‘ਚਿੰਤਪੂਰਨੀ’ ਵਿਚ ਇਕ ਦਿਨ

09/11/2019 2:09:42 AM

ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ’ਚੋਂ ਇਕ ਹੋਣ ਕਰਕੇ ਹਿਮਾਚਲ ਪ੍ਰਦੇਸ਼ ’ਚ ਸਥਿਤ ਚਿੰਤਪੂਰਨੀ ਧਾਮ ਵਿਚ ਸਾਰੇ ਪੰਜਾਬ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਆਉਂਦੇ ਹਨ। ਮਾਤਾ ਦੇ ਸ਼ਰਧਾਲੂਆਂ ਨੇ ਉਥੇ ਕਈ ਧਰਮਸ਼ਾਲਾਵਾਂ ਬਣਵਾਈਆਂ ਹੋਈਆਂ ਹਨ, ਜਿਥੇ ਸ਼ਰਧਾਲੂ ਠਹਿਰਦੇ ਹਨ।

ਕੋਈ ਸਮਾਂ ਸੀ, ਜਦੋਂ ਪੰਜਾਬ ਅਤੇ ਹਿਮਾਚਲ ’ਚ ਚਿੰਤਪੂਰਨੀ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਖਰਾਬ ਸਨ ਅਤੇ ਚਿੰਤਪੂਰਨੀ ਧਾਮ ਦੀ ਸਥਿਤੀ ਵੀ ਚੰਗੀ ਨਹੀਂ ਸੀ। ਇਥੇ ਬਜ਼ੁਰਗ ਅਤੇ ਕਮਜ਼ੋਰ ਸ਼ਰਧਾਲੂਆਂ ਲਈ ਲਿਫਟ ਵੀ ਨਹੀਂ ਸੀ।

ਕੁਝ ਸਾਲ ਪਹਿਲਾਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਮੈਂ ਇਸ ਬਾਰੇ ਲਿਖਿਆ ਤਾਂ ਉਨ੍ਹਾਂ ਨੇ ਪੰਜਾਬ ਦੇ ਹਿੱਸੇ ਵਾਲੀ ਸੜਕ ਠੀਕ ਕਰਵਾ ਦਿੱਤੀ ਅਤੇ ਦੂਜੇ ਪਾਸੇ ਹਿਮਾਚਲ ਦੇ ਤੱਤਕਾਲੀ ਮੁੱਖ ਮੰਤਰੀ ਸ਼੍ਰੀ ਪ੍ਰੇਮਕੁਮਾਰ ਧੂਮਲ ਨੇ ਵੀ ਚਿੰਤਪੂਰਨੀ ਵਾਲੀ ਸੜਕ ਬਣਵਾਉਣ ’ਚ ਵਿਸ਼ੇਸ਼ ਦਿਲਚਸਪੀ ਲਈ ਅਤੇ ਨਾ ਸਿਰਫ ਸੜਕ ਠੀਕ ਹੋ ਗਈ, ਸਗੋਂ ਚਿੰਤਪੂਰਨੀ ਧਾਮ ਨੂੰ ਜਾਣ ਵਾਲੀਆਂ ਪੌੜੀਆਂ ਵੀ ਠੀਕ ਹੋ ਗਈਆਂ।

ਕੁਝ ਸਾਲਾਂ ਬਾਅਦ ਇਕ ਵਾਰ ਫਿਰ ਚਿੰਤਪੂਰਨੀ ਗਿਆ ਤਾਂ ਮੈਂ ਦੇਖਿਆ ਕਿ ਮੰਦਰ ਦਾ ਉਪਰਲਾ ਹਿੱਸਾ ਖੁੱਲ੍ਹਾ ਹੋ ਗਿਆ ਹੈ ਅਤੇ ਇਥੇ ਆਉਣ ਵਾਲੇ ਯਾਤਰੀਆਂ ਲਈ ਸਹੂਲਤਾਂ ਵੀ ਕਾਫੀ ਵਧਾ ਦਿੱਤੀਆਂ ਗਈਆਂ ਹਨ।

ਇਸ ਐਤਵਾਰ ਨੂੰ ਜਦੋਂ ਮੈਂ ਉਥੇ ਗਿਆ ਤਾਂ ਦੇਖਿਆ ਕਿ ‘ਆਸ਼ਾ ਦੇਵੀ ਮੰਦਰ’ ਤੋਂ ਮੁਬਾਰਕਪੁਰ ਤਕ ਤਾਂ ਸੜਕ ਵਿਚ-ਵਿਚ ਹੀ ਟੁੱਟੀ ਹੋਈ ਸੀ ਪਰ ਅੱਗੇ ਜਾ ਕੇ ਭਰਵਾਈਂ ਤੋਂ ਚਿੰਤਪੂਰਨੀ ਮੰਦਰ ਤਕ ਸਾਰੀ ਸੜਕ ਹੀ ਟੁੱਟੀ ਹੋਈ ਸੀ ਅਤੇ ਟੋਏ ਪਏ ਹੋਏ ਸਨ। ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਤਾਂ ਕੀਤਾ ਗਿਆ ਹੈ ਪਰ ਵਿਚੇ ਹੀ ਰੁਕਿਆ ਪਿਆ ਹੈ ਅਤੇ ਕਿਤੇ-ਕਿਤੇ ਇਕ-ਦੋ ਬੰਦੇ ਹੀ ਕੰਮ ਕਰਦੇ ਨਜ਼ਰ ਆਏ।

ਜਿਥੋਂ ਤਕ ਚਿੰਤਪੂਰਨੀ ਮੰਦਰ ਦਾ ਸਬੰਧ ਹੈ, ਮੰਦਰ ਤਾਂ ਕਾਫੀ ਸੁੰਦਰ ਬਣ ਗਿਆ ਹੈ ਪਰ ਸਫਾਈ ਦੀ ਘਾਟ ਹੈ। ਅਸੀਂ ਜੁੱਤੀਆਂ ਉਤਾਰ ਕੇ ਮੰਦਰ ਵਿਚ ਗਏ ਤਾਂ ਉਥੇ ਖਿੱਲਰੀ ਮਿੱਟੀ ਅਤੇ ਰੋੜੇ ਆਦਿ ਪੈਰਾਂ ਵਿਚ ਚੁੱਭਣ ਕਰਕੇ ਪ੍ਰੇਸ਼ਾਨੀ ਹੋਈ।

ਇਸ ਦੇ ਮੁਕਾਬਲੇ ਜੇ ਤੁਸੀਂ ਸਵਰਣ ਮੰਦਰ (ਸ੍ਰੀ ਹਰਿਮੰਦਰ ਸਾਹਿਬ) ਜਾਓ ਤਾਂ ਉਥੇ ਇੰਨੀ ਸਫਾਈ ਹੈ ਕਿ ਉਸ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ, ਘੱਟ ਹੈ।

ਸੜਕ ਖਰਾਬ ਹੋਣ ਕਰਕੇ ਚਿੰਤਪੂਰਨੀ ਵਿਚ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿਚ ਉਸਾਰੀ ਧਰਮਸ਼ਾਲਾ ਤਕ ਪਹੁੰਚਦੇ-ਪਹੁੰਚਦੇ ਟੋਇਆਂ, ਉੱਘੜ-ਦੁੱਘੜ ਸੜਕ ਅਤੇ ਧੂੜ-ਮਿੱਟੀ ਤੋਂ ਪ੍ਰੇਸ਼ਾਨ ਹੋ ਗਏ।

ਚਿੰਤਪੂਰਨੀ ਵਿਚ ਸਥਿਤ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਵਿਚ ਸ਼੍ਰੀ ਦੁਰਗਾ ਸੰਕੀਰਤਨ ਚੈਰੀਟੇਬਲ ਟਰੱਸਟ ਜਲੰਧਰ ਵਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦਾ ਮੁਫਤ ਕੈਂਸਰ ਜਾਂਚ ਕੈਂਪ ਲਾਇਆ ਗਿਆ ਸੀ, ਜਿਸ ਵਿਚ 516 ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿਚ 238 ਮਰਦ ਅਤੇ 278 ਔਰਤਾਂ ਸਨ। ਸ਼ੁਰੂਆਤੀ ਅਵਸਥਾ ’ਚ ਹੀ ਇਸ ਦਾ ਪਤਾ ਲਾਉਣ ਲਈ ਵੱਖ-ਵੱਖ ਟੈਸਟ ਕੀਤੇ ਗਏ।

ਸਿਹਤ ਜਾਂਚ ਦੌਰਾਨ ਔਰਤਾਂ ਦੀ ਮੈਮੋਗ੍ਰਾਫੀ ਦੇ 14, ਬੱਚੇਦਾਨੀ ਦੇ ਕੈਂਸਰ ਦੇ 12, ਮਰਦਾਂ ਦੇ ਗੁਰਦੇ ਦੇ 12 ਅਤੇ ਬਲੱਡ ਕੈਂਸਰ ਦੇ 4 ਸ਼ੱਕੀ ਮਾਮਲੇ ਸਾਹਮਣੇ ਆਏ, ਜਿਨ੍ਹਾਂ ਨੂੰ ਵਿਸਥਾਰਤ ਮੈਡੀਕਲ ਜਾਂਚ ਦੀ ਸਲਾਹ ਦਿੱਤੀ ਗਈ ਹੈ।

ਕੈਂਪ ਵਿਚ ਬੋਨ ਟੈਸਟ ਦੇ 230, ਓਰਲ ਸਕ੍ਰੀਨਿੰਗ ਦੇ 215, ਓਰਲ ਫਾਈਂਡਿੰਗ ਦੇ 9, ਉੱਚ ਸ਼ੂਗਰ ਦੇ 80, ਸ਼ੂਗਰ ਦੇ 20, ਹਾਈ ਬਲੱਡ ਪ੍ਰੈਸ਼ਰ ਦੇ 68 ਅਤੇ ਹੋਰ 15 ਰੋਗੀਆਂ ਦਾ ਪਤਾ ਲਾਇਆ ਗਿਆ।

ਜਾਂਚ ਦੌਰਾਨ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਗਲੋਬਲ ਅੰਬੈਸਡਰ ਸ਼੍ਰੀ ਕੁਲਵੰਤ ਸਿੰਘ ਧਾਲੀਵਾਲ ਵਲੋਂ ਇਥੇ ਮੈਮੋਗ੍ਰਾਫੀ ਅਤੇ ਵੱਖ-ਵੱਖ ਤਰ੍ਹਾਂ ਦੇ ਟੈਸਟ ਕਰਨ ਲਈ ਮੋਬਾਇਲ ਜਾਂਚ ਗੱਡੀਆਂ ਭਿਜਵਾਈਆਂ ਗਈਆਂ ਸਨ, ਜਿਨ੍ਹਾਂ ਵਿਚ ਮਰਦਾਂ ਅਤੇ ਔਰਤਾਂ ਦੀ ਵੱਖ-ਵੱਖ ਜਾਂਚ ਦਾ ਪ੍ਰਬੰਧ ਸੀ।

ਇਥੇ ਹੀ ਅੱਖਾਂ ਦੀ ਜਾਂਚ ਦਾ ਕੈਂਪ ਵੀ ਲਾਇਆ ਗਿਆ। ਜਿਹੜੇ ਲੋਕਾਂ ਦੀਆਂ ਅੱਖਾਂ ਵਿਚ ਖਰਾਬੀ ਪਾਈ ਗਈ ਹੈ, ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ ਅਤੇ 2 ਹਫਤਿਆਂ ਬਾਅਦ ਉਨ੍ਹਾਂ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਜਾਣਗੀਆਂ।

ਖੈਰ, ਜਦੋਂ ਅਸੀਂ ਇਥੋਂ ਵਾਪਿਸ ਜਾਣ ਲਈ ਨਿਕਲੇ ਤਾਂ ਵਨ-ਵੇ ਹੋਣ ਕਰਕੇ ਮੰਦਰ ਤੋਂ ਭਰਵਾਈਂ ਤਕ ਦੀ ਸੜਕ ਕਾਫੀ ਖਰਾਬ ਸੀ। ਲਿਹਾਜ਼ਾ ਮੈਂ ਹਿਮਾਚਲ ਦੇ ਨੌਜਵਾਨ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਨੂੰ ਬੇਨਤੀ ਕਰਾਂਗਾ ਕਿ ਮੰਦਰ ਨੂੰ ਵੱਡੀ ਮਾਤਰਾ ’ਚ ਚੜ੍ਹਾਵਾ ਚੜ੍ਹਦਾ ਹੈ, ਇਸ ਲਈ ਜੇ ‘ਆਸ਼ਾ ਦੇਵੀ ਮੰਦਰ’ ਤੋਂ ਮੁਬਾਰਕਪੁਰ ਤਕ ਅਤੇ ਭਰਵਾਈਂ ਤੋਂ ਚਿੰਤਪੂਰਨੀ ਮੰਦਰ ਤਕ ਦੀਆਂ ਟੁੱਟੀਆਂ ਹੋਈਆਂ ਸੜਕਾਂ ਅਤੇ ਮੰਦਰ ਤਕ ਜਾਣ ਅਤੇ ਆਉਣ ਵਾਲੀਆਂ ਖਸਤਾਹਾਲ ਸੜਕਾਂ ਠੀਕ ਕਰਵਾ ਦਿੱਤੀਆਂ ਜਾਣ ਅਤੇ ਮੰਦਰ ’ਚ ਸਾਫ-ਸਫਾਈ ਦਾ ਤਸੱਲੀਬਖਸ਼ ਪ੍ਰਬੰਧ ਕਰ ਦਿੱਤਾ ਜਾਵੇ ਤਾਂ ਇਸ ਨਾਲ ਨਾ ਸਿਰਫ ਸੂਬੇ ਵਿਚ ਧਾਰਮਿਕ ਸੈਰ-ਸਪਾਟੇ ਨੂੰ ਹੱਲਾਸ਼ੇਰੀ ਮਿਲੇਗੀ, ਸਗੋਂ ਸੂਬੇ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ।


Bharat Thapa

Content Editor

Related News