ਪ੍ਰਮਾਣੂ ਬੰਬ ਚਲਾ ਕੇ ਦੁਨੀਆ ਨੂੰ ਡਰਾਉਣ ਦਾ ਉੱਤਰੀ ਕੋਰੀਆ ਨੇ ਭੁਗਤਿਆ ਖਮਿਆਜ਼ਾ

11/03/2017 6:45:25 AM

ਦੂਜੀ ਸੰਸਾਰ ਜੰਗ ਖਤਮ ਹੋਣ 'ਤੇ ਅਮਰੀਕਾ ਤੇ ਸੋਵੀਅਤ ਰੂਸ ਨੇ ਕੋਰੀਆ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਅਤੇ 1948 ਵਿਚ ਇਸ ਦੇਸ਼ ਦੀਆਂ ਦੋ ਵੱਖ-ਵੱਖ ਸਰਕਾਰਾਂ ਬਣ ਗਈਆਂ। ਕੋਰੀਅਨ ਲੜਾਈ (1950-53) ਨੇ ਦੋਹਾਂ ਦੇਸ਼ਾਂ ਵਿਚਾਲੇ ਦੁਸ਼ਮਣੀ ਦਾ ਪਾੜਾ ਹੋਰ ਵਧਾ ਦਿੱਤਾ। ਉੱਤਰੀ ਕੋਰੀਆ ਦੇ ਮੌਜੂਦਾ ਸਨਕੀ ਸ਼ਾਸਕ 'ਕਿਮ-ਜੋਂਗ-ਉਨ' ਦਾ ਦਾਦਾ  'ਕਿਮ-ਇਲ-ਸੁੰਗ' ਇਸ ਦੇਸ਼ ਦਾ ਪਹਿਲਾ ਚੋਟੀ ਦਾ ਨੇਤਾ ਸੀ। 
ਆਰਥਿਕ ਨਜ਼ਰੀਏ ਤੋਂ ਇਹ ਦੁਨੀਆ ਦੇ ਘੱਟ ਖੁਸ਼ਹਾਲ ਦੇਸ਼ਾਂ 'ਚੋਂ ਇਕ ਹੈ, ਜਦਕਿ ਦੂਜੇ ਪਾਸੇ ਅਮਰੀਕਾ ਦਾ ਸਾਥੀ ਦੱਖਣੀ ਕੋਰੀਆ ਕੁਲ ਘਰੇਲੂ ਉਤਪਾਦ ਦੇ ਆਧਾਰ 'ਤੇ ਦੁਨੀਆ ਦੀ 15ਵੀਂ ਅਤੇ ਖਰੀਦ ਸ਼ਕਤੀ ਦੇ ਆਧਾਰ 'ਤੇ 12ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੋਣ ਦੇ ਨਾਤੇ ਇਕ ਖੁਸ਼ਹਾਲ ਦੇਸ਼ ਬਣ ਚੁੱਕਾ ਹੈ। 
ਇਹ ਤ੍ਰਾਸਦੀ ਹੀ ਹੈ ਕਿ ਉੱਤਰੀ ਕੋਰੀਆ ਆਪਣੀ ਕਮਜ਼ੋਰ ਅਰਥ ਵਿਵਸਥਾ ਨੂੰ ਸੁਧਾਰ ਕੇ ਦੇਸ਼ ਦੀ ਹਾਲਤ ਬਿਹਤਰ ਬਣਾਉਣ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾਉਣ, ਅਮਰੀਕਾ ਤੇ ਜਾਪਾਨ ਨੂੰ ਬਰਬਾਦ ਕਰਨ ਅਤੇ ਸਮੁੰਦਰ 'ਚ ਡੁਬੋਣ ਵਰਗੀਆਂ ਤਬਾਹੀ ਦੀਆਂ ਯੋਜਨਾਵਾਂ ਬਣਾਉਣ ਵਿਚ ਜੁਟਿਆ ਹੋਇਆ ਹੈ ਕਿਉਂਕਿ ਇਹ ਜਾਪਾਨ, ਅਮਰੀਕਾ ਤੇ ਹੋਰਨਾਂ ਦੇਸ਼ਾਂ ਨੂੰ ਆਪਣਾ ਦੁਸ਼ਮਣ ਅਤੇ ਚੀਨ ਨੂੰ ਦੋਸਤ ਮੰਨਦਾ ਹੈ। 
ਦੱਖਣੀ ਕੋਰੀਆ ਨਾਲ ਆਪਣੀ ਦੁਸ਼ਮਣੀ ਜ਼ਾਹਿਰ ਕਰਦਿਆਂ ਨਾ ਸਿਰਫ 'ਕਿਮ-ਜੋਂਗ' ਨੇ ਇਸ ਨੂੰ ਗੱਦਾਰ ਕਰਾਰ ਦੇ ਦਿੱਤਾ ਹੈ, ਸਗੋਂ ਆਪਣੀਆਂ ਪ੍ਰਮਾਣੂ ਸਰਗਰਮੀਆਂ ਨੂੰ ਨਾ ਰੋਕਣ ਦੀ ਗੱਲ ਵੀ ਕਹੀ ਹੈ। 'ਕਿਮ-ਜੋਂਗ' ਨੇ ਕੁਝ ਸਮੇਂ ਤੋਂ ਉੱਤਰੀ ਕੋਰੀਆ ਦੀਆਂ ਪ੍ਰਮਾਣੂ ਸਰਗਰਮੀਆਂ ਬਹੁਤ ਜ਼ਿਆਦਾ ਵਧਾ ਦਿੱਤੀਆਂ ਹਨ, ਜੋ ਨਾ ਸਿਰਫ ਜਾਪਾਨ ਤੇ ਅਮਰੀਕਾ, ਸਗੋਂ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਅਜੇ ਕੁਝ ਹੀ ਸਮਾਂ ਪਹਿਲਾਂ ਕਿਮ-ਜੋਂਗ ਨੇ ਅਮਰੀਕਾ ਨੂੰ ਇਹ ਧਮਕੀ ਵੀ ਦਿੱਤੀ ਹੈ ਕਿ ਜੇ ਉਸ ਨੇ ਉੱਤਰੀ ਕੋਰੀਆ ਵਿਰੁੱਧ ਕੋਈ ਕਾਰਵਾਈ ਕੀਤੀ ਤਾਂ ਉਹ ਉਸ 'ਤੇ ਹਾਈਡ੍ਰੋਜ਼ਨ ਬੰਬ ਸੁੱਟਣ ਤੋਂ ਵੀ ਨਹੀਂ ਝਿਜਕੇਗਾ। 
2011 'ਚ ਸੱਤਾ ਸੰਭਾਲਣ ਤੋਂ ਬਾਅਦ 'ਕਿਮ-ਜੋਂਗ' ਦੇ ਸ਼ਾਸਨ ਦੌਰਾਨ ਪ੍ਰਮਾਣੂ ਪ੍ਰੀਖਣਾਂ ਵਿਚ ਕਾਫੀ ਤੇਜ਼ੀ ਆਈ ਹੈ ਤੇ ਉੱਤਰੀ ਕੋਰੀਆ 6 ਪ੍ਰਮਾਣੂ ਪ੍ਰੀਖਣ ਕਰ ਚੁੱਕਾ ਹੈ ਪਰ ਇਹੋ ਤੇਜ਼ੀ ਉਸ ਦੇ ਲਈ ਤਬਾਹੀ ਦਾ ਕਾਰਨ ਬਣ ਗਈ ਹੈ। 
ਬੀਤੀ 3 ਸਤੰਬਰ ਨੂੰ ਉੱਤਰੀ ਕੋਰੀਆ ਵੱਲੋਂ ਪ੍ਰਮਾਣੂ  ਬੰਬ ਦੇ ਸਭ ਤੋਂ ਵੱਡੇ ਅੰਡਰਗਰਾਊਂਡ ਪ੍ਰੀਖਣ, ਜਿਸ ਨੂੰ ਉਸ ਨੇ ਹਾਈਡ੍ਰੋਜ਼ਨ ਬੰਬ ਦਾ ਪ੍ਰੀਖਣ ਕਿਹਾ ਸੀ, ਤੋਂ  ਬਾਅਦ 10 ਸਤੰਬਰ ਨੂੰ ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਸਥਾਨ 'ਪੰਗੀ ਰੀ' ਉੱਤੇ ਸੁਰੰਗ ਢਹਿਣ ਨਾਲ ਲੱਗਭਗ 100 ਵਿਅਕਤੀਆਂ ਦੀ ਮੌਤ ਹੋ ਗਈ ਤੇ ਜਦੋਂ ਬਚਾਅ ਮੁਹਿੰਮ ਚਲਾਈ ਜਾ  ਰਹੀ ਸੀ, ਉਦੋਂ ਦੂਜੀ ਵਾਰ ਸੁਰੰਗ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ 200 ਤੋਂ ਵੀ ਜ਼ਿਆਦਾ ਹੋ ਗਈ।
ਪ੍ਰਮਾਣੂ ਪ੍ਰੀਖਣ ਕਾਰਨ ਹੀ ਹਾਦਸੇ ਵਾਲੇ ਹਾਲਾਤ ਪੈਦਾ ਹੋਏ ਕਿਉਂਕਿ ਮਾਹਿਰਾਂ ਨੇ ਚਿਤਾਵਨੀ ਵੀ ਦਿੱਤੀ ਸੀ ਕਿ ਅੰਡਰਗਰਾਊਂਡ ਪ੍ਰੀਖਣ ਦੀ ਵਜ੍ਹਾ ਕਰਕੇ ਪਹਾੜ ਡਿੱਗ ਸਕਦਾ ਹੈ। ਇਹ ਪ੍ਰੀਖਣ 5ਵੇਂ ਪ੍ਰਮਾਣੂ ਪ੍ਰੀਖਣ ਦੇ ਮੁਕਾਬਲੇ ਲੱਗਭਗ 10 ਗੁਣਾ ਜ਼ਿਆਦਾ ਤਾਕਤਵਰ ਅਤੇ ਹੀਰੋਸ਼ਿਮਾ 'ਤੇ 6 ਅਗਸਤ 1945 ਨੂੰ ਅਮਰੀਕਾ ਵੱਲੋਂ ਸੁੱਟੇ ਗਏ ਪ੍ਰਮਾਣੂ ਬੰਬ ਨਾਲੋਂ 8 ਗੁਣਾ ਜ਼ਿਆਦਾ ਤਾਕਤਵਰ ਸੀ। 
ਇਸ ਨਾਲ ਰਿਕਟਰ ਪੈਮਾਨੇ 'ਤੇ 6.3 ਤੀਬਰਤਾ ਦਾ ਭੂਚਾਲ ਆਇਆ ਅਤੇ 'ਪੰਗੀ ਰੀ' ਦੀ ਜ਼ਮੀਨ 'ਚ ਤਰੇੜਾਂ ਆ ਗਈਆਂ, ਜਿਸ ਕਾਰਨ ਇਹ ਕਾਫੀ ਕਮਜ਼ੋਰ ਹੋ ਗਈ। ਕਿਮ-ਜੋਂਗ ਨੇ ਇਸ ਦੀ ਪਰਵਾਹ ਕੀਤੇ ਬਿਨਾਂ ਇਥੇ ਇਕ ਅੰਡਰਗਰਾਊਂਡ ਸੁਰੰਗ ਬਣਾਉਣ ਦਾ ਹੁਕਮ ਦੇ ਦਿੱਤਾ। ਕਮਜ਼ੋਰ ਜ਼ਮੀਨ 'ਚ ਸੁਰੰਗ ਬਣਾਉਣ ਨਾਲ ਇਹ ਡਿੱਗ ਗਈ ਤੇ ਹੁਣ ਇਸ ਜਗ੍ਹਾ ਦੀ ਵਰਤੋਂ ਨਹੀਂ ਹੋ ਸਕੇਗੀ। 
ਇਸੇ ਦੇ ਮੱਦੇਨਜ਼ਰ ਦੱਖਣੀ ਕੋਰੀਆ ਤੇ ਚੀਨ ਦੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਉੱਤਰੀ ਕੋਰੀਆ ਵੱਲੋਂ ਦੁਬਾਰਾ ਪ੍ਰਮਾਣੂ ਪ੍ਰੀਖਣ ਕਰਨ ਨਾਲ ਪਹਾੜ ਡਿੱਗ ਸਕਦੇ ਹਨ ਤੇ ਰੇਡੀਓ ਐਕਟਿਵ ਕਿਰਨਾਂ ਫੈਲ ਜਾਣ ਨਾਲ ਚੌਗਿਰਦੇ ਨੂੰ ਖਤਰਨਾਕ ਹੱਦ ਤਕ ਨੁਕਸਾਨ ਪੁੱਜੇਗਾ। ਉੱਤਰੀ ਕੋਰੀਆ ਨੇ ਸਾਰੇ ਪ੍ਰਮਾਣੂ ਪ੍ਰੀਖਣ ਇਸੇ ਜਗ੍ਹਾ 'ਤੇ ਕੀਤੇ ਹਨ। 
ਅੱਜ ਜਦੋਂ ਦੁਨੀਆ ਪਹਿਲਾਂ ਹੀ ਕੌਮਾਂਤਰੀ ਅੱਤਵਾਦ ਵਰਗੀਆਂ ਭਿਆਨਕ ਸਮੱਸਿਆਵਾਂ ਨਾਲ ਜੂਝ ਰਹੀ ਹੈ, ਉੱਤਰੀ ਕੋਰੀਆ ਦੇ ਤਾਨਾਸ਼ਾਹ 'ਕਿਮ-ਜੋਂਗ' ਵੱਲੋਂ ਪ੍ਰਮਾਣੂ ਪ੍ਰੀਖਣਾਂ ਦੇ ਜਨੂੰਨ ਦੀ ਵਜ੍ਹਾ ਕਰਕੇ ਹੀ 200 ਵਿਅਕਤੀਆਂ ਦੀ ਜਾਨ ਗਈ ਹੈ ਕਿਉਂਕਿ ਆਦਮੀ ਚਾਹੇ ਲੱਖ ਯੋਜਨਾਵਾਂ ਬਣਾਉਂਦਾ ਰਹੇ ਪਰ ਕੁਦਰਤ ਆਪਣੇ ਢੰਗ ਨਾਲ ਹੀ ਕੰਮ ਕਰਦੀ ਹੈ। 
ਇਸ ਲਈ ਉੱਤਰੀ ਕੋਰੀਆ ਤਬਾਹੀ ਦੀਆਂ ਯੋਜਨਾਵਾਂ ਬਣਾਉਣੀਆਂ ਛੱਡੇ ਕਿਉਂਕਿ ਉਸ ਦਾ ਭਲਾ ਇਸੇ ਵਿਚ ਹੈ ਕਿ ਉਹ ਸ਼ਾਂਤੀ ਅਤੇ ਸਹਿ-ਹੋਂਦ ਦਾ ਰਾਹ ਅਪਣਾਏ। 
ਅੱਜ ਜਦੋਂ ਸਮੁੱਚੀ ਦੁਨੀਆ ਇਕ ਗਲੋਬਲ ਪਿੰਡ ਬਣਦੀ ਜਾ ਰਹੀ ਹੈ ਤੇ ਕਿਸੇ ਜ਼ਮਾਨੇ ਦੇ ਦੁਸ਼ਮਣ ਅਮਰੀਕਾ, ਜਾਪਾਨ ਅਤੇ ਜਰਮਨੀ ਵੀ ਨੇੜੇ ਆ ਗਏ ਹਨ ਤਾਂ ਉੱਤਰੀ ਕੋਰੀਆ ਵੀ ਦੱਖਣੀ ਕੋਰੀਆ, ਅਮਰੀਕਾ ਅਤੇ ਜਾਪਾਨ ਨਾਲ ਆਪਣੀ ਦੁਸ਼ਮਣੀ ਦੀ ਭਾਵਨਾ ਛੱਡ ਕੇ ਸ਼ਾਂਤੀ ਅਤੇ ਨਵ-ਉਸਾਰੀ ਦਾ ਨਵਾਂ ਦੌਰ ਸ਼ੁਰੂ ਕਰੇ। 
—ਵਿਜੇ ਕੁਮਾਰ


Related News