ਨਿਤਿਨ ਗਡਕਰੀ ਨੇ ਦੱਸਿਆ ‘ਆਪਣੇ ਦਿਲ ਦਾ ਦਰਦ’ ਦਿਲ ਕਰਦਾ ਹੈ ‘ਸਿਆਸਤ ਛੱਡ ਦਿਆਂ’

07/27/2022 2:06:26 AM

ਆਪਣੀ ਸਪੱਸ਼ਟਵਾਦਿਤਾ ਲਈ ਪ੍ਰਸਿੱਧ ਸ਼੍ਰੀ ਨਿਤਿਨ ਗਡਕਰੀ ਨੇ ਆਪਣਾ ਸਿਆਸੀ ਕਰੀਅਰ ‘ਭਾਰਤੀ ਜਨਤਾ ਯੁਵਾ ਮੋਰਚਾ’ ਅਤੇ ‘ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ’ ਨਾਲ ਸ਼ੁਰੂ ਕੀਤਾ। ਉਹ 1995 ਤੋਂ 1999 ਤੱਕ ਮਹਾਰਾਸ਼ਟਰ ਸਰਕਾਰ ’ਚ ਲੋਕ ਨਿਰਮਾਣ ਮੰਤਰੀ ਰਹੇ। 
ਇਸ ਦੌਰਾਨ ਉਨ੍ਹਾਂ ਨੇ ਵੱਡੀ ਗਿਣਤੀ ’ਚ ਸੂਬੇ ’ਚ ਸੜਕਾਂ, ਰਾਜਮਾਰਗਾਂ ਅਤੇ ਫਲਾਈਓਵਰਾਂ ਦਾ ਜਾਲ ਵਿਛਾਉਣ ਦੇ ਇਲਾਵਾ ਮੁੰਬਈ-ਪੁਣੇ ਐਕਸਪ੍ਰੈੱਸ ਵੇਅ ਦਾ ਨਿਰਮਾਣ ਕਰਵਾਇਆ ਅਤੇ ਆਪਣੇ ਮੰਤਰਾਲਾ ਨੂੰ ਹੇਠਾਂ ਤੋਂ ਉਪਰ ਤੱਕ ਨਵਾਂ ਰੂਪ ਦਿੱਤਾ। 
ਉਹ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਦੇ ਇਲਾਵਾ 1 ਜਨਵਰੀ, 2010 ਤੋਂ 22 ਜਨਵਰੀ, 2013 ਤੱਕ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਵੀ ਰਹੇ ਅਤੇ ਮੌਜੂਦਾ ਸਮੇਂ ’ਚ ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ, ਬੇੜਾ ਟ੍ਰਾਂਸਪੋਰਟ ਅਜੇ ਜਲ ਸੋਮੇ ਅਤੇ ਨਦੀ ਵਿਕਾਸ ਮੰਤਰੀ ਦੇ ਰੂਪ ’ਚ  ਸ਼ਲਾਘਾਯੋਗ ਕੰਮ ਕਰ ਰਹੇ ਹਨ। ਉਹ ਆਪਣੇ ਕੰਮ  ਵਾਂਗ ਹੀ ਆਪਣੇ ਸਹੀ ਬਿਆਨਾਂ ਲਈ ਵੀ ਜਾਣੇ ਜਾਂਦੇ ਹਨ ਜਿਨ੍ਹਾਂ ’ਚੋਂ ਕੁਝ ਕੁ ਹੇਠਾਂ ਹਨ :
* 24 ਦਸੰਬਰ, 2018 ਨੂੰ ਉਨ੍ਹਾਂ ਨੇ ਕਿਹਾ, ‘‘ਜਿੱਤ ਦੇ ਕਈ ਬਾਪ ਹੁੰਦੇ ਹਨ ਪਰ ਹਾਰ ਅਨਾਥ ਹੁੰਦੀ ਹੈ। ਸੰਸਥਾ ਪ੍ਰਤੀ ਜਵਾਬਦੇਹੀ ਸਾਬਤ ਕਰਨ ਲਈ ਪਾਰਟੀ ਦੀ ਲੀਡਰਸ਼ਿਪ ਨੂੰ ਹਾਰ ਅਤੇ ਅਸਫਲਤਾਵਾਂ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ।’’
* 04 ਜਨਵਰੀ, 2019 ਨੂੰ ਉਨ੍ਹਾਂ ਨੇ ਟਿੱਪਣੀ ਕੀਤੀ, ‘‘ਦੇਸ਼  ਨੂੰ ਇਸ ਸਮੇਂ  ਜਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ’ਚ ਬੇਰੋਜ਼ਗਾਰੀ ਸਭ ਤੋਂ ਵੱਡੀ ਹੈ।’’
* 27 ਜਨਵਰੀ, 2019 ਨੂੰ ਸ਼੍ਰੀ ਗਡਕਰੀ ਨੇ ਕਿਹਾ, ‘‘ਸੁਪਨੇ ਵਿਖਾਉਣ ਵਾਲੇ ਨੇਤਾ ਲੋਕਾਂ ਨੂੰ ਚੰਗੇ ਲੱਗਦੇ ਹਨ ਪਰ ਵਿਖਾਏ ਗਏ ਸੁਪਨੇ ਜਦੋਂ ਪੂਰੇ ਨਹੀਂ ਹੁੰਦੇ ਤਾਂ ਲੋਕ ਉਨ੍ਹਾਂ ਨੂੰ ਕੁੱਟਦੇ ਵੀ ਹਨ। ਇਸ ਲਈ ਸੁਪਨੇ ਉਹੀ ਵਿਖਾਓ ਜੋ ਪੂਰੇ ਹੋ ਸਕਣ।’’
* 02 ਫਰਵਰੀ, 2019 ਨੂੰ ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਕਿਹਾ, ‘‘ਜੋ ਆਪਣਾ ਘਰ ਨਹੀਂ ਸੰਭਾਲ ਸਕਦਾ, ਉਹ ਦੇਸ਼ ਨਹੀਂ ਸੰਭਾਲ ਸਕਦਾ। ਇਸ ਲਈ ਪਹਿਲਾਂ ਆਪਣਾ ਘਰ, ਆਪਣੇ ਬੱਚੇ ਅਤੇ ਜਾਇਦਾਦ ਦੇਖਣ ਤੋਂ ਬਾਅਦ ਪਾਰਟੀ ਅਤੇ ਦੇਸ਼ ਦੇ ਲਈ ਕੰਮ ਕਰੋ।’’
* 8 ਅਪ੍ਰੈਲ, 2019 ਨੂੰ ਉਹ ਬੋਲੇ, ‘‘ਸਿਆਸਤ ਸਿਰਫ ਸੱਤਾ ’ਚ ਆਉਣ ਲਈ ਨਹੀਂ, ਇਹ ਸਮਾਜ ਦੇ ਲਈ ਹੁੰਦੀ ਹੈ। ਮੈਨੂੰ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ। ਮੈਂ ਸੋਨੇ ਦੇ ਪਿੰਜਰੇ ’ਚ ਬੈਠਣ ਦਾ ਕਦੀ ਸੁਪਨਾ ਨਹੀਂ ਦੇਖਿਆ? ਮੈਂ ਜਿੱਥੇ ਹਾਂ, ਉੱਥੇ ਠੀਕ ਹਾਂ।’’ 
* 1 ਸਤੰਬਰ, 2019 ਨੂੰ ਉਨ੍ਹਾਂ ਨੇ ਕਿਹਾ, ‘‘ਨੇਤਾਵਾਂ ਨੂੰ ਆਪਣੀ ਵਿਚਾਰਧਾਰਾ ’ਤੇ ਟਿਕੇ ਰਹਿ ਕੇ ਪਾਰਟੀ ਬਦਲਣ ਤੋਂ ਬਚਣਾ ਚਾਹੀਦਾ ਹੈ। ਸਿਆਸਤ ਸਿਰਫ ਸੱਤਾ ਦੀ ਸਿਆਸਤ ਨਹੀਂ ਹੈ।’’ 
* 27 ਮਾਰਚ, 2021 ਨੂੰ ਉਨ੍ਹਾਂ ਨੇ ਕਿਹਾ, ‘‘ਜਿਵੇਂ-ਜਿਵੇਂ ਕਾਂਗਰਸ ਕਮਜ਼ੋਰ ਹੋ ਰਹੀ ਹੈ, ਖੇਤਰੀ ਪਾਰਟੀਆਂ ਉਸ ਦਾ ਸਥਾਨ ਲੈਂਦੀਆਂ ਜਾ ਰਹੀਆਂ ਹਨ। ਇਹ ਲੋਕਤੰਤਰ ਲਈ ਸ਼ੁੱਭ ਲੱਛਣ ਨਹੀਂ ਹੈ। ਖੇਤਰੀ ਪਾਰਟੀਆਂ ਨੂੰ ਵਿਰੋਧੀ ਧਿਰ ਦੀ ਥਾਂ ਲੈਣ ਤੋਂ ਰੋਕਣ ਲਈ ਕਾਂਗਰਸ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ।’’
‘‘ਲੋਕਤੰਤਰ ’ਚ ਵਿਰੋਧੀ ਪਾਰਟੀਆਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਮੇਰੀ ਦਿਲੀ ਕਾਮਨਾ ਹੈ ਕਿ ਕਾਂਗਰਸ ਮਜ਼ਬੂਤ ਬਣੀ ਰਹੇ। ਜੋ ਕਾਂਗਰਸ ’ਚ ਹਨ ਉਨ੍ਹਾਂ ਨੂੰ ਪਾਰਟੀ ਲਈ  ਵਫਾਦਾਰੀ ਦਿਖਾਉਂਦੇ ਹੋਏ ਪਾਰਟੀ ’ਚ ਹੀ ਰਹਿਣਾ ਚਾਹੀਦਾ ਹੈ ਅਤੇ ਹਾਰ ਤੋਂ ਨਿਰਾਸ਼ ਹੋ ਕੇ ਪਾਰਟੀ ਜਾਂ ਆਪਣੀ ਵਿਚਾਰਧਾਰਾ ਨਾ ਬਦਲ ਕੇ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ।’’ 
* 13 ਸਤੰਬਰ, 2021 ਨੂੰ ਉਹ ਬੋਲੇ, ‘‘ਸਮੱਸਿਆ ਸਭ ਦੇ ਨਾਲ ਹੈ। ਹਰ ਕੋਈ ਦੁਖੀ ਹੈ। ਵਿਧਾਇਕ ਇਸ ਲਈ ਦੁਖੀ ਹਨ ਕਿ ਉਹ ਮੰਤਰੀ ਨਹੀਂ ਬਣੇ। ਜੋ ਮੰਤਰੀ ਬਣ ਗਏ, ਉਹ ਇਸ ਲਈ ਦੁਖੀ ਹਨ ਕਿ ਉਨ੍ਹਾਂ ਨੂੰ ਚੰਗਾ ਵਿਭਾਗ ਨਹੀਂ ਮਿਲਿਆ ਅਤੇ ਜਿਨ੍ਹਾਂ ਮੰਤਰੀਆਂ ਨੂੰ ਚੰਗਾ ਵਿਭਾਗ ਮਿਲ ਗਿਆ ਉਹ ਇਸ ਲਈ ਦੁਖੀ ਹਨ ਕਿ ਮੁੱਖ ਮੰਤਰੀ ਨਹੀਂ ਬਣ ਸਕੇ। ਮੁੱਖ ਮੰਤਰੀ ਇਸ ਲਈ ਦੁਖੀ ਹਨ ਕਿ ਪਤਾ ਨਹੀਂ ਕਦੋਂ ਤੱਕ ਅਹੁਦੇ ’ਤੇ ਰਹਿਣਗੇ।’’
* ਅਤੇ ਹੁਣ 25 ਜੁਲਾਈ ਨੂੰ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੂੰ ‘ਸਿਆਸਤ ਛੱਡਣ’ ਦੀ ਇੱਛਾ ਹੁੰਦੀ ਹੈ ਕਿਉਂਕਿ ਅੱਜ ਦੀ ਸਿਆਸਤ ਬੜੀ ਬਦਲ ਗਈ ਹੈ ਅਤੇ ਜ਼ਿੰਦਗੀ ’ਚ ਕਰਨ ਦੇ ਲਈ ਸਿਆਸਤ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ। 
ਉਨ੍ਹਾਂ ਨੇ ਕਿਹਾ, ‘‘ਸਿਆਸਤ ਸਮਾਜਿਕ ਤਬਦੀਲੀ ਦੇ ਬਾਰੇ ’ਚ ਵੱਧ ਹੋਣੀ ਚਾਹੀਦੀ ਹੈ, ਪਰ ਇਹ ਸੱਤਾ ਦੀ ਭਾਲ ਦੇ ਬਾਰੇ ’ਚ ਵੱਧ ਹੋ ਗਈ ਹੈ। ਲੋਕ ਜਦੋਂ ਮੇਰੇ ਲਈ ਵੱਡੇ-ਵੱਡੇ ਗੁਲਦਸਤੇ ਲਿਆਉਂਦੇ ਹਨ ਜਾਂ ਮੇਰੇ ਪੋਸਟਰ ਲਾਉਂਦੇ ਹਨ ਤਾਂ ਮੈਨੂੰ ਇਸ ਤੋਂ ‘ਨਫਰਤ’ ਹੁੰਦੀ ਹੈ।’’
‘‘ਸਾਨੂੰ ਸਿਆਸਤ ਸ਼ਬਦ ਦਾ ਅਰਥ ਸਮਝਣਾ ਚਾਹੀਦਾ ਹੈ। ਕੀ ਇਹ ਸਮਾਜ, ਦੇਸ਼ ਦੀ ਭਲਾਈ ਲਈ ਹੈ ਜਾਂ ਸਰਕਾਰ ’ਚ ਰਹਿਣ ਲਈ? ਗਾਂਧੀ ਜੀ ਦੇ ਦੌਰ ਦੀ ਸਿਆਸਤ ਸਮਾਜਿਕ  ਅੰਦੋਲਨ ਅਤੇ ਵਿਕਾਸ ਦਾ ਇਕ ਹਿੱਸਾ ਸੀ, ਪਰ ਅੱਜ ਇਹ ਰਾਸ਼ਟਰ ਨਿਰਮਾਣ ਤੇ ਵਿਕਾਸ ਦੇ ਟੀਚਿਆਂ ਤੋਂ ਇਲਾਵਾ ਸੱਤਾ ’ਚ ਬਣੇ ਰਹਿਣ ’ਤੇ ਕੇਂਦਰਿਤ ਹੈ। ਸਿਆਸਤ ਸਮਾਜਿਕ-ਆਰਥਿਕ ਸੁਧਾਰ ਦਾ ਇਕ ਸੱਚਾ ਸਾਧਨ ਹੈ, ਇਸ ਲਈ ਅੱਜ ਦੇ ਨੇਤਾਵਾਂ ਨੂੰ ਸਮਾਜ ’ਚ ਸਿੱਖਿਆ, ਕਲਾ ਆਦਿ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ।’’ 
ਸ਼੍ਰੀ ਗਡਕਰੀ ਨੇ ਇਸ ਮੌਕੇ ’ਤੇ ਸਾਬਕਾ ਰੱਖਿਆ ਮੰਤਰੀ ਅਤੇ ਸੋਸ਼ਲਿਸਟ ਨੇਤਾ ਜਾਰਜ ਫਰਨਾਂਡੀਜ਼ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘‘ਉਨ੍ਹਾਂ ਦੀ ਜ਼ਿੰਦਗੀ ਤੋਂ ਮੈਂ ਬਹੁਤ ਕੁਝ ਸਿੱਖਿਆ। ਉਨ੍ਹਾਂ ’ਚ ਕਦੀ ਵੀ ਸੱਤਾ ਦੀ ਭੁੱਖ ਨਹੀਂ ਸੀ।’’ 
ਨਿਰਪੱਖ ਸਿਆਸਤ ਦੇ ਹਮਾਇਤੀ ਸ਼੍ਰੀ ਗਡਕਰੀ ਦੇ ਉਕਤ ਬਿਆਨਾਂ ’ਚ ਿਜੱਥੇ ਉਨ੍ਹਾਂ ਦਾ ਵਿਚਾਰਕ ਖੁੱਲ੍ਹਾਪਨ ਨਜ਼ਰ ਆਉਂਦਾ ਹੈ, ਉਥੇ ਉਨ੍ਹਾਂ ਨੇ  ਸਭ ਸਿਆਸੀ ਪਾਰਟੀਆਂ ਨੂੰ ਸ਼ੀਸ਼ਾ ਦਿਖਾਇਆ ਹੈ, ਜਿਸ ’ਤੇ ਉਨ੍ਹਾਂ ਨੂੰ ਮਨਨ ਕਰਨਾ ਚਾਹੀਦਾ ਹੈ ਤਾਂ ਕਿ ਆਪਣੀਆਂ ਤਰੁੱਟੀਆਂ ਦੂਰ ਕਰ ਕੇ ਉਹ ਦੇਸ਼ ਅਤੇ ਸਮਾਜ ਦੀ ਬਿਹਤਰ ਸੇਵਾ ਕਰ ਸਕਣ।

ਵਿਜੇ ਕੁਮਾਰ  


Karan Kumar

Content Editor

Related News