ਆਪਣੀ ‘ਜ਼ਿੰਮੇਵਾਰੀ ਤੋਂ ਭਟਕ’ ਰਿਸ਼ਵਤਖੋਰੀ ’ਚ ਸ਼ਾਮਲ ਹੋ ਰਹੇ ‘ਕੁਝ ਪੁਲਸ ਮੁਲਾਜ਼ਮ’
Wednesday, Jan 10, 2024 - 06:01 AM (IST)
ਹਾਲਾਂਕਿ ਪੁਲਸ ਵਿਭਾਗ ਦੇ ਮੁਲਾਜ਼ਮਾਂ ’ਤੇ ਦੇਸ਼ਵਾਸੀਆਂ ਦੀ ਸੁਰੱਖਿਆ ਦਾ ਜ਼ਿੰਮਾ ਹੋਣ ਦੇ ਨਾਤੇ ਉਨ੍ਹਾਂ ਤੋਂ ਅਨੁਸ਼ਾਸਿਤ ਅਤੇ ਫਰਜ਼ਾਂ ਨੂੰ ਨਿਭਾਉਣ ਦੀ ਆਸ ਕੀਤੀ ਜਾਂਦੀ ਹੈ ਪਰ ਅੱਜ ਦੇਸ਼ ’ਚ ਕਈ ਪੁਲਸ ਮੁਲਾਜ਼ਮ ਅਤੇ ਅਧਿਕਾਰੀ ਆਪਣੇ ਆਦਰਸ਼ਾਂ ਤੋਂ ਭਟਕ ਕੇ ਰਿਸ਼ਵਤਖੋਰੀ ਆਦਿ ’ਚ ਸ਼ਾਮਲ ਪਾਏ ਜਾ ਰਹੇ ਹਨ।
ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਗੱਲ ਤਾਂ ਛੱਡੋ, ਹਾਲਤ ਇਹ ਹੈ ਕਿ ਰਾਜਧਾਨੀ ਦਿੱਲੀ ’ਚ ਅਪਰਾਧਿਕ ਮਾਮਲਿਆਂ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਬਦਲੇ ਪੁਲਸ ਅਧਿਕਾਰੀਆਂ ਵੱਲੋਂ ਰਿਸ਼ਵਤ ਲੈਣ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ।
ਹਾਲ ਹੀ ’ਚ ਇਕ ਅਪਰਾਧਿਕ ਮਾਮਲੇ ’ਚ ਮੁਲਜ਼ਮ ਨੂੰ ਗ੍ਰਿਫਤਾਰ ਨਾ ਕਰਨ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ ’ਚ ਦਿੱਲੀ ਪੁਲਸ ਦੇ ਇਕ ਮੁਲਾਜ਼ਮ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਇਕ ਹਫਤੇ ਦੇ ਅੰਦਰ ਇਸ ਮਾਮਲੇ ’ਚ ਫਸਣ ਵਾਲਾ ਉਹ ਤੀਸਰਾ ਪੁਲਸ ਮੁਲਾਜ਼ਮ ਸੀ। ਇਸ ਤੋਂ ਪਹਿਲਾਂ :
* ਨਰੇਲਾ ’ਚ ਇਕ 23 ਸਾਲਾ ਅਕਾਊਂਟੈਂਟ ਨੇ ਪੀ. ਸੀ. ਆਰ. ਨੂੰ ਫੋਨ ਕਰ ਕੇ ਦੋਸ਼ ਲਾਇਆ ਕਿ ਇਕ ਪੁਲਸ ਮੁਲਾਜ਼ਮ ਕਥਿਤ ਗਬਨ ਦੇ ਮਾਮਲੇ ’ਚ ਉਸ ਨੂੰ ਰਾਹਤ ਦੇਣ ਲਈ ਉਸ ਕੋਲੋਂ 10 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ।
* ਸਾਗਰਪੁਰ ਪੁਲਸ ਥਾਣੇ ਦੇ ਇਕ ਸਬ-ਇੰਸਪੈਕਟਰ ਨੂੰ ਇਕ ਮੁਲਜ਼ਮ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਬਦਲੇ ’ਚ 1 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
ਵਰਨਣਯੋਗ ਹੈ ਕਿ ਰਾਜਧਾਨੀ ਦਿੱਲੀ ’ਚ ਸਾਲ ਭਰ ’ਚ ਇਸ ਤਰ੍ਹਾਂ ਦੇ ਮਾਮਲਿਆਂ ਦੀ ਗਿਣਤੀ ਲਗਭਗ 1 ਦਰਜਨ ਹੋ ਚੁੱਕੀ ਹੈ। ਜਦ ਦੇਸ਼ ਦੀ ਰਾਜਧਾਨੀ ਦਾ ਇਹ ਹਾਲ ਹੈ ਤਾਂ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਕੀ ਸਥਿਤੀ ਹੋਵੇਗੀ, ਇਸ ਦਾ ਹੇਠਲੀਆਂ ਘਟਨਾਵਾਂ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ :
* 5 ਨਵੰਬਰ, 2023 ਨੂੰ ਕਨਖਲ (ਉੱਤਰਾਖੰਡ) ਥਾਣੇ ’ਚ ਤਾਇਨਾਤ ਇਕ ਸਿਪਾਹੀ ਨੂੰ ਦੇਹਰਾਦੂਨ ਤੋਂ ਆਈ ਵਿਜੀਲੈਂਸ ਟੀਮ ਨੇ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 7 ਨਵੰਬਰ, 2023 ਨੂੰ ਰਾਮਪੁਰ (ਉੱਤਰ ਪ੍ਰਦੇਸ਼) ’ਚ ਭ੍ਰਿਸ਼ਟਾਚਾਰ ਰੋਕੂ ਵਿਭਾਗ ਦੀ ਟੀਮ ਨੇ ਇਕ ਕੇਸ ਦੀ ਜਾਂਚ ਕਰ ਰਹੇ ਥਾਣੇਦਾਰ ਨੂੰ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ।
* 19 ਨਵੰਬਰ, 2023 ਨੂੰ ਜੈਪੁਰ (ਰਾਜਸਥਾਨ) ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਨਗਰ ਨਿਗਮ ਗ੍ਰੇਟਰ ਦੇ ਕੌਂਸਲਰ, ਥਾਣੇਦਾਰ ਅਤੇ ਇਕ ਪੁਲਸ ਕਾਂਸਟੇਬਲ ਨੂੰ ਸ਼ਿਕਾਇਤਕਰਤਾ ਦੇ ਮਕਾਨ ਦਾ ਨਿਰਮਾਣ ਕਾਰਜ ਬਿਨਾਂ ਰੋਕ-ਟੋਕ ਚੱਲਣ ਦੇਣ ਦੇ ਦੋਸ਼ ’ਚ 80,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 29 ਦਸੰਬਰ, 2023 ਨੂੰ ਗੋਰਖਪੁਰ (ਉੱਤਰ ਪ੍ਰਦੇਸ਼) ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਇਕ ਸਿਪਾਹੀ ਨੂੰ ਸ਼ਿਕਾਇਤਕਰਤਾ ਕੋਲੋਂ ਇਕ ਕੇਸ ’ਚ ਸਮਝੌਤਾ ਕਰਵਾਉਣ ਦੇ ਬਦਲੇ 5,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 3 ਜਨਵਰੀ, 2024 ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਉਦੈਪੁਰ (ਰਾਜਸਥਾਨ) ਦੇ ਪੁਲਸ ਥਾਣਾ ਪਹਾੜਾ ਦੇ ਹੈੱਡ-ਕਾਂਸਟੇਬਲ ਕਮਲ ਸਿੰਘ ਨੂੰ ਸ਼ਿਕਾਇਤਕਰਤਾ ਨੂੰ ਕਿਸੇ ਕੇਸ ’ਚ ਫਸਾਉਣ ਤੋਂ ਬਚਾਉਣ ਦੇ ਬਦਲੇ ’ਚ 10,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।
* 3 ਜਨਵਰੀ, 2024 ਨੂੰ ਹੀ ਟੋਂਕ (ਰਾਜਸਥਾਨ) ’ਚ ਜ਼ਿਲੇ ਦੇ ਅਲੀਗੜ੍ਹ ਥਾਣੇ ’ਚ ਤਾਇਨਾਤ ਏ. ਐੱਸ. ਆਈ. ਨੂੰ 2000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ।
* 6 ਜਨਵਰੀ, 2024 ਨੂੰ ਐਂਟੀ ਕੁਰੱਪਸ਼ਨ ਬਿਊਰੋ ਨੇ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ’ਚ ਪ੍ਰਾਕਸਮ ਜ਼ਿਲੇ ਦੇ ਦਾਰਸੀ ਪੁਲਸ ਸਟੇਸ਼ਨ ’ਚ ਤਾਇਨਾਤ ਸਬ-ਇੰਸਪੈਕਟਰ ਡੀ. ਰਾਮਾਕ੍ਰਿਸ਼ਣਾ ਨੂੰ ਇਕ ਸ਼ਿਕਾਇਤ ’ਤੇ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 6 ਜਨਵਰੀ, 2024 ਨੂੰ ਹੀ ਵਾਰੰਗਲ (ਤੇਲੰਗਾਨਾ) ਦੇ ਹਨਮਕੋਂਡਾ ’ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਰਿਸ਼ਵਤ ਮੰਗਣ ਦੇ ਦੇਸ਼ ’ਚ ਪੁਲਸ ਕਮਿਸ਼ਨਰ ਅੰਬਰ ਕਿਸ਼ੋਰ ਝਾਅ ਨੇ ਏ. ਐੱਸ. ਆਈ. ਡੇਵਿਡ ਨੂੰ ਮੁਅੱਤਲ ਕਰ ਦਿੱਤਾ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਪੁਲਸ ਦੇ ਕੁਝ ਅਧਿਕਾਰੀ ਅਤੇ ਮੁਲਾਜ਼ਮ ਅੱਜ ਆਪਣੇ ਫਰਜ਼ਾਂ ਤੋਂ ਕਿਸ ਕਦਰ ਭਟਕ ਚੁੱਕੇ ਹਨ। ਇਸ ਲਈ ਅਜਿਹੇ ਫਰਜ਼ਾਂ ਤੋਂ ਬੇਮੁੱਖ ਅਧਿਕਾਰੀਆਂ ਦੇ ਵਿਰੁੱਧ ਤੇਜ਼ੀ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
- ਵਿਜੇ ਕੁਮਾਰ