ਕੁੜੀਆਂ ਦੇ ਜਿਣਸੀ ਸ਼ੋਸ਼ਣ ਦੇ ਨਾਲ-ਨਾਲ ਮੁੰਡਿਆਂ ਦਾ ਵੀ ਗੈਰ-ਕੁਦਰਤੀ ਜਿਣਸੀ ਸ਼ੋਸ਼ਣ

Friday, Aug 03, 2018 - 06:20 AM (IST)

ਕੁੜੀਆਂ ਦੇ ਜਿਣਸੀ ਸ਼ੋਸ਼ਣ ਦੇ ਨਾਲ-ਨਾਲ ਮੁੰਡਿਆਂ ਦਾ ਵੀ ਗੈਰ-ਕੁਦਰਤੀ ਜਿਣਸੀ ਸ਼ੋਸ਼ਣ

ਸਰਕਾਰ ਵਲੋਂ ਜਿਣਸੀ ਸ਼ੋਸ਼ਣ ਰੋਕਣ ਲਈ ਵੱਖ-ਵੱਖ ਤਰ੍ਹਾਂ ਦੇ ਸੁਰੱਖਿਆ ਉਪਾਅ ਕਰਨ ਅਤੇ ਕਾਨੂੰਨ ਬਣਾਉਣ ਦੇ ਬਾਵਜੂਦ ਦੇਸ਼ ਵਿਚ ਵਾਸਨਾ ਦੇ ਭੁੱਖੇ ਬਘਿਆੜਾਂ ਵਲੋਂ ਔਰਤਾਂ ਦੇ ਨਾਲ-ਨਾਲ ਬੱਚਿਆਂ-ਬੱਚੀਆਂ ਵਿਰੁੱਧ ਵੀ ਜਿਣਸੀ ਅਪਰਾਧ ਲਗਾਤਾਰ ਜਾਰੀ ਹਨ। ਬਿਹਾਰ ਦੇ ਮੁਜ਼ੱਫਰਪੁਰ ਵਿਚ ਸਥਿਤ ਇਕ ਬਾਲਿਕਾ ਗ੍ਰਹਿ 'ਚ 34 ਕੁੜੀਆਂ ਦੇ ਜਿਣਸੀ ਸ਼ੋਸ਼ਣ ਦੀ ਘਟਨਾ ਤੋਂ ਬਾਅਦ ਹੁਣ ਬਿਹਾਰ ਵਿਚ ਆਰਾ ਦੇ ਧਰਹਰਾ ਇਲਾਕੇ 'ਚ ਸਥਿਤ ਇਕ ਰਿਮਾਂਡ ਹੋਮ ਅਤੇ ਪੁਣੇ ਦੇ ਇਕ ਅਨਾਥ ਆਸ਼ਰਮ ਵਿਚ ਬਾਲ ਕੈਦੀਆਂ ਨਾਲ ਮਾਰ-ਕੁਟਾਈ ਅਤੇ ਉਨ੍ਹਾਂ ਦੇ ਗੈਰ-ਕੁਦਰਤੀ ਜਿਣਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਰਿਮਾਂਡ ਹੋਮ ਵਿਚ ਰਹਿਣ ਵਾਲੇ ਅੱਲ੍ਹੜਾਂ ਨਾਲ ਜੁੜੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ। ਇਨ੍ਹਾਂ 'ਚ ਕੁਝ ਅੱਲ੍ਹੜਾਂ ਨੇ ਆਪਣੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਦਿਖਾਏ ਅਤੇ ਕੁਝ ਨਾਲ ਗੈਰ-ਕੁਦਰਤੀ ਸੈਕਸ ਵੀ ਕੀਤਾ ਗਿਆ। ਇਸੇ ਤਰ੍ਹਾਂ ਦਾ ਇਕ ਮਾਮਲਾ ਮਹਾਰਾਸ਼ਟਰ 'ਚ ਪੁਣੇ ਦੇ 'ਕਾਤਰਜ' ਇਲਾਕੇ ਵਿਚ ਸਥਿਤ 'ਜਾਮੀਆ ਅਰਬੀਆ ਦਾਰੂਲ ਯਤਾਮਾ' (ਅਨਾਥ ਆਸ਼ਰਮ) ਦਾ ਸਾਹਮਣੇ ਆਇਆ ਹੈ, ਜਿਸ ਦੇ ਰਹੀਮ ਨਾਮੀ ਅੱਯਾਸ਼ ਸੰਚਾਲਕ ਨੂੰ ਗ੍ਰਿਫਤਾਰ ਕਰਨ ਦੇ ਨਾਲ ਹੀ ਪੁਲਸ ਨੇ ਉਥੋਂ 36 ਬੱਚਿਆਂ ਨੂੰ ਮੁਕਤ ਕਰਵਾਇਆ ਹੈ। ਦੱਸਿਆ ਜਾਂਦਾ ਹੈ ਕਿ ਸੰਚਾਲਕ ਇੰਨਾ ਜ਼ਾਲਮ ਸੀ ਕਿ ਉਹ ਵਿਰੋਧ ਕਰਨ ਵਾਲੇ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਦਾ ਸੀ। ਪੁਲਸ ਇਸ ਸਬੰਧ ਵਿਚ ਅਨਾਥ ਆਸ਼ਰਮ ਵਿਚ ਚੱਲਣ ਵਾਲੇ ਮਦਰੱਸੇ ਦੇ ਹੋਰਨਾਂ ਸੰਚਾਲਕਾਂ ਨੂੰ ਵੀ ਹਿਰਾਸਤ ਵਿਚ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਮੁਜ਼ੱਫਰਪੁਰ ਦੇ ਬਾਲਿਕਾ ਗ੍ਰਹਿ ਵਿਚ ਕੁੜੀਆਂ ਦੇ ਜਿਣਸੀ ਸ਼ੋਸ਼ਣ, ਧਰਹਰਾ ਦੇ ਰਿਮਾਂਡ ਹੋਮ 'ਚ ਬਾਲ ਕੈਦੀਆਂ ਅਤੇ ਪੁਣੇ ਦੇ ਅਨਾਥ ਆਸ਼ਰਮ ਵਿਚ ਬੱਚਿਆਂ ਨਾਲ ਮਾਰ-ਕੁਟਾਈ, ਗੈਰ-ਕੁਦਰਤੀ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਸਾਡੇ ਦੇਸ਼ ਵਿਚ ਬਾਲਿਕਾ ਗ੍ਰਹਿ, ਰਿਮਾਂਡ ਹੋਮ ਅਤੇ ਹੋਰ ਕਲਿਆਣਕਾਰੀ ਸੰਸਥਾਵਾਂ ਕਿਸ ਤਰ੍ਹਾਂ ਜਿਣਸੀ ਸ਼ੋਸ਼ਣ ਅਤੇ ਅੱਤਿਆਚਾਰਾਂ ਦਾ ਕੇਂਦਰ ਬਣ ਗਈਆਂ ਹਨ। ਇਸ ਲਈ ਅਜਿਹੀਆਂ ਘਟਨਾਵਾਂ 'ਚ ਸ਼ਾਮਿਲ ਵਿਅਕਤੀਆਂ ਨੂੰ ਸਖ਼ਤ ਤੋਂ ਸਖ਼ਤ, ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ।                               
—ਵਿਜੇ ਕੁਮਾਰ


author

Vijay Kumar Chopra

Chief Editor

Related News