ਪੰਜਾਬ ਦੇ ਬੰਦ ਪਏ ਹਵਾਈ ਅੱਡੇ ਵੀ ਹੁਣ ਚਲਾਏ ਜਾਣ

11/28/2021 3:38:49 AM

ਪੰਜਾਬ ’ਚ ਅੰਮ੍ਰਿਤਸਰ, ਸਾਹਨੇਵਾਲ (ਲੁਧਿਆਣਾ), ਮੋਹਾਲੀ, ਆਦਮਪੁਰ (ਜਲੰਧਰ), ਪਠਾਨਕੋਟ ਅਤੇ ਬਠਿੰਡਾ ’ਚ 6 ਹਵਾਈ ਅੱਡੇ ਹਨ ਪਰ ਜਿਸ ਤਰ੍ਹਾਂ ਕੋਰੋਨਾ ਕਾਲ ’ਚ ਰੇਲ ਤੇ ਬੱਸ ਸੇਵਾਵਾਂ ਬੰਦ ਹੋ ਗਈਆਂ, ਉਸੇ ਤਰ੍ਹਾਂ ਇਹ ਹਵਾਈ ਅੱਡੇ ਵੀ ਲਗਭਗ ਬੰਦ ਹੋ ਕੇ ਰਹਿ ਗਏ ਸਨ ਜਿਨ੍ਹਾਂ ’ਚ ਅਜੇ ਵੀ 3 ਹਵਾਈ ਅੱਡੇ ਮੁਕੰਮਲ ਬੰਦ ਹਨ :

* ਕੋਰੋਨਾ ਕਾਲ ਤੋਂ ਪਹਿਲਾਂ ਸਾਹਨੇਵਾਲ ਹਵਾਈ ਅੱਡੇ ਤੋਂ ਹਫਤੇ ’ਚ 4 ਉਡਾਣਾਂ ਹੋਇਆ ਕਰਦੀਆਂ ਸਨ ਜੋ ਕੋਰੋਨਾ ਕਾਲ ਦੇ ਬਾਅਦ ਤੋਂ ਲਗਭਗ ਬੰਦ ਹਨ।

* ਕੋਰੋਨਾ ਕਾਲ ਤੋਂ ਪਹਿਲਾਂ ਆਦਮਪੁਰ ਹਵਾਈ ਅੱਡੇ ਤੋਂ ਹਫਤੇ ’ਚ 3 ਉਡਾਣਾਂ ਹੋਇਆ ਕਰਦੀਆਂ ਸਨ ਪਰ ਹੁਣ 24 ਅਪ੍ਰੈਲ ਦੇ ਬਾਅਦ ਇੱਥੋਂ ਕੋਈ ਉਡਾਣ ਨਹੀਂ ਹੋਈ।

* ਪਹਿਲਾਂ ਬਠਿੰਡਾ ਹਵਾਈ ਅੱਡੇ ਤੋਂ ਪ੍ਰਤੀ ਹਫਤੇ 2 ਉਡਾਣਾਂ ਹੁੰਦੀਆਂ ਸਨ ਜੋ ਕੋਰੋਨਾ ਕਾਲ ਦੇ ਬਾਅਦ ਤੋਂ ਬੰਦ ਹਨ ਅਤੇ ਇੱਥੇ ਸਿਰਫ ਚਾਰਟਰ ਜਹਾਜ਼ ਹੀ ਉਤਰਦੇ ਹਨ।

ਇਸੇ ਤਰ੍ਹਾਂ ਪਠਾਨਕੋਟ ਦੇ ਲੋਕਾਂ ਦੀ ਮੰਗ ਹੈ ਕਿ ਹਫਤੇ ’ਚ ਸਿਰਫ 3 ਵਾਰ ਦਿੱਲੀ ਤੋਂ ਆਉਣ ਵਾਲੀ ਫਲਾਈਟ ਨੂੰ ਰੋਜ਼ਾਨਾ ਕੀਤਾ ਜਾਵੇ।

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ 25 ਨਵੰਬਰ ਨੂੰ ਨੋਇਡਾ ਦੇ ‘ਜੇਵਰ’ ’ਚ ਏਸ਼ੀਆ ਦੇ ਸਭ ਤੋਂ ਵੱਡੇ ਅਤੇ ਦੁਨੀਆ ਦੇ ਚੌਥੇ ਸਭ ਤੋਂ ਵੱਡੇ ਹਵਾਈ ਅੱਡੇ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ। ਕੇਂਦਰ ਸਰਕਾਰ ਨੇ 15 ਦਸੰਬਰ ਨੂੰ ਪੂਰੀ ਸਮਰੱਥਾ ਨਾਲ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਵੀ ਫੈਸਲਾ ਕਰ ਲਿਆ ਹੈ।

ਇਸ ਲਈ ਜੇਕਰ ਪੰਜਾਬ ਦੇ ਲਗਭਗ ਬੰਦ ਪਏ ਉਕਤ ਹਵਾਈ ਅੱਡਿਆਂ ਨੂੰ ਦੁਬਾਰਾ ਪੂਰੀ ਸਮਰੱਥਾ ਨਾਲ ਚਾਲੂ ਕਰ ਦਿੱਤਾ ਜਾਵੇ ਤਾਂ ਇਸ ਨਾਲ ਨਾ ਸਿਰਫ ਇਨ੍ਹਾਂ ਖੇਤਰਾਂ ਦੇ ਰਹਿਣ ਵਾਲੇ ਲੋਕਾਂ ਨੂੰ ਸਹੂਲਤ ਹੋ ਜਾਵੇਗੀ ਸਗੋਂ ਸਰਕਾਰ ਅਤੇ ਜਹਾਜ਼ ਸੇਵਾਵਾਂ ਦੇ ਮਾਲੀਆ ’ਚ ਵੀ ਵਾਧਾ ਹੋਵੇਗਾ ਤੇ ਇਸ ਨੂੰ ਚਾਲੂ ਕਰਨ ’ਤੇ ਕੋਈ ਖਰਚ ਵੀ ਨਹੀਂ ਆਵੇਗਾ।

-ਵਿਜੇ ਕੁਮਾਰ


Bharat Thapa

Content Editor

Related News