ਆਖਿਰ ਕਦ ਰੁਕਣਗੀਆਂ ਦਿੱਲੀ ਮੈਟਰੋ ’ਚ ‘ਯਾਤਰੀਆਂ ਦੀਆਂ ਅਸ਼ਲੀਲ ਹਰਕਤਾਂ’

Saturday, Sep 02, 2023 - 05:44 AM (IST)

ਆਖਿਰ ਕਦ ਰੁਕਣਗੀਆਂ ਦਿੱਲੀ ਮੈਟਰੋ ’ਚ ‘ਯਾਤਰੀਆਂ ਦੀਆਂ ਅਸ਼ਲੀਲ ਹਰਕਤਾਂ’

ਰਾਜਧਾਨੀ ਦਿੱਲੀ ’ਚ ਮੈਟਰੋ ਸੇਵਾ 24 ਦਸੰਬਰ, 2002 ਨੂੰ ਸ਼ੁਰੂ ਹੋਈ ਸੀ ਅਤੇ ਹਾਲ ਦੇ ਸਮੇਂ ’ਚ ਇਸ ’ਚ ਚੰਦ ਲੋਕਾਂ ਵੱਲੋਂ ਅਸ਼ਲੀਲ ਹਰਕਤਾਂ ਅਤੇ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।

ਸਾਲ 2021 ਦੇ ਮੁਕਾਬਲੇ ਸਾਲ 2022 ’ਚ ਮੈਟਰੋ ਅੰਦਰ ਅਸ਼ਲੀਲ ਹਰਕਤਾਂ ਅਤੇ ਔਰਤਾਂ ਨਾਲ ਬੁਰੇ ਵਿਵਹਾਰ ਦੀਆਂ ਘਟਨਾਵਾਂ ’ਚ 80 ਫੀਸਦੀ ਵਾਧਾ ਹੋਇਆ ਅਤੇ ਸਾਲ 2023 ’ਚ ਵੀ ਇਹ ਬੁਰਾਈ ਇਸੇ ਤਰ੍ਹਾਂ ਜਾਰੀ ਹੈ।

ਤਾਜ਼ਾ ਘਟਨਾ ’ਚ 30 ਅਗਸਤ ਨੂੰ ਰਾਤ ਲਗਭਗ 8.30 ਵਜੇ ਰੱਖੜੀ ਕਾਰਨ ਭੀੜ ਭਰੀ ਰੈੱਡ ਲਾਈਨ ਮੈਟਰੋ ’ਚ ਇਕ ਵਿਅਕਤੀ ਇਕ ਨਾਬਾਲਿਗ ਸਾਹਮਣੇ ਅਸ਼ਲੀਲ ਹਰਕਤ (ਹਸਤਮੈਥੁਨ) ਕਰਦਾ ਦੇਖਿਆ ਗਿਆ।

ਨਾਬਾਲਿਗ ਨਾਲ ਮੌਜੂਦ ਉਸ ਦੀ ਮਾਂ ਇਹ ਦੇਖ ਕੇ ਇੰਨਾ ਡਰ ਗਈ ਕਿ ਮੈਟਰੋ ਜਿਉਂ ਹੀ ਸੀਲਮਪੁਰ ਸਟੇਸ਼ਨ ’ਤੇ ਪਹੁੰਚੀ, ਉਹ ਆਪਣੀ ਬੇਟੀ ਨੂੰ ਲੈ ਕੇ ਉਤਰ ਗਈ।

ਇਸ ਦੌਰਾਨ ਮੈਟਰੋ ’ਚ ਨਾਲ ਹੀ ਯਾਤਰਾ ਕਰ ਰਹੇ 2 ਯਾਤਰੀਆਂ ਨੇ ਇਹ ਦੇਖ ਲਿਆ ਤੇ ਦੋਸ਼ੀ ਨੂੰ ਫੜ ਕੇ ਮੈਟਰੋ ਪੁਲਸ ਦੇ ਹਵਾਲੇ ਕਰ ਿਦੱਤਾ। ਦੋਸ਼ੀ ‘ਮੋਜਾਮੇਲ ਹੁਸੈਨ’ ਪੱਛਮੀ ਬੰਗਾਲ ਦੇ ਦੱਖਣ ਦਿਨਾਜਪੁਰ ਦਾ ਰਹਿਣ ਵਾਲਾ ਹੈ।

ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ :

* 10 ਅਗਸਤ ਨੂੰ ਮੰਡੀ ਹਾਊਸ ਮੈਟਰੋ ਸਟੇਸ਼ਨ ’ਤੇ ਇਕ ਔਰਤ ਨੂੰ ਅਸ਼ਲੀਲ ਇਸ਼ਾਰੇ ਕਰਨ ਦੇ ਦੋਸ਼ ’ਚ ਇਕ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

* 28 ਅਪ੍ਰੈਲ ਨੂੰ ਦਿੱਲੀ ਮੈਟਰੋ ਦੇ ਇਕ ਵਾਇਰਲ ਵੀਡੀਓ ’ਚ ਇਕ ਯਾਤਰੀ ਸੀਟ ’ਤੇ ਬੈਠ ਕੇ ਗੰਦੀ ਹਰਕਤ ਕਰਦਾ ਦਿਖਾਈ ਦੇ ਰਿਹਾ ਸੀ।

* 15 ਅਪ੍ਰੈਲ ਨੂੰ ਦਿੱਲੀ ਮੈਟਰੋ ਅੰਦਰ ਇਕ ਔਰਤ ਨਾਲ ਅਸ਼ਲੀਲ ਹਰਕਤ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।

ਮੈਟਰੋ ’ਚ ਯਾਤਰਾ ਕਰਨ ਵਾਲੇ ਬੱਚਿਆਂ ਤੇ ਔਰਤਾਂ ਦੀ ਹਾਜ਼ਰੀ ’ਚ ਇਸ ਤਰ੍ਹਾਂ ਦੀਆਂ ਸ਼ਰਮਨਾਕ ਹਰਕਤਾਂ ਨੂੰ ਕਦੀ ਵੀ ਸਹਿਣ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਅਜਿਹੇ ਮਾਮਲਿਆਂ ’ਚ ਹੋਰ ਸਖਤੀ ਕਰਨ ਦੀ ਲੋੜ ਹੈ ਤਾਂ ਕਿ ਮੈਟਰੋ ਦੀ ਬਦਨਾਮੀ ਨਾ ਹੋਵੇ। 

- ਵਿਜੇ ਕੁਮਾਰ


author

Anmol Tagra

Content Editor

Related News