੈਂਕ ਨੇ ਇਕ ਮਹੀਨੇ ’ਚ ਦੂਜੀ ਵਾਰ ‘ਵਧਾਈ ਰੈਪੋ ਦਰ’

Thursday, Jun 09, 2022 - 12:44 AM (IST)

‘ਮਹਿੰਗਾਈ ’ਤੇ ਕਾਬੂ ਪਾਉਣ ਦੇ ਲਈ’ ਰਿਜ਼ਰਵ ਬੈਂਕ ਨੇ ਇਕ ਮਹੀਨੇ ’ਚ ਦੂਜੀ ਵਾਰ ‘ਵਧਾਈ ਰੈਪੋ ਦਰ’

ਸਰਕਾਰੀ ਅੰਕੜਿਆਂ ਦੇ ਅਨੁਸਾਰ ਅਪ੍ਰੈਲ, 2022 ’ਚ ਦੇਸ਼ ’ਚ ਪਰਚੂਨ ਮਹਿੰਗਾਈ ਦੀ ਦਰ 7.8 ਫੀਸਦੀ ਸੀ ਜੋ ਮਈ, 2014 ਦੇ ਬਾਅਦ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਅਪ੍ਰੈਲ, 2022 ’ਚ ਥੋਕ ਮਹਿੰਗਾਈ ਦੀ ਦਰ ਵੀ ਵਧ ਕੇ 15.8 ਫੀਸਦੀ ’ਤੇ ਪਹੁੰਚ ਗਈ ਜੋ ਦਸੰਬਰ, 1998  ਦੇ ਬਾਅਦ ਸਭ ਤੋਂ ਉੱਚਾ ਪੱਧਰ ਹੈ। ਖੁਰਾਕ ਮਹਿੰਗਾਈ ਵੀ ਮਾਰਚ, 2022  ਦੇ 7.68 ਫੀਸਦੀ ਦੀ ਤੁਲਨਾ ’ਚ ਅਪ੍ਰੈਲ, 2022 ’ਚ ਵਧ ਕੇ 8.38 ਫੀਸਦੀ ਤੱਕ ਪਹੁੰਚ ਜਾਣ ਨਾਲ ਲੋਕਾਂ ਦਾ ਘਰੇਲੂ ਬਜਟ ਤਹਿਸ-ਨਹਿਸ ਹੋ ਚੁੱਕਾ ਹੈ।  ਲੋਕਾਂ ਨੂੰ ਕੁਝ ਰਾਹਤ ਦੇਣ ਦੇ ਲਈ ਸਰਕਾਰ ਨੇ ਪੈਟ੍ਰੋਲ ਅਤੇ ਡੀਜ਼ਲ ’ਤੇ ਟੈਕਸ ਕੁਝ ਘੱਟ ਕਰਨ, ਕੱਚੇ ਸੋਇਆਬੀਨ ਅਤੇ ਸੂਰਜਮੁਖੀ ਦੇ ਤੇਲ ’ਤੇ ਇੰਪੋਰਟ ਡਿਊਟੀ ਘਟਾਉਣ, ਪ੍ਰਧਾਨ ਮੰਤਰੀ ਉਜਵਲਾ ਯੋਜਨਾ ਵਾਲੇ ਸਿਲੰਡਰਾਂ ’ਤੇ 200 ਰੁਪਏ ਦੀ ਸਬਸਿਡੀ ਦੇ ਇਲਾਵਾ ਇਕ ਪਰਿਵਾਰ ਨੂੰ ਸਾਲ ’ਚ 12 ਸਿਲੰਡਰ ਦੇਣ, ਜਹਾਜ਼ਾਂ  ਦੇ  ਈਂਧਨ  ਦੀਆਂ  ਕੀਮਤਾਂ  ਘਟਾਉਣ ਅਤੇ ਕਣਕ ਤੇ ਇਸਪਾਤ ਦੀ ਬਰਾਮਦ ’ਤੇ  ਪਾਬੰਦੀ ਲਾਉਣ  ਵਰਗੇ ਕੁਝ ਕਦਮ ਚੁੱਕੇ ਹਨ। 

ਇਸੇ ਲੜੀ ’ਚ 8 ਜੂਨ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਬੈਂਕ ਨੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਇਕ ਮਹੀਨੇ ’ਚ ਦੂਜੀ ਵਾਰ ਆਪਣੀ ਹੰਗਾਮੀ ਬੈਠਕ ’ਚ ਰੈਪੋ ਰੇਟ ਵਧਾਉਣ ਦਾ ਫੈਸਲਾ ਲੈਂਦੇ ਹੋਏ ਇਸ ਨੂੰ 0.50 ਫੀਸਦੀ ਹੋਰ ਵਧਾ ਕੇ 4.9 ਫੀਸਦੀ ਕਰ ਦਿੱਤਾ ਹੈ। ਸ਼੍ਰੀ ਦਾਸ ਦਾ ਕਹਿਣਾ ਹੈ ਕਿ ਫਿਲਹਾਲ ਰੈਪੋ ਰੇਟ ਵਧਾਉਣ ਦੇ ਇਲਾਵਾ ਕੋਈ ਹੋਰ ਉਪਾਅ ਨਹੀਂ ਹੈ। ਅਰਥਸ਼ਾਸਤਰੀਆਂ ਦੇ ਅਨੁਸਾਰ ਮਹਿੰਗਾਈ ’ਤੇ ਰੋਕ ਲਾਉਣ ਲਈ ਉਕਤ ਕਦਮ ਆਸ ਦੇ ਅਨੁਸਾਰ ਹੀ ਹੈ। ਇਸ ਨਾਲ ਹੋਮ ਲੋਨ ਦੀਆਂ ਵਿਆਜ ਦਰਾਂ ਮਹਿੰਗੀਆਂ ਹੋ ਜਾਣ ਨਾਲ ਸਸਤੀਆਂ ਅਤੇ ਦਰਮਿਆਨੇ ਖੰਡ ਦੀਆਂ ਦੁਕਾਨਾਂ ਤੇ ਮਕਾਨਾਂ ਦੀ ਵਿਕਰੀ ’ਚ ਗਿਰਾਵਟ ਆਵੇਗੀ ਜਿਸ ਨਾਲ ਇਸ ਦੇ ਦੂਰ ਤਕ ਲਈ ਨਤੀਜੇ ਸਾਹਮਣੇ ਆ ਸਕਦੇ ਹਨ। 

ਮਹਿੰਗਾਈ ਅਤੇ ਅਰਥਵਿਵਸਥਾ ਦਾ ਗੂੜਾ ਨਾਤਾ ਹੈ। ਭਾਵੇਂ ਹੀ ਇਸ ਦੇ ਤਤਕਾਲੀ ਪ੍ਰਭਾਵ ਨਾਲ ਵਿਆਜ ਦਰਾਂ ’ਚ ਵਾਧਾ ਅਤੇ ਮੰਗ ’ਚ ਥੋੜ੍ਹੀ ਕਮੀ ਆਵੇ ਪਰ ਦਰਮਿਆਨੀ ਮਿਆਦ ’ਚ ਇਨ੍ਹਾਂ ਤੋਂ ਮਹਿੰਗਾਈ ’ਚ ਕਮੀ ਆਵੇਗੀ ਅਤੇ ਲੋਕਾਂ ਦੀ  ਜੇਬ ’ਚ ਪੈਸਾ ਵਧੇਗਾ ਜਿਸ ਦੇ ਖਰਚ ਹੋਣ ਨਾਲ ਅਰਥਵਿਵਸਥਾ ਦੀ ਗੱਡੀ  ਫਿਰ ਤੇਜ਼ੀ ਨਾਲ ਦੌੜੇਗੀ।  ਵਿਆਜ ਦਰਾਂ ’ਚ ਵਾਧੇ ਦਾ ਇਹ ਸਿਲਸਿਲਾ ਭਾਰਤ ਤੱਕ ਹੀ ਸੀਮਤ ਨਹੀਂ ਹੈ ਅਮਰੀਕਾ ’ਚ ਵੀ ਹਾਲ ਹੀ ’ਚ ਵਿਆਜ ਦਰਾਂ ’ਚ 50 ਬੇਸਿਕ ਪੁਆਇੰਟ ਦਾ ਵਾਧਾ  ਕੀਤਾ ਹੈ ਅਤੇ ਅਮਰੀਕਾ ਦੇ ਕੇਂਦਰੀ ਬੈਂਕ ਫੈਡ ਰਿਜ਼ਰਵ ਨੇ ਭਵਿੱਖ ’ਚ ਵੀ ਦਰਾਂ ਵਧਾਉਣ  ਦਾ ਐਲਾਨ ਕੀਤਾ ਹੋਇਆ ਹੈ।     

ਵਿਜੇ ਕੁਮਾਰ


author

Karan Kumar

Content Editor

Related News