ਚੋਣਾਂ ’ਚ ਜੁੱਤੇ, ਚੱਪਲ, ਜਲੇਬੀਆਂ ਅਤੇ ਚੱਲ ਰਹੇ ਬੇਤੁਕੇ ਬਿਆਨਾਂ ਦੇ ਤੀਰ
Sunday, Nov 19, 2023 - 02:49 AM (IST)
ਪੰਜ ਸੂਬਿਆਂ ’ਚ ਜਾਰੀ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਦਰਮਿਆਨ ਕੋਈ ਵੀ ਸਿਆਸੀ ਪਾਰਟੀ ਆਪਣਾ ਦਮਖਮ ਦਿਖਾਉਣ ’ਚ ਪਿੱਛੇ ਨਹੀਂ ਰਹੀ। ਇਸ ਦੌਰਾਨ ਕਈ ਰੋਚਕ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ’ਚੋਂ ਚੰਦ ਹੇਠਾਂ ਦਰਜ ਹਨ :
* ਰਾਜਸਥਾਨ ਦੀ ਬਹਰੋੜ ਸੀਟ ਤੋਂ ਵਰਤਮਾਨ ਵਿਧਾਇਕ ਅਤੇ ਆਜ਼ਾਦ ਉਮੀਦਵਾਰ ਬਲਜੀਤ ਯਾਦਵ ਜਦ ਆਪਣੇ ਚੋਣ ਖੇਤਰ ਅਧੀਨ ਗਾਦੋਜ ’ਚ ਇਕ ਜਨਸਭਾ ’ਚ ਗਏ ਤਾਂ ਕੁਝ ਲੋਕਾਂ ਨੇ ਆ ਕੇ ਪਹਿਲਾਂ ਤਾਂ ਉਨ੍ਹਾਂ ਨੂੰ ਫੁੱਲਾਂ ਦੀ ਮਾਲਾ ਅਤੇ ਫਿਰ ਜੁੱਤਿਆਂ ਦੀ ਮਾਲਾ ਪਹਿਨਾ ਦਿੱਤੀ। ਇਸ ਦੇ ਬਾਅਦ ਜੁੱਤਿਆਂ ਦੀ ਮਾਲਾ ਪਹਿਨਾਉਣ ਵਾਲਿਆਂ ਅਤੇ ਬਲਜੀਤ ਯਾਦਵ ਦੇ ਹਮਾਇਤੀਆਂ ਦਰਮਿਆਨ ਖੂਬ ਹੱਥੋਪਾਈ ਹੋਈ।
* ਰਾਜਸਥਾਨ ਦੇ ਵਿਜੇਨਗਰ ਅਤੇ ਨਸੀਰਾਬਾਦ ਦੀਆਂ ਜਨਸਭਾਵਾਂ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘‘ਲਾਲ ਡਾਇਰੀ ’ਚ ਗਹਿਲੋਤ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਕਾਲਾ ਚਿੱਠਾ ਹੈ। ਸਭਾ ’ਚ ਕੁਝ ਨੌਜਵਾਨ ਲਾਲ ਰੰਗ ਦੇ ਸਵੈਟਰ ਪਹਿਨ ਕੇ ਆ ਗਏ ਹਨ। ਮੇਰੀ ਸਭਾ ’ਚ ਤਾਂ ਆ ਗਏ ਪਰ ਗਹਿਲੋਤ ਸਾਹਿਬ ਦੀ ਸਭਾ ’ਚ ਨਾ ਜਾਣਾ। ਨਹੀਂ ਤਾਂ ਜਿਵੇਂ ਲਾਲ ਰੰਗ ਨੂੰ ਦੇਖ ਕੇ ਸਾਨ੍ਹ ਦੌੜਦਾ ਹੈ, ਉਸੇ ਤਰ੍ਹਾਂ ਉਹ ਦੌੜ ਪੈਣਗੇ।’’
* ਹਾਲ ਹੀ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਤੇ ਕਾਂਗਰਸ ਨੇਤਾ ਧਰਮਿੰਦਰ ਰਾਠੌੜ ਦਰਮਿਆਨ ਗੱਲਬਾਤ ਵਾਇਰਲ ਹੋਈ ਹੈ ਜਿਸ ’ਚ ਕਥਿਤ ਤੌਰ ’ਤੇ ਵੈਭਵ ਗਹਿਲੋਤ ਨੇ ਕਿਹਾ, ‘‘ਮੈਂ ਲਿਖ ਕੇ ਦਿੰਦਾ ਹਾਂ, ਸਰਕਾਰ ਵਾਪਸ ਨਹੀਂ ਆਵੇਗੀ। ਇਸ ਦਾ ਕਾਰਨ ਪਾਪਾ ਖੁਦ ਹਨ। ਸਰਕਾਰ ਆਉਂਦੇ ਹੀ ਉਹ ਅਫਸਰਾਂ ਨਾਲ ਘਿਰ ਜਾਂਦੇ ਹਨ। ਸਿਆਸੀ ਵਿਅਕਤੀ ਉਨ੍ਹਾਂ ਨੂੰ ਖਰਾਬ ਕਰਨ ਲੱਗ ਜਾਂਦੇ ਹਨ।
* ਰਾਜਸਥਾਨ ਦੇ ਟੋਂਕ ’ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਕ ਚੋਣ ਰੈਲੀ ’ਚ ਕਿਹਾ, ‘‘ਅਸੀਂ ਸ਼ੇਰ ਦੀ ਪਾਰਟੀ ਦੇ ਵਰਕਰ ਹਾਂ। ਅਸੀਂ ਡਰਨ ਵਾਲੇ ਨਹੀਂ ਹਾਂ। ਰਾਜਸਥਾਨ ’ਚ ਆਦਿਵਾਸੀ ਧੀਆਂ ਨੂੰ ਨਗਨ ਘੁਮਾਇਆ ਜਾਂਦਾ ਹੈ। ਕਾਂਗਰਸ ਸਰਕਾਰ ’ਤੇ ਲਾਹਨਤ ਹੈ। ਜੋ ਬੁਰੀ ਨਜ਼ਰ ਨਾਲ ਦੇਖੇ ਉਸ ਦੀਆਂ ਅੱਖਾਂ ਕੱਢ ਦਿਓ। ਕਾਂਗਰਸ ਆਗੂ (ਗਹਿਲੋਤ) ਕਹਿੰਦਾ ਹੈ ਕਿ ਇਹ ਮਰਦਾਂ ਦਾ ਸੂਬਾ ਹੈ। ਮੈਂ ਪੁੱਛਦੀ ਹਾਂ ਕਿ ਕੌਣ ਨਾਮਰਦ ਹੈ ਤੁਹਾਡੀ ਪਾਰਟੀ ’ਚ ਜੋ ਧੀਆਂ ਦੇ ਜਬਰ-ਜ਼ਨਾਹ ’ਤੇ ਗੁੱਸੇ ’ਚ ਨਹੀਂ ਆਉਂਦਾ?’’
* ਰਾਜਸਥਾਨ ’ਚ ਆਪਣੇ ਭਾਸ਼ਣ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਕਿਹਾ, ‘‘ਜਦੋਂ ਦੇਸ਼ ’ਤੇ ਆਫਤ ਆਉਂਦੀ ਹੈ ਤਾਂ ਕੋਈ ਇਟਲੀ ਚਲਾ ਜਾਂਦਾ ਹੈ ਤਾਂ ਕੋਈ ਜੈਪੁਰ ਆ ਜਾਂਦਾ ਹੈ।’’
* ਮੱਧ ਪ੍ਰਦੇਸ਼ ਦੇ ਰਤਲਾਮ ’ਚ ਬਾਬਾ ਕਮਾਲ ਰਜ਼ਾ ਦੇ ਨਾਂ ਨਾਲ ਪ੍ਰਸਿੱਧ ਇਕ ਫਕੀਰ ਆਪਣੇ ਕੋਲ ਫਰਿਆਦ ਲੈ ਕੇ ਆਉਣ ਵਾਲਿਆਂ ਨੂੰ ਚੱਪਲ ਮਾਰ ਕੇ ਆਸ਼ੀਰਵਾਦ ਦਿੰਦੇ ਹਨ। ਮੰਨਿਆ ਜਾਂਦਾ ਹੈ ਕਿ ਅਾਸ਼ੀਰਵਾਦ ਲੈਣ ਦਾ ਇਹ ਤਰੀਕਾ ਫਰਿਆਦੀਆਂ ਨੂੰ ਬਹੁਤ ਫਲਦਾ ਹੈ। ਇਸ ਲਈ ਰਤਲਾਮ ਤੋਂ ਕਾਂਗਰਸ ਉਮੀਦਵਾਰ ਪਾਰਸ ਸਕਲੇਚਾ ਨੇ ਵੀ ਬਾਬਾ ਕੋਲ ਜਾ ਇਸੇ ਤਰ੍ਹਾਂ ਨਾਲ ਚੱਪਲ ਖਾ ਕੇ ਅਾਸ਼ੀਰਵਾਦ ਲਿਆ।
* ਮੱਧ ਪ੍ਰਦੇਸ਼ ਦੀ ਇਕ ਚੋਣ ਸਭਾ ’ਚ ਕਾਂਗਰਸ ’ਤੇ ਵਰ੍ਹਦੇ ਹੋਏ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਬੋਲੇ, ‘‘ਅੱਜਕੱਲ ਕਾਂਗਰਸੀ ਰਾਮਭਗਤ ਬਣ ਗਏ ਹਨ। ਭਗਵਾਨ ਰਾਮ ਦੀ ਗੱਲ ਕਰਦੇ ਹਨ ਪਰ ਯੂ. ਪੀ. ਏ. ਦੀ ਸਰਕਾਰ ’ਚ ਇਨ੍ਹਾਂ ਨੇ ਹੀ ਕਿਹਾ ਸੀ ਕਿ ਰਾਮ ਕਾਲਪਨਿਕ ਹਨ ਅਤੇ ਅੱਜ ਕਹਿੰਦੇ ਹਨ ਕਿ ਮੈਂ ਜਨੇਊ ਪਾਉਂਦਾ ਹੈ ਪਰ ਇਹ ਨਹੀਂ ਪਤਾ ਕਿ ਜਨੇਊ ਕਿਧਰੋਂ ਪਾਇਆ ਜਾਂਦਾ ਹੈ।’’
* ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ‘‘ਸਾਡੀ ਸਰਕਾਰ ਡਬਲ ਇੰਜਣ ਦੀ ਸਰਕਾਰ ਹੈ ਅਤੇ ਇਸ ’ਚ ਮੋਦੀ ਜੀ ਉੱਥੇ (ਦਿੱਲੀ) ਹਨ ਅਤੇ ਮਾਮਾ ਜੀ (ਸ਼ਿਵਰਾਜ ਸਿੰਘ ਚੌਹਾਨ) ਇੱਥੇ (ਮੱਧ ਪ੍ਰਦੇਸ਼) ਹਨ। ਅਸੀਂ ਡਬਲ ਇੰਜਣ ਹਾਂ ਤਾਂ ਉਹ ਦੋਵੇਂ ਭਰਾ-ਭੈਣ ਡਬਲ ਮਨੋਰੰਜਨ ਹਨ। ਪ੍ਰਿਅੰਕਾ ਗਾਂਧੀ ਮਨੋਰੰਜਨ ਲਈ ਹੀ ਮੱਧ ਪ੍ਰਦੇਸ਼ ਆਉਂਦੀ ਹੈ।’’
* ਮੱਧ ਪ੍ਰਦੇਸ਼ ਦੇ ਭੋਪਾਲ ’ਚ ਕਾਂਗਰਸ ਮੁਖੀ ਮੱਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜਮ ਕੇ ਹਮਲਾ ਕਰਦੇ ਹੋਏ ਕਿਹਾ, ‘‘ਮੋਦੀ ਮੱਧ ਪ੍ਰਦੇਸ਼ ਦੀ ਗਲੀ-ਗਲੀ ’ਚ ਘੁੰਮ ਰਹੇ ਹਨ ਪਰ ਜਨਤਾ ਉਨ੍ਹਾਂ ਵੱਲ ਦੇਖ ਹੀ ਨਹੀਂ ਰਹੀ ਕਿਉਂਕਿ ਉਹ ਉਨ੍ਹਾਂ ਦੇ ਝੂਠੇ ਵਾਅਦਿਆਂ ਨੂੰ ਸਮਝ ਚੁੱਕੀ ਹੈ।’’
* ਮੱਧ ਪ੍ਰਦੇਸ਼ ’ਚ ਚੋਣਾਂ ’ਚ ਵੋਟਿੰਗ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ 17 ਨਵੰਬਰ ਨੂੰ ਇੰਦੌਰ ਨਗਰ ਨਿਗਮ ਨੇ 12 ਵਜੇ ਤੋਂ ਪਹਿਲਾਂ ਵੋਟ ਪਾਉਣ ਵਾਲਿਆਂ ਨੂੰ ਉਂਗਲੀ ’ਤੇ ਸਿਆਹੀ ਦਾ ਨਿਸ਼ਾਨ ਦਿਖਾਉਣ ’ਤੇ ਚਿੜੀਆਘਰ ’ਚ ਮੁਫਤ ਦਾਖਲੇ ਦਾ ਆਫਰ ਦਿੱਤਾ, ਕਈ ਵਪਾਰੀਆਂ ਨੇ ਵੋਟ ਪਾਉਣ ਦੀ ਸਿਆਹੀ ਦਾ ਨਿਸ਼ਾਨ ਦਿਖਾਉਣ ’ਤੇ ਮੁਫਤ ਜਲੇਬੀ ਅਤੇ ਪੋਹਾ ਖਵਾਇਆ, ਜਦਕਿ ਸਿਨੇਮਾ ਮਾਲਕਾਂ ਨੇ ਵੋਟ ਪਾ ਕੇ ਆਉਣ ਵਾਲਿਆਂ ਨੂੰ ਟਿਕਟ ’ਤੇ 10 ਫੀਸਦੀ ਛੋਟ ਦਿੱਤੀ।
ਛੱਤੀਸਗੜ੍ਹ, ਮਿਜ਼ੋਰਮ ਅਤੇ ਮੱਧ ਪ੍ਰਦੇਸ਼ ’ਚ ਚੋਣਾਂ ਸੰਪੰਨ ਹੋ ਚੁੱਕੀਆਂ ਹਨ ਅਤੇ ਹੁਣ ਸਿਰਫ ਰਾਜਸਥਾਨ ਅਤੇ ਤੇਲੰਗਾਨਾ ’ਚ ਵੋਟਿੰਗ ਬਾਕੀ ਹੈ। ਦੇਖੋ, ਅੱਗੇ ਕਿਹੜੇ ਰੰਗ ਦੇਖਣ ਨੂੰ ਮਿਲਦੇ ਹਨ।
-ਵਿਜੇ ਕੁਮਾਰ