ਨਰਿੰਦਰ ਮੋਦੀ ਦਾ ''ਮੀਡੀਆ ਮਿਲਨ'' ਬਣਿਆ ਪੱਤਰਕਾਰਾਂ ਨਾਲ ਮਿਲਣ

11/30/2015 8:18:37 AM

ਪ੍ਰੈੱਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ ਤੇ ਜੇਕਰ ਭਾਰਤੀ ਪ੍ਰੈੱਸ ਦੀ ਗੱਲ ਕਰੀਏ ਤਾਂ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ''ਸੈਲਫ ਕੰਟਰੋਲ ਮੋਡ'' ਵਿਚ ਆਇਆ ਹੋਇਆ ਹੈ। ਜੇਕਰ ਭਾਰਤੀ ਸਿਆਸਤਦਾਨਾਂ ਲਈ ਇਹ ਮੰਨਣਾ ਮੁਸ਼ਕਿਲ ਹੋਵੇ ਤਾਂ ਉਹ ਇਸ ਦੇ ਲਈ ਬ੍ਰਿਟਿਸ਼ ਪ੍ਰੈੱਸ ਵੱਲ ਦੇਖ ਸਕਦੇ ਹਨ, ਜਿਸ ਨੇ ਮੋਦੀ ਦੀ ਇਕ-ਇਕ ਨੀਤੀ ਦਾ ਨਾ ਸਿਰਫ ਮੁਲਾਂਕਣ ਕੀਤਾ, ਸਗੋਂ ਉਨ੍ਹਾਂ ਦੀ ਹਰੇਕ ਨੀਤੀ ਨੂੰ ਜਾਂਚ-ਪਰਖ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਕੀ ਨਤੀਜੇ ਨਿਕਲੇ। 
ਇਸੇ ਪਰਿਪੇਖ ''ਚ ਨਰਿੰਦਰ ਮੋਦੀ ਵਲੋਂ ਹਾਲ ਹੀ ਵਿਚ ਭਾਜਪਾ ਦਫਤਰ ਵਿਚ ਮੀਡੀਆ ਲਈ ਆਯੋਜਿਤ ''ਦੀਵਾਲੀ ਮਿਲਨ ਸਮਾਰੋਹ'' ਨੂੰ ਦੇਖਿਆ ਜਾ ਸਕਦਾ ਹੈ। ਗੁਜਰਾਤ ਦੇ ਮੁੱਖ ਮੰਤਰੀ ਕਾਲ ਦੇ ਦਿਨਾਂ ਤੋਂ ਹੀ ਨਰਿੰਦਰ ਮੋਦੀ ਦੀਵਾਲੀ ਤੋਂ ਬਾਅਦ ਮੀਡੀਆ ਨਾਲ ਮਿਲਣ ਸਮਾਰੋਹ ਆਯੋਜਿਤ ਕਰਦੇ ਆ ਰਹੇ ਹਨ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਦੂਜਾ ਦੀਵਾਲੀ ਮਿਲਣ ਸਮਾਰੋਹ ਸੀ। 
ਇਸ ਵਾਰ ਵਿਦੇਸ਼ ਯਾਤਰਾ ''ਤੇ ਹੋਣ ਕਾਰਨ ਉਨ੍ਹਾਂ ਦੇ ਇਸ ਮੀਡੀਆ ਮਿਲਣ  ਵਿਚ ਕੁਝ ਦੇਰ ਹੋਈ ਤੇ ਇਹ 28 ਨਵੰਬਰ ਨੂੰ ਆਯੋਜਿਤ ਕੀਤਾ ਗਿਆ। ਸਾਰਿਆਂ ਨੂੰ ਆਸ ਸੀ ਕਿ ਨਰਿੰਦਰ ਮੋਦੀ ਦੇਸ਼ ਨੂੰ ਦਰਪੇਸ਼ ਕੁਝ ਭਖਦੀਆਂ ਸਮੱਸਿਆਵਾਂ ''ਤੇ ਆਪਣੇ ਵਿਚਾਰ ਰੱਖਣਗੇ ਪਰ ਸਭ ਦੀਆਂ ਆਸਾਂ ਦੇ ਉਲਟ ਛੋਟੇ ਜਿਹੇ ਬਿਆਨ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਆਪਣੇ ਨਾਲ ਸੈਲਫ਼ੀ ਖਿਚਵਾਉਣ ਲਈ ਸੱਦਾ ਦੇ ਦਿੱਤਾ।
ਮੀਡੀਆ ਦੇ ਮੈਂਬਰਾਂ ''ਚ ਉਨ੍ਹਾਂ ਨਾਲ ਸੈਲਫ਼ੀ ਖਿਚਵਾਉਣ ਦੀ ਦੌੜ ਜਿਹੀ ਲੱਗ ਗਈ। ਮੀਡੀਆ ਵਾਲੇ ਆਪਣੇ ਅਸਲੀ ਉਦੇਸ਼ ਨੂੰ ਭੁੱਲ ਹੀ ਗਏ। 
ਕੁਦਰਤੀ ਤੌਰ ''ਤੇ ਇਸ ਨੂੰ ਦੇਖ ਕੇ ਇਹ ਸਵਾਲ ਉੱਠਦਾ ਹੈ ਕਿ ਭਵਿੱਖ ਵਿਚ ਕੀ ਭਾਰਤੀ ਮੀਡੀਆ ਸੈਲਫ਼ੀ ਪ੍ਰੈੱਸ ਬਣ ਕੇ ਹੀ ਰਹਿ ਜਾਵੇਗਾ ਜਾਂ ਕੁਝ ਖੋਜੀ ਅਤੇ ਸਾਕਾਰਾਤਮਕ ਪੱਤਰਕਾਰਿਤਾ ਵੀ ਕਰੇਗਾ? ਇਥੇ ਇਹ ਵੀ ਗੱਲ ਵਰਣਨਯੋਗ ਹੈ ਕਿ ਕਾਂਗਰਸ ਸਰਕਾਰ ਦੇ ਦਿਨਾਂ ''ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮੀਡੀਆ ਤੋਂ ਦੂਰੀ ਨੂੰ ਲੈ ਕੇ ਭਾਜਪਾ ਨੇਤਾ ਉਨ੍ਹਾਂ ਦੀ ਆਲੋਚਨਾ ਕਰਦੇ ਨਹੀਂ ਥੱਕਦੇ ਸਨ। 


Vijay Kumar Chopra

Chief Editor

Related News