‘ਹੁਣ ਕੋਰੋਨਾ ਦੇ ਪ੍ਰੀਖਣ ਅਤੇ ਟੀਕਾਕਰਨ’‘ਵਿਚ ਵੀ ਫਰਜ਼ੀਵਾੜਾ’

Thursday, Feb 18, 2021 - 03:28 AM (IST)

‘ਹੁਣ ਕੋਰੋਨਾ ਦੇ ਪ੍ਰੀਖਣ ਅਤੇ ਟੀਕਾਕਰਨ’‘ਵਿਚ ਵੀ ਫਰਜ਼ੀਵਾੜਾ’

ਇਕ ਪਾਸੇ ਜਿੱਥੇ ਭਾਰਤ ਸਰਕਾਰ ਵੱਲੋਂ ਲੋੜਵੰਦ ਦੇਸ਼ਾਂ ਨੂੰ ਆਪਣੇ ਇੱਥੇ ਤਿਆਰ ਕੀਤੀ ਕੋਰੋਨਾ ਵੈਕਸੀਨ ਦੇਣ ਲਈ ਵਿਸ਼ਵ ਭਾਈਚਾਰੇ ਵੱਲੋਂ ਭਾਰਤ ਦੀ ਸ਼ਲਾਘਾ ਹੋ ਰਹੀ ਹੈ ਤਾਂ ਦੂਸਰੇ ਪਾਸੇ ਦੇਸ਼ ’ਚ 16 ਜਨਵਰੀ ਤੋਂ ਆਰੰਭ ਕੀਤੀ ਗਈ ‘ਕੋਰੋਨਾ ਵੈਕਸੀਨੇਸ਼ਨ ਮੁਹਿੰਮ’ ਦੇ ਦੌਰਾਨ ਵੱਡੇ ਪੱਧਰ ’ਤੇ ਫਰਜ਼ੀਵਾੜਾ ਸਾਹਮਣੇ ਆ ਗਿਆ।

ਬਿਹਾਰ ’ਚ ‘ਭਾਗਲਪੁਰ’ ਜ਼ਿਲੇ ਦੇ ਹਸਪਤਾਲਾਂ ’ਚ ਟੀਚਾ ਪੂਰਾ ਕਰਨ ਲਈ ਕਰਮਚਾਰੀਆਂ ਨੇ ਕਈ ਥਾਂ ਟੀਕਾ ਲਗਾਉਣ ਵਾਲਿਆਂ ਦੇ ਵੇਰਵੇ ਵਾਲੇ ਕਾਲਮ ’ਚ ਅਜਿਹੇ ਲੋਕਾਂ ਦੇ ਬੋਗਸ ਮੋਬਾਇਲ ਨੰਬਰ ਦਰਜ ਕਰ ਕੇ ਕੋਰੋਨਾ ਪ੍ਰੀਖਣ ਦੇ ਅੰਕੜੇ ਪੂਰੇ ਕਰ ਦਿੱਤੇ ਜਿਨ੍ਹਾਂ ਨੇ ਕਦੀ ਕੋਰੋਨਾ ਜਾਂਚ ਕਰਵਾਈ ਹੀ ਨਹੀਂ ਸੀ।

‘ਭਾਗਲਪੁਰ’ ਜ਼ਿਲੇ ਦੇ ਸੱਤ ਪ੍ਰਾਇਮਰੀ ਸਿਹਤ ਕੇਂਦਰਾਂ ’ਤੇ ਜਿਹੜੇ 921 ਵਿਅਕਤੀਆਂ ਦੀ ਜਾਂਚ ਕੀਤੀ ਦੱਸੀ ਗਈ ਉਨ੍ਹਾਂ ਦਾ ਮੋਬਾਇਲ ਨੰਬਰ 0000000000 ਦਰਜ ਕੀਤਾ ਗਿਆ ਜਦਕਿ ਚਾਰ ਹੋਰ ਮੋਬਾਇਲ ਨੰਬਰਾਂ ਦੀ ਵਰਤੋਂ 1298 ਹੋਰਨਾਂ ਲੋਕਾਂ ਦੀ ਕੋਰੋਨਾ ਜਾਂਚ ਦਾ ਵੇਰਵਾ ਭਰਨ ਲਈ ਕੀਤੀ ਗਈ।

ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ’ਚ ਗਵਾਲੀਅਰ ਦੇ ਇਕ ਹਸਪਤਾਲ ’ਚ ਵੈਕਸੀਨ ਲੈਣ ਵਾਲੇ 940 ਲੋਕਾਂ ਦਾ ਇਕ ਹੀ ਮੋਬਾਇਲ ਨੰਬਰ ਸਾਹਮਣੇ ਆਉਣ ਦੇ ਬਾਅਦ ਹੁਣ ਉੱਥੇ ਇਸ ਤੋਂ ਵੀ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ ਅਤੇ ਵੈਕਸੀਨ ਲਗਾਉਣ ਵਾਲੇ 1.37 ਲੱਖ ਤੋਂ ਵੱਧ ਲੋਕਾਂ ਦਾ ਇਕ ਹੀ ਮੋਬਾਇਲ ਨੰਬਰ ਰਜਿਸਟਰ ਹੋਣ ਦਾ ਪਤਾ ਲੱਗਣ ’ਤੇ ਸੂਬੇ ’ਚ ਕੋਰੋਨਾ ਟੀਕਾਕਰਨ ਮੁਹਿੰਮ ਦੀ ਪੋਲ ਖੁੱਲ੍ਹ ਗਈ ਹੈ।

ਸਾਬਕਾ ਮੰਤਰੀ ਪੀ. ਸੀ. ਸ਼ਰਮਾ (ਕਾਂਗਰਸ) ਨੇ ਸੂਬੇ ਦੀ ਸ਼ਿਵਰਾਜ ਸਿੰਘ ਸਰਕਾਰ ’ਤੇ ਵਾਰ ਕਰਦਿਆਂ ਇਸ ਨੂੰ ਕੋਰੋਨਾ ਦੇ ਨਾਂ ’ਤੇ ਖਿਲਵਾੜ ਕਰਾਰ ਦਿੱਤਾ ਹੈ। ਸਿਹਤ ਮੰਤਰੀ ਪ੍ਰਭੂਰਾਮ ਚੌਧਰੀ ਨੇ ਇਸ ਗਲਤੀ ਦੀ ਜਾਂਚ ਕਰਾਉਣ ਦੀ ਗੱਲ ਮੰਨੀ ਹੈ।

ਜੋ ਵੀ ਹੋਵੇ, ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਵਰਗੇ ਗੰਭੀਰ ਮਾਮਲੇ ’ਚ ਸਬੰਧਤ ਕਰਮਚਾਰੀਆਂ ਵੱਲੋਂ ਅਜਿਹੀ ਲਾਪ੍ਰਵਾਹੀ ਘੋਰ ਅਪਰਾਧ ਹੈ, ਜਿਸ ਦੇ ਲਈ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਭਵਿੱਖ ’ਚ ਅਜਿਹੀ ਬੇਨਿਯਮੀ ’ਤੇ ਰੋਕ ਲੱਗ ਸਕੇ ਅਤੇ ਸਿਹਤ ਕਰਮਚਾਰੀਆਂ ਵੱਲੋਂ ਪ੍ਰੀਖਣ ਅਤੇ ਟੀਕਾਕਰਨ ਦੇ ਗਲਤ ਅੰਕੜੇ ਦਿਖਾ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਅਤੇ ਸਰਕਾਰ ਨਾਲ ਕੀਤੀ ਜਾਣ ਵਾਲੀ ਧੋਖਾਦੇਹੀ ਨੂੰ ਰੋਕਿਆ ਜਾ ਸਕੇ।

- ਵਿਜੇ ਕੁਮਾਰ


author

Bharat Thapa

Content Editor

Related News