ਮੂੰਹਫੱਟ ਨੇਤਾ ਆਪਣੇ ਬੇਤੁਕੇ ਬਿਆਨਾਂ ਨਾਲ ਦੇਸ਼ ’ਚ ਕੁੜੱਤਣ ਰਹੇ ਫੈਲਾਅ

Friday, Nov 12, 2021 - 03:41 AM (IST)

ਮੂੰਹਫੱਟ ਨੇਤਾ ਆਪਣੇ ਬੇਤੁਕੇ ਬਿਆਨਾਂ ਨਾਲ ਦੇਸ਼ ’ਚ ਕੁੜੱਤਣ ਰਹੇ ਫੈਲਾਅ

ਅਸੀਂ ਸਮੇਂ-ਸਮੇਂ ’ਤੇ ਲਿਖਦੇ ਰਹਿੰਦੇ ਹਾਂ ਕਿ ਨੇਤਾਵਾਂ ਨੂੰ ਹਰ ਬਿਆਨ ਸੋਚ-ਸਮਝ ਕੇ ਹੀ ਦੇਣਾ ਚਾਹੀਦਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਕ ਤੋਂ ਵੱਧ ਵਾਰ ਆਪਣੀ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਇਹ ਸਲਾਹ ਦੇ ਚੁੱਕੇ ਹਨ ਤਾਂ ਕਿ ਬੇਲੋੜੇ ਵਿਵਾਦ ਪੈਦਾ ਨਾ ਹੋਣ ਪਰ ਕਿਸੇ ’ਤੇ ਵੀ ਇਸ ਦਾ ਕੋਈ ਅਸਰ ਨਹੀਂ ਹੋਇਆ ਅਤੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਬਿਨਾਂ ਸੋਚੇ-ਸਮਝੇ ਬਿਆਨ ਦੇ ਕੇ ਵਾਤਾਵਰਣ ’ਚ ਕੁੜੱਤਣ ਫੈਲਾਉਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ।

* 30 ਅਕਤੂਬਰ ਨੂੰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ (ਕਾਂਗਰਸ) ਨੇ ਗੋਰਖਪੁਰ ’ਚ ਆਪਣੀ ਪਾਰਟੀ ਦੀ ‘ਪ੍ਰਤਿੱਗਿਆ ਰੈਲੀ’ ’ਚ ਬੋਲਦੇ ਹੋਏ ਕਿਹਾ, ‘‘ਗਰੀਬਾਂ ਦੇ ਮਕਾਨਾਂ ’ਤੇ ਬੁਲਡੋਜ਼ਰ ਚਲਾਉਣ ਵਾਲੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ (ਭਾਜਪਾ) ਨੂੰ ਯੋਗੀ ਅਾਦਿੱਤਿਆਨਾਥ ਕਹੀਏ ਜਾਂ ਬੁਲਡੋਜ਼ਰ ਨਾਥ?’’

* 30 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਆਨੰਦ ਸਵਰੂਪ ਸ਼ੁਕਲਾ (ਭਾਜਪਾ) ਨੇ ਕਿਹਾ, ‘‘ਸਪਾ ਸੁਪਰੀਮੋ ਅਖਿਲੇਸ਼ ਯਾਦਵ ਮੁਸਲਮਾਨਾਂ ਦੀਆਂ ਵੋਟਾਂ ਹਾਸਲ ਕਰਨ ਲਈ ਆਪਣਾ ਧਰਮ ਬਦਲ ਕੇ ਇਸਲਾਮ ਵੀ ਕਬੂਲ ਕਰ ਸਕਦੇ ਹਨ। ਉਨ੍ਹਾਂ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਸਰਪ੍ਰਸਤੀ ਹਾਸਲ ਹੈ ਅਤੇ ਉਸ ਤੋਂ ਵਿੱਤੀ ਸਹਾਇਤਾ ਵੀ ਮਿਲ ਰਹੀ ਹੈ।’’

* 6 ਨਵੰਬਰ ਨੂੰ ਰੋਹਤਕ ਤੋਂ ਸੰਸਦ ਮੈਂਬਰ ਡਾ. ਅਰਵਿੰਦ ਸ਼ਰਮਾ (ਭਾਜਪਾ) ਨੇ ਚਿਤਾਵਨੀ ਦਿੱਤੀ, ‘‘ਮਨੀਸ਼ ਗਰੋਵਰ (ਭਾਜਪਾ) ਵੱਲ ਉੱਠਣ ਵਾਲੇ ਹੱਥਾਂ ਨੂੰ ਵੱਢ ਦਿੱਤਾ ਜਾਵੇਗਾ ਅਤੇ ਜੇਕਰ ਉਨ੍ਹਾਂ ਵੱਲ ਅੱਖ ਚੁੱਕ ਕੇ ਦੇਖਿਆ ਤਾਂ ਅੱਖਾਂ ਕੱਢ ਲਈਆਂ ਜਾਣਗੀਆਂ।’’

ਡਾ. ਅਰਵਿੰਦ ਸ਼ਰਮਾ ਨੇ ਇਹ ‘ਧਮਕੀ’ 5 ਨਵੰਬਰ ਨੂੰ ਰੋਹਤਕ ਦੇ ਪਿੰਡ ਕਿਲੋਈ ਦੇ ਮੰਦਰ ਦੇ ਵਿਹੜੇ ’ਚ ਕਿਸਾਨਾਂ ਵੱਲੋਂ ਸਾਬਕਾ ਮੰਤਰੀ ਮਨੀਸ਼ ਗਰੋਵਰ ਸਮੇਤ ਹੋਰ ਭਾਜਪਾ ਨੇਤਾਵਾਂ ਨੂੰ 8 ਘੰਟੇ ਬੰਧਕ ਬਣਾ ਕੇ ਰੱਖਣ ਦੇ ਸੰਦਰਭ ’ਚ ਦਿੱਤੀ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਮੰਦਰ ਵਿਹੜੇ ’ਚ ਹੁੱਲੜਬਾਜ਼ੀ ਕਰਨ ਵਾਲੇ ਕਾਂਗਰਸ ਪਾਰਟੀ ਦੇ ਲੋਕ ਸਨ।

ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਦੇ ਉਕਤ ਬਿਆਨ ’ਤੇ ਟਿੱਪਣੀ ਕਰਦੇ ਹੋਏ ਕਿਹਾ, ‘‘ਭਾਜਪਾ ਨੇਤਾਵਾਂ ਦੀ ਭਾਸ਼ਾ ਸੁਣ ਕੇ ਲੱਗਦਾ ਹੈ ਕਿ ਕਿਤੇ ਇਨ੍ਹਾਂ ਦਾ ਤਾਲਿਬਾਨ ਨਾਲ ਸਬੰਧ ਤਾਂ ਨਹੀਂ ਹੈ!’’

* 7 ਨਵੰਬਰ ਨੂੰ ਮੱਧ ਪ੍ਰਦੇਸ਼ ਭਾਜਪਾ ਦੇ ਸੂਬਾ ਇੰਚਾ. ਪੀ. ਮੁਰਲੀਧਰ ਰਾਓ ਨੇ ਕਿਹਾ, ‘‘ਸਾਡੀ ਇਕ ਜੇਬ ’ਚ ਬ੍ਰਾਹਮਣ ਅਤੇ ਦੂਜੀ ਜੇਬ ’ਚ ਬਾਣੀਏ ਹਨ।’’ ਬਾਅਦ ’ਚ ਸਫਾਈ ਦਿੰਦੇ ਹੋਏ ਉਹ ਬੋਲੇ, ‘‘ਜਦੋਂ ਭਾਜਪਾ ’ਚ ਬ੍ਰਾਹਮਣ ਨੇਤਾ ਸਨ ਉਦੋਂ ਮੀਡੀਆ ਇਸ ਨੂੰ ਬ੍ਰਾਹਮਣਾਂ ਦੀ ਪਾਰਟੀ ਕਹਿੰਦਾ ਸੀ ਅਤੇ ਜਦ ਬਾਣੀਆਂ ਨੇਤਾ ਸ਼ਾਮਲ ਹੋਏ ਤਾਂ ਬਾਣੀਆਂ ਦੀ ਪਾਰਟੀ ਕਹੀ ਜਾਣ ਲੱਗੀ, ਪਰ ਅਸੀਂ ਰੂਪ ਨਹੀਂ ਬਦਲਿਆ।’’

* 9 ਨਵੰਬਰ ਨੂੰ ਉੱਤਰ ਪ੍ਰਦੇਸ਼ ’ਚ ਭਾਜਪਾ ਦੀ ਸਹਿਯੋਗੀ ‘ਨਿਸ਼ਾਦ’ ਪਾਰਟੀ ਦੇ ਪ੍ਰਧਾਨ ਡਾ. ਸੰਜੇ ਨਿਸ਼ਾਦ ਨੇ ਘੋਰ ਇਤਰਾਜ਼ਯੋਗ ਬਿਆਨ ਦਿੰਦੇ ਹੋਏ ਕਿਹਾ, ‘‘ਭਗਵਾਨ ਰਾਮ ਅਯੁੱਧਿਆ ਦੇ ਰਾਜਾ ਦਸ਼ਰਥ ਦੇ ਪੁੱਤਰ ਨਹੀਂ ਸਨ ਸਗੋਂ ਉਹ ਪੁਤ੍ਰੇਸ਼ਟੀ ਯੱਗ ਕਰਵਾਉਣ ਵਾਲੇ ਸ਼੍ਰਿੰਗੀ ਰਿਸ਼ੀ ਦੇ ਪੁੱਤਰ ਸਨ। ਉਨ੍ਹਾਂ ਨੂੰ ਰਾਜਾ ਦਸ਼ਰਥ ਦਾ ਅਖੌਤੀ ਪੁੱਤਰ ਕਿਹਾ ਜਾ ਸਕਦਾ ਹੈ ਪਰ ਉਹ ਅਸਲੀ ਬੇਟੇ ਨਹੀਂ ਸਨ।’’

ਸੰਜੇ ਨਿਸ਼ਾਦ ਨੇ ਅੱਗੇ ਕਿਹਾ, ‘‘ਰਾਜਾ ਦਸ਼ਰਥ ਨੂੰ ਜਦ ਕੋਈ ਔਲਾਦ ਨਹੀਂ ਹੋ ਰਹੀ ਸੀ ਤਦ ਉਨ੍ਹਾਂ ਨੇ ਸ਼੍ਰਿੰਗੀ ਰਿਸ਼ੀ ਤੋਂ ਯੱਗ ਕਰਵਾਇਆ ਸੀ। ਇਹ ਯੱਗ ਸਿਰਫ ਕਹਿਣ ਲਈ ਸੀ। ਕਿਹਾ ਜਾਂਦਾ ਹੈ ਕਿ ਸ਼੍ਰਿੰਗੀ ਰਿਸ਼ੀ ਵੱਲੋਂ ਦਿੱਤੀ ਗਈ ਖੀਰ ਖਾਣ ਨਾਲ ਰਾਜਾ ਦਸ਼ਰਥ ਦੀਆਂ ਤਿੰਨਾਂ ਰਾਣੀਆਂ ਦੇ ਪੁੱਤਰ ਪੈਦਾ ਹੋਏ ਸਨ ਪਰ ਹਕੀਕਤ ਇਹ ਹੈ ਕਿ ਖੀਰ ਖਾਣ ਨਾਲ ਕੋਈ ਵੀ ਔਰਤ ਗਰਭਵਤੀ ਨਹੀਂ ਹੋ ਸਕਦੀ।’’

ੁਉਕਤ ਬਿਆਨ ’ਤੇ ਬਵਾਲ ਪੈਦਾ ਹੋਣ ’ਤੇ ਸੰਜੇ ਨਿਸ਼ਾਦ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ, ‘‘ਮੇਰੇ ਬਿਆਨ ’ਚ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਭਗਵਾਨ ਸ਼੍ਰੀ ਰਾਮ ਤੋਂ ਮੁਆਫੀ ਮੰਗਦਾ ਹਾਂ।’’ ਨਾਲ ਹੀ ਉਨ੍ਹਾਂ ਨੇ ਵਿਰੋਧੀ ਧਿਰ ’ਤੇ ਟਕੋਰ ਕਰਦੇ ਹੋਏ ਕਿਹਾ, ‘‘ਨਿਸ਼ਾਦ ਪਾਰਟੀ ਅਤੇ ਭਾਜਪਾ ਦੇ ਗਠਜੋੜ ਤੋਂ ਵਿਰੋਧੀ ਧਿਰ ਪ੍ਰੇਸ਼ਾਨ ਹੈ ਅਤੇ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।’’

* 10 ਨਵੰਬਰ ਨੂੰ ‘ਸੁਹੇਲ ਦੇਵ ਭਾਰਤੀ ਸਮਾਜ ਪਾਰਟੀ’ ਦੇ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਬੋਲੇ, ‘‘ਭਾਜਪਾ ਨੇਤਾ ਵੀ ਜਿੱਨਾਹ ਦੀ ਪ੍ਰਸ਼ੰਸਾ ਕਰਦੇ ਰਹੇ ਹਨ ਕਿ ਜੇਕਰ ਜਿੱਨਾਹ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਤਾਂ ਦੇਸ਼ ਦੀ ਵੰਡ ਨਾ ਹੁੰਦੀ।’’

ਹਾਲਾਂਕਿ ਅੱਜ ਦੇ ਇਲੈਕਟ੍ਰਾਨਿਕ ਮੀਡੀਆ ਦੇ ਯੁੱਗ ’ਚ ਸਭ ਕੁਝ ਰਿਕਾਰਡ ਹੁੰਦਾ ਹੈ ਇਸ ਦੇ ਬਾਵਜੂਦ ਨੇਤਾ ਆਪਣੀਆਂ ਕਹੀਆਂ ਹੋਈਆਂ ਗੱਲਾਂ ਤੋਂ ਪਲਟ ਕੇ ਮੀਡੀਆ ਦੇ ਸਿਰ ’ਤੇ ਇਹ ਕਹਿ ਕੇ ਭਾਂਡਾ ਭੰਨਣ ਦੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦੇ ਬਿਆਨ ਨੂੰ ਮੀਡੀਆ ਨੇ ਤੋੜ-ਮਰੋੜ ਕੇ ਪੇਸ਼ ਕੀਤਾ।

ਨੇਤਾਵਾਂ ਦੇ ਬੇਤੁਕੇ ਬਿਆਨਾਂ ਦੀਆਂ ਇਹ ਤਾਂ ਕੁਝ ਕੁ ਉਦਾਹਰਣਾਂ ਮਾਤਰ ਹਨ। ਸ਼ਾਇਦ ਅਜਿਹੇ ਬਿਆਨ ਦੇਣ ਵਾਲੇ ਨੇਤਾਵਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਕਿ ਉਹ ਆਪਣੀ ਜ਼ੁਬਾਨ ਨਾਲ ਵਾਤਾਵਰਣ ’ਚ ਕਿਸ ਕਦਰ ਜ਼ਹਿਰ ਘੋਲ ਕੇ ਕਿੰਨਾ ਬੇਲੋੜਾ ਕਾਰਜ ਕਰ ਰਹੇ ਹਨ।

ਇਸ ਲਈ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਸੰਕੋਚ ਕਰਨਾ ਚਾਹੀਦਾ ਹੈ ਤਾਂ ਕਿ ਸਮਾਜ ਦਾ ਆਪਸੀ ਭਾਈਚਾਰਾ ਨਾ ਵਿਗੜੇ।

-ਵਿਜੇ ਕੁਮਾਰ


author

Bharat Thapa

Content Editor

Related News