ਅੰਧ-ਵਿਸ਼ਵਾਸ ਅਤੇ ਜਾਦੂ-ਟੂਣੇ ਦੇ ਚੱਕਰ ''ਚ ਫਸਦੀ ਜਾ ਰਹੀ ਭਾਰਤੀ ਜਨਤਾ

11/25/2015 9:01:31 AM

ਅੰਧ-ਵਿਸ਼ਵਾਸ ਸਮਾਜ ਲਈ ਬਹੁਤ ਵੱਡਾ ਨਾਸੂਰ ਹੈ। ਹਾਲਾਂਕਿ ਸਮੇਂ-ਸਮੇਂ ''ਤੇ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚ ਜਾਦੂ-ਟੂਣਾ ਕਰਨ ਵਾਲਿਆਂ ਦੇ ਚੱਕਰ ਵਿਚ ਪੈ ਕੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਮੁਕਤੀ ਦੀ ਥਾਂ ਸੰਕਟ ''ਚ ਹੀ ਫਸਣਾ ਪਿਆ ਪਰ ਆਜ਼ਾਦੀ ਦੇ 68 ਸਾਲਾਂ ਬਾਅਦ ਵੀ ਲੋਕ ਅੰਧ-ਵਿਸ਼ਵਾਸ ਤੇ ਜਾਦੂ-ਟੂਣੇ ਦੇ ਮੋਹ-ਜਾਲ ''ਚੋਂ ਨਹੀਂ ਨਿਕਲ ਸਕੇ।
ਆਮ ਲੋਕਾਂ ਦੀ ਤਾਂ ਗੱਲ ਹੀ ਕੀ ਕਰੀਏ, ਵੱਡੇ-ਵੱਡੇ ਸਿਆਸਤਦਾਨ ਅਤੇ ਖ਼ੁਦ ਨੂੰ ''ਬੁੱਧੀਜੀਵੀ'' ਕਹਿਣ ਵਾਲੇ ਲੋਕ ਵੀ ਇਸ ਜਾਲ ''ਚ ਫਸੇ ਹੋਏ ਹਨ। ਅਸੀਂ ਅਜਿਹੀਆਂ ਹੀ ਚੰਦ ਘਟਨਾਵਾਂ ਹੇਠਾਂ ਪੇਸ਼ ਕਰ ਰਹੇ ਹਾਂ, ਜੋ ਸਪੱਸ਼ਟ ਸਬੂਤ ਹਨ ਕਿ ਅੰਧ-ਵਿਸ਼ਵਾਸਾਂ ਵਿਚ ਪੈ ਕੇ ਸੁਆਰਥ ਸਿੱਧ ਕਰਨ ਲਈ ਮਨੁੱਖ ਕਿਸ ਤਰ੍ਹਾਂ ਹੇਠਾਂ ਡਿਗ ਸਕਦਾ ਹੈ :
* ਠਾਣੇ ਦੇ ਘੋੜਬੰਦਰ ਰੋਡ ''ਤੇ ਕਾਸਰ ਵਾਡਾਵਲੀ ਇਲਾਕੇ ''ਚ ਰਹਿਣ ਵਾਲੀ ਇਕ ਬੀਮਾਰ ਔਰਤ ਦੇ ਇਲਾਜ ਲਈ 29 ਸਤੰਬਰ ਨੂੰ ਉਸ ਦੀ 15 ਸਾਲਾ ਧੀ ''ਕਾਰਪੇਂਟਰ ਬਾਬਾ'' ਨਾਮੀ ਇਕ ਤਾਂਤਰਿਕ ਨੂੰ ਸੱਦ ਲਿਆਈ।
ਤਾਂਤਰਿਕ ਨੇ ਬੀਮਾਰ ਔਰਤ ਦੇ ਸਰੀਰ ''ਚ ਦਾਖ਼ਲ ਹੋਈਆਂ ''ਦੁਸ਼ਟ ਆਤਮਾਵਾਂ'' ਨੂੰ ਭਜਾਉਣ ਦੇ ਬਹਾਨੇ ਕੁੜੀ ਨੂੰ ਘਰ ਦੀ ਰਸੋਈ ''ਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ। ਬਾਅਦ ਵਿਚ ਉਸ ਨੇ ਔਰਤ ਨਾਲ ਵੀ ਉਹੀ ਸਭ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਤਰ੍ਹਾਂ ਉਸ ਨੇ ਕਾਰਪੇਂਟਰ ਬਾਬੇ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਤੇ ਪੁਲਸ ਕੋਲ ਰਿਪੋਰਟ ਲਿਖਵਾਈ, ਜਿਸ ''ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
* ''ਕਾਲੇ ਜਾਦੂ'' ਨਾਲ ਦੈਵੀ ਸ਼ਕਤੀਆਂ ਹਾਸਿਲ ਕਰਨ ਲਈ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲੇ ''ਚ ਪੋਕੁਰ ਦੇ ਤਿਰੂਮਾਲਾ ਰਾਓ ਨੇ 30 ਸਤੰਬਰ ਨੂੰ ਇਕ 4 ਸਾਲਾ ਬੱਚੇ ਦੀ ਹੱਤਿਆ ਕਰਕੇ ਉਸ ਦਾ ਖੂਨ ਦੇਵੀ ਦੀ ਮੂਰਤੀ ''ਤੇ ਚੜ੍ਹਾਇਆ। ਪਤਾ ਲੱਗਣ ''ਤੇ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਘਰ ''ਚ ਬੰਦ ਕਰਕੇ ਉਸ ਨੂੰ ਅੱਗ ਲਗਾ ਦਿੱਤੀ।
* 4 ਅਕਤੂਬਰ ਨੂੰ ਮਹਾਰਾਸ਼ਟਰ ਦੇ ਭਿਵੰਡੀ ਵਿਚ ਇਕ ਕਬਰਿਸਤਾਨ ''ਚੋਂ ਦੋ ਲਾਸ਼ਾਂ ਮਿਲੀਆਂ, ਜਿਨ੍ਹਾਂ ਦੇ ਸਿਰ ''ਤੇ ਪੱਥਰ ਨਾਲ ਸੱਟ ਮਾਰ ਕੇ ਅਤੇ ਪੇਟ ਵਿਚ ਚਾਕੂ ਨਾਲ ਵਾਰ ਕਰਕੇ ਹੱਤਿਆ ਕੀਤੀ ਗਈ ਸੀ। ਕੁਝ ਹੀ ਦੂਰੀ ''ਤੇ ਨਿੰਬੂ, ਮਿਰਚ, ਸਿੰਦੂਰ, ਲੌਂਗ, ਕਿੱਲ, ਫੁੱਲ ਆਦਿ ਪਏ ਸਨ।
ਪੁਲਸ ਨੇ ਇਸ ਸਿਲਸਿਲੇ ''ਚ 19 ਅਕਤੂਬਰ ਨੂੰ ਰਫੀਕ ਨਾਮੀ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਦੱਸਿਆ ਕਿ ਉਸ ਨੇ ਆਪਣੇ ਦੋ ਹੋਰਨਾਂ ਫਰਾਰ ਸਾਥੀਆਂ ਨਾਲ ਮਿਲ ਕੇ ਇਹ ਹੱਤਿਆਵਾਂ ਤੰਤਰ-ਮੰਤਰ ਕਰਨ ਲਈ ਕੀਤੀਆਂ ਸਨ ਕਿਉਂਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਅਜਿਹਾ ਕਰਕੇ ਉਹ ਮਾਲਾਮਾਲ ਹੋ ਜਾਣਗੇ।
* ਅਲੀਗੜ੍ਹ ਨੇੜੇ ਕੋਤਵਾਲੀ ਇਗਲਾਸ ਇਲਾਕੇ ਦੇ ਬੇਸਵਾਂ ਕਸਬੇ ''ਚ ਇਕ ਅੰਧ-ਵਿਸ਼ਵਾਸੀ ਬੇਔਲਾਦ ਔਰਤ ਰਾਧਾ ਨੇ ਔਲਾਦ ਪ੍ਰਾਪਤ ਕਰਨ ਦੀ ਇੱਛਾ ''ਚ ਆਪਣੇ ਗੁਆਂਢੀ ਵਿਨੋਦ ਦੀ 2 ਸਾਲਾ ਬੇਟੀ ਮੋਹਿਨੀ ਦੀ 23 ਅਕਤੂਬਰ ਨੂੰ ਬਲੀ ਦੇ ਦਿੱਤੀ।
* ਆਪਣੇ ਪਿਤਾ ਨੂੰ ਹਰ ਹਾਲ ''ਚ ਕੈਨੇਡਾ ਤੋਂ ਵਾਪਿਸ ਵਤਨ ਬੁਲਾਉਣ ਦੀ ਚਾਹਵਾਨ ਨਵੀਂ ਦਿੱਲੀ ਦੀ ਇਕ ਮੁਟਿਆਰ ਨੇ, ਜੋ ਇਸ ਦੇ ਲਈ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਸੀ, ਹਰ ਸਮੱਸਿਆ ਸੁਲਝਾਉਣ ਦਾ ਦਾਅਵਾ ਕਰਨ ਵਾਲੇ ਇਕ ਕਥਿਤ ਤਾਂਤਰਿਕ ਨਾਲ ਸੰਪਰਕ ਕੀਤਾ। ਤਾਂਤਰਿਕ ਨੇ ਕੁਝ ਦਿਨ ਉਸ ਤੋਂ ਪੈਸੇ ਬਟੋਰਦੇ ਰਹਿਣ ਤੋਂ ਬਾਅਦ 6 ਨਵੰਬਰ ਨੂੰ ਉਸ ਨੂੰ ਬੇਹੋਸ਼ ਕਰਕੇ ਆਪਣੀ ਵਾਸਨਾ ਦਾ ਸ਼ਿਕਾਰ ਬਣਾਇਆ। ਮੁਟਿਆਰ ਦੀ ਸ਼ਿਕਾਇਤ ''ਤੇ 8 ਨਵੰਬਰ ਨੂੰ ਉਸ ਤਾਂਤਰਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ।
* ਮੁੰਬਈ ਦੀ ਸਬੀਨਾ ਨਾਮੀ ਇਕ 40 ਸਾਲਾ ਔਰਤ ਨੂੰ ਇਕ ਆਦਮੀ ਅਕਸਰ ਛੇੜਦਾ, ਉਸ ਦਾ ਪਿੱਛਾ ਕਰਦਾ ਅਤੇ ਫੋਨ ''ਤੇ ਗੰਦੀਆਂ-ਗੰਦੀਆਂ ਗੱਲਾਂ ਕਰਕੇ ਉਸ ਨੂੰ ਪ੍ਰੇਸ਼ਾਨ ਕਰਦਾ ਸੀ। ਉਸ ਤੋਂ ਬਚਣ ਲਈ ਉਹ ''ਸਿਕੰਦਰ ਬਾਬਾ'' ਨਾਮੀ ਤਾਂਤਰਿਕ ਕੋਲ ਪਹੁੰਚੀ, ਜਿਸ ਨੇ ਔਰਤ ਨੂੰ ਕਿਹਾ ਕਿ ਉਹ ਆਪਣੇ ਉਪਾਅ ਨਾਲ ਉਸ ਆਦਮੀ ਨੂੰ ਅਜਿਹਾ ਕਰਨ ਤੋਂ ਰੋਕ ਦੇਵੇਗਾ। ਸੱਚਮੁਚ ਹੀ ''ਸਿਕੰਦਰ ਬਾਬਾ'' ਦੀ ਪਨਾਹ ਵਿਚ ਆਉਣ ਤੋਂ ਬਾਅਦ ਉਸ ਆਦਮੀ ਨੇ ਔਰਤ ਨੂੰ ਤੰਗ ਕਰਨਾ ਬੰਦ ਕਰ ਦਿੱਤਾ।
ਹੁਣ ਤਾਂ ਉਹ ਅਕਸਰ ਆਪਣੀਆਂ ਘਰੇਲੂ ਸਮੱਸਿਆਵਾਂ ਲੈ ਕੇ ਉਸ ਕੋਲ ਆਉਣ ਲੱਗੀ। ਇਕ ਦਿਨ ਉਸੇ ਬਾਬੇ ਨੇ ਉਸ ਨੂੰ ਨਸ਼ੀਲੀ ਚਾਹ ਪਿਲਾ ਕੇ ਉਸ ਦੀ ਇੱਜ਼ਤ ਲੁੱਟ ਲਈ ਤੇ ਉਸ ਦਾ ਵੀਡੀਓ ਵੀ ਬਣਾ ਲਿਆ। ਹੋਸ਼ ''ਚ ਆਉਣ ''ਤੇ ਔਰਤ ਨੇ ਦੇਖਿਆ ਕਿ ਉਸ ਨੂੰ ਛੇੜਨ ਵਾਲਾ ਆਦਮੀ ਵੀ ਬਾਬੇ ਦੇ ਘਰ ਵਿਚ ਹੀ ਮੌਜੂਦ ਸੀ ਤੇ ਦੋਹਾਂ ਨੇ ਸਾਜ਼ਿਸ਼ ਰਚ ਕੇ ਉਸ ਨੂੰ ਫਸਾਇਆ ਸੀ। ਉਸ ਨੇ ਇਹ ਸਭ ਆਪਣੇ ਪਤੀ ਨੂੰ ਦੱਸਿਆ ਅਤੇ ਉਸ ਦੀ ਸ਼ਿਕਾਇਤ ''ਤੇ 19 ਨਵੰਬਰ ਨੂੰ ਪੁਲਸ ਨੇ ਬਾਬੇ ਨੂੰ ਗ੍ਰਿਫਤਾਰ ਕਰ ਲਿਆ।
ਹਾਲਾਂਕਿ ਜਾਦੂ-ਟੂਣੇ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਪਰ ਇਸ ਦੇ ਬਾਵਜੂਦ ਇਹ ਸਿਲਸਿਲਾ ਜਾਰੀ ਹੈ। ਇਹ ਤਾਂ ਅਜਿਹੀਆਂ ਚੰਦ ਘਟਨਾਵਾਂ ਹਨ, ਜੋ ਸਾਹਮਣੇ ਆ ਸਕੀਆਂ, ਇਨ੍ਹਾਂ ਤੋਂ ਇਲਾਵਾ ਇੰਨੇ ਵੱਡੇ ਦੇਸ਼ ਵਿਚ ਪਤਾ ਨਹੀਂ ਕਿੰਨੀਆਂ ਅਜਿਹੀਆਂ ਘਟਨਾਵਾਂ ਹੋਈਆਂ ਹੋਣਗੀਆਂ, ਜੋ ਰਿਪੋਰਟ ਦਰਜ ਨਾ ਹੋਣ ਕਰਕੇ ਸਾਹਮਣੇ ਨਹੀਂ ਆ ਸਕੀਆਂ।
ਸਪੱਸ਼ਟ ਹੈ ਕਿ ਲੋਕਾਂ ਨੂੰ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਦੇ ਨਾਂ ''ਤੇ ਨਾ ਸਿਰਫ ਉਨ੍ਹਾਂ ਨਾਲ ਠੱਗੀ ਮਾਰੀ ਜਾ ਰਹੀ ਹੈ, ਸਗੋਂ ਔਰਤਾਂ ਨਾਲ ਬਲਾਤਕਾਰ ਤੇ ਨਰ ਬਲੀ ਤਕ ਦਿੱਤੀ ਜਾ ਰਹੀ ਹੈ। ਇਹ ਕੁਚੱਕਰ ਰੋਕਣ ਦਾ ਇਕ ਹੀ ਉਪਾਅ ਹੈ¸ਲੋਕਾਂ ''ਚ ਜਾਗਰੂਕਤਾ ਵਧਾਉਣਾ ਅਤੇ ਅਜਿਹੇ ਅਪਰਾਧਾਂ ਵਿਚ ਸ਼ਾਮਿਲ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣਾ।    
¸ਵਿਜੇ ਕੁਮਾਰ


Related News