ਨਹੀਂ ਰੁਕ ਰਿਹਾ ਬਜ਼ੁਰਗ ਮਾਤਾ-ਪਿਤਾ ’ਤੇ ਔਲਾਦ ਵਲੋਂ ਅੱਤਿਆਚਾਰਾਂ ਦਾ ਸਿਲਸਿਲਾ

Thursday, Oct 31, 2019 - 01:42 AM (IST)

ਨਹੀਂ ਰੁਕ ਰਿਹਾ ਬਜ਼ੁਰਗ ਮਾਤਾ-ਪਿਤਾ ’ਤੇ ਔਲਾਦ ਵਲੋਂ ਅੱਤਿਆਚਾਰਾਂ ਦਾ ਸਿਲਸਿਲਾ

ਭਾਰਤ ’ਚ ਬਜ਼ੁਰਗਾਂ ਨੂੰ ਅਤੀਤ ’ਚ ਅਤਿਅੰਤ ਸਨਮਾਨਜਨਕ ਸਥਾਨ ਹਾਸਿਲ ਸੀ ਪਰ ਅੱਜ ਔਲਾਦ ਵਲੋਂ ਉਨ੍ਹਾਂ ਨਾਲ ਦੁਰਵਿਵਹਾਰ ਅਤੇ ਉਨ੍ਹਾਂ ’ਤੇ ਅੱਤਿਆਚਾਰਾਂ ਦਾ ਰੁਝਾਨ ਵਧ ਜਾਣ ਨਾਲ ਉਨ੍ਹਾਂ ਦੀ ਸਥਿਤੀ ਅਤਿਅੰਤ ਤਰਸਯੋਗ ਹੋ ਗਈ ਹੈ, ਜਿਸ ਦੀਆਂ ਖਬਰਾਂ ਪੜ੍ਹ-ਸੁਣ ਕੇ ਮਨ ਦੁਖੀ ਹੋ ਜਾਂਦਾ ਹੈ, ਜਿਨ੍ਹਾਂ ’ਚੋਂ ਕੁਝ ਹੇਠਾਂ ਦਰਜ ਹਨ :

* 25 ਸਤੰਬਰ ਨੂੰ ਆਗਰਾ ਦੇ ਇਕ ਬਿਰਧ ਆਸ਼ਰਮ ’ਚ ਬੇਸਹਾਰਾ ਛੱਡੇ ਗਏ ਬਜ਼ੁਰਗ ਜੋੜੇ ਓਮ ਪ੍ਰਕਾਸ਼ (62) ਅਤੇ ਮੀਰਾ ਦੇਵੀ (60) ਦੇ ਦੁੱਖ ਦੀ ਉਸ ਸਮੇਂ ਹੱਦ ਨਾ ਰਹੀ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਬੇਟਾ ਉਸੇ ਆਸ਼ਰਮ ’ਚ ਆਇਆ ਅਤੇ ਭੰਡਾਰਾ ਕਰ ਕੇ ਅਤੇ ਸਾੜ੍ਹੀਆਂ ਤੇ ਮਠਿਆਈਆਂ ਵੰਡ ਕੇ ਉਨ੍ਹਾਂ ਨੂੰ ਮਿਲੇ ਬਿਨਾਂ ਚਲਾ ਗਿਆ।

* 04 ਅਕਤੂਬਰ ਨੂੰ ਪੰਚਕੂਲਾ ’ਚ ਇਕ ਬਜ਼ੁਰਗ ਔਰਤ ਨੇ ਦੋਸ਼ ਲਾਇਆ ਕਿ ਉਸ ਦੇ ਇਕਲੌਤੇ ਡਾਕਟਰ ਬੇਟੇ ਨੇ ਧੋਖੇ ਨਾਲ ਮਕਾਨ ਆਪਣੇ ਨਾਂ ਕਰਵਾਉਣ ਤੋਂ ਬਾਅਦ 22 ਸਾਲਾਂ ਤੋਂ ਨਾ ਤਾਂ ਉਸ ਨੂੰ ਖਰਚਾ ਦਿੱਤਾ ਹੈ ਅਤੇ ਨਾ ਹੀ ਉਸ ਨੂੰ ਮਿਲਣ ਆਇਆ ਹੈ।

* 07 ਅਕਤੂਬਰ ਨੂੰ ਰੁਦਰਪੁਰ ’ਚ ਹਲਦਵਾਨੀ ਦੇ ਇਕ ਪਿੰਡ ’ਚ ਇਕ ਵਿਅਕਤੀ ਨੇ ਗੁੱਸੇ ’ਚ ਆ ਕੇ ਆਪਣੀ ਮਾਂ ਨੂੰ ਮਾਰ ਦਿੱਤਾ।

* 10 ਅਕਤੂਬਰ ਨੂੰ ਇਟਾਵਾ ’ਚ ਬਸਰੇਹਰ ਥਾਣੇ ਦੇ ਪਿੰਡ ’ਚ ਇਕ ਨੌਜਵਾਨ, ਜਿਸ ਨੇ ਦੋ ਮਹੀਨੇ ਪਹਿਲਾਂ ਆਪਣੇ ਪਿਤਾ ਨੂੰ ਕੁੱਟ-ਕੁੱਟ ਕੇ ਘਰੋਂ ਕੱਢ ਦਿੱਤਾ ਸੀ, ਆਪਣੀ ਮਾਂ ਸ਼ਕੁੰਤਲਾ ਨੂੰ ਵੀ ਬੁਰੀ ਤਰ੍ਹਾਂ ਕੁੱਟ ਦਿੱਤਾ।

* 16 ਅਕਤੂਬਰ ਨੂੰ ਸੀਤਾਮੜੀ ਦੇ ਮਹਾਰਿਸ਼ੀ ਵਾਲਮੀਕਿ ਆਸ਼ਰਮ ’ਚ ਰਹਿਣ ਵਾਲੀ ਇਕ ਵਿਧਵਾ ਬਜ਼ੁਰਗ ਗੇਨਾ ਦੇਵੀ (80) ਨੇ ਕਿਹਾ ਕਿ ਉਸ ਦਾ ਕੋਈ ਬੇਟਾ ਨਹੀਂ ਹੈ ਅਤੇ ਉਸ ਨੇ ਆਪਣੀ ਜ਼ਮੀਨ ਵੇਚ ਕੇ ਦੋਵਾਂ ਬੇਟੀਆਂ ਦਾ ਵਿਆਹ ਕੀਤਾ ਸੀ ਪਰ ਪਤੀ ਦੀ ਮੌਤ ਤੋਂ ਬਾਅਦ ਬੇਟੀਆਂ ਨੇ ਉਸ ਤੋਂ ਮੂੰਹ ਮੋੜ ਲਿਆ ਅਤੇ ਆਸ਼ਰਮ ’ਚ ਛੱਡ ਗਈਆਂ।

* 26 ਅਕਤੂਬਰ ਨੂੰ ਗਵਾਲੀਅਰ ’ਚ 85 ਸਾਲਾ ਸੁਖਲਾਲ ਅਤੇ ਉਨ੍ਹਾਂ ਦੀ ਪਤਨੀ ਬੀਨਿਆਬਾਈ ਨੂੰ ਉਨ੍ਹਾਂ ਦੇ ਬੇਟੇ ਰਾਜਿੰਦਰ ਅਤੇ ਨੂੰਹ ਧੰਤੀਬਾਈ ਨੇ ਮਕਾਨ ਉਨ੍ਹਾਂ ਦੇ ਨਾਂ ਨਾ ਕਰਨ ’ਤੇ ਦੋਵਾਂ ਨੂੰ ਲੱਤਾਂ-ਮੁੱਕਿਆਂ ਨਾਲ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ।

* 29 ਅਕਤੂਬਰ ਨੂੰ ਟੁੰਡਲਾ ’ਚ ਇਕ ਨੌਜਵਾਨ ਨੇ ਆਪਣੇ ਪਿਤਾ ਨੂੰ ਪਹਿਲਾਂ ਤਾਂ ਗਾਲ੍ਹਾਂ ਕੱਢੀਆਂ ਅਤੇ ਫਿਰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ।

* 29 ਅਕਤੂਬਰ ਨੂੰ ਮਥੁਰਾ ਰੇਲਵੇ ਸਟੇਸ਼ਨ ’ਤੇ ਬੁਖਾਰ ਨਾਲ ਤਪਦੀ ਆਪਣੀ 80 ਸਾਲਾ ਮਾਂ ਨੂੰ ਉਸ ਦੇ ਬੇਟੇ ਤੜਫਦੀ ਛੱਡ ਕੇ ਦੌੜ ਗਏ।

ਔਲਾਦ ਵਲੋਂ ਬਜ਼ੁਰਗ ਮਾਤਾ-ਪਿਤਾ ਨਾਲ ਦੁਰਵਿਵਹਾਰ ਦੀਆਂ ਇਹ ਤਾਂ ਸਿਰਫ ਕੁਝ ਉਦਾਹਰਣਾਂ ਹਨ। ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਜੋ ਰੌਸ਼ਨੀ ’ਚ ਨਹੀਂ ਆਉਂਦੀਆਂ। ਇਸ ਬਾਰੇ ਡੂੰਘਾ ਵਿਚਾਰ-ਵਟਾਂਦਰਾ ਕਰ ਕੇ ਸਮਾਜ ਨੂੰ ਇਹ ਖਤਰਨਾਕ ਰੁਝਾਨ ਖਤਮ ਕਰਨ ਦੇ ਉਪਾਅ ਲੱਭਣ ਦੀ ਲੋੜ ਹੈ।

–ਵਿਜੇ ਕੁਮਾਰ


author

Bharat Thapa

Content Editor

Related News