ਹਿਰਾਸਤ ’ਚੋਂ ਹਵਾਲਾਤੀਆਂ ਦੀ ਫਰਾਰੀ ਲਾ ਰਹੀ ਪੁਲਸ ਦੀ ਕਾਰਜਪ੍ਰਣਾਲੀ ’ਤੇ ਪ੍ਰਸ਼ਨਚਿੰਨ੍ਹ
Tuesday, Oct 04, 2022 - 01:19 AM (IST)
ਜੇਲ੍ਹਾਂ ’ਚੋਂ ਅਦਾਲਤਾਂ ’ਚ ਪੇਸ਼ੀ ਜਾਂ ਹਸਪਤਾਲਾਂ ’ਚ ਇਲਾਜ ਲਈ ਲਿਜਾਏ ਜਾਣ ਵਾਲੇ ਕੈਦੀਆਂ ਦੀ ਫਰਾਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਉਨ੍ਹਾਂ ਨੂੰ ਪੁਲਸ ਦੀ ਹਿਰਾਸਤ ’ਚੋਂ ਕੱਢ ਕੇ ਲਿਜਾਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜੋ ਸਿਰਫ ਇਕ ਮਹੀਨੇ ਦੀਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 5 ਸਤੰਬਰ ਨੂੰ ਆਗਰਾ ਦੇ ਐੱਸ. ਐੱਨ. ਮੈਡੀਕਲ ਕਾਲਜ ਦੇ ਹੱਡੀ ਵਾਰਡ ’ਚ ਭਰਤੀ ਕਾਸਗੰਜ ਜ਼ਿਲ੍ਹਾ ਜੇਲ੍ਹ ਦਾ ਕੈਦੀ ਨੀਰੂ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਭੱਜ ਗਿਆ। ਵਰਣਨਯੋਗ ਹੈ ਕਿ ਉਹ ਖੁਦ ਨੂੰ ਲਾਚਾਰ ਦਿਖਾਉਣ ਲਈ ਬੈੱਡ ’ਤੇ ਪਿਆ ਰਹਿੰਦਾ ਸੀ। ਉਹ ਟਾਇਲਟ ਜਾਣ ਲਈ ਵ੍ਹੀਲਚੇਅਰ ਦੀ ਵਰਤੋਂ ਕਰਦਾ ਅਤੇ ਉੱਠਣ ਅਤੇ ਬੈੱਡ ’ਤੇ ਵਾਪਸ ਆਉਣ ਲਈ ਸੁਰੱਖਿਆ ਮੁਲਾਜ਼ਮਾਂ ਦੀ ਮਦਦ ਲੈਂਦਾ ਸੀ। ਇਸ ਕਾਰਨ ਸੁਰੱਖਿਆ ਮੁਲਾਜ਼ਮਾਂ ਨੂੰ ਗਲਤਫਹਿਮੀ ਹੋ ਗਈ ਸੀ ਕਿ ਉਹ ਭੱਜ ਨਹੀਂ ਸਕਦਾ ਪਰ ਉਸ ਦਿਨ ਉਹ ਨਹਾਉਣ ਦੇ ਬਹਾਨੇ ਵ੍ਹੀਲਚੇਅਰ ’ਤੇ ਬੈਠ ਕੇ ਟਾਇਲਟ ’ਚ ਗਿਆ ਅਤੇ ਬੰਦੀ ਰੱਖਿਅਕਾਂ ਦੀਆਂ ਨਜ਼ਰਾਂ ਬਚਾਅ ਕੇ ਵ੍ਹੀਲਚੇਅਰ ਛੱਡ ਕੇ ਦੌੜ ਗਿਆ।
* 8 ਸਤੰਬਰ ਨੂੰ ਪਟਨਾ ਦੇ ‘ਬਾੜ’ ਅਦਾਲਤ ਕੰਪਲੈਕਸ ਦੇ ਲਾਕਅੱਪ ’ਚੋਂ ਇਕ ਬੈਂਕ ਲੁੱਟ ਕਾਂਡ ’ਚ ਸ਼ਾਮਲ ਤਿੰਨ ਵਿਚਾਰ-ਅਧੀਨ ਕੈਦੀ ਜੋ ਰਿਸ਼ਤੇ ’ਚ ਸਕੇ ਭਰਾ ਲੱਗਦੇ ਸਨ, ਟਾਇਲਟ ਦੀ ਕੰਧ ਤੋੜ ਕੇ ਫਰਾਰ ਹੋ ਗਏ। ਇਨ੍ਹਾਂ ਤਿੰਨਾਂ ’ਤੇ ਬੀਤੇ ਸਮੇਂ ’ਚ ਦੋ ਪੁਲਸ ਮੁਲਾਜ਼ਮਾਂ ਦੀ ਹੱਤਿਆ ਦਾ ਵੀ ਦੋਸ਼ ਹੈ।
* 15 ਸਤੰਬਰ ਨੂੰ ਬਿਹਾਰ ਦੇ ‘ਬਾਂਕਾ’ ਵਿਚ ਅਦਾਲਤ ’ਚ ਪੇਸ਼ੀ ਲਈ ਲਿਆਂਦਾ ਗਿਆ ਗੈਰ-ਕਾਨੂੰਨੀ ਖਨਨ ਦਾ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
* 15 ਸਤੰਬਰ ਨੂੰ ਹੀ ਬਿਹਾਰ ਦੇ ਨਵਾਦਾ ਸਿਵਲ ਹਸਪਤਾਲ ’ਚ ਮੈਡੀਕਲ ਜਾਂਚ ਲਈ ਲਿਆਂਦਾ ਗਿਆ ਸ਼ਰਾਬ ਪੀਣ ਦਾ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਹੱਥਕੜੀ ਖੋਲ੍ਹ ਕੇ ਫਰਾਰ ਹੋ ਗਿਆ।
* 29 ਸਤੰਬਰ ਨੂੰ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ‘ਸੁਭਾਈ’ ਪਿੰਡ ’ਚ ਨਕਲੀ ਸ਼ਰਾਬ ਬਣਾਉਣ ਵਾਲਾ ਇਕ ਕਥਿਤ ਡਾਕਟਰ ਸੁਰੇਸ਼ ਕੁਮਾਰ ਦੋ ਦਰਜਨ ਆਬਕਾਰੀ ਅਧਿਕਾਰੀਆਂ ਅਤੇ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
* 1 ਅਕਤੂਬਰ ਨੂੰ ਸਵੇਰੇ ਰਾਜਿੰਦਰਾ ਹਸਪਤਾਲ, ਪਟਿਆਲਾ ’ਚ ਇਲਾਜ ਲਈ ਲਿਆਂਦਾ ਗਿਆ ਨਸ਼ਾ ਸਮੱਗਲਰ ਅਮਰੀਕ ਸਿੰਘ ਐਕਸਰੇ ਕਰਵਾਉਣ ਲਈ ਲਿਜਾਏ ਜਾਣ ਦੌਰਾਨ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
* 1 ਅਕਤੂਬਰ ਨੂੰ ਹੀ ਦੇਰ ਰਾਤ ਕਠੂਆ ਜ਼ਿਲ੍ਹੇ ਦੇ ਅਤਿਅੰਤ ਨਾਜ਼ੁਕ ਰਾਜਬਾਗ ਪੁਲਸ ਥਾਣੇ ’ਚ ਬੰਦ ਇਕ ਨਸ਼ਾ ਸਮੱਗਲਰ ਮੁਰਾਦ ਅਲੀ ਉਰਫ ਮੁਰਦੂ ਪੁਲਸ ਹਿਰਾਸਤ ’ਚੋਂ ਫਰਾਰ ਹੋ ਗਿਆ। ਇਸ ਸੰਬੰਧੀ 2 ਪੁਲਸ ਮੁਲਾਜ਼ਮ ਮੁਅੱਤਲ ਕੀਤੇ ਗਏ ਹਨ। ਮੁਰਾਦ ਅਲੀ ਨੂੰ 28 ਸਤੰਬਰ ਨੂੰ 90 ਗ੍ਰਾਮ ਹੈਰੋਇਨ ਅਤੇ 1.49 ਲੱਖ ਰੁਪਏ ਨਕਦ ਰਕਮ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।
* 1 ਅਕਤੂਬਰ ਨੂੰ ਹੀ ਰਾਜਸਥਾਨ ’ਚ ‘ਰਾਮਗੜ੍ਹ ਪਚਵਾਰਾ’ ਥਾਣਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਚੋਰੀ ਦੇ 6 ਸ਼ਾਤਿਰ ਬਦਮਾਸ਼ਾਂ ’ਚੋਂ 2 ਅਦਾਲਤ ’ਚ ਪੇਸ਼ੀ ਪਿੱਛੋਂ ਟ੍ਰੈਫਿਕ ਜਾਮ ਦਾ ਲਾਭ ਉਠਾਉਂਦੇ ਹੋਏ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ।
* ਅਤੇ ਹੁਣ 2 ਅਕਤੂਬਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ’ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਗੈਂਗਸਟਰ ਦੀਪਕ ਉਰਫ ਟੀਨੂੰ ਮਾਨਸਾ ਪੁਲਸ ਦੀ ਹਿਰਾਸਤ ’ਚੋਂ ਫਰਾਰ ਹੋ ਗਿਆ।
ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਸੰਬੰਧਤ ਪੁੱਛਗਿੱਛ ਲਈ ਉਸ ਨੂੰ ਮਾਨਸਾ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਕਪੂਰਥਲਾ ਤੋਂ ਲੈ ਕੇ ਆਈ ਸੀ ਪਰ ਉਹ ਸੀ. ਆਈ. ਏ. ਟੀਮ ਦੀ ਹਿਰਾਸਤ ’ਚੋਂ ਉਸ ਸਮੇਂ ਫਰਾਰ ਹੋ ਗਿਆ, ਜਦੋਂ ਉਹ ਮਾਨਸਾ ਦੇ ਕਿਸੇ ਹੋਟਲ ’ਚ ਪਹੁੰਚੇ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਦੀਪਕ ਉਰਫ ਟੀਨੂੰ ਨੂੰ ਲੈ ਕੇ ਮਾਨਸਾ ਪੁਲਸ ਦੀ ਟੀਮ ਹੋਟਲ ’ਚ ਕਿਉਂ ਪਹੁੰਚੀ ਸੀ। ਦੀਪਕ ਉਰਫ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ’ਚ ਦੋਸ਼ੀ ਪੁਲਸ ਅਧਿਕਾਰੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕਰ ਕੇ ਸੀ. ਆਈ. ਏ. ਇੰਚਾਰਜ ਐੱਸ.ਆਈ. ਪ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਟੀਨੂੰ ਨੂੰ ਭਜਾਉਣ ਦੀ ਸਾਜ਼ਿਸ਼ ’ਚ ਸ਼ਾਮਲ ਪਾਏ ਜਾਣ ਵਾਲੇ ਹੋਰਨਾਂ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਕਹੀ ਗਈ ਹੈ।
ਹਾਲਾਂਕਿ ਹਮੇਸ਼ਾ ਵਾਂਗ ਉਕਤ ਮਾਮਲਿਆਂ ’ਚ ਵੀ ਦੋਸ਼ੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਪੁਲਸ ਦੀ ਹਿਰਾਸਤ ’ਚੋਂ ਅਪਰਾਧੀਆਂ ਦੇ ਫਰਾਰ ਹੋਣ ਦੇ ਇਹ ਕੋਈ ਇੱਕਾ-ਦੁੱਕਾ ਮਾਮਲੇ ਨਹੀਂ ਹਨ। ਬੰਦੀ ਅਪਰਾਧੀਆਂ ਦਾ ਹਸਪਤਾਲਾਂ, ਅਦਾਲਤਾਂ ਅਤੇ ਪੁਲਸ ਮੁਲਾਜ਼ਮਾਂ ਦੇ ਕਬਜ਼ੇ ’ਚੋਂ ਫਰਾਰ ਹੋਣਾ ਮੁੱਖ ਰੂਪ ’ਚ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮਾਂ ਦੀ ਖੁੰਝ ਅਤੇ ਲਾਪਰਵਾਹੀ ਦਾ ਹੀ ਸਿੱਟਾ ਹੈ। ਇਸ ਲਈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਪਰਾਧੀਆਂ ਦੇ ਮਾਮਲਿਆਂ ਦੀ ਸੁਣਵਾਈ ਜਾਂ ਤਾਂ ਜੇਲ੍ਹਾਂ ਅੰਦਰ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇ ਜਾਂ ਮੂਵਮੈਂਟ ਦੌਰਾਨ ਉਨ੍ਹਾਂ ਨੂੰ ਫਰਾਰ ਹੋਣ ਤੋਂ ਰੋਕਣ ਲਈ ਪੱਕੇ ਅਤੇ ਬੇਜੋੜ ਪ੍ਰਬੰਧ ਕੀਤੇ ਜਾਣ। ਜੇ ਅਜਿਹਾ ਨਹੀਂ ਕੀਤਾ ਜਾਵੇਗਾ ਤਾਂ ਕੈਦੀ ਇਸੇ ਤਰ੍ਹਾਂ ਪੁਲਸ ਹਿਰਾਸਤ ’ਚੋਂ ਫਰਾਰ ਹੁੰਦੇ ਰਹਿਣਗੇ। ਕਾਨੂੰਨ ਵਿਵਸਥਾ ਦਾ ਮਜ਼ਾਕ ਉੱਡਦਾ ਰਹੇਗਾ ਅਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹੁੰਦੇ ਰਹਿਣਗੇ।
–ਵਿਜੇ ਕੁਮਾਰ