ਚੰਦ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੀਆਂ ਔਲਾਦਾਂ ਦੀਆਂ ਕਰਤੂਤਾਂ

Thursday, Jun 23, 2016 - 06:31 AM (IST)

ਚੰਦ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੀਆਂ ਔਲਾਦਾਂ ਦੀਆਂ ਕਰਤੂਤਾਂ

ਦੇਸ਼ ''ਚ ਅਪਰਾਧ ਤੇਜ਼ੀ ਨਾਲ ਵਧ ਰਹੇ ਹਨ ਤੇ ਸਭ ਤੋਂ ਜ਼ਿਆਦਾ ਚਿੰਤਾ ਵਾਲੀ ਗੱਲ ਇਹ ਹੈ ਕਿ ਨਾ ਸਿਰਫ ਉਹ ਲੋਕ, ਜਿਨ੍ਹਾਂ ''ਤੇ ਅਪਰਾਧਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਹੈ, ਇਨ੍ਹਾਂ ਅਪਰਾਧਾਂ ''ਚ ਸ਼ਾਮਲ ਪਾਏ ਜਾ ਰਹੇ ਹਨ ਸਗੋਂ ਹੁਣ ਤਾਂ ਉਨ੍ਹਾਂ ਦੀਆਂ ਔਲਾਦਾਂ ਵੀ ਸਮਾਜ ਵਿਰੋਧੀ ਸਰਗਰਮੀਆਂ ''ਚ ਸ਼ਾਮਲ ਹੋਣ ਲੱਗੀਆਂ ਹਨ। ਹੁਣੇ-ਹੁਣੇ ਹੋਈਆਂ ਅਜਿਹੀਆਂ ਚੰਦ ਘਟਨਾਵਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
* 30 ਮਈ ਨੂੰ ਯੂ. ਪੀ. ਦੇ ਮੁਜ਼ੱਫਰਨਗਰ ਦੇ ਚਰਥਾਵਲ ਥਾਣੇ ''ਚ ਇਕ ਮੋਚੀ ਆਪਣਾ ਮੋਬਾਈਲ ਗੁੰਮ ਹੋਣ ਦੀ ਰਿਪੋਰਟ ਲਿਖਵਾਉਣ ਆਇਆ ਤਾਂ ਸਬੰਧਤ ਅਧਿਕਾਰੀ ਨੇ ਉਸ ਦੀ ਰਿਪੋਰਟ ਦਰਜ ਕਰਨ ਤੋਂ ਪਹਿਲਾਂ ਉਸ ਨੂੰ ਥਾਣੇ ''ਚ ਬਿਠਾ ਕੇ ਸਾਰੇ ਪੁਲਸ ਵਾਲਿਆਂ ਦੀਆਂ ਜੁੱਤੀਆਂ ਪਾਲਿਸ਼ ਕਰਨ ਲਈ ਉਸ ਅੱਗੇ ਰਖਵਾ ਦਿੱਤੀਆਂ।
ਇਹ ਵੀ ਦੋਸ਼ ਹੈ ਕਿ ਇਸ ਘਟਨਾ ਤੋਂ ਕੁਝ ਹੀ ਦਿਨ ਪਹਿਲਾਂ ਜਦੋਂ ਇਕ ਵਿਧਵਾ ਇਸੇ ਪੁਲਸ ਅਧਿਕਾਰੀ ਕੋਲ ਆਪਣੇ ਨੂੰਹ-ਪੁੱਤ ਵਲੋਂ ਉਸ ਨੂੰ ਕੁੱਟਣ ਦੀ ਸ਼ਿਕਾਇਤ ਕਰਨ ਆਈ ਤਾਂ ਇਸ ਨੇ ਇਹ ਕਹਿ ਕੇ ਉਸ ਨੂੰ ਅਪਮਾਨਿਤ ਕੀਤਾ ਸੀ ਕਿ ''''ਤੇਰਾ ਥਾਣੇ ''ਚ ਆਉਣ ਨਾਲੋਂ ਤਾਂ ਇਹ ਚੰਗਾ ਹੈ ਕਿ ਮੈਂ ਤੇਰਾ ਦੂਜਾ ਨਿਕਾਹ ਹੀ ਕਰਵਾ ਦੇਵਾਂ।''''
* 2 ਜੂਨ ਨੂੰ ਚੰਡੀਗੜ੍ਹ ''ਚ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ''ਚ ਇਕ ਨੌਜਵਾਨ ਨੂੰ ਕੁੱਟਣ ਦੇ ਦੋਸ਼ ਹੇਠ ਪੰਜਾਬ ਪੁਲਸ ਦੇ ਇਕ ਸਬ-ਇੰਸਪੈਕਟਰ ਦੇ ਬੇਟੇ ਹੈਰੀ ਬਾਜਵਾ ਤੇ ਉਸ ਦੇ ਦੋ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ।
* 12 ਜੂਨ ਨੂੰ ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ ''ਚ 13 ਸਾਲਾ ਇਕ ਨਾਬਾਲਗਾ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ''ਪੁਲਸ ਕੈਂਪ'' ਵਿਚ ਸਹਾਇਕ ਕਾਂਸਟੇਬਲ ਵਜੋਂ ਨਿਯੁਕਤ ''ਜਸ਼ਮਨ ਨੇਤਾਮ'' ਨੂੰ ਗ੍ਰਿਫਤਾਰ ਕੀਤਾ ਗਿਆ।
* 15 ਜੂਨ ਨੂੰ ਰਾਜਸਥਾਨ ਦੇ ਰਾਜਸਮੰਦ ਜ਼ਿਲੇ ਦੀ ਭ੍ਰਿਸ਼ਟਾਚਾਰ ਰੋਕੂ ਬ੍ਰਾਂਚ ਨੇ ਕਿਸੇ ਝਗੜੇ ਨੂੰ ਸੁਲਝਾਉਣ ਦੇ ਇਵਜ਼ ''ਚ 30,000 ਰੁਪਏ ਰਿਸ਼ਵਤ ਲੈਂਦਿਆਂ ''ਕਾਸਯਾ ਪਿੰਡ'' ਦੇ ਚੌਕੀ ਇੰਚਾਰਜ ਪ੍ਰੇਮ ਸ਼ੰਕਰ, ਇਕ ਕਾਂਸਟੇਬਲ ਅੰਕੁਰ ਅਹੀਰ ਅਤੇ ਇਕ ਦਲਾਲ ਮੁੰਨਾ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 15 ਜੂਨ ਨੂੰ ਹੀ ਯੂ. ਪੀ. ''ਚ ਮੈਨਪੁਰੀ ਦੇ ਇਕ ਥਾਣੇਦਾਰ ਰਾਧਾਰਮਨ ਯਾਦਵ ਵਲੋਂ ਇਕ ਨਿੱਜੀ ਪ੍ਰੋਗਰਾਮ ''ਚ ਨੱਚ ਰਹੀਆਂ ਬਾਰ ਗਰਲਜ਼ ''ਤੇ ਬੇਸ਼ਰਮੀ ਨਾਲ ਸ਼ਰੇਆਮ ਨੋਟ ਲੁਟਾਉਂਦਿਆਂ ਦਾ ਵੀਡੀਓ ਵਾਇਰਲ ਹੋਣ ''ਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।
* 16 ਜੂਨ ਨੂੰ ਯੂ. ਪੀ. ''ਚ ਹਰਦੋਈ ਜ਼ਿਲੇ ਦੀ ਸਿਟੀ ਕੋਤਵਾਲੀ ਪੁਲਸ ਚੌਕੀ ਦੇ ਇਕ ਥਾਣੇਦਾਰ ਸੰਜੇ ਯਾਦਵ ਦਾ ਵੀਡੀਓ ਵਾਇਰਲ ਹੋਇਆ, ਜਿਸ ''ਚ ਉਹ ਇਕ ਮਹਿਲਾ ਫਰਿਆਦੀ ਦੀ ਸ਼ਿਕਾਇਤ ਦਰਜ ਕਰਨ ਦੇ ਇਵਜ਼ ''ਚ ਆਪਣੇ ਕੱਪੜੇ ਉਤਾਰ ਕੇ ਉਸ ਤੋਂ ਮਾਲਿਸ਼ ਕਰਵਾਉਂਦਾ ਦਿਖਾਈ ਦੇ ਰਿਹਾ ਹੈ।
* 16 ਜੂਨ ਨੂੰ ਹੀ ਰਾਂਚੀ ਦੇ ਸਰਕਾਰੀ ਹਸਪਤਾਲ ''ਚ ਜ਼ੇਰੇ-ਇਲਾਜ ਨਿਵੇਦਿਤਾ ਨਾਮੀ ਮੁਟਿਆਰ ਨੇ ਦੋਸ਼ ਲਾਇਆ ਕਿ ਲਾਤੇਹਾਰ ਜ਼ਿਲੇ ''ਚ ਮਨਿਕਾ ਪੁਲਸ ਥਾਣੇ ਦੇ ਏ. ਐੱਸ. ਆਈ. ਨੇ ਅਪਰਾਧ ਕਬੂਲ ਕਰਵਾਉਣ ਲਈ 10 ਘੰਟਿਆਂ ਤਕ ਉਸ ''ਤੇ ਥਾਣੇ ਅੰਦਰ ਸਰੀਰਕ ਤੇ ਮਾਨਸਿਕ ਤੌਰ ''ਤੇ ਅਣਮਨੁੱਖੀ ਅੱਤਿਆਚਾਰ ਕੀਤਾ।
ਇਸ ਮੁਟਿਆਰ ਨੇ ਦੋਸ਼ ਲਾਇਆ ਕਿ ''''ਹੁਣ ਮੈਂ ਕਦੇ ਵੀ ਆਮ ਵਰਗਾ ਜੀਵਨ ਨਹੀਂ ਜੀਅ ਸਕਾਂਗੀ। ਉਹ 10 ਘੰਟੇ ਮੇਰੀ ਜ਼ਿੰਦਗੀ ਦੇ ਸਭ ਤੋਂ ਭਿਆਨਕ ਪਲ ਸਨ। ਮੇਰੇ ਤੋਂ ਗੰਦੇ-ਗੰਦੇ ਸਵਾਲ ਪੁੱਛੇ ਗਏ ਅਤੇ ਮੈਨੂੰ ਉਹ ਅਪਰਾਧ ਕਬੂਲਣ ਲਈ ਮਜਬੂਰ ਕੀਤਾ ਗਿਆ, ਜਿਹੜਾ ਮੈਂ ਕਦੇ ਕੀਤਾ ਹੀ ਨਹੀਂ।''''
* 16 ਜੂਨ ਨੂੰ ਹੀ ਉਲਹਾਸ ਨਗਰ ਦੇ ਪੁਲਸ ਉਪ-ਕਮਿਸ਼ਨਰ ਸੁਨੀਲ ਬਾਵਸਕਰ ਬਾਰੇ ਖੁਲਾਸਾ ਹੋਇਆ ਕਿ ਉਸ ਨੇ ਇਹ ਅਹੁਦਾ ਲੈਣ ਲਈ ਆਪਣੇ ਸੀਨੀਅਰਾਂ ਨਾਲ ਇਕ ਕਰੋੜ ਰੁਪਏ ''ਚ ਸੌਦਾ ਕੀਤਾ ਹੈ। ਇਸ ਵਿਚੋਂ ਉਹ 50 ਲੱਖ ਰੁਪਏ ਦੇ ਚੁੱਕਾ ਹੈ ਤੇ 50 ਲੱਖ ਰੁਪਏ ਦੇਣੇ ਬਾਕੀ ਹਨ।
ਇਹ ਰਕਮ ਪੂਰੀ ਕਰਨ ਲਈ ਉਸ ਨੇ ਆਪਣੇ ਮਾਤਹਿਤ ਸਿਪਾਹੀਆਂ ਦੀ ਮਲਾਈਦਾਰ ਥਾਵਾਂ ''ਤੇ ਡਿਊਟੀ ਲਾਉਣ ਲਈ ਬਕਾਇਦਾ ਬੋਲੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਉਹ ਸਭ ਤੋਂ ਵੱਧ ਬੋਲੀ ਲਾਉਣ ਵਾਲੇ ਕਾਂਸਟੇਬਲਾਂ ਨੂੰ ਹੀ ਮਲਾਈਦਾਰ ਥਾਵਾਂ ''ਤੇ ਤਾਇਨਾਤ ਕਰ ਰਿਹਾ ਹੈ ਤੇ ਹਰੇਕ ਕਾਂਸਟੇਬਲ ਤੋਂ ਸਵਾ ਲੱਖ ਰੁਪਏ ਪ੍ਰਤੀ ਹਫਤੇ ਦੇ ਹਿਸਾਬ ਨਾਲ ਵਸੂਲੀ ਕਰ ਰਿਹਾ ਹੈ।
* 20 ਜੂਨ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਚੋਣ ਹਲਕੇ ਕਰਨਾਲ ਦੇ ਅਧੀਨ ਪੈਂਦੇ ਸਦਰ ਪੁਲਸ ਥਾਣੇ ਦੇ 5 ਸਿਪਾਹੀਆਂ ਨੂੰ ਡਿਊਟੀ ਦੌਰਾਨ ਕਥਿਤ ਤੌਰ ''ਤੇ ਸ਼ਰਾਬ ਪੀਂਦਿਆਂ ਫੜੇ ਜਾਣ ''ਤੇ ਅਤੇ ਤਿੰਨ ਹੋਰਨਾਂ ਨੂੰ ਰਾਤ ਦੀ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ।
* 20 ਜੂਨ ਨੂੰ ਹੀ ਬਠਿੰਡਾ ਦੇ ਪੁਲਸ ਥਾਣਿਆਂ ਦੀ ਚੈਕਿੰਗ ਦੌਰਾਨ ਥਾਣਾ ਸਿਵਲ ਲਾਈਨ ''ਚ ਡਿਊਟੀ ਅਫਸਰ ਏ. ਐੱਸ. ਆਈ. ਜਰਨੈਲ ਸਿੰਘ ਗ਼ੈਰ-ਹਾਜ਼ਰ ਸੀ, ਜਦਕਿ ਸਿਪਾਹੀ ਯਾਦਵਿੰਦਰ ਸਿੰਘ ਨੂੰ ਡਿਊਟੀ ਦੌਰਾਨ ਸੁੱਤਾ ਹੋਣ ''ਤੇ ਲਾਈਨ ਹਾਜ਼ਰ ਕੀਤਾ ਗਿਆ।
ਅਜਿਹੀਆਂ ਹੀ ਕੁਝ ਕਾਲੀਆਂ ਭੇਡਾਂ ਦੀਆਂ ਕਰਤੂਤਾਂ ਕਾਰਨ ਸਾਡਾ ਪੁਲਸ ਮਹਿਕਮਾ ਬਦਨਾਮ ਹੋ ਰਿਹਾ ਹੈ ਤੇ ਇਹ ਰੋਗ ਕਿਸੇ ਇਕ ਹਿੱਸੇ ਤਕ ਸੀਮਤ ਨਾ ਰਹਿ ਕੇ ਪੂਰੇ ਦੇਸ਼ ''ਚ ਫੈਲ ਗਿਆ ਹੈ, ਇਸ ਲਈ ਅਜਿਹੇ ਅਨਸਰਾਂ ਦੀ ਛਾਂਟੀ ਕਰਕੇ ਫੌਲਾਦੀ ਹੱਥਾਂ ਨਾਲ ਪੁਲਸ ''ਚ ਪਾਕੀਜ਼ਗੀ ਲਿਆਉਣੀ ਬਹੁਤ ਜ਼ਰੂਰੀ ਹੈ।                  
—ਵਿਜੇ ਕੁਮਾਰ


author

Vijay Kumar Chopra

Chief Editor

Related News