ਪਾਕਿਸਤਾਨੀ ਫੌਜ ਹੁਣ ਫਿਲਮ ਨਿਰਮਾਣ ''ਚ ਵੀ ਭਾਰਤ ਨੂੰ ਟੱਕਰ ਦੇਣ ਲੱਗੀ

Monday, Jun 27, 2016 - 03:02 PM (IST)

ਪਾਕਿਸਤਾਨੀ ਫੌਜ ਹੁਣ ਫਿਲਮ ਨਿਰਮਾਣ ''ਚ ਵੀ ਭਾਰਤ ਨੂੰ ਟੱਕਰ ਦੇਣ ਲੱਗੀ

ਦੇਸ਼ ਦੀ ਵੰਡ ਸਮੇਂ ਅਨੇਕ ਪ੍ਰਤਿਭਾਸ਼ਾਲੀ ਫਿਲਮਕਾਰ, ਅਭਿਨੇਤਾ, ਅਭਿਨੇਤਰੀਆਂ ਆਦਿ ਪਾਕਿਸਤਾਨ ਚਲੇ ਗਏ ਪਰ ਭਾਰਤ ਵਿਚ ਸਫਲਤਾ ਦੇ ਝੰਡੇ ਗੱਡਣ ਵਾਲੇ ਉਹ ਫਿਲਮਕਾਰ ਉਥੇ ਉਮੀਦ ਮੁਤਾਬਿਕ ਸਫਲਤਾ ਹਾਸਿਲ ਨਹੀਂ ਕਰ ਸਕੇ ਤੇ ਪਾਕਿਸਤਾਨ ਦੀ ਫਿਲਮ ਇੰਡਸਟਰੀ ਭਾਰਤੀ ਫਿਲਮ ਇੰਡਸਟਰੀ ਦੀ ਤੁਲਨਾ ''ਚ ਪੱਛੜਦੀ ਚਲੀ ਗਈ। 
ਇਸ ਸਮੇਂ ਵੀ ਪਾਕਿਸਤਾਨ ਵਿਚ ਅੱਤਵਾਦ ਦੇ ਵਿਸ਼ੇ ''ਤੇ ਆਧਾਰਿਤ ''ਖ਼ੁਦਾ ਕੇ ਲੀਏ'' ਅਤੇ ਸ਼ੁੱਧ ਪਰਿਵਾਰਕ ਸਮੱਸਿਆ ''ਤੇ ਆਧਾਰਿਤ ''ਬੋਲ'' ਵਰਗੀਆਂ ਬਹੁ-ਚਰਚਿਤ ਫਿਲਮਾਂ ਦਾ ਨਿਰਮਾਣ ਕਰਨ ਵਾਲੇ ਨਿਰਦੇਸ਼ਕ ਜੋਹੇਬ ਮਨਸੂਰ ਵਰਗੇ ਚੋਟੀ ਦੇ ਫਿਲਮਕਾਰ ਮੌਜੂਦ ਹਨ ਪਰ ਪਾਕਿਸਤਾਨ ਦੀ ਇਹ ਤ੍ਰਾਸਦੀ ਹੀ ਰਹੀ ਕਿ ਫਿਲਮ ਨਿਰਮਾਣ ਦੇ ਹਰੇਕ ਖੇਤਰ ਵਿਚ ਬੇਸ਼ੁਮਾਰ ਪ੍ਰਤਿਭਾਵਾਂ ਹੋਣ ਦੇ ਬਾਵਜੂਦ ਉਹ ਤਰੱਕੀ ਨਹੀਂ ਕਰ ਸਕਿਆ ਤੇ ਉਥੇ ਸਾਲ ਵਿਚ ਮੁਸ਼ਕਿਲ ਨਾਲ 50 ਫਿਲਮਾਂ ਹੀ ਬਣਦੀਆਂ ਹਨ, ਜਦਕਿ ਇਸ ਦੇ ਉਲਟ ਭਾਰਤ ਵਿਚ ਇਸ ਤੋਂ ਕਈ ਗੁਣਾ ਵੱਧ ਫਿਲਮਾਂ ਦਾ ਨਿਰਮਾਣ ਪ੍ਰਤੀ ਸਾਲ ਹੁੰਦਾ ਹੈ। 
ਅਲਬੱਤਾ ਲੜੀਵਾਰਾਂ ਵਿਚ ਉਸ ਨੇ ਭਾਰਤ ਤੋਂ ਬਾਜ਼ੀ ਮਾਰ ਲਈ ਹੈ ਅਤੇ ਪਾਕਿਸਤਾਨ ਦੇ ਬਣੇ ਲੜੀਵਾਰ ਭਾਰਤ ਵਿਚ ਬਹੁਤ ਜ਼ਿਆਦਾ ਲੋਕਪ੍ਰਿਯ ਹਨ। ਪਾਕਿਸਤਾਨ ਦਾ ਫਿਲਮ ਉਦਯੋਗ ਬਾਲੀਵੁੱਡ ਨਾਲੋਂ ਬਹੁਤ ਛੋਟਾ ਹੈ। ਇਸ ਸਾਲ ਪਾਕਿਸਤਾਨ ਵਿਚ ਲੱਗਭਗ 48 ਸਥਾਨਕ ਫਿਲਮਾਂ ਦੇ ਪ੍ਰਦਰਸ਼ਨ ਦੀ ਸੰਭਾਵਨਾ ਹੈ। ਇਹ ਇਕ ਨਵਾਂ ਰਿਕਾਰਡ ਹੈ ਪਰ ਅਪ੍ਰੈਲ 2014 ਤੋਂ ਮਾਰਚ 2015 ਵਿਚਾਲੇ ਭਾਰਤ ਵਿਚ ਇਸ ਤੋਂ 38 ਗੁਣਾ ਵੱਧ ਫਿਲਮਾਂ ਰਿਲੀਜ਼ ਹੋਈਆਂ ਸਨ। ਹੁਣ ਪਾਕਿ ਫੌਜ ਆਪਣੇ ਸਭ ਤੋਂ ਵੱਡੇ ਵਿਰੋਧੀ ਭਾਰਤ ਦੀ ਲੋਕਪ੍ਰਿਯ ਫਿਲਮ ਇੰਡਸਟਰੀ ਨੂੰ ਵੀ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਕਿ ਅਤੇ ਭਾਰਤੀ ਫਿਲਮ ਇੰਡਸਟਰੀ ਵਿਚਾਲੇ ਪਾਏ ਜਾ ਰਹੇ ਭਾਰੀ ''ਅਸੰਤੁਲਨ'' ਨੂੰ ਸੁਧਾਰਨ ਲਈ ਪਾਕਿ ਫੌਜ ਕਦਮ ਚੁੱਕ ਰਹੀ ਹੈ। 
ਪਾਕਿਸਤਾਨੀ ਫੌਜ ਦੀ ਮਦਦ ਨਾਲ ਫਿਲਮਾਂ ਬਣਾਉਣ ਵਾਲੇ ਇਕ ਪ੍ਰਮੁੱਖ ਫਿਲਮ ਨਿਰਦੇਸ਼ਕ ਹਸਨ ਵਕਾਸ ਰਾਣਾ ਅਨੁਸਾਰ, ''''ਫੌਜ ਸਕ੍ਰਿਪਟ ਦੇਖਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਇਹ ਥੋੜ੍ਹੀ ਵੀ ਚੰਗੀ ਲੱਗੇ ਤਾਂ ਉਹ ਤੁਹਾਨੂੰ ਹਰ ਚੀਜ਼ ਮੁਹੱਈਆ ਕਰਵਾ ਸਕਦੇ ਹਨ।''''
ਪਾਕਿ ਫੌਜ ਫਿਲਮਾਂ ਵਿਚ ਪੈਸਾ ਨਹੀਂ ਲਾ ਰਹੀ, ਸਗੋਂ ਇਹ ਘੱਟ ਬਜਟ ਵਾਲੀਆਂ ਫਿਲਮਾਂ ਨੂੰ ਵੱਡੇ ਬਜਟ ਦੀਆਂ ਫਿਲਮਾਂ ਬਣਾਉਣ ਵਿਚ ਹਰ ਸੰਭਵ ਮਦਦ ਕਰਦੀ ਹੈ। ਇਸ ਦੇ ਲਈ ਉਹ ਹਰ ਤਰ੍ਹਾਂ ਦਾ ਫੌਜੀ ਸਾਮਾਨ—ਬੰਦੂਕਾਂ, ਧਮਾਕਾਖੇਜ਼ ਪਦਾਰਥ, ਹੈਲੀਕਾਪਟਰ ਤੋਂ ਲੈ ਕੇ ਫੌਜ ਦੀ ਜ਼ਮੀਨ ਉਤੇ ਸ਼ੂਟਿੰਗ ਕਰਨ ਦੀ ਮਨਜ਼ੂਰੀ ਵੀ ਦਿੰਦੀ ਹੈ। 
ਇਥੋਂ ਤਕ ਕਿ ਪਾਕਿਸਤਾਨੀ ਫੌਜ ਆਪਣੇ ਫੌਜੀਆਂ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਵੀ ਮੁਹੱਈਆ ਕਰਵਾਉਂਦੀ ਹੈ। ਹਸਨ ਦੱਸਦੇ ਹਨ, ''''ਜਦੋਂ ਅਸੀਂ ਲੜਾਈ ਦਾ ਦ੍ਰਿਸ਼ ਸ਼ੂਟ ਕਰ ਲੈਂਦੇ ਹਾਂ ਤਾਂ ਸਾਡੇ ਐਕਸਟ੍ਰਾ ਕਲਾਕਾਰ (ਪਾਕਿਸਤਾਨੀ ਫੌਜੀ) ਸਿੱਧੇ ਅਸਲ ਮੁਕਾਬਲੇ ਦਾ ਸਾਹਮਣਾ ਕਰਨ ਲਈ ਆਪਣੀਆਂ ਬੈਰਕਾਂ ਵਿਚ ਪਰਤ ਜਾਂਦੇ ਹਨ।''''
ਕੁਝ ਲੋਕ ਫੌਜ ਨੂੰ ਸਿਹਰਾ ਦੇ ਰਹੇ ਹਨ ਕਿ ਉਹ ਦਹਾਕਿਆਂ ਤੋਂ ਬਹੁਤ ਜ਼ਿਆਦਾ ਟੈਕਸਾਂ ਦੇ ਭਾਰ ਹੇਠ ਦੱਬੀ ਰਹੀ ਪਾਕਿ ਫਿਲਮ ਇੰਡਸਟਰੀ ਨੂੰ ਮੁੜ ਸੁਰਜੀਤ ਕਰ ਰਹੀ ਹੈ, ਜਦਕਿ ਦੂਜੇ ਪਾਸੇ ਉਦਾਰ ਆਲੋਚਕ ਫੌਜ ਉਤੇ ਕੱਟੜ ਰਾਸ਼ਟਰਵਾਦ ਨੂੰ ਉਤਸ਼ਾਹ ਦੇਣ ਦਾ ਦੋਸ਼ ਲਾ ਰਹੇ ਹਨ। ਕੋਈ ਹੈਰਾਨੀ ਨਹੀਂ ਹੈ ਕਿ ਫੌਜ ਉਨ੍ਹਾਂ ਸਕ੍ਰਿਪਟਸ ਨੂੰ ਹੀ ਪਸੰਦ ਕਰਦੀ ਹੈ, ਜਿਨ੍ਹਾਂ ''ਚ ਉਸ ਦੀ ਚੰਗੀ ਦਿੱਖ ਪੇਸ਼ ਕੀਤੀ ਗਈ ਹੋਵੇ। ਉਧਰ ਪਾਕਿ ਫੌਜ ਵਲੋਂ ਪ੍ਰਾਯੋਜਿਤ ਇਹ ਫਿਲਮਾਂ ਭਾਰਤ ਤੇ ਇਸ ਦੇ ਨੇਤਾਵਾਂ ਦੀ ਬੇਹੱਦ ਬੁਰੀ ਦਿੱਖ ਪ੍ਰਤੀਬਿੰਬਤ ਕਰਦੀਆਂ ਹਨ, ਜਿਨ੍ਹਾਂ ਨੂੰ ਪਾਕਿ ਫੌਜ ਦੇ ਜਨਰਲ ਬੁਰੀ ਤਰ੍ਹਾਂ ਭ੍ਰਿਸ਼ਟ ਮੰਨਦੇ ਹਨ। 
ਹਸਨ ਦੀ ਪਹਿਲੀ ਫਿਲਮ ਵਿਚ ਇਕ ਕਾਮ ਉਤੇਜਕ ਮਹਿਲਾ ਭਾਰਤੀ ਜਾਸੂਸ ਨੂੰ ਦਿਖਾਇਆ ਗਿਆ ਹੈ, ਜੋ ਪਾਕਿਸਤਾਨੀ ਤਾਲਿਬਾਨ ਨਾਲ ਮਿਲ ਕੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਦੀ ਹੈ। ਉਂਝ ਵੀ ਪਾਕਿਸਤਾਨ ਦੇ ਜ਼ਿਆਦਾਤਰ ਸੁਰੱਖਿਆ ਅਦਾਰੇ ਪਾਕਿਸਤਾਨ ''ਚ ਜੇਹਾਦ ਭੜਕਾਉਣ ਦਾ ਦੋਸ਼ ਭਾਰਤ ਦੇ ਸਿਰ ਮੜ੍ਹਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਇਸ ਤਰ੍ਹਾਂ ਦੀਆਂ ਸ਼ਰਤਾਂ ਨਾਲ ਬੱਝੀ ਸਹਾਇਤਾ ਅਸਲ ਵਿਚ ਫਿਲਮਾਂ ਵਰਗੀ ਇਕ ਰਚਨਾਤਮਕ ਇੰਡਸਟਰੀ ਦੇ ਵਧਣ-ਫੁੱਲਣ ਵਿਚ ਕਿਸ ਹੱਦ ਤਕ ਮਦਦਗਾਰ ਹੋ ਸਕਦੀ ਹੈ? 
ਸਿਨੇਮਿਆਂ ਦੇ ਮਾਲਕ ਅਤੇ ਫਿਲਮ ਫਾਈਨਾਂਸਰ ਨਦੀਮ ਮਾਂਡਵੀਵਾਲਾ ਦਾ ਕਹਿਣਾ ਹੈ ਕਿ ਪਾਕਿਸਤਾਨੀ ਦਰਸ਼ਕ ਬੇਮਤਲਬ ਭਾਰਤ ਦੀ ਆਲੋਚਨਾ ਨੂੰ ਕਦੇ ਸਵੀਕਾਰ ਨਹੀਂ ਕਰਨਗੇ। ਪਾਕਿਸਤਾਨ ਵਿਚ ਅਧਿਕਾਰਤ ਪਾਬੰਦੀ ਦੇ ਬਾਵਜੂਦ ਬਾਲੀਵੁੱਡ ਫਿਲਮਾਂ ਲੋਕਪ੍ਰਿਯ ਹਨ ਕਿਉਂਕਿ ਤੀਜੇ ਦੇਸ਼ਾਂ ਰਾਹੀਂ ਫਿਲਮਾਂ ਖਰੀਦਣ ਵਾਲੇ ਡਿਸਟ੍ਰੀਬਿਊਟਰਾਂ ਪ੍ਰਤੀ ਸਰਕਾਰ ਨੇ ਅੱਖਾਂ ਮੀਟੀਆਂ ਹੋਈਆਂ ਹਨ। 
ਹਸਨ ਵੀ ਇਸ ਨਾਲ ਸਹਿਮਤ ਹਨ। ਬੀਤੇ ਸਾਲ ਉਨ੍ਹਾਂ ਨੇ ਭਾਰਤੀ ਫਿਲਮ ''ਫੈਂਟਮ'' ਦੇ ਜਵਾਬ ਵਿਚ ਫਿਲਮ ਬਣਾਉਣ ਦਾ ਪ੍ਰਸਤਾਵ ਨਾਮਨਜ਼ੂਰ ਕਰ ਦਿੱਤਾ ਸੀ। ''ਫੈਂਟਮ'' ਵਿਚ ਭਾਰਤੀ ਜਾਸੂਸਾਂ ਨੂੰ ਪਾਕਿਸਤਾਨ ਵਿਚ ਦਾਖਲ ਹੋ ਕੇ ਅੱਤਵਾਦੀਆਂ ਨੂੰ ਮਾਰਦੇ ਦਿਖਾਇਆ ਗਿਆ ਸੀ। ਹਸਨ ਕਹਿੰਦੇ ਹਨ ਕਿ ''''ਪਾਕਿਸਤਾਨ ਨੂੰ ਭਾਰਤ ਵਿਰੋਧੀ ਮਾਨਸਿਕਤਾ ''ਚੋਂ ਬਾਹਰ ਨਿਕਲਣ ਦੀ ਲੋੜ ਹੈ।''''
ਹੁਣ ਦੇਖਣ ਵਾਲੀ ਗੱਲ ਸਿਰਫ ਇੰਨੀ ਹੈ ਕਿ ਪਾਕਿਸਤਾਨ ਵਿਚ ਫੌਜ ਦੇ ਪਰਛਾਵੇਂ ਹੇਠ ਉਥੋਂ ਦੇ ਫਿਲਮ ਉਦਯੋਗ ਦੀ ਸਿਰਜਣਾਤਮਕਤਾ ਕਿਸ ਹੱਦ ਤਕ ਕਾਇਮ ਰਹਿੰਦੀ ਹੈ ਜਾਂ ਕਿਸ ਹੱਦ ਤਕ ਪਣਪਦੀ ਹੈ ਕਿਉਂਕਿ ਪਾਕਿਸਤਾਨ ਦੀ ਸੱਤਾ ''ਤੇ ਹਾਵੀ ਫੌਜ ਆਪਣੀਆਂ ਫਿਲਮਾਂ ਵਿਚ ਭਾਰਤ ਵਿਰੋਧੀ ਪ੍ਰਚਾਰ ਤੱਤਾਂ ਨੂੰ ਜ਼ਰੂਰ ਹੀ ਸ਼ਾਮਿਲ ਕਰਨਾ ਚਾਹੇਗੀ, ਜਿਸ ਨਾਲ ਉਥੋਂ ਦੀਆਂ ਫਿਲਮਾਂ ਦੀਆਂ ਸਕ੍ਰਿਪਟਸ ਅਤੇ ਗੁਣਵੱਤਾ ''ਤੇ ਉਲਟ ਪ੍ਰਭਾਵ ਪੈਣਾ ਤੈਅ ਹੈ। 


author

Vijay Kumar Chopra

Chief Editor

Related News