ਪਾਕਿ ’ਚ ਅਜੇ ਵੀ ਫੌਜ ਹੀ ਸਭ ਕੁਝ’ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦਾਅਵਾ
Sunday, Sep 30, 2018 - 06:14 AM (IST)

‘18 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦੇ ਸਮੇਂ ਇਮਰਾਨ ਖਾਨ ਨੇ ‘ਨਵਾਂ ਪਾਕਿਸਤਾਨ’ ਬਣਾਉਣ ਅਤੇ ਦੇਸ਼ ਦੀ ਸ਼ਾਸਨ ਪ੍ਰਣਾਲੀ ’ਚ ਸੁਧਾਰ ਲਿਆਉਣ ਆਦਿ ਦੀਅਾਂ ਗੱਲਾਂ ਕਹੀਅਾਂ ਸਨ ਪਰ ਉਥੋਂ ਦੇ ਸਿਆਸੀ ਆਬਜ਼ਰਵਰਾਂ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ ਇਮਰਾਨ ਨੇ ਪਾਕਿਸਤਾਨ ਦੀ ਫੌਜ ਦੀ ਸਹਾਇਤਾ ਨਾਲ ਚੋਣਾਂ ਜਿੱਤੀਅਾਂ ਹਨ, ਇਸ ਲਈ ਹੋਵੇਗਾ ਉਹੀ, ਜੋ ਉਨ੍ਹਾਂ ਦੇ ਪਿੱਛੇ ਖੜ੍ਹੇ ਲੋਕ (ਕੱਟੜਪੰਥੀ) ਅਤੇ ਪਾਕਿਸਤਾਨ ਦੀ ਫੌਜ ਚਾਹੇਗੀ।
ਆਬਜ਼ਰਵਰਾਂ ਦਾ ਕਹਿਣਾ ਸੱਚ ਸਿੱਧ ਹੋਇਆ। ਇਸ ਦਾ ਪਹਿਲਾ ਸਬੂਤ 7 ਸਤੰਬਰ ਨੂੰ ਮਿਲਿਆ, ਜਦੋਂ ਇਮਰਾਨ ਸਰਕਾਰ ਨੇ ਕੱਟੜਪੰਥੀਅਾਂ ਦੇ ਦਬਾਅ ਹੇਠ ‘ਅਹਿਮਦੀਆ ਭਾਈਚਾਰੇ’ ਨਾਲ ਸਬੰਧਤ ਅਰਥ ਸ਼ਾਸਤਰੀ ‘ਡਾ. ਆਤਿਫ ਮੀਅਾਂ’ ਨੂੰ ਆਰਥਿਕ ਪ੍ਰੀਸ਼ਦ ਦਾ ਸਲਾਹਕਾਰ ਨਾਮਜ਼ਦ ਕਰਨ ਤੋਂ 3 ਦਿਨਾਂ ਬਾਅਦ ਹੀ ਉਨ੍ਹਾਂ ਦੀ ਨਾਮਜ਼ਦਗੀ ਵਾਪਿਸ ਲੈ ਲਈ ਅਤੇ ਦੂਜਾ ਸਬੂਤ ਉਦੋਂ ਮਿਲਿਆ, ਜਦੋਂ 13 ਸਤੰਬਰ ਨੂੰ ਇਮਰਾਨ ਨੇ ਦੇਸ਼ ਦੀ ਤਾਕਤਵਰ ਅਤੇ ਬਦਨਾਮ ਖੁਫੀਆ ਏਜੰਸੀ ‘ਆਈ. ਐੱਸ. ਆਈ.’ ਦੀ ਤਾਰੀਫ ਕਰਦਿਅਾਂ ਉਸ ਨੂੰ ਪਾਕਿਸਤਾਨ ਦੀ ਪਹਿਲੀ ਰੱਖਿਆ ਕਤਾਰ ਦੱਸਿਆ।
ਇਸੇ ਦਰਮਿਆਨ ਪਾਕਿ ਫੌਜ ਨੇ ਕਸ਼ਮੀਰ ’ਚ ਇਕ ਭਾਰਤੀ ਜਵਾਨ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਬੁਰੀ ਤਰ੍ਹਾਂ ਖੇਹ-ਖਰਾਬ ਕਰ ਦਿੱਤੀ ਅਤੇ ਉਸ ਤੋਂ ਕੁਝ ਹੀ ਦਿਨਾਂ ਬਾਅਦ ਪਾਕਿਸਤਾਨ ਤੋਂ ਸ਼ਹਿ ਪ੍ਰਾਪਤ ਅੱਤਵਾਦੀਅਾਂ ਨੇ ਮਸਜਿਦ ’ਚ ਵੜ ਕੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕਰ ਕੇ ਇਕ ਹੋਰ ਭਾਰਤੀ ਜਵਾਨ ਨੂੰ ਸ਼ਹੀਦ ਕਰ ਦਿੱਤਾ। ਪਾਕਿਸਤਾਨ ਤੋਂ ਸ਼ਹਿ ਪ੍ਰਾਪਤ ਅੱਤਵਾਦੀਅਾਂ ਦੇ ਟਿਕਾਣਿਅਾਂ ਤੋਂ ਲਗਾਤਾਰ ਹਥਿਆਰ ਬਰਾਮਦ ਹੋ ਰਹੇ ਹਨ ਅਤੇ ਪੁਲਸ ’ਤੇ ਹਮਲੇ ਹੋ ਰਹੇ ਹਨ।
ਭਾਰਤ ਦੇ ਵਿਦੇਸ਼ ਰਾਜ ਮੰਤਰੀ ਜਨਰਲ ਵੀ. ਕੇ. ਸਿੰਘ ਨੇ ਇਮਰਾਨ ਸਰਕਾਰ ਨੂੰ ਫੌਜ ਦੀ ਕਠਪੁਤਲੀ ਦੱਸਿਆ ਹੈ ਅਤੇ ਇਸ ਦੀ ਪੁਸ਼ਟੀ ਇਸ ਤੱਥ ਤੋਂ ਵੀ ਹੁੰਦੀ ਹੈ ਕਿ ਇਮਰਾਨ ਖਾਨ ਦੇ ਰਾਜ ’ਚ ਵੀ ਪਾਕਿ ਫੌਜ ਵਲੋਂ ਭਾਰਤ ਵਿਰੋਧੀ ਸਰਗਰਮੀਅਾਂ ਪਹਿਲਾਂ ਵਾਂਗ ਹੀ ਜਾਰੀ ਹਨ ਅਤੇ ਇਮਰਾਨ ਖਾਨ ਬੇਵੱਸ ਹਨ।
ਹੁਣ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ‘ਸ਼ਾਹਿਦ ਖਾਕਾਨ ਅੱਬਾਸੀ’ ਨੇ ਦਾਅਵਾ ਕੀਤਾ ਹੈ ਕਿ ‘‘ਪਾਕਿਸਤਾਨ ਦੀ ਫੌਜ ਅਜੇ ਵੀ ਦੇਸ਼ ਦੀ ਸਿਆਸਤ ਅਤੇ ਸਰਕਾਰ ਵਲੋਂ ਫੈਸਲੇ ਲੈਣ ਦੀ ਪ੍ਰਕਿਰਿਆ ’ਚ ਦਖਲ ਦਿੰਦੀ ਹੈ ਤੇ ਸਰਕਾਰ ’ਤੇ ਹਾਵੀ ਹੈ ਅਤੇ ਫੌਜ ਹੀ ਦੇਸ਼ ਦੇ ਸਿਆਸੀ ਮੰਚ ’ਤੇ ਮੁੱਖ ਭੂਮਿਕਾ ਨਿਭਾਅ ਰਹੀ ਹੈ।’’
ਇਸ ਦੇ ਨਾਲ ਹੀ ਅੱਬਾਸੀ ਨੇ ਇਹ ਵੀ ਦਾਅਵਾ ਕੀਤਾ ਕਿ ‘‘ਮੀਡੀਆ ’ਤੇ ਸਰਕਾਰ ਦਾ ਕੰਟਰੋਲ ਹੈ ਅਤੇ ਇਥੋਂ ਤਕ ਕਿ ਅਦਾਲਤਾਂ ਵੀ ਫੌਜ ਦੀ ਦਖਲਅੰਦਾਜ਼ੀ ਦੀ ਸ਼ਿਕਾਇਤ ਕਰ ਰਹੀਅਾਂ ਹਨ।’’ ਅੱਬਾਸੀ ਦਾ ਇਹ ਵੀ ਕਹਿਣਾ ਹੈ ਕਿ ‘‘ਫੌਜ ਕਾਨੂੰਨ ਤੋਂ ਉਪਰ ਹੀ ਨਹੀਂ, ਸਗੋਂ ਪਾਕਿਸਤਾਨ ’ਚ ਫੌਜ ਹੀ ਕਾਨੂੰਨ ਹੈ ਅਤੇ ਅਸੀਂ ਆਪਣੀਅਾਂ ਪਿਛਲੀਅਾਂ ਗਲਤੀਅਾਂ ਤੋਂ ਕੋਈ ਸਬਕ ਨਹੀਂ ਸਿੱਖ ਰਹੇ।’’
‘ਸ਼ਾਹਿਦ ਖਾਕਾਨ ਅੱਬਾਸੀ’ ਦੇ ਬਿਆਨ ਨਾਲ ਇਕ ਵਾਰ ਫਿਰ ਇਸ ਤੱਥ ਦੀ ਪੱਕੀ ਪੁਸ਼ਟੀ ਹੋ ਗਈ ਹੈ ਕਿ ਪਾਕਿਸਤਾਨ ’ਚ ਅਜੇ ਵੀ ਫੌਜ ਹੀ ਸਰਵੇ-ਸਰਵਾ ਹੈ ਅਤੇ ਜਦੋਂ ਤਕ ਪਾਕਿਸਤਾਨ ’ਚ ਫੌਜ ਦਾ ਗਲਬਾ ਰਹੇਗਾ, ਉਦੋਂ ਤਕ ਇਸ ਖੇਤਰ ’ਚ ਸ਼ਾਂਤੀ ਦੀ ਉਮੀਦ ਕਰਨਾ ਫਜ਼ੂਲ ਹੀ ਹੋਵੇਗਾ।
–ਵਿਜੇ ਕੁਮਾਰ