ਮਦੀਨਾ ’ਚ ਢਹਿ-ਢੇਰੀ ਮਜ਼ਾਰਾਂ ਲਈ ਕੋਈ ਅੱਥਰੂ ਨਹੀਂ ਵਹਾਉਂਦਾ

05/01/2023 2:34:53 PM

ਹਸਨ ਖੁਰਸ਼ੀਦ

ਸਮਾਜ ਦੀ ਸ਼ਾਨ ਉਨ੍ਹਾਂ ਕਦਰਾਂ-ਕੀਮਤਾਂ ਰਾਹੀਂ ਨਜ਼ਰ ਆਉਂਦੀ ਹੈ, ਜੋ ਇਹ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਦਿੰਦਾ ਹੈ। ਸੱਭਿਆਚਾਰਕ ਵਿਰਾਸਤ ਦਾ ਨਿਚੋੜ ਇਕ ਰਾਸ਼ਟਰ, ਭਾਈਚਾਰੇ ਦੀ ਭਾਸ਼ਾ, ਕਿਤਾਬ, ਸਾਹਿਤ, ਯੱਗ, ਗਿਆਨ, ਪਰੰਪਰਾ, ਕਲਾ, ਹਸਤਕਲਾ, ਉਤਸਵ ਅਤੇ ਯਾਦਗਾਰ ਹਨ। ਇਸ ਕਾਰਨ ਹਰ ਨਾਗਰਿਕ ਦਾ ਫ਼ਰਜ਼ ਅਤੇ ਨੈਤਿਕਤਾ ਹੈ ਕਿ ਉਹ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲੇ ਅਤੇ ਜ਼ਿੰਦਾ ਰੱਖੇ। ਭਾਰਤ ’ਚ 5 ਸਦੀਆਂ ਪੁਰਾਣੀ ਬਾਬਰੀ ਮਸਜਿਦ ਜੋ ਅਯੁੱਧਿਆ ’ਚ ਹੁੰਦੀ ਸੀ, ਨੂੰ 6 ਦਸੰਬਰ, 1992 ’ਚ ਕੁਝ ਕੱਟੜ ਹਿੰਦੂ ਅਨਸਰਾਂ ਨੇ ਡੇਗ ਦਿੱਤਾ ਸੀ। ਦੁਨੀਆ ਦੇ ਬੁੱਧੀਜੀਵੀਆਂ ਨੇ ਬਾਬਰੀ ਮਸਜਿਦ ਨੂੰ ਡੇਗੇ ਜਾਣ ਦੀ ਆਲੋਚਨਾ ਕੀਤੀ ਸੀ। 2019 ’ਚ ਇਕ ਮੀਲ ਦਾ ਪੱਥਰ ਸਾਬਤ ਹੋਣ ਵਾਲੇ ਫ਼ੈਸਲੇ ’ਚ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਇਸ ਨੂੰ ਡੇਗਣਾ ਗੈਰ-ਕਾਨੂੰਨੀ ਸੀ। ਅਦਾਲਤ ਨੇ ਸਰਕਾਰ ਨੂੰ ਮੁਆਵਜ਼ੇ ਵਜੋਂ ਇਕ ਮਸਜਿਦ ਦੇ ਨਿਰਮਾਣ ਲਈ ਇਕ ਬਦਲਵੀਂ ਥਾਂ ਦੇਣ ਦਾ ਨਿਰਦੇਸ਼ ਦਿੱਤਾ ਸੀ।

ਦੂਜੇ ਪਾਸੇ ਸਾਊਦੀ ਅਰਬ ’ਚ ਵੱਡੇ ਪੱਧਰ ’ਤੇ ਪਵਿੱਤਰ ਮਜ਼ਾਰਾਂ, ਖੰਡਰ ਇਮਾਰਤਾਂ ਅਤੇ ਵਿਰਾਸਤੀ ਥਾਵਾਂ ਨੂੰ ਡੇਗਣ ਦਾ ਇਕ ਘਿਨੌਣਾ ਅਪਰਾਧ ਕੀਤਾ ਗਿਆ। ਇਸ ਨੂੰ ਸਾਊਦੀ ਅਰਬ ਦੇ ਜਿਯੌਨੀ ਵੰਸ਼ ਦੇ ਵਹਾਬੀ/ਸਲਾਫੀ ਹੁਕਮਰਾਨਾਂ ਦੇ ਇਸ਼ਾਰੇ ’ਤੇ ਡੇਗਿਆ ਗਿਆ। ਇਹ ਹੁਕਮਰਾਨ 18ਵੀਂ ਸਦੀ ਦੇ ਅੱਧ ’ਚ ਹੋਂਦ ’ਚ ਆਏ। ਦਹਿਸ਼ਤ ’ਤੇ ਆਧਾਰਿਤ ਇਸਲਾਮ ਦੇ ਇਕ ਨਵੇਂ ਵਿਗੜੇ ਸੰਸਕਰਨ ਦਾ ਉਹ ਹਿੱਸਾ ਸਨ। ਇਹ ਨਵਾਂ ਪੰਥ ‘ਵਹਾਬੀ’ ਕਹਾਉਂਦਾ ਸੀ। ਇਹ ਨਾਂ ਇਸ ਦੇ ਸੰਸਥਾਪਕ ਸ਼ੇਖ ਮੁਹੰਮਦ ਨਜ਼ਦੀ-ਇਬਨ-ਅਬਨ-ਅਲ-ਵਹਾਬ ਦੇ ਨਾਂ ’ਤੇ ਪਿਆ, ਜਿਨ੍ਹਾਂ ਦਾ ਜਨਮ ਅਰਬ ਪ੍ਰਾਏਦੀਪ ’ਚ ਹੋਇਆ ਸੀ।

1744 ’ਚ ਸੱਚੇ ਇਸਲਾਮ ਦੀਆਂ ਸਿੱਖਿਆਵਾਂ ਨੂੰ ਲਾਂਭੇ ਕਰਦੇ ਹੋਏ ਨਜ਼ਦੀ ਨੇ ਵਹਾਬੀ ਨਾਂ ਦੇ ਇਕ ਪੰਥ ਨੂੰ ਜਨਮ ਦਿੱਤਾ ਤਾਂ ਜੋ ਮਨੁੱਖੀ ਸ਼ਕਤੀ ਦੀ ਹਮਾਇਤ ਹਾਸਲ ਕੀਤੀ ਜਾ ਸਕੇ। ਇਸਲਾਮ ਸਾਊਦੀ ਅਰਬ ਦੇ ਹੁਕਮਰਾਨਾਂ ਦਾ ਅਸਲ ਧਰਮ ਨਹੀਂ ਹੈ, ਨਜ਼ਦੀ ਵੀ ਜਿਯੌਨੀ ਖਾਨਦਾਨ ਨਾਲ ਸਬੰਧਤ ਹੈ। ਉਨ੍ਹਾਂ ਆਪਣੀ ਬੇਟੀ ਦਾ ਵਿਆਹ ਅਬਦ-ਅਲ-ਅਜ਼ੀਜ਼ ਨਾਲ ਕੀਤਾ ਜੋ ਇਬਨ-ਸਾਊਦ ਦਾ ਪੁੱਤਰ ਸੀ।

ਪਵਿੱਤਰ ਕੁਰਾਨ ਦਾ ਕਹਿਣਾ ਹੈ ਕਿ ਪੈਗੰਬਰ ਮੁਹੰਮਦ ਸਾਹਿਬ ਇਸ ਧਰਤੀ ’ਤੇ ਮਨੁੱਖਤਾ ਦੇ ਉਪਕਾਰ ਲਈ ਆਏ। (21:107)। ਅੱਗੇ ਇਹ ਕਿਹਾ ਜਾਂਦਾ ਹੈ ਕਿ ਅੱਲ੍ਹਾ ਸ਼ਾਂਤੀ ’ਚ ਕਿਸੇ ਤਰ੍ਹਾਂ ਦੀ ਪੈਣ ਵਾਲੀ ਰੁਕਾਵਟ ਨਾਲ ਨਫ਼ਰਤ ਕਰਦੇ ਹਨ (2:205)। ਉੱਥੇ ਹੀ ਦੂਜੇ ਪਾਸੇ ਵਹਾਬੀ ਵਿਚਾਰਧਾਰਾ ਆਪਣੀ ਪੁਸਤਕ ‘ਕਿਤਾਬ-ਅਲ-ਤਵਾਹਿਦ’ ’ਤੇ ਆਧਾਰਿਤ ਹੈ, ਜੋ ਮੁਸਲਮਾਨਾਂ ਦੀ ਧਰਮ ਬਦਲੀ ਤਾਕਤ ਦੇ ਜ਼ੋਰ ’ਤੇ ਕਰਨ ਦੀ ਆਗਿਆ ਦਿੰਦੀ ਹੈ। ਇਸ ਦਾ ਕਹਿਣਾ ਹੈ ਕਿ ਜਾਂ ਤਾਂ ਮੇਰੀ ਵਿਚਾਰਧਾਰਾ ਦੀ ਪਾਲਣਾ ਕਰੋ ਜਾਂ ਫਿਰ ਮਰਨ ਲਈ ਤਿਆਰ ਰਹੋ।

1766 ’ਚ ਮੁਹੰਮਦ-ਇਬਨ-ਸਾਊਦ ਦੀ ਹੱਤਿਆ ਕਰ ਦਿੱਤੀ ਗਈ ਅਤੇ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਪੁੱਤਰ ਅਬਦੁਲ-ਅਲ-ਅਜ਼ੀਜ਼ ਅਮੀਰ ਬਣੇ (ਲੌਕਿਕ ਨੇਤਾ)। ਉਨ੍ਹਾਂ ਰਵਾਇਤੀ ਹਥਿਆਰਾਂ ਦੀ ਥਾਂ ਰਾਈਫਲਾਂ ਤੇ ਬੰਦੂਕਾਂ ਨੂੰ ਉਤਸ਼ਾਹ ਦਿੱਤਾ। ਨਾਲ ਹੀ ਆਪਣੇ ਸਾਮਰਾਜ ’ਚ ਵਾਧਾ ਕਰਨ ਲਈ ਹਮਲੇ ਵਧਾ ਦਿੱਤੇ। ਬਰਤਾਨਵੀ ਇਤਿਹਾਸਕਾਰ ਚਾਰਲਸ ਏਲਨ ਆਪਣੀ ਕਿਤਾਬ ‘ਗੌਡਸ ਟੈਰਾਰਿਸਟਸ’ ’ਚ ਲਿਖਦੇ ਹਨ ਕਿ ‘ਵਹਾਬੀ ਪੰਥ ਆਧੁਨਿਕ ਜਹਾਦ ਦੀ ਲੁਕੀ ਹੋਈ ਜੜ੍ਹ ਹੈ।’ ਅਬਦੁਲ-ਅਜ਼ੀਜ਼ ਨੇ ਹਰੇਕ ਯੋਧਾ ਨੂੰ ਇਕ ਫਰਮਾਨ ਜਾਰੀ ਕੀਤਾ।

2 ਜੂਨ, 1792 ਨੂੰ ਵਹਾਬੀ ਪੰਥ ਦੇ ਸੰਸਥਾਪਕ ਸ਼ੇਖ ਨਜ਼ਦੀ ਦੀ ਮੌਤ ਹੋ ਗਈ। ਉਨ੍ਹਾਂ ਆਪਣੇ ਪਿੱਛੇ 24 ਪਤਨੀਆਂ ਅਤੇ 18 ਬੱਚਿਆਂ ਨੂੰ ਛੱਡਿਆ। ਉਨ੍ਹਾਂ ਦੇ ਜਵਾਈ ਅਬਦ-ਅਲ-ਅਜ਼ੀਜ਼ ਧਰਮ ਬਦਲੀ ਅਤੇ ਹਿੰਸਕ ਕਾਰਵਾਈ ’ਚ ਤੇਜ਼ੀ ਲਿਆਏ। 1802 ’ਚ ਉਨ੍ਹਾਂ ਇਰਾਕ ਦੇ ਕਰਬਲਾ ’ਚ ਹਜ਼ਰਤ ਇਮਾਮ ਹੁਸੈਨ ਦੀ ਪਵਿੱਤਰ ਮਜ਼ਾਰ ’ਤੇ ਹਮਲਾ ਬੋਲ ਦਿੱਤਾ ਅਤੇ ਉਸ ਨੂੰ ਅਪਵਿੱਤਰ ਕਰ ਦਿੱਤਾ। ਲੈਫਟੀਨੈਂਟ ਫਰਾਂਸਿਸ ਵਾਰਡਨ ਲਿਖਦੇ ਹਨ ਕਿ ‘ਉਸ ਨੇ ਹਜ਼ਰਤ ਇਮਾਮ ਹੁਸੈਨ ਦੇ ਮਕਬਰੇ ਨੂੰ ਪੂਰੀ ਤਰ੍ਹਾਂ ਲੁੱਟਿਆ।’’

1803 ’ਚ ਅਬਦੁਲ-ਅਲ-ਅਜ਼ੀਜ਼-ਇਬਨ-ਸਾਊਦ ਨੇ ਹੱਜ ਕਰਨ ਲਈ ਮੱਕਾ ਦੇ ਸ਼ਰੀਫ ਕੋਲੋਂ ਇਕ ਯਾਤਰਾ ਪਰਮਿਟ ਹਾਸਲ ਕੀਤਾ। ਉਸ ਦੇ ਵਹਾਬੀ ਲੜਾਕੂ ਨੇ ਕਾਬਾ ’ਚ ਉਸੇ ਤਰ੍ਹਾਂ ਨਾਲ ਅਪਸ਼ਿਸ਼ਟ ਪਸਾਰ ਕੀਤਾ, ਜਿਵੇਂ ਯਾਜੀਦ-ਇਬਨ-ਮੁਆਵੀਆ ਨੇ 682 ਈਸਵੀ ’ਚ ਕਾਬਾ ’ਚ ਕੀਤਾ ਸੀ। ਵਹਾਬੀਆਂ ਨੇ ਮੁਸਲਿਮ ਸੰਤਾਂ ਦੇ ਸ਼ਾਨਦਾਰ ਮਕਬਰਿਆਂ ਨੂੰ ਲੁੱਟਿਆ ਜਿਨ੍ਹਾਂ ਨੂੰ ਉੱਥੇ ਦਫਨਾਇਆ ਗਿਆ ਸੀ। ਇੱਥੋਂ ਤੱਕ ਕਿ ਉਨ੍ਹਾਂ ਨੇ ਮਸਜਿਦ ਉਲ ਨਬਵੀ ਤੱਕ ਨੂੰ ਨਹੀਂ ਛੱਡਿਆ। 1804 ’ਚ ਅੱਤਵਾਦੀਆਂ ਦੇ ਵਹਾਬੀ ਗੈਂਗ ਨੇ ਇਕ ਵਾਰ ਮੁੜ ਤੋਂ ਹਿਜਾਜ ’ਚ ਰੇਗਿਸਤਾਨ ਨੂੰ ਪਾਰ ਕੀਤਾ ਅਤੇ ਜੰਨਤ-ਉਲ-ਬਕੀ ’ਚ ਪੈਗੰਬਰ ਸਾਹਿਬ ਦੇ ਪਰਿਵਾਰਕ ਮੈਂਬਰਾਂ ਦੇ ਮਕਬਰਿਆਂ ਨੂੰ ਤਬਾਹ ਕੀਤਾ। ਪੈਗੰਬਰ ਸਾਹਿਬ ਦੀ ਕਬਰ ਨੂੰ ਵੀ ਨਸ਼ਟ ਕਰ ਦਿੱਤਾ।

1925 ’ਚ ਇਕ ਵਾਰ ਮੁੜ ਵਹਾਬੀ ਅੱਤਵਾਦੀਆਂ ਨੇ ਪੈਗੰਬਰ ਮੁਹੰਮਦ ਸਾਹਿਬ ਦੀ ਬੇਟੀ ਹਜ਼ਰਤ ਫਾਤਿਮਾ ਜਹਰਾ ਅਤੇ ਨਵਾਸੇ ਹਜ਼ਰਤ-ਇਮਾਮ-ਹਸਨ, ਹਜ਼ਰਤ-ਇਮਾਮ-ਜਾਇਨ, ਉਲ-ਅਬੀਦੁਦੀਨ, ਹਜ਼ਰਤ-ਇਮਾਮ-ਮੁਹੰਮਦ-ਬੱਕਰ ਦੀਆਂ ਦਰਗਾਹਾਂ ਨੂੰ ਢਹਿ-ਢੇਰੀ ਕਰ ਦਿੱਤਾ। ਹਰ ਸਾਲ 6 ਦਸੰਬਰ ਨੂੰ ਬਾਬਰੀ ਮਸਜਿਦ ਨੂੰ ਡੇਗੇ ਜਾਣ ਦੀ ਬਰਸੀ ਮਨਾਈ ਜਾਂਦੀ ਹੈ, ਜਿਸ ਦੌਰਾਨ ਮੁਸਲਮਾਨ ਵਿਰੋਧ ਵਿਖਾਵਾ ਕਰਦੇ ਹਨ ਜਦਕਿ 8ਵੀਂ ਸ਼ਾਹਵਾਲ, 1344 ਹਿਜਰੀ (1925 ਈ.) ਨੂੰ ਸਾਊਦੀ ਅਰਬ ਦੇ ਹੁਕਮਰਾਨਾਂ ਨੇ ਪੈਗੰਬਰ ਮੁਹੰਮਦ ਸਾਹਿਬ ਦੇ ਪਰਿਵਾਰਕ ਮੈਂਬਰਾਂ ਦੀਆਂ ਪਵਿੱਤਰ ਮਜ਼ਾਰਾਂ ਨੂੰ ਢਹਿ-ਢੇਰੀ ਕਰ ਕੇ ਮਿੱਟੀ ’ਚ ਮਿਲਾ ਦਿੱਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਮੁਸਲਿਮ ਭਾਈਚਾਰੇ ਨੇ ਨਾ ਤਾਂ ਕੋਈ ਪ੍ਰਤੀਕਿਰਿਆ ਪ੍ਰਗਟ ਕੀਤੀ ਅਤੇ ਨਾ ਹੀ ਕਿਸੇ ਮੁਸਲਿਮ ਸਾਊਦੀ ਹੁਕਮਰਾਨਾਂ ਵਿਰੁੱਧ ਵਿਖਾਵਾ ਕੀਤਾ। ਕਿਸੇ ਨੇ ਵੀ ਇਕ ਅੱਥਰੂ ਤੱਕ ਨਹੀਂ ਵਹਾਇਆ। ਕੀ ਅਜਿਹਾ ਇਸ ਲਈ ਹੋਇਆ, ਕਿਉਂਕਿ ਉਹ ਅਪਰਾਧੀ ਗੈਰ-ਮੁਸਲਿਮ ਨਹੀਂ ਹਨ?

(ਇਹ ਲੇਖਕ ਦੇ ਆਪਣੇ ਵਿਚਾਰ ਹਨ।) (ਪਾਇਨੀਅਰ ਤੋਂ ਧੰਨਵਾਦ ਸਹਿਤ)


rajwinder kaur

Content Editor

Related News