ਜੜ੍ਹਾਂ ’ਚ ਫੈਲਦਾ ਭ੍ਰਿਸ਼ਟਾਚਾਰ ਰੋਕਥਾਮ ਲਈ ਵੱਧ ਸਖਤੀ ਦੀ ਲੋੜ

06/22/2022 1:42:38 AM

ਸਰਕਾਰ ਦੇ ਲੱਖ ਯਤਨਾਂ ਦੇ ਬਾਵਜੂਦ ਦੇਸ਼ ’ਚ ਭ੍ਰਿਸ਼ਟਾਚਾਰ ਦਾ ਮਹਾਰੋਗ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਜਿਸ ’ਚ ਕਈ ਛੋਟੇ-ਵੱਡੇ ਮੁਲਾਜ਼ਮ ਅਤੇ ਅਧਿਕਾਰੀ ਸ਼ਾਮਲ ਪਾਏ ਜਾ ਰਹੇ ਹਨ। ਇਹ ਮਹਾਰੋਗ ਕਿੰਨਾ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ, ਇਹ ਸਿਰਫ ਇਕ ਹਫਤੇ ਦੀਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :
* 14 ਜੂਨ ਨੂੰ ਗਵਾਲੀਅਰ (ਮੱਧ ਪ੍ਰਦੇਸ਼) ’ਚ ‘ਆਰਥਿਕ ਅਪਰਾਧ ਜਾਂਚ ਬਿਊਰੋ’ ਦੀ ਟੀਮ ਨੇ ਮੁਰੈਨਾ ਸ਼ਹਿਰ ’ਚ ਇਕ ਪਟਵਾਰੀ ਨੂੰ 20,000 ਰੁਪਏ ਰਿਸ਼ਵਤ ਦੇ ਨਾਲ ਫੜਿਆ। 
* 15 ਜੂਨ ਨੂੰ ਬਾਂਸਵਾੜਾ (ਰਾਜਸਥਾਨ) ’ਚ ਗਰਭਵਤੀ ਔਰਤ ਦਾ ਸਿਜ਼ੇਰੀਅਨ ਕਰਨ ਦੀ ਇਵਜ਼ ’ਚ 8,000 ਰੁਪਏ ਰਿਸ਼ਵਤ ਲੈਣ ਦੇ ਦੋਸ਼ੀ ਡਾ. ਪ੍ਰਦੀਪ ਸ਼ਰਮਾ ਨੂੰ ‘ਭ੍ਰਿਸ਼ਟਾਚਾਰ ਰੋਕੂ ਵਿਭਾਗ’ ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ।
* 16 ਜੂਨ ਨੂੰ ਨੈਨੀਤਾਲ ’ਚ ਤਰਾਈ ਪੱਛਮੀ ਜੰਗਲਾਤ ਡਵੀਜ਼ਨ ਦਾ ਇਕ ਬਾਬੂ ਰੁੱਖਾਂ ਨੂੰ ਕੱਟਣ ਦੀ ਇਜਾਜ਼ਤ ਦੇਣ ਲਈ 12,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਫੜਿਆ ਗਿਆ। 
* 16 ਜੂਨ ਨੂੰ  ਹੀ ਹਰਿਆਣਾ ਵਿਜੀਲੈਂਸ ਵਿਭਾਗ ਨੇ ‘ਉੱਤਰ ਹਰਿਆਣਾ ਬਿਜਲੀ ਵੰਡ ਨਿਗਮ’ ਕਰਨਾਲ ਦੇ ਇਕ ਐੱਸ. ਡੀ. ਓ. ਅਤੇ ਇਕ ਜੂਨੀਅਰ ਇੰਜੀਨੀਅਰ ਅਤੇ ਇਕ ਹੋਰ ਮੁਲਾਜ਼ਮ ਨੂੰ ਇਕ  ਕਿਸਾਨ ਤੋਂ ਇਕ ਲੱਖ ਰੁਪਏ ਲੈਂਦੇ  ਹੋਏ ਗ੍ਰਿਫਤਾਰ ਕੀਤਾ। 
* 17 ਜੂਨ ਨੂੰ ਭੋਪਾਲ ’ਚ ‘ਮੱਧ ਪ੍ਰਦੇਸ਼ ਬਿਜਲੀ ਬੋਰਡ’ ਦਾ ਉਪ-ਮਹਾਪ੍ਰਬੰਧਕ ਵਿਸ਼ਾਲ ਉਪਾਧਿਆਏ ਸ਼ਿਕਾਇਤਕਰਤਾ ਦੀ ਫਾਈਲ ’ਤੇ  ਦਸਤਖਤ ਕਰਨ ਦੇ ਬਦਲੇ ’ਚ 20,000 ਰੁਪਏ ਰਿਸ਼ਵਤ ਲੈਂਦੇ  ਹੋਏ ਫੜਿਆ ਗਿਆ। 
* 17 ਜੂਨ ਨੂੰ ਹੀ ਹਰਿਆਣਾ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਕੁਰੂਕਸ਼ੇਤਰ, ਕਰਨਾਲ ਅਤੇ ਫਰੀਦਾਬਾਦ ਜ਼ਿਲਿਆਂ ’ਚ ਇਕ ਐੱਸ. ਡੀ. ਓ., 2 ਜੂਨੀਅਰ ਇੰਜੀਨੀਅਰਾਂ, 2 ਪੁਲਸ ਅਧਿਕਾਰੀਆਂ ਅਤੇ ਇਕ ਟਿਊਬਵੈੱਲ ਹੈਲਪਰ ਦੇ ਇਲਾਵਾ 2 ਹੋਰ ਪ੍ਰਾਈਵੇਟ ਵਿਅਕਤੀਅਾਂ ਨੂੰ ਵੱਖ-ਵੱਖ ਘਟਨਾਵਾਂ ’ਚ 2.62 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ। 
* 17 ਜੂਨ ਵਾਲੇ ਦਿਨ ਹੀ ਕਰਨਾਟਕ ਦੇ ਭ੍ਰਿਸ਼ਟਾਚਾਰ ਰੋਕੂ ਵਿਭਾਗ ਦੇ ਅਧਿਕਾਰੀਆਂ ਨੇ ‘ਬੇਂਗਲੁਰੂ ਡਿਵੈਲਪਮੈਂਟ ਅਥਾਰਿਟੀ’ ’ਚ ਮਾਲੀ ਸ਼ਿਵਲਿੰਗੱਪਾ ਦੇ ਘਰ ’ਚ ਮਾਰੇ ਛਾਪੇ ਦੌਰਾਨ ਕਰੋੜਾਂ ਰੁਪਏ ਦੀ ਨਾਜਾਇਜ਼ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ। 
* 18 ਜੂਨ ਨੂੰ ਥਾਣਾ ਜੈਤੋ ਦੇ ਏ. ਐੱਸ. ਆਈ. ਕਾਹਨ ਸਿੰਘ ਨੂੰ ਸ਼ਿਕਾਇਤਕਰਤਾ ਕੋਲੋਂ 3,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ।  
* 18 ਜੂਨ ਨੂੰ ਹੀ ਕੋਂਡਾਗਾਂਵ (ਛੱਤੀਸਗੜ੍ਹ) ’ਚ ‘ਜਲ ਸਰੋਤ ਵਿਭਾਗ’ ’ਚ ਤਾਇਨਾਤ ਐਗਜ਼ੀਕਿਊਟਿਵ ਇੰਜੀਨੀਅਰ ਆਰ. ਬੀ. ਸਿੰਘ, ਐੱਸ. ਡੀ. ਓ. ਆਰ. ਬੀ. ਚੌਰਸੀਆ ਅਤੇ ਡਿਪਟੀ ਇੰਜੀਨੀਅਰ ਡੀ. ਕੇ. ਆਰੀਆ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਅਧਿਕਾਰੀਆਂ ਨੇ 1.3 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। 
* 18 ਜੂਨ ਨੂੰ ‘ਭ੍ਰਿਸ਼ਟਾਚਾਰ ਰੋਕੂ ਬਿਊਰੋ’ ਦੀ ਟੀਮ ਨੇ ਰਾਜਸਮੰਦ (ਰਾਜਸਥਾਨ) ’ਚ ਸ਼ਿਕਾਇਤਕਰਤਾ ਤੋਂ 50,000 ਰੁਪਏ  ਰਿਸ਼ਵਤ ਲੈਂਦੇ ਹੋਏ ਸਹਾਇਕ ਖਣਿਜ ਇੰਜੀਨੀਅਰ (ਵਿਜੀਲੈਂਸ) ਨੂੰ ਕਾਬੂ ਕੀਤਾ।
* 19 ਜੂਨ ਨੂੰ ਬਾਲਾਘਾਟ (ਮੱਧ ਪ੍ਰਦੇਸ਼) ’ਚ ‘ਲਾਲਬੱਰਾ’ ਤਹਿਸੀਲ ’ਚ ਸਹਾਇਕ ਗ੍ਰੇਡ 3 ਰੇਮੇਂਦਰ ਹਰਿਨਖੇੜੇ ਨੂੰ 35,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ। 
* 19 ਜੂਨ ਨੂੰ ਹੀ ਯਮੁਨਾਨਗਰ (ਹਰਿਆਣਾ) ’ਚ ਕਣਕ ਦੀ ਪੇਮੈਂਟ ਜਾਰੀ ਕਰਨ ਦੇ ਨਾਂ ’ਤੇ ਇਕ ਆੜ੍ਹਤੀ ਕੋਲੋਂ 15,000 ਰੁਪਏ  ਰਿਸ਼ਵਤ ਲੈਂਦੇ ਹੋਏ ਖੁਰਾਕ ਤੇ ਸਪਲਾਈ ਵਿਭਾਗ ਦੇ ਫੂਡ ਇੰਸਪੈਕਟਰ ਨੂੰ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਰੰਗੇ ਹੱਥੀਂ ਫੜਿਆ।
*  20 ਜੂਨ ਨੂੰ ਵਿਜੀਲੈਂਸ ਬਿਊਰੋ ਨੇ ਸ਼ਿਕਾਇਤਕਰਤਾ ਨੂੰ ਉਸ ਦੇ ਮਕਾਨ ਦੀ ਫਾਈਲ ਦੀ ਕਾਪੀ ਦੇਣ ਦੇ ਬਦਲੇ 25,000 ਰੁਪਏ  ਰਿਸ਼ਵਤ ਲੈਣ ਦੇ ਦੋਸ਼ ’ਚ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੀ ਸੇਲ ਸ਼ਾਖਾ ਦੇ ਕਲਰਕ ਅਤੇ ਉਸ ਦੇ ਕਰਿੰਦੇ ਨੂੰ ਫੜਿਆ। 
* 20 ਜੂਨ ਨੂੰ ਹੀ ਪੰਜਾਬ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਚੰਡੀਗੜ੍ਹ ’ਚ ਆਈ. ਏ. ਐੱਸ. ਅਧਿਕਾਰੀ ਸੰਜੇ ਪੋਪਲੀ ਅਤੇ ਉਸ ਦੇ ਸਾਥੀ ਅੰਡਰ ਸੈਕ੍ਰੇਟਰੀ ਸੰਜੀਵ ਵਤਸ ਨੂੰ ਸੀਵਰੇਜ ਬੋਰਡ ’ਚ ਤਾਇਨਾਤੀ ਦੌਰਾਨ ਕੀਤੇ ਭ੍ਰਿਸ਼ਟਾਚਾਰ ਦੇ ਸਿਲਸਿਲੇ ’ਚ ਗ੍ਰਿਫਤਾਰ ਕੀਤਾ। ਇਨ੍ਹਾਂ ’ਤੇ ਸੀਵਰੇਜ ਬੋਰਡ ਦੇ ਇਕ ਠੇਕੇਦਾਰ ਨੇ ਸੀਵਰੇਜ ਕੰਮ ਦੇ 7 ਕਰੋੜ ਰੁਪਏ ਦੇ ਠੇਕੇ ਦੇ ਇਵਜ਼ ’ਚ ਇਕ ਫੀਸਦੀ ਕਮਿਸ਼ਨ ਮੰਗਣ ਦਾ ਦੋਸ਼ ਲਾਇਆ ਸੀ। 
* 20 ਜੂਨ ਨੂੰ ਫਿਰ ਸੀ. ਬੀ. ਆਈ. ਨੇ ਨਵੀਂ ਦਿੱਲੀ ’ਚ ‘ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ’ ਦੇ ਜੁਆਇੰਟ ਡਰੱਗ ਕੰਟਰੋਲਰ ਐੱਸ. ਈਸ਼ਵਰ ਰੈੱਡੀ ਨੂੰ 4 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ। 
ਸਰਕਾਰ ਵੱਲੋਂ ਭ੍ਰਿਸ਼ਟਾਚਾਰ ’ਤੇ ਨੱਥ ਕੱਸਣ ਦੇ ਸਾਰੇ ਯਤਨਾਂ ਅਤੇ ਦਾਅਵਿਆਂ ਦੇ ਬਾਵਜੂਦ ਇਸਦਾ ਜਾਰੀ ਰਹਿਣਾ ਕਾਨੂੰਨ ਲਾਗੂ  ਕਰਨ ਵਾਲੇ ਅਧਿਕਾਰੀਆਂ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ ਅਤੇ ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅਹੁਦੇ ਦੀ ਦੁਰਵਰਤੋਂ ਕਰ ਕੇ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਦਾ ਇਕ ਵਰਗ ਵੱਡੇ ਪੱਧਰ ’ਤੇ ਅਣਉਚਿਤ ਢੰਗਾਂ ਨਾਲ ਨਾਜਾਇਜ਼ ਜਾਇਦਾਦ ਬਣਾ ਰਿਹਾ ਹੈ।  
ਇਸੇ ਨੂੰ ਦੇਖਦੇ ਹੋਏ ਉਪ-ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਨੇ 5 ਦਸੰਬਰ, 2021 ਨੂੰ ਲੋਕਾਂ ਨੂੰ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਤਰ੍ਹਾਂ ਸਹਿਣ ਨਾ ਕਰਨ ਦੀ ਅਪੀਲ ਕੀਤੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ੀ ਨੌਕਰਸ਼ਾਹਾਂ ਅਤੇ ਲੋਕ-ਪ੍ਰਤੀਨਿਧੀਆਂ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਅਧੀਨ ਸਖਤ ਤੇ ਸਮਾਂਬੱਧ ਕਾਰਵਾਈ ਕਰਨ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ ਸੀ ਕਿ ‘‘ਭ੍ਰਿਸ਼ਟਾਚਾਰ ਨੇ ਲੋਕਤੰਤਰ ਦੇ ਦਿਲ ਨੂੰ ਲਹੂ-ਲੁਹਾਨ ਕਰ ਰੱਖਿਆ ਹੈ।’’
ਲਿਹਾਜ਼ਾ ਇਸ ਬੁਰਾਈ ’ਤੇ ਰੋਕ ਲਾਉਣ ਲਈ ਦੋਸ਼ੀਆਂ ਦੇ ਪ੍ਰਤੀ ਕੋਈ ਨਰਮੀ ਨਾ ਦਿਖਾਉਣ, ਵੱਧ ਸਖਤੀ ਵਰਤਣ ਅਤੇ ਦੋਸ਼ੀ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਬਜਾਏ ਨੌਕਰੀ ’ਚੋਂ ਕੱਢਣ  ਵਰਗੇ ਕਾਨੂੰਨ ਬਣਾਉਣ ਦੀ ਲੋੜ ਹੈ ਜਿਸ ਨਾਲ ਦੂਜਿਆਂ ਨੂੰ ਵੀ ਨਸੀਹਤ ਮਿਲੇ।

ਵਿਜੇ ਕੁਮਾਰ 


Karan Kumar

Content Editor

Related News