ਅਮਰੀਕਾ ’ਚ ‘ਕਾਲਿਆਂ ਦੇ ਨਾਲ’ ‘ਨਸਲੀ ਵਿਤਕਰੇ’ ਦਾ ਮੁੱਦਾ ਫਿਰ ਭੜਕਿਆ

06/02/2020 2:10:16 AM

ਅਮਰੀਕਾ ਦੇ ਰਾਸ਼ਟਰਪਤੀ ‘ਡੋਨਾਲਡ ਟਰੰਪ’ ਪਹਿਲਾਂ ਕਾਲੇ ਲੋਕਾਂ (ਬਲੈਕ) ਦੀ ਸਮਰਥਕ ‘ਡੈਮਕ੍ਰੇਟਿਕ ਪਾਰਟੀ’ ਵਿਚ ਸਨ ਪਰ 2009 ਤੋਂ ਕਾਲੇ ਲੋਕਾਂ ਦੀ ਵਿਰੋਧੀ ‘ਰਿਪਬਲਿਕਨ ਪਾਰਟੀ’ ਵਿਚ ਚਲੇ ਗਏ। ਅਹੁਦਾ ਸੰਭਾਲਣ ਦੇ ਸਮੇਂ ਤੋਂ ਵਿਵਾਦਾਂ ’ਚ ਰਹੇ ਡੋਨਾਲਡ ਟਰੰਪ ਲਈ ਇਹ ਸਾਲ ਬਹੁਤ ਔਖਾ ਚੱਲ ਰਿਹਾ ਹੈ। ਯੂਰਪੀ ਦੇਸ਼ਾਂ ਨਾਲ ਵਧਦੀ ਦੂਰੀ, ‘ਕੋਰੋਨਾ’ ਦਾ ਮੁਕਾਬਲਾ ਕਰਨ ਲਈ ਲਾਕਡਾਊਨ ਦੇਰ ਤੋਂ ਲਾਗੂ ਕਰਨ ਨਾਲ ਦੇਸ਼ ’ਚ 1 ਲੱਖ 6 ਹਜ਼ਾਰ ਤੋਂ ਵਧ ਮੌਤਾਂ, ਵਿਸ਼ਵ ਸਿਹਤ ਸੰਗਠਨ ਨਾਲ ਸਬੰਧਾਂ ਦਾ ਤੋੜ-ਵਿਛੋੜਾ ਆਦਿ ਮੁੱਦਿਆਂ ’ਤੇ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਪਹਿਲਾਂ ਹੀ ਕਰਨਾ ਪੈ ਰਿਹਾ ਸੀ। ਅਤੇ ਹੁਣ ਰਹਿੰਦੀ-ਖੂੰਹਦੀ ਕਸਰ ਉਸ ਸਮੇਂ ਪੂਰੀ ਹੋ ਗਈ ਜਦੋਂ 26 ਮਈ ਨੂੰ ਮਿਨੀਪੋਲਿਸ ਸ਼ਹਿਰ ’ਚ ‘ਡੈਰੇਕ ਸ਼ਾਵਿਨ’ ਨਾਂ ਦੇ ਇਕ ਪੁਲਸ ਅਧਿਕਾਰੀ ਨੇ ਧੋਖਾਧੜੀ ਦੇ ਮਾਮੂਲੀ ਦੋਸ਼ ’ਚ ਇਕ ਰੈਸਟੋਰੈਂਟ ’ਚ ਸੁਰੱਖਿਆਗਾਰਡ ਦਾ ਕੰਮ ਕਰਨ ਵਾਲੇ ‘ਜਾਰਜ ਫਲਾਇਡ’ ਨਾਂ ਦੇ 46 ਸਾਲਾ ਕਾਲੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਮਾਰ ਦਿੱਤਾ। ‘ਡੈਰੇਕ ਸ਼ਾਵਿਨ’ ਨੇ ਉਸ ਨੂੰ ਸੜਕ ’ਤੇ ਬੜੀ ਬੇਰਹਿਮੀ ਨਾਲ ਉਲਟਾ ਲਿਟਾ ਕੇ 7 ਮਿੰਟ ਤਕ ਆਪਣੇ ਗੋਡੇ ਨਾਲ ਉਸ ਦੀ ਗਰਦਨ ਦਬਾ ਈ ਰੱਖੀ। ਉਹ ਗੋਡੇ ਹਟਾਉਣ ਲਈ ਅਪੀਲ ਕਰਦਾ ਰਿਹਾ ਕਿ ‘ਤੁਹਾਡਾ ਗੋਡਾ ਮੇਰੀ ਗਰਦਨ ’ਤੇ ਹੈ। ਮੈਂ ਸਾਹ ਨਹੀਂ ਲੈ ਪਾ ਰਿਹਾ ਹਾਂ।’’ ਪਰ ‘ਡੈਰੇਕ ਸ਼ਾਵਿਨ’ ਨੂੰ ਉਸ ’ਤੇ ਤਰਸ ਨਹੀਂ ਆਇਆ ਅਤੇ ਹੌਲੀ-ਹੌਲੀ ‘ਫਲਾਇਡ’ ਦੇ ਸਰੀਰ ਦੀ ਹਰਕਤ ਬੰਦ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਸਾਬਕਾ ਰਾਸ਼ਟਰਪਤੀ ‘ਬਰਾਕ ਓਬਾਮਾ (ਡੈਮੋਕ੍ਰੇਟ) ਅਨੁਸਾਰ, ‘‘ਇਹ ਘਟਨਾ ਬਹੁਤÔÆ ਹੀ ਦੁਖਦਾਈ ਹੈ ਅਤੇ ‘ਜਾਰਜ ਫਲਾਈਡ’ ਉਤੇ ਹੋਏ ਜ਼ੁਲਮ ਦਾ ਵੀਡੀਓ ਦੇਖ ਕੇ ਮੈਂ ਰੋਇਆ।’’ ਟਰੰਪ ਵਲੋਂ, ‘‘ਵਿਖਾਵਾਕਾਰੀਆਂ ਦਾ ‘ਸਵਾਗਤ’ ਖਤਰਨਾਕ ਕੁੱਤਿਆਂ ਅਤੇ ਖਤਰਨਾਕ ਹਥਿਆਰਾਂ ਨਾਲ ਕਰਨ’’ ਅਤੇ ‘‘ਜਿਥੇ ਲੁੱਟ ਹੋਵੇਗੀ ਉਥੇ ਸ਼ੂਟ ਹੋਵੇਗੀ।’’ ਸਥਿਤੀ ਹੋਰ ਵਿਗੜੀ ਗਈ ਹੈ। ਨਿਊਯਾਰਕ ਦੇ ਮੇਅਰ ‘ਬਿਲ ਡੇ ਬਲਾਸਿਓ’ ਨੇ ਇਨ੍ਹਾਂ ਦੰਗਿਆਂ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ‘‘ਅਮਰੀਕਾ ਦੇ ਰਾਸ਼ਟਰਪਤੀ ਨੇ ਲੋਕਾਂ ’ਚ ਜ਼ਹਿਰ ਫੈਲਾਉਣ ਦਾ ਕੰਮ ਕੀਤਾ ਹੈ ਜਿਸ ਨਾਲ ਲੋਕਾਂ ’ਚ ਗੁੱਸਾ ਵਧਿਆ ਅਤੇ ਅਜਿਹਾ ਮਾਹੌਲ ਬਣਿਆ ਜੋ ਸਾਰਿਆਂ ਲਈ ਦੁਖਦਾਈ ਹੈ। ਲਿਹਾਜ਼ਾ ਸਾਨੂੰ ਅਜਿਹੇ ਲੋਕਾਂ ਦੇ ਕੋਲ ਜਾਣਾ ਹੋਵੇਗਾ ਜੋ ਏਕਤਾ ਦੀ ਗੱਲ ਕਰਦੇ ਹਨ।’’

ਇਸ ਘਟਨਾ ਲਈ ਜ਼ਿੰਮੇਵਾਰ ‘ਡੈਰੇਕ ਸ਼ਾਵਿਨ’ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਇਕ ਕਾਲੇ ਵਿਅਕਤੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੇ ਵਿਰੁੱਧ ਪੂਰੇ ਅਮਰੀਕਾ ਦੇ 140 ਸ਼ਹਿਰਾਂ ’ਚ ਫੈਲੀ ਹਿੰਸਾ ’ਚ ਹੁਣ ਤਕ 5 ਵਿਅਕਤੀਆਂ ਦੀ ਮੌਤ, ਸਾੜ-ਫੂਕ ਅਤੇ ਲੁੱਟ-ਖੋਹ ਦੇ ਇਲਾਵਾ ਅਮਰੀਕਾ ਦੇ 40 ਸ਼ਹਿਰਾਂ ’ਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਯੂਰਪ ਦੇ ਕਈ ਵੱਡੇ ਸ਼ਹਿਰਾਂ ਬਰਲਿਨ, ਲੰਡਨ ਅਤੇ ਕੋਪੇਨਹੈਗਨ ਆਦਿ ’ਚ ਰੋਸ ਵਿਖਾਵੇ ਸ਼ੁਰੂ ਹੋ ਗਏ ਹਨ। ਵਿਖਾਵਿਆਂ ਦਾ ਸੇਕ ਵ੍ਹਾਈਟ ਹਾਊਸ ਤਕ ਜਾ ਪਹੁੰਚਿਆ ਅਤੇ 29 ਮਈ ਨੂੰ ਵ੍ਹਾਈਟ ਹਾਊਸ ਦੇ ਬਾਹਰ ਵਿਖਾਵਾਕਾਰੀਆਂ ਦੇ ਇਕੱਠ ਹੋਣ ਦੀ ਖਬਰ ਮਿਲਦੇ ਹੀ ਵ੍ਹਾਈਟ ਹਾਊਸ ਦੇ ਸੁਰੱਖਿਆ ਅਧਿਕਾਰੀ ਟਰੰਪ ਨੂੰ ਅੰਡਰ ਗਰਾਊਂਡ ਬੰਕਰ ’ਚ ਲੈ ਗਏ। ਅਮਰੀਕਾ ’ਚ ਲਗਭਗ 5 ਕਰੋੜ ਕਾਲੇ ਹਨ ਜਿਨ੍ਹਾਂ ਦਾ ਰਵਾਇਤੀ ਤੌਰ ’ਤੇ ਝੁਕਾਓ ‘ਡੈਮਕ੍ਰੇਟਿਕ ਪਾਰਟੀ’ ਦੇ ਨਾਲ ਹੈ। ਹਾਲਾਂਕਿ ਰਾਸ਼ਟਰਪਤੀ ਬਣਨ ਦੇ ਇਲਾਵਾ ਟਰੰਪ ਗੋਰਿਆਂ ਤੋਂ ਇਲਾਵਾ ਕਾਲਿਆਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ। ‘ਵਾਸ਼ਿੰਗਟਨ ਪੋਸਟ’ ਦੇ ਅਨੁਸਾਰ ਹਾਲਾਂਕਿ ਅਮਰੀਕਾ ’ਚ ਸਿਰਫ 13 ਫੀਸਦੀ ਹੀ ਕਾਲੇ ਲੋਕ ਹਨ ਪਰ ਪੁਲਸ ਦੀ ਗੋਲੀ ਨਾਲ 24 ਫੀਸਦੀ ਕਾਲੇ ਲੋਕ ਹੀ ਮਾਰੇ ਜਾਂਦੇ ਹਨ ਅਤੇ 99 ਫੀਸਦੀ ਮਾਮਲਿਆਂ ’ਚ ਪੁਲਸ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ।

ਇਹ ਪਹਿਲਾਂ ਮੌਕਾ ਹੈ ਜਦੋਂ ਅਮਰੀਕਾ ’ਚ ਗੋਰਿਆਂ ਅਤੇ ਕਾਲਿਆਂ ਦੇ ਦਰਮਿਆਨ ਸੰਘਰਸ਼ ਦਾ ਲੰਬਾ ਇਤਿਹਾਸ ਹੋਣ ਦੇ ਬਾਵਜੂਦ ਇਕ ਕਾਲੇ ਵਿਅਕਤੀ ਦੀ ਪੁਲਸ ਦੇ ਹੱਥੋਂ ਹੱਤਿਆ ’ਤੇ ਰੋਸ ਪ੍ਰਗਟ ਕਰਨ ਲਈ ਗੋਰੇ ਵੀ ਕਾਲੇ ਲੋਕਾਂ ਦੇ ਨਾਲ ਸੜਕਾਂ ’ਤੇ ਉਤਰ ਕੇ ਵੱਡੀ ਗਿਣਤੀ ’ਚ ਰੋਸ ਵਿਖਾਵਿਆਂ ’ਚ ਸ਼ਾਮਲ ਹੋ ਕੇ ‘ਜਾਰਜ ਫਲਾਈਡ’ ਦੇ ਅੰਤਿਮ ਸ਼ਬਦ ‘ਆਈ ਕਾਂਟ ਬ੍ਰੀਦ’ ਬੋਲ ਰਹੇ ਹਨ ਜੋ ਇਕ ਨਾਅਰਾ ਜਿਹਾ ਬਣ ਗਿਆ ਹੈ। ਸਿਆਸੀ ਆਬਜ਼ਰਵਰਾਂ ਦੇ ਅਨੁਸਾਰ ਹਾਲਾਂਕਿ ਵਿਸ਼ਵ ਭਰ ਦੇ ਕਾਲੇ ਲੋਕਾਂ ਨੇ ਅਮਰੀਕਾ ਦੇ ਵਿਕਾਸ ਅਤੇ ਉਸ ਦੀ ਉਸਾਰੀ ’ਚ ਵੱਡਾ ਯੋਗਦਾਨ ਪਾਇਆ ਹੈ ਪਰ ਉਨ੍ਹਾਂ ਨੂੰ ਹਮੇਸ਼ਾ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਯੁੱਗਾਂ ਤੋਂ ਹੁੰਦਾ ਆ ਰਿਹਾ ਹੈ ਵਿਤਕਰਾ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਕਾਲਾ ਅਧਿਆਏ ਹੈ ਜਿਸ ’ਚ ਨਵੀਂ ਵਾਪਰੀ ਘਟਨਾ ਨੇ ਹੋਰ ਵਾਧਾ ਕਰ ਦਿੱਤਾ ਹੈ। ਕੋਰੋਨਾ ’ਤੇ ਕੰਟਰੋਲ ਪਾਉਣ ’ਚ ਅਸਫਲਤਾ, ਕਾਲੇ ‘ਜਾਰਜ ਫਲਾਇਡ’ ਦੀ ਮੌਤ ਨਾਲ ਪੈਦਾ ਭਾਰੀ ਲੋਕ ਰੋਸ, ਵਿਸ਼ਵ ਸਿਹਤ ਸੰਗਠਨ ਦੀ ਫੰਡਿੰਗ ਰੋਕਣ ਅਤੇ ਇਸ ਨਾਲ ਤੋੜ-ਵਿਛੋੜਾ, ਅਮਰੀਕਾ ’ਚ ਪੜ੍ਹਨ ਵਾਲੇ ਚੀਨੀ ਵਿਦਿਆਰਥੀਆਂ ’ਤੇ ਪਾਬੰਦੀ, ਚੀਨੀਆਂ ਦੀ ਅਮਰੀਕਾ ਤੋਂ ਹਿਜ਼ਰਤ ਅਤੇ ਅਮਰੀਕਾ ’ਚ ਰਹਿਣ ਅਤੇ ਕੰਮ ਕਰਨ ਵਾਲੇ ਵਧੇਰੇ ਭਾਰਤੀਆਂ ’ਚ ਟਰੰਪ ਸਰਕਾਰ ਨਾਲ ਨਾਰਾਜ਼ਗੀ ਕੋਈ ਚੰਗੇ ਲੱਛਣ ਨਹੀਂ ਹਨ। ਜੇਕਰ ਟਰੰਪ ਮੌਜੂਦਾ ਹਾਲਾਤ ਸੁਧਾਰਣ ’ਚ, ਜੋ ਕਾਫੀ ਔਖੇ ਜਾਪ ਰਹੇ ਹਨ, ਅਸਫਲ ਰਹੇ ਤਾਂ ਇਸੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ’ਚ ਉਨ੍ਹਾਂ ਦੀ ਜਿੱਤ ’ਤੇ ਸਵਾਲੀਆ ਨਿਸ਼ਾਨ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

–ਵਿਜੇ ਕੁਮਾਰ


Bharat Thapa

Content Editor

Related News