ਪਾਕਿਸਤਾਨ ਦੀ ਇਸਲਾਮੀਆ ਯੂਨੀਵਰਸਿਟੀ ਬਣੀ ਸੈਕਸ ਸਰਗਰਮੀਆਂ ਅਤੇ ਨਸ਼ਿਆਂ ਦਾ ਅੱਡਾ
Wednesday, Jul 26, 2023 - 03:50 AM (IST)

ਪਾਕਿਸਤਾਨ ਦੇ ਨੌਜਵਾਨਾਂ ਨੂੰ ਵਧੀਆ ਸਿੱਖਿਆ ਦੇਣ ਦੇ ਮਕਸਦ ਨਾਲ ਬਹਾਵਲਪੁਰ ’ਚ 1925 ’ਚ ਸਥਾਪਿਤ ‘ਇਸਲਾਮੀਆ ਯੂਨੀਵਰਸਿਟੀ’ ’ਚ ਵੱਖ-ਵੱਖ ਵਿਸ਼ਿਆਂ ਦੇ 126 ਵਿਭਾਗ ਹਨ ਪਰ ਅੱਜ ਇਹ ਯੂਨੀਵਰਸਿਟੀ ਪੜ੍ਹਾਈ ਦੀ ਬਜਾਏ ਨਸ਼ਿਆਂ ਅਤੇ ਸੈਕਸ ਦਾ ਅੱਡਾ ਬਣਦੀ ਜਾ ਰਹੀ ਹੈ। ਇੱਥੇ ਹਾਲ ਹੀ ’ਚ ਮਾਰੇ ਗਏ ਛਾਪਿਆਂ ਦੌਰਾਨ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਅਤੇ ਅਸ਼ਲੀਲ ਵੀਡੀਓਜ਼ ਬਰਾਮਦ ਹੋਈਆਂ।
ਇਸ ਮਾਮਲੇ ਦੀ ਜਾਂਚ ਲਈ ਗਠਿਤ 5 ਮੈਂਬਰੀ ਕਮੇਟੀ ਅਤੇ ਪੰਜਾਬ ਪੁਲਸ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਇੱਥੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦਾ ਹੀ ਇਕ ਗਿਰੋਹ ਵਿਦਿਆਰਥੀ-ਵਿਦਿਆਰਥਣਾਂ ਨੂੰ ਨਸ਼ਾ ਵੇਚ ਰਿਹਾ ਸੀ।
ਇਸ ਸਿਲਸਿਲੇ ’ਚ ਅਜੇ ਤੱਕ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ’ਚ ਯੂਨੀਵਰਸਿਟੀ ਦਾ ਮੁੱਖ ਸੁਰੱਖਿਆ ਅਧਿਕਾਰੀ ਏਜ਼ਾਜ਼ ਸ਼ਾਹ ਵੀ ਸ਼ਾਮਲ ਹੈ, ਜਿਸ ਦੇ ਮੋਬਾਈਲ ਫੋਨ ਤੋਂ 5500 ਅਸ਼ਲੀਲ ਵੀਡੀਓਜ਼ ਬਰਾਮਦ ਹੋਈਆਂ ਹਨ।
ਇਸ ਦੇ ਇਲਾਵਾ ਇਕ ਪ੍ਰੋਫੈਸਰ ਦੇ ਕਬਜ਼ੇ ’ਚੋਂ ਹੈਰੋਇਨ ਅਤੇ ਇਕ ਹੋਰ ਪ੍ਰੋਫੈਸਰ ਕੋਲੋਂ 8 ਗ੍ਰਾਮ ‘ਆਈਸ’ ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ ਯੂਨੀਵਰਸਿਟੀ ’ਚ 113 ਵਿਦਿਆਰਥੀਆਂ ਦੇ ਨਸ਼ਾ ਕਰਨ ਦਾ ਪਤਾ ਲੱਗਾ ਹੈ ਅਤੇ ਇਹ ਮਾਮਲਾ 2021 ਤੋਂ ਜਾਰੀ ਸੀ।
ਇਹ ਵੀ ਚਰਚਾ ਹੈ ਕਿ ਪਾਕਿਸਤਾਨ ਸਰਕਾਰ ਨੇ ਇਸ ਮਾਮਲੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ ਪਰ ਇਹ ਸਕੈਂਡਲ ਜਨਤਕ ਹੋ ਹੀ ਗਿਆ ਅਤੇ ਅਜੇ ਹੋਰ ਵੀ ਭੇਦ ਖੁੱਲ੍ਹਣ ਦੀ ਸੰਭਾਵਨਾ ਹੈ। ਦੱਸਿਆ ਜਾਂਦਾ ਹੈ ਕਿ ਇਸ ਸਕੈਂਡਲ ’ਚ ਇਕ ਮੰਤਰੀ ਦੇ ਬੇਟੇ ਦੇ ਵੀ ਸ਼ਾਮਲ ਪਾਏ ਜਾਣ ਦੇ ਸਬੂਤ ਵੀ ਮਿਲੇ ਹਨ।
ਵਰਨਣਯੋਗ ਹੈ ਕਿ ਇਕ ਪਾਸੇ ਜਿਥੇ ਪਾਕਿਸਤਾਨ ਭਾਰਤ ’ਚ ਨਸ਼ੇ ਭੇਜ ਕੇ ਇੱਥੋਂ ਦੇ ਨੌਜਵਾਨਾਂ ਦੀ ਸਿਹਤ ਤਬਾਹ ਕਰ ਰਿਹਾ ਹੈ ਤਾਂ ਦੂਜੇ ਪਾਸੇ ਹੁਣ ਪਾਕਿਸਤਾਨ ਦੇ ਨਸ਼ੇ ਦੇ ਵਪਾਰੀਆਂ ਨੇ ਆਪਣੀਆਂ ਸਿੱਖਿਆ ਸੰਸਥਾਵਾਂ ’ਚ ਨਸ਼ਾ ਪਹੁੰਚਾ ਕੇ ਆਪਣੇ ਨੌਜਵਾਨਾਂ ਦੀ ਸਿਹਤ ਨੂੰ ਵੀ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਸਪੱਸ਼ਟ ਹੈ ਕਿ ਜੋ ਜਿਵੇਂ ਕਰਦਾ ਹੈ, ਉਸ ਨੂੰ ਉਵੇਂ ਭੁਗਤਣਾ ਹੀ ਪੈਂਦਾ ਹੈ।
-ਵਿਜੇ ਕੁਮਾਰ