ਹੁਣ ਔਰਤਾਂ ਵੱਲੋਂ ਅਸ਼ਲੀਲ ਵੀਡੀਓ ਬਣਾਉਣ ਦਾ ਸਕੈਂਡਲ

Sunday, Aug 13, 2023 - 03:44 AM (IST)

ਹੁਣ ਔਰਤਾਂ ਵੱਲੋਂ ਅਸ਼ਲੀਲ ਵੀਡੀਓ ਬਣਾਉਣ ਦਾ ਸਕੈਂਡਲ

ਇਨ੍ਹੀਂ ਦਿਨੀਂ ਸਿੱਖਿਆ ਦੇ ਮੰਦਰ ਵੀ ਅਸ਼ਲੀਲਤਾ ਦੇ ਅੱਡੇ ਬਣਦੇ ਜਾ ਰਹੇ ਹਨ ਅਤੇ ਇਨ੍ਹਾਂ ’ਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਦੇ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦਾ ਸਿਲਸਿਲਾ ਚੱਲ ਪਿਆ ਹੈ।

ਹਾਲ ਹੀ ’ਚ ਉੱਤਰ ਪ੍ਰਦੇਸ਼ ’ਚ ਗਾਜ਼ੀਪੁਰ ਦੇ ‘ਸਰਕਾਰੀ ਹੋਮਿਓਪੈਥਿਕ ਮੈਡੀਕਲ ਕਾਲਜ’ ’ਚ ਬੀ. ਐੱਚ. ਐੱਮ. ਐੱਸ. ਪਹਿਲੇ ਸਾਲ ਦੀ ਇਕ ਵਿਦਿਆਰਥਣ ‘ਮੰਤਸ਼ਾ ਕਾਜ਼ਮੀ’ ਵੱਲੋਂ ਹੋਸਟਲ ’ਚ ਆਪਣੇ ਨਾਲ ਰਹਿ ਰਹੀਆਂ ਦੂਜੀਆਂ ਵਿਦਿਆਰਥਣਾਂ ਦੀ ਇਤਰਾ਼ਜ਼ਯੋਗ ਫੋਟੋ ਤੇ ਵੀਡੀਓ ਬਣਾ ਕੇ ਆਪਣੇ ਦੋਸਤ ਮੋ. ਆਮਿਰ ਨੂੰ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ।

ਵਿਦਿਆਰਥਣ ‘ਮੰਤਸ਼ਾ ਕਾਜ਼ਮੀ’ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਵਿਦਿਆਰਥਣਾਂ ਨੇ ਕਾਲਜ ਪ੍ਰਸ਼ਾਸਨ ਅਤੇ ਕੋਤਵਾਲੀ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਦੋਸ਼ੀ ਵਿਦਿਆਰਥਣ ’ਤੇ ਉਨ੍ਹਾਂ ਦੇ ਨਹਾਉਣ ਅਤੇ ਕੱਪੜੇ ਬਦਲਣ ਦੀਆਂ ਚੋਰੀ ਵੀਡੀਓ ਬਣਾ ਕੇ ਆਮਿਰ ਨੂੰ ਭੇਜਣ ਦਾ ਦੋਸ਼ ਲਾਇਆ।

ਸ਼ਿਕਾਇਤ ਮੁਤਾਬਕ ਜਦ ਵਿਦਿਆਰਥਣਾਂ ਇਸ ਦਾ ਵਿਰੋਧ ਕਰਦੀਆਂ ਤਾਂ ਦੋਸ਼ੀ ਵਿਦਿਆਰਥਣ ਉਨ੍ਹਾਂ ਨੂੰ ਧਮਕਾਉਂਦੀ ਅਤੇ ਕਹਿੰਦੀ ਕਿ ‘ਜੇ ਇਸ ਬਾਰੇ ਕਿਸੇ ਨੂੰ ਵੀ ਦੱਸਿਆ ਤਾਂ ਤੁਹਾਡੇ ਲੋਕਾਂ ਦਾ ਗਾਜ਼ੀਪੁਰ ’ਚ ਰਹਿਣਾ ਔਖਾ ਕਰ ਦੇਵਾਂਗੇ।’’

* ਇਸ ਤੋਂ ਪਹਿਲਾਂ ਕਰਨਾਟਕ ਦੇ ਉਡੁੱਪੀ ਸਥਿਤ ਇਕ ਕਾਲਜ ਦੇ ਬਾਥਰੂਮ ’ਚ ਕੈਮਰਾ ਲਾ ਕੇ ਲੜਕੀਆਂ ਦੀ ਵੀਡੀਓ ਬਣਾਉਣ ਦੀ ਘਟਨਾ ਸਾਹਮਣੇ ਆਈ ਸੀ।

* ਕਾਨਪੁਰ ਦੇ ਤੁਲਸੀ ਨਗਰ ’ਚ ਸਥਿਤ ਗਰਲਜ਼ ਹੋਸਟਲ ’ਚ ਵਿਦਿਆਰਥਣਾਂ ਨੇ ਇਕ ਸਫਾਈ ਮੁਲਾਜ਼ਮ ਨੂੰ ਇਕ ਵਿਦਿਆਰਥਣ ਦਾ ਨਹਾਉਂਦੇ ਸਮੇਂ ਵੀਡੀਓ ਬਣਾਉਂਦੇ ਹੋਏ ਫੜ ਕੇ ਕੁੱਟਣ ਤੋਂ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ ਸੀ।

* ਚੰਡੀਗੜ੍ਹ ਯੂਨੀਵਰਸਿਟੀ ’ਚ ਵੀ ਇਕ ਵਿਦਿਆਰਥਣ ਨੇ ਗਰਲਜ਼ ਹੋਸਟਲ ’ਚ ਵਿਦਿਆਰਥਣਾਂ ਦੇ ਇਤਰਾਜ਼ਯੋਗ ਵੀਡੀਓ ਬਣਾਏ ਸਨ, ਜਿਨ੍ਹਾਂ ਨੂੰ ਉਹ ਆਪਣੇ ਕਿਸੇ ਮਰਦ ਦੋਸਤ ਨੂੰ ਭੇਜਦੀ ਸੀ। ਇਸ ਮਾਮਲੇ ’ਚ ਵੀਡੀਓ ਬਣਾਉਣ ਵਾਲੀ ਦੋਸ਼ੀ ਵਿਦਿਆਰਥਣ ਤੇ ਉਸ ਦੇ ਦੋਸਤ ਦੀ ਗ੍ਰਿਫਤਾਰੀ ਵੀ ਹੋਈ ਸੀ।

ਉਕਤ ਉਦਾਹਰਣਾਂ ਯਕੀਨੀ ਤੌਰ ’ਤੇ ਲੋਕਾਂ ਦੇ ਨੈਤਿਕ ਪਤਨ ਦਾ ਨਤੀਜਾ ਹਨ। ਪਹਿਲਾਂ ਤਾਂ ਇਸ ਕੰਮ ’ਚ ਸਿਰਫ ਮਰਦ ਹੀ ਸ਼ਾਮਲ ਹੁੰਦੇ ਸੀ ਪਰ ਹੁਣ ਔਰਤਾਂ ਵੀ ਇਸ ਘਿਨੌਣੇ ਕੰਮ ’ਚ ਸ਼ਾਮਲ ਹੋਣ ਲੱਗੀਆਂ ਹਨ। ਇਸ ਲਈ ਸਮਾਜ ’ਚ ਗੰਦਗੀ ਫੈਲਾਉਣ ਵਾਲੇ ਅਜਿਹੇ ਲੋਕਾਂ ਨੂੰ ਜਿੰਨੀ ਵੀ ਸਜ਼ਾ ਦਿੱਤੀ ਜਾਵੇ, ਘੱਟ ਹੀ ਹੋਵੇਗੀ। 
-ਵਿਜੇ ਕੁਮਾਰ


author

Manoj

Content Editor

Related News