ਭਾਰਤ ’ਚ ਹੁਣ ਜਬਰ-ਜ਼ਨਾਹਾਂ ਦੇ ਵੀਡੀਓ ਵੀ ਬਲੂ ਫਿਲਮਾਂ ਵਾਂਗ ਵਿਕਣ ਲੱਗੇ

07/27/2023 2:51:41 AM

ਇਕ ਪਾਸੇ ਦੇਸ਼ ’ਚ ਔਰਤਾਂ ਵਿਰੁੱਧ ਅਪਰਾਧਾਂ ਦੀ ਇਕ ਹਨੇਰੀ ਜਿਹੀ ਆਈ ਹੋਈ ਹੈ ਅਤੇ ਦੁੱਧ ਪੀਂਦੀਆਂ ਮਾਸੂਮ ਬੱਚੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਜਬਰ-ਜ਼ਨਾਹਾਂ ਦੀਆਂ ਸ਼ਿਕਾਰ ਹੋ ਰਹੀਆਂ ਹਨ ਤਾਂ ਦੂਜੇ ਪਾਸੇ ਸਮਾਜ ਵਿਰੋਧੀ ਤੱਤਾਂ ਨੇ ਜਬਰ-ਜ਼ਨਾਹਾਂ ਦੇ ਵੀਡੀਓ ਵੇਚਣ ਦਾ ਧੰਦਾ ਵੀ ਦੇਸ਼ ਦੇ ਕੁਝ ਸ਼ਹਿਰਾਂ ’ਚ ਸ਼ੁਰੂ ਕਰ ਦਿੱਤਾ ਹੈ।

ਇਹ ਵੀਡੀਓ ਸਿਰਫ ਪੀੜਤਾ ਨੂੰ ਬਲੈਕਮੇਲ ਕਰਨ ਲਈ ਹੀ ਨਹੀਂ ਬਣਾਏ ਜਾਂਦੇ ਸਗੋਂ ਹੁਣ ਬਿਜ਼ਨੈੱਸ ਦਾ ਰੂਪ ਧਾਰਨ ਕਰਨ ਲੱਗੇ ਹਨ। ਉੱਤਰ ਪ੍ਰਦੇਸ਼ ’ਚ ਲਖਨਊ ਦੇ ਹਿੰਡੋਲਾ ਬਾਜ਼ਾਰ ’ਚ ਅਜਿਹੇ ਵੀਡੀਓ ਵੇਚੇ ਜਾਣ ਦਾ ਪਤਾ ਲੱਗਾ ਹੈ।

10 ਮਿੰਟ ਤੋਂ 30 ਮਿੰਟ ਤਕ ਦੇ ਸਮੇਂ ਵਾਲੇ ਇਹ ਵੀਡੀਓ ਉਨ੍ਹਾਂ ਦੀ ਅਸ਼ਲੀਲਤਾ ਅਤੇ ਭਿਆਨਕਤਾ ਦੇ ਆਧਾਰ ’ਤੇ 300 ਰੁਪਏ ਤੋਂ 500 ਰੁਪਏ ਤੱਕ ਕੀਮਤ ’ਤੇ ਵੇਚੇ ਜਾਂਦੇ ਹਨ। ਇਨ੍ਹਾਂ ਵੀਡੀਓਜ਼ ਦੀ ਕਾਫੀ ਮੰਗ ਦੱਸੀ ਜਾਂਦੀ ਹੈ ਜੋ ਵਧੇਰੇ ਪੈਨ-ਡ੍ਰਾਈਵ ’ਚ ਵੇਚੀਆਂ ਜਾਂਦੀਆਂ ਹਨ।

ਨਾਕਾ ਹਿੰਡੋਲਾ ਪੁਲਸ ਚੌਕੀ ਇਸ ਬਾਜ਼ਾਰ ਤੋਂ ਸਿਰਫ 500 ਮੀਟਰ ਦੀ ਦੂਰੀ ’ਤੇ ਸਥਿਤ ਹੋਣ ਕਾਰਨ ਸਪੱਸ਼ਟ ਹੈ ਕਿ ਇਹ ਧੰਦਾ ਪੁਲਸ ਦੀ ਨੱਕ ਹੇਠ ਚੱਲ ਰਿਹਾ ਹੈ, ਜਿਸ ਲਈ ਦੁਕਾਨਦਾਰ ਕਥਿਤ ਤੌਰ ’ਤੇ ਪੁਲਸ ਨੂੰ ਚੰਗੀ ਮੋਟੀ ਰਕਮ ਦਿੰਦੇ ਹਨ।

ਇਕ ਦੁਕਾਨਦਾਰ ਅਨੁਸਾਰ ਹੁਣ ਤਾਂ ਜਬਰ-ਜ਼ਨਾਹ ਦੀ ਵੀਡੀਓ ਦੀ ਮੰਗ ਹੈ। ਜਬਰ-ਜ਼ਨਾਹਾਂ ਦੇ ਫਿਲਮਾਂਕਣ ਦਾ ਰੁਝਾਨ ਜ਼ੋਰ ਫੜ ਰਿਹਾ ਹੈ ਅਤੇ ਵਧੇਰੇ ਵੀਡੀਓ ਸਮੂਹਿਕ ਜਬਰ-ਜ਼ਨਾਹਾਂ ਦੇ ਫਿਲਮਾਏ ਜਾ ਰਹੇ ਹਨ। ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਇਹ ਵੀਡੀਓ ਵੇਚੇ ਜਾ ਰਹੇ ਹਨ।

ਇਹ ਵੀ ਪਤਾ ਲੱਗਾ ਹੈ ਕਿ ਦੁਕਾਨਦਾਰ ਇਸ ਤਰ੍ਹਾਂ ਦੇ ਵੀਡੀਓ 2000 ਤੋਂ 5000 ਰੁਪਏ ’ਚ ਖਰੀਦਦੇ ਹਨ, ਜਿਨ੍ਹਾਂ ਨੂੰ ਬਾਜ਼ਾਰ ’ਚ ਵਿਕਰੀ ਲਈ ਲਿਆਉਣ ਤੋਂ ਪਹਿਲਾਂ ‘ਸੁਧਾਰਿਆ’ ਜਾਂਦਾ ਹੈ ਤਾਂ ਕਿ ਦ੍ਰਿਸ਼ ਸਾਫ ਦਿਖਾਈ ਦੇਣ। ਜਬਰ -ਜ਼ਨਾਹ ਕਰਨ ਵਾਲਿਆਂ ਦੇ ਚਿਹਰੇ ਤਾਂ ਧੁੰਦਲੇ ਕਰ ਦਿੱਤੇ ਜਾਂਦੇ ਹਨ ਪਰ ਪੀੜਤਾ ਦਾ ਚਿਹਰਾ ਧੁੰਦਲਾ ਨਹੀਂ ਕੀਤਾ ਜਾਂਦਾ।

ਜਬਰ-ਜ਼ਨਾਹ ਦੀ ਵੀਡੀਓ ਵਿਕਣ ਦਾ ਇਹ ਭੇਦ ਸਾਹਮਣੇ ਆਉਣਾ ਇਸ ਗੱਲ ਦਾ ਮੂੰਹ ਬੋਲਦਾ ਸਬੂਤ ਹੈ ਕਿ ਪੈਸੇ ਦੇ ਲਾਲਚ ’ਚ ਅੱਜ ਦਾ ਇਨਸਾਨ ਕਿਸ ਤਰ੍ਹਾਂ ਹੇਠਾਂ ਡਿੱਗਦਾ ਜਾ ਰਿਹਾ ਹੈ। ਐਨ ਪੁਲਸ ਦੀ ਨੱਕ ਹੇਠ ਉੱਤਰ ਪ੍ਰਦੇਸ਼ ਦੀ ਰਾਜਧਾਨੀ ’ਚ ਇਸ ਧੰਦੇ ਦੇ ਫਲਣ-ਫੁੱਲਣ ਤੋਂ ਸਪੱਸ਼ਟ ਹੈ ਕਿ ਕਾਨੂੰਨ ਦੇ ਰਖਵਾਲਿਆਂ ਨੇ ਇਸ ਵੱਲੋਂ ਕਿਸ ਤਰ੍ਹਾਂ ਅੱਖਾਂ ਮੀਟੀਆਂ ਹੋਈਆਂ ਹਨ।

- ਵਿਜੇ ਕੁਮਾਰ


Anmol Tagra

Content Editor

Related News