ਹੁਣ ਪਾਕਿਸਤਾਨ ਨੇ ਫਿਰ ਕੀਤਾ ਇਕ ਭਾਰਤੀ ਜਵਾਨ ਦੀ ਲਾਸ਼ ਨੂੰ ਖੇਹ-ਖਰਾਬ
Friday, Sep 21, 2018 - 06:31 AM (IST)

ਪਾਕਿਸਤਾਨ ਦੀ ਫੌਜ ਲਗਭਗ 2 ਦਹਾਕਿਅਾਂ ਤੋਂ ਸਾਰੇ ਕੌਮਾਂਤਰੀ ਕਾਇਦੇ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਸਾਡੇ ਜਵਾਨਾਂ ਨਾਲ ਅਣਮਨੁੱਖੀ ਸਲੂਕ ਕਰਦੀ ਆ ਰਹੀ ਹੈ। ਇਸ ਦੀ ਸਪੈਸ਼ਲ ਫੋਰਸ ਦੇ ਮੈਂਬਰਾਂ ਨਾਲ ਆਧੁਨਿਕ ਹਥਿਆਰਾਂ ਨਾਲ ਲੈਸ ‘ਬੈਟ’ (ਬਾਰਡਰ ਐਕਸ਼ਨ ਟੀਮ) ਦੀ ਟੁਕੜੀ ’ਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕਮਾਂਡੋ, ਪਾਕਿਸਤਾਨੀ ਫੌਜ, ਅੱਤਵਾਦੀ ਸੰਗਠਨਾਂ ਹਿਜ਼ਬੁਲ ਮੁਜਾਹਿਦੀਨ, ਜੈਸ਼-ਏ-ਮੁਹੰਮਦ ਅਤੇ ਲਸ਼ਕਰ ਆਦਿ ਦੇ ਅੱਤਵਾਦੀ ਵੀ ਸ਼ਾਮਿਲ ਹੁੰਦੇ ਹਨ।
ਸਭ ਤੋਂ ਪਹਿਲਾਂ ਪਾਕਿ ਫੌਜ ਨੇ 1999 ’ਚ ਕਾਰਗਿਲ ਜੰਗ ਦੌਰਾਨ ਦੁਸ਼ਮਣ ਦੇ ਇਲਾਕੇ ’ਚ ਭਟਕ ਕੇ ਪਹੁੰਚੇ ਕੈਪਟਨ ਸੌਰਭ ਕਾਲੀਆ ਅਤੇ 5 ਸਿਪਾਹੀਅਾਂ ਨੂੰ 20 ਤੋਂ 22 ਦਿਨਾਂ ਤਕ ਅਣਮਨੁੱਖੀ ਤਸੀਹੇ ਦੇਣ ਅਤੇ ਉਨ੍ਹਾਂ ਦੇ ਸਰੀਰ ਬੁਰੀ ਤਰ੍ਹਾਂ ਖੇਹ-ਖਰਾਬ ਕਰਨ ਤੋਂ ਬਾਅਦ 6 ਅਤੇ 7 ਜੂਨ 1999 ਦੇ ਦਰਮਿਆਨ ਸ਼ਹੀਦ ਕਰਨ ਮਗਰੋਂ ਉਨ੍ਹਾਂ ਦੀਅਾਂ ਲਾਸ਼ਾਂ ਭਾਰਤ ਨੂੰ ਸੌਂਪੀਅਾਂ ਸਨ। ਉਸ ਤੋਂ ਬਾਅਦ ਤਾਂ ਇਹ ਘਿਨਾਉਣਾ ਸਿਲਸਿਲਾ ਚੱਲ ਪਿਆ।
ਸੰਨ 2000 ’ਚ ਰਾਜੌਰੀ ਦੇ ਨੌਸ਼ਹਿਰਾ ’ਚ ਬੀ. ਐੱਮ. ਤੇਲਕਰ ਨਾਮੀ ਜਵਾਨ ਦੀ ਲਾਸ਼ ਨੂੰ ਖੇਹ-ਖਰਾਬ ਕੀਤਾ ਗਿਆ ਤੇ ਫਿਰ ਜੂਨ 2008 ’ਚ ਗੋਰਖਾ ਰਾਈਫਲਜ਼ ਦੇ ਇਕ ਜਵਾਨ ਦੀ ਲਾਸ਼ ਖੇਹ-ਖਰਾਬ ਕੀਤੀ ਗਈ।
ਉਸ ਤੋਂ ਬਾਅਦ 8 ਜਨਵਰੀ 2013 ਨੂੰ ਮੇਂਢਰ ’ਚ ‘ਬੈਟ’ ਦੇ ਮੈਂਬਰਾਂ ਨੇ ਲਾਂਸ ਨਾਇਕ ਹੇਮਰਾਜ ਦੀ ਹੱਤਿਆ ਕਰ ਕੇ ਉਸ ਦਾ ਸਿਰ ਵੱਢ ਦਿੱਤਾ ਤੇ ਲਾਸ਼ ਨੂੰ ਖੇਹ-ਖਰਾਬ ਕੀਤਾ। ਉਨ੍ਹਾਂ ਨੇ ਇਕ ਹੋਰ ਲਾਂਸ ਨਾਇਕ ਸੂਬੇਦਾਰ ਸਿੰਘ ਦੀ ਵੀ ਇਸੇ ਤਰ੍ਹਾਂ ਹੱਤਿਆ ਕੀਤੀ।
ਅਕਤੂਬਰ 2016 ਨੂੰ ਕੁੱਪਵਾੜਾ ’ਚ ਅਤੇ ਨਵੰਬਰ 2016 ਨੂੰ ਵੀ ਪਾਕਿਸਤਾਨੀ ਫੌਜ ਵਲੋਂ ਮਾਛਿਲ ਸੈਕਟਰ ’ਚ ਸਾਡੇ ਇਕ ਜਵਾਨ ਨਾਲ ਵਹਿਸ਼ੀਪੁਣਾ ਕੀਤਾ ਗਿਆ।
ਅਤੇ ਹੁਣ 18 ਸਤੰਬਰ ਨੂੰ ਪਾਕਿਸਤਾਨੀ ਰੇਂਜਰ ਅਤੇ ‘ਬੈਟ’ ਦੇ ਮੈਂਬਰ ਜੰਮੂ-ਕਸ਼ਮੀਰ ਦੇ ਰਾਮਗੜ੍ਹ ਖੇਤਰ ’ਚ ਸਰਹੱਦ ’ਤੇ ਸਰਕੰਡੇ ਆਦਿ ਦੀ ਸਫਾਈ ਦੌਰਾਨ ਗੋਲੀਬਾਰੀ ’ਚ ਜ਼ਖ਼ਮੀ ਕਰ ਕੇ ਬੀ. ਐੱਸ. ਐੱਫ. ਦੇ ਜਵਾਨ ਨਰਿੰਦਰ ਕੁਮਾਰ ਨੂੰ ਆਪਣੇ ਇਲਾਕੇ ’ਚ ਲੈ ਗਏ, ਜਿਸ ਦੀ ਖੇਹ-ਖਰਾਬ ਲਾਸ਼ ਦੇਰ ਸ਼ਾਮ ਨੂੰ ਬਰਾਮਦ ਕੀਤੀ ਗਈ। ਘੰਟਿਅਾਂ ਤਕ ਦਿੱਤੇ ਗਏ ਤਸੀਹਿਅਾਂ ਦੇ ਨਿਸ਼ਾਨ ਵੀ ਜਵਾਨ ਦੇ ਸਰੀਰ ’ਤੇ ਸਾਫ ਦਿਖਾਈ ਦੇ ਰਹੇ ਸਨ।
ਸ਼ਹੀਦ ਜਵਾਨ ਦੇ ਸਰੀਰ ’ਤੇ 3 ਗੋਲੀਅਾਂ ਦੇ ਨਿਸ਼ਾਨ ਮਿਲੇ। ਲਾਸ਼ ਨੂੰ ਦੇਖਣ ’ਤੇ ਇਹ ਸਪੱਸ਼ਟ ਲੱਗਦਾ ਸੀ ਕਿ ਗਲਾ ਵੱਢਣ ਤੋਂ ਪਹਿਲਾਂ ਉਸ ਦੀ ਅੱਖ ’ਚ ਗੋਲੀ ਮਾਰੀ ਗਈ। ਕਰੰਟ ਲਾਉਣ ਜਾਂ ਉਬਲਦਾ ਪਾਣੀ ਪਾਉਣ ਦੇ ਸਿੱਟੇ ਵਜੋਂ ਜਵਾਨ ਦੇ ਪੇਟ ਅਤੇ ਛਾਤੀ ਦੀ ਚਮੜੀ ਤਕ ਸੜ ਗਈ ਸੀ। ਉਸ ਦੇ ਗੁੱਟ ਅਤੇ ਬਾਂਹ ਦੇ ਉਪਰਲੇ ਹਿੱਸਿਅਾਂ ’ਤੇ ਰੱਸੀ ਨਾਲ ਬੰਨ੍ਹਣ ਦੇ ਨਿਸ਼ਾਨ ਵੀ ਮਿਲੇ ਅਤੇ ਉਸ ਦੀ ਇਕ ਲੱਤ ਵੀ ਵੱਢ ਦਿੱਤੀ ਗਈ।
ਪਾਕਿਸਤਾਨੀ ਰੇਂਜਰਾਂ ਦੀ ਭਾਰਤ ਵਿਰੋਧੀ ਭਾਵਨਾ ਅਤੇ ਬਦਨੀਅਤੀ ਦਾ ਪਤਾ ਇਸੇ ਤੋਂ ਲੱਗਦਾ ਹੈ ਕਿ ਭਾਰਤ ਵਲੋਂ ਲਾਪਤਾ ਜਵਾਨ ਦੀ ਭਾਲ ਲਈ ਕੀਤੀ ਜਾਣ ਵਾਲੀ ਗੁਜ਼ਾਰਿਸ਼ ਦਾ ਉਨ੍ਹਾਂ ਨੇ 6 ਘੰਟਿਅਾਂ ਤਕ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਬੀ. ਐੱਸ. ਐੱਫ. ਦੇ ਅਧਿਕਾਰੀਅਾਂ ਨੇ ਸੂਰਜ ਡੁੱਬਣ ਦੀ ਉਡੀਕ ਕੀਤੀ ਅਤੇ ਭਾਰੀ ਜੋਖ਼ਮ ਉਠਾਉਂਦਿਅਾਂ ਜਵਾਨ ਦੀ ਲਾਸ਼ ਚੌਕੀ ’ਤੇ ਲੈ ਕੇ ਆਏ।
ਇਸ ਹਮਲੇ ਤੋਂ ਬਾਅਦ 192 ਕਿਲੋਮੀਟਰ ਲੰਮੀ ਭਾਰਤ-ਪਾਕਿ ਸਰਹੱਦ ਅਤੇ 740 ਕਿਲੋਮੀਟਰ ਲੰਮੀ ਕੰਟਰੋਲ ਲਾਈਨ ’ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਦੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ’ਤੇ ਇਸ ਖੇਤਰ ’ਚ ਠੰਡੀ ਜੰਗ ਵਰਗੀ ਸਥਿਤੀ ਖਤਮ ਹੋਣ ਦੀ ਆਸ ਬੱਝੀ ਸੀ, ਜੋ ਪੂਰੀ ਹੁੰਦੀ ਦਿਖਾਈ ਨਹੀਂ ਦਿੰਦੀ।
ਇਸ ਦਾ ਸੰਕੇਤ ਤਾਂ 13 ਸਤੰਬਰ ਨੂੰ ਹੀ ਮਿਲ ਗਿਆ ਸੀ, ਜਦੋਂ ਇਮਰਾਨ ਖਾਨ ਨੇ ਦੇਸ਼ ਦੀ ਤਾਕਤਵਰ ਅਤੇ ਬਦਨਾਮ ਖੁਫੀਆ ਏਜੰਸੀ ਆਈ. ਐੱਸ. ਆਈ. ਅੱਗੇ ਗੋਡੇ ਟੇਕਦਿਅਾਂ ਇਸ ਨੂੰ ‘ਪਾਕਿਸਤਾਨ ਦੀ ਪਹਿਲੀ ਰੱਖਿਆ ਕਤਾਰ’ ਦੱਸ ਦਿੱਤਾ ਸੀ।
ਸਪੱਸ਼ਟ ਹੈ ਕਿ ਇਮਰਾਨ ਖਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਵੀ ਪਾਕਿਸਤਾਨ ਦੀ ਫੌਜ ਨੇ ਆਪਣੇ ਤੌਰ-ਤਰੀਕੇ ਨਹੀਂ ਬਦਲੇ ਹਨ ਅਤੇ ਪਹਿਲਾਂ ਵਾਲੇ ਰਾਹ ’ਤੇ ਹੀ ਚੱਲ ਰਹੀ ਹੈ। ਲਿਹਾਜ਼ਾ ਭਾਰਤ-ਪਾਕਿ ਸਬੰਧਾਂ ’ਚ ਉਦੋਂ ਤਕ ਸੁਧਾਰ ਆਉਣ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ, ਜਦੋਂ ਤਕ ਪਾਕਿਸਤਾਨ ਸਰਕਾਰ ਆਪਣੀ ਫੌਜ ਤੇ ਅੱਤਵਾਦੀ ਸੰਗਠਨਾਂ ’ਤੇ ਫੌਲਾਦੀ ਹੱਥਾਂ ਨਾਲ ਰੋਕ ਨਹੀਂ ਲਾਏਗੀ।
–ਵਿਜੇ ਕੁਮਾਰ