ਹੁਣ ''ਭਾਰਤੀ ਰੇਲਾਂ'' ਬਣ ਰਹੀਆਂ ਨੇ ''ਅਪਰਾਧਾਂ ਦਾ ਗੜ੍ਹ''

04/29/2017 7:15:17 AM

ਭਾਰਤੀ ਰੇਲ ਗੱਡੀਆਂ ''ਚ ਹੋਣ ਵਾਲੇ ਅਪਰਾਧਾਂ ''ਚ ਲਗਾਤਾਰ ਵਾਧੇ ਕਾਰਨ ਇਨ੍ਹਾਂ ''ਚ ਸਫਰ ਕਰਨਾ ਖਤਰੇ ਤੋਂ ਖਾਲੀ ਨਹੀਂ ਰਿਹਾ। ਇਨ੍ਹਾਂ ''ਚ ਸੁਰੱਖਿਆ ਬਲਾਂ ਦੀ ਮੌਜੂਦਗੀ ਦੇ ਬਾਵਜੂਦ ਲੁੱਟ-ਖੋਹ, ਕਤਲ, ਡਕੈਤੀ ਤੇ ਬਲਾਤਕਾਰ ਆਦਿ ਲਗਾਤਾਰ ਵਧ ਰਹੇ ਹਨ, ਇਸ ਲਈ ਜੇਕਰ ਭਾਰਤੀ ਰੇਲਾਂ ਨੂੰ ਅਪਰਾਧਾਂ ਦਾ ਗੜ੍ਹ ਵੀ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਰੇਲਾਂ ''ਚ ਹੋਏ ਅਪਰਾਧਾਂ ਦੀਆਂ ਕੁਝ ਤਾਜ਼ਾ ਘਟਨਾਵਾਂ ਹੇਠਾਂ ਦਰਜ ਹਨ :
* 23 ਜਨਵਰੀ 2017 ਨੂੰ ਹਥਿਆਰਬੰਦ ਲੁਟੇਰੇ ਗੋਆ ''ਚ ਮਡਗਾਓਂ ਨੇੜੇ ''ਨੇਤਰਵਤੀ ਐਕਸਪ੍ਰੈੱਸ'' ਰਾਹੀਂ ਕੇਰਲਾ ਜਾ ਰਹੀ ਔਰਤ ਦਾ ਪਰਸ ਖੋਹ ਕੇ ਲੈ ਗਏ। ਔਰਤ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਪੁਲਸ ਵਾਲਿਆਂ ਨੂੰ ਇਸ ਸੰਬੰਧ ''ਚ ਕਾਰਵਾਈ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਉਸ ਨਾਲ ਸਹਿਯੋਗ ਨਹੀਂ ਕੀਤਾ। 
* 05 ਅਪ੍ਰੈਲ ਨੂੰ ਰਿਵਾੜੀ ਰੇਲਵੇ ਸਟੇਸ਼ਨ ''ਤੇ ਖੜ੍ਹੀ ਇਕ ਰੇਲ ਗੱਡੀ ਦੇ ਟਾਇਲਟ ''ਚ ਇਕ ਨੌਜਵਾਨ ਇਕ ਔਰਤ ਨਾਲ ਬਲਾਤਕਾਰ ਕਰਦਾ ਫੜਿਆ ਗਿਆ।
* 07 ਅਪ੍ਰੈਲ ਨੂੰ ਨਵੀਂ ਦਿੱਲੀ ਜਾ ਰਹੀ ਇਕ ਔਰਤ ਤੋਂ ਲੁਟੇਰਿਆਂ ਨੇ ਉਸ ਦਾ ਬੈਗ ਲੁੱਟਣ ਦੀ ਕੋਸ਼ਿਸ਼ ਕੀਤੀ। ਔਰਤ ਵਲੋਂ ਵਿਰੋਧ ਕਰਨ ''ਤੇ ਲੁਟੇਰਿਆਂ ਨੇ ਉਸ ਨੂੰ ਰੇਲ ਗੱਡੀ ''ਚੋਂ ਬਾਹਰ ਸੁੱਟ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ ਅਤੇ ਉਸ ਦੀ ਜਾਨ ਬਚਾਉਣ ਲਈ ਡਾਕਟਰਾਂ ਨੂੰ ਉਸ ਦੀ ਇਕ ਲੱਤ ਤਕ ਕੱਟਣੀ ਪਈ।
* 09 ਅਪ੍ਰੈਲ ਨੂੰ ਸਵੇਰੇ-ਸਵੇਰੇ ਬਿਹਾਰ ਦੇ ਬਕਸਰ ਜ਼ਿਲੇ ''ਚ ਇਕ ਦਰਜਨ ਹਥਿਆਰਬੰਦ ਲੁਟੇਰਿਆਂ ਨੇ ਨਵੀਂ ਦਿੱਲੀ-ਪਟਨਾ ''ਰਾਜਧਾਨੀ ਐਕਸਪ੍ਰੈੱਸ'' ਦੇ ਤਿੰਨ ਡੱਬਿਆਂ ''ਤੇ ਹੱਲਾ ਬੋਲ ਕੇ ਬੰਦੂਕ ਦੀ ਨੋਕ ''ਤੇ ਕਈ ਮੁਸਾਫਿਰਾਂ ਨੂੰ ਲੁੱਟ ਲਿਆ। 
* 10 ਅਪ੍ਰੈਲ ਨੂੰ ''ਜੰਮੂ-ਮੇਲ'' ਵਿਚ ਲੁਟੇਰਿਆਂ ਦੇ ਇਕ ਗਿਰੋਹ ਨੇ ਕੁਰੂਕਸ਼ੇਤਰ ਨੇੜੇ ਕੋਚ ਨੰਬਰ ਏ-2 ''ਚ ਸਫਰ ਕਰ ਰਹੇ ਕੁਝ ਮੁਸਾਫਿਰਾਂ ਤੋਂ ਉਨ੍ਹਾਂ ਦੇ ਪਰਸ ਵਗੈਰਾ ਖੋਹ ਲਏ। ਡੱਬੇ ''ਚ ਕੋਈ ਸੁਰੱਖਿਆਗਾਰਡ ਨਹੀਂ ਸੀ। 
* 18 ਅਪ੍ਰੈਲ ਨੂੰ ਮੱਧ ਪ੍ਰਦੇਸ਼ ''ਚ ਇਟਾਰਸੀ ਨੇੜੇ ''ਹੋਲੀਡੇ ਐਕਸਪ੍ਰੈੱਸ'' ਵਿਚ ਆਪਣੇ ਭਰਾ ਨਾਲ ਸਫਰ ਕਰ ਰਹੀ ਇਕ 16 ਸਾਲਾ ਨਾਬਾਲਗਾ ਨੂੰ ਟਾਇਲਟ ''ਚ ਬੰਦ ਕਰ ਕੇ ਉਸ ਨਾਲ ਬਲਾਤਕਾਰ ਕਰਦਾ ਵੈਂਡਰ ਫੜਿਆ ਗਿਆ।
* 22 ਅਪ੍ਰੈਲ ਦੀ ਰਾਤ ਨੂੰ ਇਕ 19 ਸਾਲਾ ਮੁਟਿਆਰ ਕਰਨਾਲ ਤੋਂ ਦਿੱਲੀ ਜਾਣ ਲਈ ''ਇਲੈਕਟ੍ਰੀਕਲ ਮਲਟੀਪਲ ਯੂਨਿਟ ਰੇਲ ਗੱਡੀ'' ਵਿਚ ਸਵਾਰ ਹੋਈ, ਜਿਸ ਨੂੰ 2 ਵਿਅਕਤੀਆਂ ਨੇ ਇਕ ਖਾਲੀ ਡੱਬੇ ''ਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਸ਼ਿਕਾਇਤ ਕਰਨ ''ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ।
ਮੁਟਿਆਰ ਅਨੁਸਾਰ ਕੁਰੂਕਸ਼ੇਤਰ ''ਚ ਡਿਊਟੀ ''ਤੇ ਮੌਜੂਦ ਜੀ. ਆਰ. ਪੀ. ਦੇ ਮੈਂਬਰਾਂ ਨੂੰ ਸ਼ਿਕਾਇਤ ਕਰਨ ''ਤੇ ਉਨ੍ਹਾਂ ਨੇ ਉਸ ਦੀ ਕੋਈ ਸਹਾਇਤਾ ਨਹੀਂ ਕੀਤੀ ਅਤੇ ਉਸ ਦੀ ਸ਼ਿਕਾਇਤ ਸੁਣਨ ਦੀ ਬਜਾਏ ਉਸ ਨੂੰ ਦਿੱਲੀ ਜਾਣ ਵਾਲੀ ਗੱਡੀ ''ਚ ਬਿਠਾ ਦਿੱਤਾ।
* 23 ਅਪ੍ਰੈਲ ਨੂੰ ਨਵੀ ਮੁੰਬਈ ਨੇੜੇ ਰੋਹਾ ਰੇਲਵੇ ਸਟੇਸ਼ਨ ''ਤੇ ਖੜ੍ਹੀ ''ਕੋਂਕਣ ਕੰਨਿਆ ਐਕਸਪ੍ਰੈੱਸ'' ਵਿਚ ਲੁਟੇਰੇ ਸਫਰ ਕਰ ਰਹੀਆਂ ਮਹਿਲਾ ਮੁਸਾਫਿਰਾਂ ''ਤੇ ਹਮਲਾ ਕਰ ਕੇ ਲੱਖਾਂ ਰੁਪਏ ਦੇ ਗਹਿਣੇ ਆਦਿ ਲੁੱਟ ਕੇ ਭੱਜ ਗਏ।
* 26 ਅਪ੍ਰੈਲ ਨੂੰ ਸਵੇਰੇ-ਸਵੇਰੇ ਆਂਧਰਾ ਪ੍ਰਦੇਸ਼ ''ਚ ਗੁੰਟੂਰ ਨੇੜੇ ''ਡੈਲਟਾ ਐਕਸਪ੍ਰੈੱਸ'' ਦੇ ਕੁਝ ਮੁਸਾਫਿਰਾਂ ਨੂੰ ਲੁਟੇਰਿਆਂ ਨੇ ਲੁੱਟ ਲਿਆ।
ਹੁਣ 27 ਅਪ੍ਰੈਲ ਨੂੰ ਸਵੇਰੇ-ਸਵੇਰੇ ਬਿਹਾਰ ''ਚ ਪਟਨਾ-ਮੁਗਲਸਰਾਏ ਡਵੀਜ਼ਨ ''ਚ ਬਨਾਹੀ ਰੇਲਵੇ ਸਟੇਸ਼ਨ ਨੇੜੇ 4 ਹਥਿਆਰਬੰਦ ਲੁਟੇਰਿਆਂ ਨੇ ''ਮਹਾਨੰਦਾ ਐਕਸਪ੍ਰੈੱਸ'' ਵਿਚ ਨਾ ਸਿਰਫ ਮੁਸਾਫਿਰਾਂ ਨਾਲ ਲੁੱਟਮਾਰ ਕੀਤੀ ਸਗੋਂ ਇਕ ਮੁਸਾਫਿਰ ਨੂੰ ਛੁਰਾ ਮਾਰ ਕੇ ਜ਼ਖ਼ਮੀ ਵੀ ਕਰ ਦਿੱਤਾ।
ਸਪੱਸ਼ਟ ਹੈ ਕਿ ਰੇਲਵੇ ਸੁਰੱਖਿਆ ਫੋਰਸ ਦੇ ਜਵਾਨ ਆਪਣਾ ਫਰਜ਼ ਤਸੱਲੀਬਖਸ਼ ਢੰਗ ਨਾਲ ਨਿਭਾਉਣ ''ਚ ਅਸਫਲ ਦਿਖਾਈ ਦਿੰਦੇ ਹਨ ਅਤੇ ਅਪਰਾਧਾਂ ਨੂੰ ਰੋਕਣ ਤੇ ਪੀੜਤਾਂ ਨੂੰ ਸੁਰੱਖਿਆ ਦੇਣ ਦੇ ਮਾਮਲੇ ''ਚ ਅਪਰਾਧਿਕ ਹੱਦ ਤਕ ਲਾਪਰਵਾਹੀ ਵਰਤ ਰਹੇ ਹਨ, ਜਿਸ ਕਾਰਨ ਰੇਲ ਯਾਤਰੀ ਲਗਾਤਾਰ ਅਪਰਾਧੀ ਅਨਸਰਾਂ ਦਾ ਨਿਸ਼ਾਨਾ ਬਣ ਰਹੇ ਹਨ।
ਇਸ ਸਥਿਤੀ ''ਤੇ ਕਾਬੂ ਪਾਉਣ ਲਈ ਬੇਸ਼ੱਕ ਰੇਲ ਮੰਤਰਾਲਾ ਗੱਡੀ ਦੇ ਚੱਲਣ ਤੋਂ ਪਹਿਲਾਂ ਆਪਣੇ ਆਪ ਬੰਦ ਹੋ ਜਾਣ ਵਾਲੇ  ਅਤੇ ਪਲੇਟਫਾਰਮ ''ਤੇ ਗੱਡੀ ਰੁਕਣ ਤੋਂ ਬਾਅਦ ਹੀ ਖੁੱਲ੍ਹਣ ਵਾਲੇ ਆਟੋਮੈਟਿਕ ਦਰਵਾਜ਼ੇ ਲਾਉਣ ਦੀ ਯੋਜਨਾ ਬਣਾ ਰਿਹਾ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ।
ਲੋੜ ਇਸ ਗੱਲ ਦੀ ਵੀ ਹੈ ਕਿ ਸਾਰੀਆਂ ਗੱਡੀਆਂ ਨਾਲ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ, ਜੋ ਸਮੁੱਚੀ ਗੱਡੀ ''ਚ ਲਗਾਤਾਰ ਗਸ਼ਤ ਲਾਉਂਦੇ ਰਹਿਣ ਅਤੇ ਗੱਡੀਆਂ ਦੇ ਠਹਿਰਾਅ ਦੌਰਾਨ ਪਲੇਟਫਾਰਮ ''ਤੇ ਉਤਰ ਕੇ ਚਾਰੇ ਪਾਸਿਆਂ ਦੀ ਸਥਿਤੀ ''ਤੇ ਵੀ ਨਜ਼ਰ ਰੱਖਣ ਤੇ ਮੁਸਾਫਿਰਾਂ ਦੀ ਸ਼ਿਕਾਇਤ ''ਤੇ ਤੁਰੰਤ ਕਾਰਵਾਈ ਕਰਨ। ਅਜਿਹਾ ਨਾ ਕਰਨ ਵਾਲੇ ਸੁਰੱਖਿਆ ਮੁਲਾਜ਼ਮਾਂ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ।                                 
—ਵਿਜੇ ਕੁਮਾਰ


Vijay Kumar Chopra

Chief Editor

Related News