ਲਾਲਾ ਜੀ ਦੇ ਬਲੀਦਾਨ ਦਿਵਸ ''ਤੇ, ਆਪਣੀ ਕਮਜ਼ੋਰੀ ਦਾ ਨਿਡਰ ਇਕਬਾਲ

09/09/2017 7:35:48 AM

ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੂੰ ਸਾਡੇ ਤੋਂ ਵਿਛੜਿਆਂ ਅੱਜ 35 ਸਾਲ ਹੋ ਗਏ ਹਨ ਪਰ 'ਪੰਜਾਬ ਕੇਸਰੀ ਸਮੂਹ' ਉੱਤੇ ਉਨ੍ਹਾਂ ਦਾ ਆਸ਼ੀਰਵਾਦ ਅੱਜ ਵੀ ਬਣਿਆ ਹੋਇਆ ਹੈ। ਪੂਜਨੀਕ ਪਿਤਾ ਜੀ ਨੇ ਜਿਥੇ ਆਪਣੇ ਸੰਪਾਦਕੀ ਲੇਖਾਂ ਵਿਚ ਦੇਸ਼ ਦੀਆਂ ਸਮੱਸਿਆਵਾਂ 'ਤੇ ਨਿਡਰ ਅਤੇ ਸਟੀਕ ਵਿਚਾਰ ਬਿਨਾਂ ਝਿਜਕ ਪ੍ਰਗਟਾਏ, ਉਥੇ ਹੀ ਆਪਣੀ ਵਿਚਾਰਧਾਰਾ ਨਾਲ ਜੁੜੇ ਮੁੱਦਿਆਂ 'ਤੇ ਉਮਰ ਭਰ ਡਟੇ ਰਹੇ। ਲਾਲਾ ਜੀ ਦੇ ਜੀਵਨ ਦੇ ਇਸੇ ਪਹਿਲੂ ਨੂੰ ਉਜਾਗਰ ਕਰਦਾ ਮਿਤੀ 7 ਨਵੰਬਰ 1973 ਦੇ ਅੰਕ ਵਿਚ ਛਪਿਆ ਉਨ੍ਹਾਂ ਦਾ ਸੰਪਾਦਕੀ ਪੇਸ਼ ਹੈ :
ਮੈਂ ਸ਼ਾਕਾਹਾਰੀ ਕਿਵੇਂ ਬਣਿਆ? 
ਮੇਰਾ ਜਨਮ ਇਕ ਅਜਿਹੇ ਪਰਿਵਾਰ 'ਚ ਹੋਇਆ, ਜੋ ਆਰੀਆ ਸਮਾਜੀ ਸੀ। ਮੇਰੇ ਪਿਤਾ ਵੀ ਆਰੀਆ ਸਮਾਜੀ ਸਨ ਅਤੇ ਮਾਤਾ ਜੀ ਤੇ ਉਨ੍ਹਾਂ ਦਾ ਪਰਿਵਾਰ ਵੀ ਆਰੀਆ ਸਮਾਜੀ ਸੀ। ਮੇਰੇ ਪਿਤਾ ਜੀ ਬੇਸ਼ੱਕ ਆਰੀਆ ਸਮਾਜੀ ਸਨ ਪਰ ਉਹ ਰੋਜ਼ਾਨਾ ਦੋਨੋਂ ਵੇਲੇ ਮਾਸ ਦੀ ਵਰਤੋਂ ਕਰਦੇ ਸਨ ਪਰ ਮੇਰੇ ਮਾਤਾ ਜੀ ਮਾਸ ਨੂੰ ਹੱਥ ਨਹੀਂ ਲਾਉਂਦੇ ਸਨ। ਉਨ੍ਹਾਂ ਨੇ ਪਿਤਾ ਜੀ ਲਈ ਵੱਖਰਾ ਚੁੱਲ੍ਹਾ ਅਤੇ ਮਾਸ ਪਕਾਉਣ ਵਾਸਤੇ ਭਾਂਡੇ ਆਦਿ ਦਿੱਤੇ ਹੋਏ ਸਨ ਅਤੇ ਪਿਤਾ ਜੀ ਦੇ ਮਾਸ ਖਾਣ 'ਤੇ ਕਾਫੀ ਗੁੱਸਾ ਕਰਦੇ ਸਨ। 
ਮੈਨੂੰ ਵੀ ਪਿਤਾ ਜੀ ਦੋਨੋਂ ਵੇਲੇ ਆਪਣੇ ਨਾਲ ਇਕੋ ਥਾਲੀ ਵਿਚ ਮਾਸ ਖੁਆਉਂਦੇ ਸਨ। ਪਿਤਾ ਜੀ ਕਦੇ-ਕਦੇ ਸ਼ਰਾਬ ਵੀ ਪੀਂਦੇ ਸਨ ਤੇ ਮਾਤਾ ਜੀ ਹਮੇਸ਼ਾ ਉਨ੍ਹਾਂ ਨੂੰ ਸ਼ਰਾਬ ਪੀਣ ਤੋਂ ਮਨ੍ਹਾ ਕਰਦੇ ਸਨ। ਕਈ ਵਾਰ ਘਰ 'ਚ ਸ਼ਰਾਬ ਪੀਣ ਅਤੇ ਮਾਸ ਖਾਣ ਨੂੰ ਲੈ ਕੇ ਆਪਸੀ ਝਗੜਾ ਵੀ ਹੋ ਜਾਂਦਾ ਸੀ। 
ਜਦੋਂ ਪਿਤਾ ਜੀ ਸ਼ਰਾਬ ਪੀ ਕੇ ਘਰ ਆਉਂਦੇ ਸਨ ਤਾਂ ਮੈਂ ਮਾਤਾ ਜੀ ਨੂੰ ਦੱਸ ਦਿੰਦਾ ਸੀ ਕਿ ਅੱਜ ਪਿਤਾ ਜੀ ਸ਼ਰਾਬ ਪੀ ਕੇ ਆਏ ਹਨ, ਤਾਂ ਮਾਤਾ ਜੀ ਪਿਤਾ ਜੀ ਨੂੰ ਕਹਿੰਦੇ ਸਨ ਕਿ ਤੁਸੀਂ ਸ਼ਰਾਬ ਨਾ ਪੀਣ ਦਾ ਵਾਅਦਾ ਕਰ ਕੇ ਅੱਜ ਫਿਰ ਕਿਉਂ ਸ਼ਰਾਬ ਪੀ ਕੇ ਆਏ ਹੋ, ਤਾਂ ਪਿਤਾ ਜੀ ਕਹਿੰਦੇ ਸਨ ਕਿ 'ਮੈਂ ਸ਼ਰਾਬ ਨਹੀਂ ਪੀਤੀ।'
ਇਸ 'ਤੇ ਮਾਤਾ ਜੀ ਮੈਨੂੰ ਕਹਿੰਦੇ ਕਿ ਪਿਤਾ ਜੀ ਦਾ ਮੂੰਹ ਸੁੰਘ ਕੇ ਦੱਸ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਹੈ ਜਾਂ ਨਹੀਂ, ਤਾਂ ਮੈਂ ਮੂੰਹ ਸੁੰਘ ਕੇ ਦੱਸ ਦਿੰਦਾ ਸੀ ਕਿ ਅੱਜ ਪਿਤਾ ਜੀ ਸ਼ਰਾਬ ਪੀ ਕੇ ਆਏ ਹਨ। ਇਸ 'ਤੇ ਕਾਫੀ ਝਗੜਾ ਹੁੰਦਾ ਸੀ ਤੇ ਮੈਨੂੰ ਵੀ ਥੱਪੜ ਜੜ ਦਿੱਤੇ ਜਾਂਦੇ ਸਨ। 
ਇਹ ਗੱਲ 1905, 06 ਅਤੇ 07 ਦੀ ਹੈ, ਜਦੋਂ ਮੈਂ 5-7 ਸਾਲਾਂ ਦਾ ਬੱਚਾ ਸੀ। ਮੈਂ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸੀ, ਹੋਰ ਭੈਣ-ਭਰਾ ਨਹੀਂ ਸਨ। ਮਾਤਾ ਜੀ ਬੇਸ਼ੱਕ ਮਾਸ ਖਾਣ ਦੇ ਬਹੁਤ ਵਿਰੁੱਧ ਸਨ ਪਰ ਮੈਨੂੰ ਪਿਤਾ ਜੀ ਨਾਲ ਮਾਸ ਖਾਣ ਤੋਂ ਬਹੁਤ ਘੱਟ ਰੋਕਦੇ ਸਨ ਕਿਉਂਕਿ ਉਹ ਘਰ ਵਿਚ ਜ਼ਿਆਦਾ ਕਲੇਸ਼ ਪੈਦਾ ਨਹੀਂ ਕਰਨਾ ਚਾਹੁੰਦੇ ਸਨ। 
1907 ਵਿਚ ਲਾਇਲਪੁਰ ਆਰੀਆ ਸਮਾਜ ਮੰਦਿਰ ਵਿਚ ਇਕ ਮਾਤਾ ਗੰਗਾ ਦੇਵੀ ਉਪਦੇਸ਼ਿਕਾ ਵਜੋਂ ਪਧਾਰੀ ਅਤੇ ਉਨ੍ਹਾਂ ਨੇ 3-4 ਦਿਨ ਸ਼ਰਾਬ ਪੀਣ ਅਤੇ ਮਾਸ ਖਾਣ ਵਿਰੁੱਧ ਬਹੁਤ ਪ੍ਰਭਾਵਸ਼ਾਲੀ ਪ੍ਰਵਚਨ ਦਿੱਤੇ। ਉਸ ਉਪਦੇਸ਼ਿਕਾ ਦੇਵੀ ਨੇ ਮਾਸਾਹਾਰੀ ਮਰਦਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਕੀ ਮਾਸੂਮ ਜਾਨਵਰਾਂ ਦੀ ਹੱਤਿਆ ਕਰ ਕੇ ਅਤੇ ਉਨ੍ਹਾਂ ਨੂੰ ਖਾ ਕੇ ਆਪਣੇ ਪੇਟ ਨੂੰ ਕਬਰਿਸਤਾਨ ਬਣਾ ਰਹੇ ਹੋ! 
ਮੇਰੇ ਪਿਤਾ ਜੀ ਨੂੰ ਉਸੇ ਇਕ ਵਾਕ ਨੇ ਇੰਨਾ ਝੰਜੋੜਿਆ ਕਿ ਉਨ੍ਹਾਂ ਨੇ ਆਰੀਆ ਸਮਾਜ ਦੇ ਮੰਚ 'ਤੇ ਇਹ ਐਲਾਨ ਕੀਤਾ ਕਿ 'ਮੈਂ ਅੱਜ ਤੋਂ ਨਾ ਸ਼ਰਾਬ ਪੀਵਾਂਗਾ ਅਤੇ ਨਾ ਹੀ ਮਾਸ ਖਾਵਾਂਗਾ।' ਸ਼੍ਰੀਮਤੀ ਗੰਗਾ ਦੇਵੀ ਜੀ ਨੇ ਇਕ ਵਾਕ ਇਹ ਵੀ ਕਿਹਾ ਸੀ ਕਿ ਮਾਸ ਖਾਣ ਵਾਲੇ ਪਸ਼ੂਆਂ, ਪੰਛੀਆਂ ਦੇ ਜੋ ਬੱਚੇ ਪੈਦਾ ਹੁੰਦੇ ਹਨ, ਉਹ ਪੈਦਾ ਹੋਣ ਤੋਂ ਬਾਅਦ ਪਹਿਲਾਂ ਮਾਂ ਦਾ ਦੁੱਧ ਹੀ ਪੀਂਦੇ ਹਨ। ਸ਼ੇਰਨੀ ਦਾ ਬੱਚਾ ਵੀ ਪੈਦਾ ਹੋਣ ਤੋਂ ਬਾਅਦ ਪਹਿਲਾਂ ਮਾਂ ਦਾ ਦੁੱਧ ਹੀ ਪੀਂਦਾ ਹੈ ਤੇ ਉਸ ਨੂੰ ਮਾਸ ਨਹੀਂ ਖੁਆਇਆ ਜਾਂਦਾ। ਪਿਤਾ ਜੀ ਨੇ ਉਸ ਦਿਨ ਤੋਂ ਬਾਅਦ, ਜਦੋਂ ਤਕ ਉਹ ਜ਼ਿੰਦਾ ਰਹੇ, ਨਾ ਤਾਂ ਮਾਸ ਖਾਧਾ ਅਤੇ ਨਾ ਹੀ ਸ਼ਰਾਬ ਪੀਤੀ। 
ਮੈਂ 1915 ਤਕ ਮਾਸਾਹਾਰੀ ਰਿਹਾ। ਇਕ ਦਿਨ ਅਚਾਨਕ ਪਾਰਟੀ ਵਿਚ ਸੂਰ ਦਾ ਮਾਸ ਅਤੇ ਅਚਾਰ ਦਿੱਤਾ ਗਿਆ, ਜਿਸ ਨੂੰ ਖਾ ਕੇ ਮੈਂ ਬਹੁਤ ਬੀਮਾਰ ਹੋ ਗਿਆ। ਮੈਨੂੰ ਉਲਟੀਆਂ ਆਉਣ ਲੱਗੀਆਂ ਤੇ ਮੇਰੀ ਤਬੀਅਤ ਸਖ਼ਤ ਖਰਾਬ ਹੋ ਗਈ। ਉਦੋਂ ਮੇਰੇ ਪਿਤਾ ਜੀ ਤੇ ਮਾਤਾ ਜੀ ਨੇ ਇਹ ਸੰਕਲਪ ਲਿਆ ਕਿ ਮੈਂ ਆਪਣੀ ਭਵਿੱਖੀ ਜ਼ਿੰਦਗੀ ਵਿਚ ਮਾਸ ਨਹੀਂ ਖਾਵਾਂਗਾ। 
ਉਦੋਂ ਤੋਂ ਹੁਣ ਤਕ ਮੈਂ ਮਾਸ ਨਹੀਂ ਖਾਧਾ ਅਤੇ ਨਾ ਹੀ ਚਿਰੰਜੀਵ ਰਮੇਸ਼ ਚੰਦਰ ਅਤੇ ਚਿਰੰਜੀਵ ਵਿਜੇ ਕੁਮਾਰ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਅਤੇ ਬੱਚੇ ਮਾਸ ਤੇ ਸ਼ਰਾਬ ਦਾ ਸੇਵਨ ਕਰਦੇ ਹਨ ਤੇ ਨਾ ਹੀ ਕਦੇ ਸਾਡੇ ਪਰਿਵਾਰ ਨੂੰ ਮਾਸ ਖਾਣ ਦੀ ਪ੍ਰੇਰਨਾ ਮਿਲੀ ਹੈ ਤੇ ਨਾ ਹੀ ਕਦੇ ਮਾਸ ਖਾਣ ਦੀ ਇੱਛਾ ਕਿਸੇ ਨੇ ਪ੍ਰਗਟਾਈ ਹੈ। 
ਜੋ ਲੋਕ ਇਹ ਪ੍ਰਚਾਰ ਕਰਦੇ ਹਨ ਕਿ ਮਾਸਾਹਾਰੀ ਲੋਕ ਬਹੁਤ ਯੋਗ ਅਤੇ ਮਜ਼ਬੂਤ ਹੁੰਦੇ ਹਨ, ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਾਥੀ ਅਤੇ ਗੈਂਡਾ ਦੋ ਅਜਿਹੇ ਤਾਕਤਵਰ ਪਸ਼ੂ ਹਨ, ਜੋ ਸ਼ੇਰ ਤੋਂ ਬਾਅਦ ਪਸ਼ੂਆਂ ਵਿਚ ਬਹੁਤ ਤਾਕਤਵਰ ਮੰਨੇ ਜਾਂਦੇ ਹਨ ਪਰ ਇਹ ਦੋਵੇਂ ਸ਼ਾਕਾਹਾਰੀ ਹਨ। ਅੱਜ ਤੋਂ 100 ਸਾਲ ਪਹਿਲਾਂ ਤਕ ਭਾਰਤ ਵਿਚ ਜਿੰਨੀਆਂ ਵੀ ਲੜਾਈਆਂ ਹੋਈਆਂ, ਉਨ੍ਹਾਂ ਵਿਚ ਹਾਥੀ ਨੂੰ ਇਕ ਵਿਸ਼ੇਸ਼ ਦਰਜਾ ਪ੍ਰਾਪਤ ਹੁੰਦਾ ਸੀ ਤੇ ਜਿਸ ਫੌਜ ਕੋਲ ਹਾਥੀ ਨਹੀਂ ਹੁੰਦੇ ਸਨ, ਉਸ ਦੀ ਹਾਰ ਤੈਅ ਮੰਨੀ ਜਾਂਦੀ ਸੀ। 
ਇਸ ਤੋਂ ਇਲਾਵਾ ਪੁਰਾਤਨ ਸਮੇਂ ਵਿਚ ਸਹਿਕਾਰੀ ਫੌਜ ਦੇ ਵੀ ਚਾਰ ਹਿੱਸੇ ਸਨ—ਪੈਦਲ, ਘੋੜਸਵਾਰ, ਰੱਥਵਾਹਿਨੀ ਤੇ ਹਾਥੀਆਂ ਵਾਲੇ ਸੈਨਿਕ। ਰੱਥਾਂ ਵਿਚ ਘੋੜੇ ਵੀ ਜੋੜੇ ਜਾਂਦੇ ਸਨ ਤੇ ਬਲਦ ਵੀ। ਇਸ ਤਰ੍ਹਾਂ ਲੜਾਈ ਵਿਚ ਜੋ ਪਸ਼ੂ ਕੰਮ ਆਉਂਦੇ ਸਨ, ਉਹ ਤਿੰਨੋਂ ਹੀ ਤਾਕਤਵਰ ਅਤੇ ਤੇਜ਼ ਰਫਤਾਰ ਵਾਲੇ ਪਸ਼ੂ ਬਲਦ, ਘੋੜਾ, ਹਾਥੀ ਸਨ, ਜੋ ਪੂਰੀ ਤਰ੍ਹਾਂ ਸ਼ਾਕਾਹਾਰੀ ਹਨ। 
ਇੰਨਾ ਹੀ ਨਹੀਂ, ਬਿਜਲੀ ਦਾ ਵੇਗ ਦੱਸਣ ਲਈ ਅੱਜ ਵੀ ਹਾਰਸ ਪਾਵਰ, ਭਾਵ 'ਘੋੜੇ ਦੀ ਤਾਕਤ' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਕਿਸੇ ਮਾਸਾਹਾਰੀ ਪਸ਼ੂ ਦੀ ਤਾਕਤ ਦਾ ਸ਼ਬਦ ਇਸਤੇਮਾਲ ਨਹੀਂ ਕੀਤਾ ਜਾਂਦਾ। ਫਿਲਹਾਲ ਮੈਂ ਜ਼ਿਆਦਾ ਦਲੀਲਾਂ ਨਾ ਦਿੰਦਿਆਂ ਆਪਣੇ ਪਰਿਵਾਰ ਤੇ ਖ਼ੁਦ ਨੂੰ ਸੁਖੀ ਸਮਝਦਾ ਹਾਂ ਕਿ ਸਾਡਾ ਪੂਰਾ ਪਰਿਵਾਰ ਸ਼ਾਕਾਹਾਰੀ ਹੈ ਅਤੇ ਸਾਨੂੰ ਸ਼ਾਕਾਹਾਰੀ ਹੋਣ 'ਤੇ ਮਾਣ ਹੈ। ਬਕੌਲ ਮਾਤਾ ਗੰਗਾ ਦੇਵੀ ਜੀ—ਅਸੀਂ ਆਪਣੇ ਪੇਟ ਵਿਚ ਮਾਸੂਮ ਪਸ਼ੂਆਂ ਦੇ ਕਬਰਿਸਤਾਨ ਨਹੀਂ ਬਣਨ ਦਿੰਦੇ। 
ਸ਼ਾਕਾਹਾਰੀ ਜੀਵਨ ਇਕ ਪਵਿੱਤਰ ਜੀਵਨ ਹੈ ਅਤੇ ਧਾਰਮਿਕ ਜੀਵਨ ਬਿਤਾਉਣ ਲਈ ਮਨੁੱਖ ਦਾ ਸ਼ਾਕਾਹਾਰੀ ਹੋਣਾ ਬਹੁਤ ਜ਼ਰੂਰੀ ਹੈ। ਦੁਨੀਆ ਦੇ ਸਾਰੇ ਧਰਮ ਮਨੁੱਖ ਨੂੰ ਸ਼ਾਕਾਹਾਰੀ ਹੋਣ ਦਾ ਉਪਦੇਸ਼ ਦਿੰਦੇ ਹਨ, ਇਸ ਲਈ ਸਾਡਾ ਆਪਣੀਆਂ ਧਾਰਮਿਕ ਕਿਤਾਬਾਂ ਮੁਤਾਬਿਕ ਸ਼ਾਕਾਹਾਰੀ ਬਣਨਾ ਬਹੁਤ ਜ਼ਰੂਰੀ ਹੈ।
ਮੇਰਾ ਸਾਰਾ ਜੀਵਨ ਸਿਆਸਤ 'ਚ ਬੀਤਿਆ ਹੈ। ਸਿਆਸੀ ਵਿਅਕਤੀ ਦਾ ਜੀਵਨ ਬਹੁਤ ਹੀ ਪਾਪਾਂ ਭਰਿਆ ਹੁੰਦਾ ਹੈ। ਜੇ ਕਿਸੇ ਮਨੁੱਖ ਨੇ ਬਹੁਤ ਧਾਰਮਿਕ ਜੀਵਨ ਬਿਤਾ ਕੇ ਆਪਣੀ ਆਤਮਾ ਨੂੰ ਸ਼ਾਂਤੀ ਦੇ ਰਾਹ 'ਤੇ ਚਲਾਉਣ ਦੀ ਕੋਸ਼ਿਸ਼ ਕਰਨੀ ਹੋਵੇ ਤਾਂ ਉਸ ਨੂੰ ਉਦੋਂ ਤਕ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ, ਜਦੋਂ ਤਕ ਉਹ ਮਾਸ, ਸ਼ਰਾਬ ਅਤੇ ਤਾਮਸੀ ਭੋਜਨ ਦਾ ਸੇਵਨ ਨਹੀਂ ਛੱਡਦਾ। 
ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਮਾਸ, ਸ਼ਰਾਬ ਅਤੇ ਤਾਮਸੀ ਭੋਜਨ ਦਾ ਤਿਆਗ ਕਰੀਏ, ਸਾਦਾ ਜੀਵਨ ਬਿਤਾਈਏ ਅਤੇ ਸੰਤਾਂ, ਮਹਾਤਮਾਵਾਂ, ਰਿਸ਼ੀਆਂ ਦੇ ਦੱਸੇ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਕਰੀਏ, ਇਸੇ ਵਿਚ ਹੀ ਮਨੁੱਖ ਦਾ ਕਲਿਆਣ ਹੈ। 
—ਜਗਤ ਨਾਰਾਇਣ
ਪੂਜਨੀਕ ਲਾਲਾ ਜੀ ਨੇ ਜਿਸ ਨਿਡਰਤਾ ਨਾਲ ਉਕਤ ਗੱਲਾਂ ਕਹੀਆਂ ਹਨ, ਉਸ ਦੇ ਲਈ ਬਹੁਤ ਹਿੰਮਤ ਚਾਹੀਦੀ ਹੈ, ਨਹੀਂ ਤਾਂ ਅੱਜ ਤਾਂ ਲੋਕ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣਾ ਅਤੇ ਆਪਣੀਆਂ ਖੂਬੀਆਂ ਨੂੰ ਵਧਾ-ਚੜ੍ਹਾਅ ਕੇ ਦੱਸਣਾ ਹੀ ਠੀਕ ਸਮਝਦੇ ਹਨ। ਪੂਜਨੀਕ ਲਾਲਾ ਜੀ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ 'ਪੰਜਾਬ ਕੇਸਰੀ ਪਰਿਵਾਰ' ਵੀ ਉਨ੍ਹਾਂ ਦੇ ਹੀ ਨਕਸ਼ੇ-ਕਦਮਾਂ 'ਤੇ ਚੱਲਣ ਦਾ ਸੰਕਲਪ ਲੈਂਦਾ ਹੈ।            
—ਵਿਜੇ ਕੁਮਾਰ


Vijay Kumar Chopra

Chief Editor

Related News