ਤਬਾਹੀ ਦੇ ਨਵੇਂ-ਨਵੇਂ ਤਰੀਕੇ ਅਪਣਾ ਪਾਕਿ ਹੁਣ ਭੇਜਣ ਲੱਗਾ ‘ਪਰਫਿਊਮ ਬੰਬ’

07/06/2023 3:39:11 AM

ਜੰਮੂ-ਕਸ਼ਮੀਰ ’ਚ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅੱਤਵਾਦੀਆਂ ਨੇ ਹਿੰਸਾ ਅਤੇ ਖੂਨ-ਖਰਾਬਾ ਜਾਰੀ ਰੱਖਿਆ ਹੋਇਆ ਹੈ ਅਤੇ ਤਬਾਹੀ ਮਚਾਉਣ ਲਈ ਪਾਕਿਸਤਾਨ ਲਗਾਤਾਰ ਧਮਾਕਾਖੇਜ਼ ਭੇਜ ਰਿਹਾ ਹੈ।

1 ਜੁਲਾਈ ਨੂੰ ਜੰਮੂ-ਕਸ਼ਮੀਰ ਪੁਲਸ ਨੇ ਸ਼੍ਰੀਨਗਰ ਦੇ ਬਟਮਾਲੂ ਬੱਸ ਸਟੈਂਡ ਤੋਂ ‘ਲਸ਼ਕਰ-ਏ-ਤੋਇਬਾ’ ਦੇ ਨਾਸਿਰ ਅਹਿਮਦ ਇੱਤੂ ਨਾਂ ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 4 ਪਰਫਿਊਮ ਬੋਤਲ ਬੰਬ ਬਰਾਮਦ ਕੀਤੇ।

ਇਸ ਤੋਂ ਪਹਿਲਾਂ ਇਸੇ ਸਾਲ 21 ਜਨਵਰੀ ਨੂੰ ਪੁਲਸ ਨੇ ‘ਨਰਵਾਲ’ ’ਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਆਰਿਫ ਸ਼ੇਖ ਨੂੰ ਪਹਿਲੀ ਵਾਰ ਦੇਸ਼ ’ਚ ‘ਸਪ੍ਰੇਅ ਪਰਫਿਊਮ ਕੈਨ’ ਦੇ ਰੂਪ ’ਚ ਜ਼ਿੰਦਾ ‘ਪਰਫਿਊਮ ਬੰਬ’ ਨਾਲ ਗ੍ਰਿਫਤਾਰ ਕੀਤਾ ਸੀ।

ਆਰਿਫ ਨੇ ਪੁੱਛਗਿੱਛ ਦੌਰਾਨ ਸਵੀਕਾਰ ਕੀਤਾ ਸੀ ਕਿ ਹੁਣ ਪਾਕਿਸਤਾਨ ’ਚ ਬੈਠੇ ਅੱਤਵਾਦੀਆਂ ਦੇ ਸਰਗਣਿਆਂ ਨੇ ਹੋਰ ਹਥਿਆਰਾਂ ਤੋਂ ਇਲਾਵਾ ਡਰੋਨ ਨਾਲ ‘ਪਰਫਿਊਮ ਬੰਬ’ ਭੇਜਣੇ ਵੀ ਸ਼ੁਰੂ ਕਰ ਦਿੱਤੇ ਹਨ।

ਤਦ ਪੁਲਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਕਿਹਾ ਸੀ ਕਿ ‘‘ਜੰਮੂ-ਕਸ਼ਮੀਰ ’ਚ ਅੱਤਵਾਦੀ ਸਟਿਕੀ ਬੰਬਾਂ ਅਤੇ ਟਾਈਮਰ ਲੱਗੇ ਆਈ. ਈ. ਡੀ. ਦੇ ਰੂਪ ’ਚ ਹੀ ਧਮਾਕਾਖੇਜ਼ਾਂ ਦੀ ਵਰਤੋਂ ਕਰਦੇ ਆਏ ਹਨ ਪਰ ਪਰਫਿਊਮ ਦੀ ਬੋਤਲ ’ਚ ਧਮਾਕਾਖੇਜ਼ ਫੜੇ ਜਾਣ ਦਾ ਇਹ ਪਹਿਲਾ ਮੌਕਾ ਹੈ।’’

ਇਹ ‘ਪਰਫਿਊਮ ਬੰਬ’ ਦੇਖਣ ’ਚ ਤਾਂ ਆਮ ਵਰਗੀ ਪਰਫਿਊਮ ਬੋਤਲ, ਡੀਓ ਜਾਂ ਰੂਮ ਫ੍ਰੈਸ਼ਨਰ ਵਰਗਾ ਦਿਖਾਈ ਦਿੰਦਾ ਹੈ ਪਰ ਇਸ ਨੂੰ ਪਰਫਿਊਮ ਸਮਝ ਕੇ ਸਪ੍ਰੇਅ ਕਰਨ ਲਈ ਇਸ ਦੀ ‘ਨੋਜ਼ਲ’ ਦਬਾਉਣ ’ਤੇ ਧਮਾਕਾ ਹੋ ਜਾਂਦਾ ਹੈ।

ਪਾਕਿਸਤਾਨ ਦੇ ਇਸ਼ਾਰੇ ’ਤੇ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਲੋਕ ਭਾਰਤ ਦਾ ਅੰਨ ਖਾ ਕੇ ਆਪਣੇ ਹੀ ਦੇਸ਼ ਨਾਲ ਗੱਦਾਰੀ ਕਰ ਰਹੇ ਹੋਣਗੇ। ਇਸ ਲਈ ਅਜਿਹੇ ਲੋਕਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਜ਼ਰੂਰੀ ਹੈ।

ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੂੰ ਵੀ ਹੋਰ ਜ਼ਿਆਦਾ ਚੌਕਸੀ ਵਰਤਣ ਦੀ ਲੋੜ ਹੈ ਕਿਉਂਕਿ ਭਾਰਤ ’ਚ ਤਬਾਹੀ ਮਚਾਉਣ ਲਈ ਨਵੇਂ-ਨਵੇਂ ਤਰੀਕੇ ਖੋਜ ਰਿਹਾ ਪਾਕਿਸਤਾਨ ਭਵਿੱਖ ’ਚ ਪਤਾ ਨਹੀਂ ਹੋਰ ਕਿਹੋ ਜਿਹੇ ਹੱਥਕੰਡੇ ਅਪਣਾਏਗਾ!

-ਵਿਜੇ ਕੁਮਾਰ


Mukesh

Content Editor

Related News