ਹੁਣ ਨਿਤਿਨ ਗਡਕਰੀ ਨੇ ਕਿਹਾ ‘ਮੈਨੂੰ ਵੋਟ ਦਿਓ ਜਾਂ ਨਾ ਦਿਓ, ਤੁਹਾਡੀ ਮਰਜ਼ੀ’

03/30/2023 2:49:15 AM

ਆਪਣੀ ਸਪੱਸ਼ਟਵਾਦਿਤਾ ਦੇ ਲਈ ਪ੍ਰਸਿੱਧ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੀ ਸ਼ਲਾਘਾ ਕਰਦੇ ਹੋਏ ਮਣੀਪੁਰ ਤੋਂ ਭਾਜਪਾ ਸੰਸਦ ਮੈਂਬਰ ‘ਟਾਪਿਰ ਗਾਓ’ ਨੇ 21 ਮਾਰਚ 2022 ਨੂੰ ਕਿਹਾ ਸੀ, ‘‘ਗਡਕਰੀ ਹਨ ਤਾਂ ਸੰਭਵ ਹੈ, ਉਹ ਮਕੜੀ ਦੇ ਜਾਲ ਦੇ ਵਾਂਗ ਦੇਸ਼ ’ਚ ਸੜਕਾਂ ਦਾ ਜਾਲ ਵਿਛਾ ਰਹੇ ਹਨ। ਇਸ ਲਈ ਮੈਂ ਉਨ੍ਹਾਂ ਦਾ ਨਾਂ ‘ਸਪਾਈਡਰਮੈਨ’ ਰੱਖ ਦਿੱਤਾ ਹੈ।

ਨਿਤਿਨ ਗਡਕਰੀ ਆਪਣੇ ਕੰਮ ਅਤੇ ਬੇਬਾਕ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ’ਚ ਰਹਿੰਦੇ ਹਨ। ਇਕ ਬਿਆਨ ’ਚ ਉਨ੍ਹਾਂ ਨੇ 29 ਸਤੰਬਰ, 2022 ਨੂੰ ਭਾਰਤ ਨੂੰ ‘ਗਰੀਬ ਲੋਕਾਂ ਦਾ ਅਮੀਰ ਦੇਸ਼’ ਕਰਾਰ ਿਦੱਤਾ ਅਤੇ ਹੁਣ 27 ਮਾਰਚ, 2023 ਨੂੰ ਨਾਗਪੁਰ ’ਚ ‘ਵਨਰਾਈ ਫਾਊਂਡੇਸ਼ਨ’ ਵੱਲੋਂ ਉਨ੍ਹਾਂ ਨੂੰ ਡਾ. ਮੋਹਨ ਧਾਰੀਆ ਰਾਸ਼ਟਰ ਨਿਰਮਾਣ ਪੁਰਸਕਾਰ ਨਾਲ ਸਨਮਾਨਿਤ ਕਰਨ ਦੇ ਮੌਕੇ ’ਤੇ ਬੋਲਦੇ ਹੋਏ ਸ਼੍ਰੀ ਗਡਕਰੀ ਨੇ ਸਾਫ-ਸਾਫ ਕਿਹਾ :

* ਮੈਂ ਜੈਵ ਈਂਧਨ ਅਤੇ ਵਾਟਰ ਸ਼ੈੱਡ ਸੰਭਾਲ ਸਮੇਤ ਕਈ ਪ੍ਰਯੋਗ ਕਰ ਰਿਹਾਂ ਹੈ। ਮੈਂ ਇਹ ਕੰਮ ਪਿਆਰ ਨਾਲ ਕਰਦਾ ਹਾਂ ਜਾਂ ਜ਼ਿੱਦ ਨਾਲ ਕਰਦਾ ਹਾਂ। ਇਸੇ ਲਈ ਮੈਂ ਲੋਕਾਂ ਨੂੰ ਕਹਿੰਦਾ ਹਾਂ ਕਿ ਜੇਕਰ ਉਨ੍ਹਾਂ ਨੂੰ ਮੇਰਾ ਕੰਮ ਪਸੰਦ ਆਵੇ ਤਾਂ ਵੋਟਾਂ ਦਿਓ, ਨਹੀਂ ਤਾਂ ਨਾ ਦਿਓ।’’

‘‘ਮੈਂ ਪਾਪੂਲਰ ਪਾਲੀਟਿਕਸ ਅਤੇ ਵੋਟ ਦੇ ਲਈ ਮੱਖਣ ਲਗਾਉਣ ਵਾਲਿਆਂ ’ਚ ਨਹੀਂ ਹਾਂ। ਮੈਂ ਨਹੀਂ ਤਾਂ ਕੋਈ ਹੋਰ ਜਿੱਤ ਕੇ ਆਵੇਗਾ।’’

‘‘ਸਿਆਸਤ ਪੈਸੇ ਕਮਾਉਣ ਦਾ ਧੰਦਾ ਨਹੀਂ ਹੈ। ਇਸ ਦਾ ਮਕਸਦ ਸਮਾਜਿਕ ਕੰਮ, ਰਾਸ਼ਟਰੀ ਮੁੱਦਿਆਂ ਨੂੰ ਹੱਲ ਕਰਨਾ ਅਤੇ ਵਿਕਾਸ ਨਾਲ ਜੁੜੇ ਕੰਮ ਕਰਨਾ ਵੀ ਹੈ। ਸਮਾਜਿਕ-ਆਰਥਿਕ ਪਰਿਵਰਤਨ ਹੀ ਸਿਆਸਤ ਦਾ ਮੁੱਖ ਟੀਚਾ ਹੈ।’’

‘‘ਇਸ ਲਈ ਆਸ ਕੀਤੀ ਜਾਂਦੀ ਹੈ ਕਿ ਸਿਆਸਤ ਦੇ ਰਾਹੀਂ ਸਮਾਜ, ਖਾਸ ਕਰ ਕੇ ਗਰੀਬਾਂ ਦੀ ਸੇਵਾ ਕੀਤੀ ਜਾਵੇਗੀ।’’

ਪੱਤਰਕਾਰ ‘ਵੈਸ਼ਨਵੀ ਵੰਜਾਰੀ ਦੇ ਅਨੁਸਾਰ ਨਿਤਿਨ ਗਡਕਰੀ ਦੇ ਅਜਿਹੇ ਬਿਆਨ ਆਉਣ ’ਤੇ ਸਿਆਸੀ ਟਿੱਪਣੀਕਾਰ ਉਨ੍ਹਾਂ ਦੇ ਬਿਆਨਾਂ ਦੇ ਵੱਖ ਵੱਖ ਅਰਥ ਕੱਢਣ ਲੱਗਦੇ ਹਨ। ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਕੀ ਉਹ ਨਾਰਾਜ਼ ਹਨ ਜਾਂ ਪਾਰਟੀ ਉਨ੍ਹਾਂ ’ਤੇ ਸਖਤ ਹੈ?

ਜੋ ਵੀ ਹੋਵੇ, ਸ਼੍ਰੀ ਗਡਕਰੀ ਨੇ ਆਪਣੇ ਤਾਜ਼ਾ ਿਬਆਨ ’ਚ ਵੀ ਸਿਆਸਤ ਦੀ ਇਕ ਸੱਚਾਈ ਹੀ ਉਜਾਗਰ ਕੀਤੀ ਹੈ, ਇਸ ਲਈ ਇਸ ਦੀ ਮਨਮਾਨੀ ਵਿਆਖਿਆ ਕਰਨ ਦੀ ਬਜਾਏ ਜੇਕਰ ਸਾਰੇ ਸਿਆਸਤਦਾਨ ਉਨ੍ਹਾਂ ਵਾਂਗ ਸੋਚਣ ਲੱਗਣ ਤਾਂ ਦੇਸ਼ ਦੇ ਸਿਆਸੀ ਵਾਤਾਵਰਣ ’ਚ ਕੁਝ ਹਾਂਪੱਖੀ ਬਦਲਾਅ ਜ਼ਰੂਰ ਆ ਸਕਦਾ ਹੈ।

-ਵਿਜੇ ਕੁਮਾਰ


Anmol Tagra

Content Editor

Related News