ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਾਪਤਾ ਹੋ ਰਹੀਆਂ ਔਰਤਾਂ, ਇਨ੍ਹਾਂ ’ਤੇ ਵੀ ਫਿਲਮਾਂ ਬਣਾਈਆਂ ਤੇ ਵਿਖਾਈਆਂ ਜਾਣ
Saturday, May 20, 2023 - 03:39 AM (IST)
![ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਾਪਤਾ ਹੋ ਰਹੀਆਂ ਔਰਤਾਂ, ਇਨ੍ਹਾਂ ’ਤੇ ਵੀ ਫਿਲਮਾਂ ਬਣਾਈਆਂ ਤੇ ਵਿਖਾਈਆਂ ਜਾਣ](https://static.jagbani.com/multimedia/2023_5image_03_38_5696276208.jpg)
18 ਮਈ ਨੂੰ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ’ਚ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਨੇਤਾ ਅੰਬਾਦਾਸ ਦਾਨਵੇ ਨੇ ਸੂਬੇ ’ਚੋਂ ਰੋਜ਼ਾਨਾ 70 ਔਰਤਾਂ ਦੇ ਲਾਪਤਾ ਹੋਣ ਦਾ ਦਾਅਵਾ ਕਰਦੇ ਹੋਏ ਸਰਕਾਰ ਨੂੰ ਔਰਤਾਂ ਦੀ ਰੱਖਿਆ ਲਈ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਮੁਤਾਬਕ ਇਸ ਸਾਲ ਜਨਵਰੀ ਤੋਂ ਮਾਰਚ ਤੱਕ ਸੂਬੇ ’ਚੋਂ 5610 ਔਰਤਾਂ ਅਤੇ ਕੁੜੀਆਂ ਲਾਪਤਾ ਹੋਈਆਂ ਹਨ।
ਦਾਨਵੇ ਨੇ ਦਾਅਵਾ ਕੀਤਾ ਹੈ ਕਿ ‘‘1600 ਔਰਤਾਂ ਅਤੇ ਕੁੜੀਆਂ ਜਨਵਰੀ ’ਚ, 1810 ਫਰਵਰੀ ’ਚ ਅਤੇ 2200 ਮਾਰਚ ’ਚ ਲਾਪਤਾ ਹੋਈਆਂ। ਸੂਬੇ ’ਚ ਕੁੜੀਆਂ ਅਤੇ ਔਰਤਾਂ ਦੇ ਲਾਪਤਾ ਹੋਣ ਦਾ ਗ੍ਰਾਫ ਵਧ ਰਿਹਾ ਹੈ। ਇਸ ਲਈ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।’’
ਵਰਨਣਯੋਗ ਹੈ ਕਿ ਦੇਸ਼ ’ਚੋਂ ਔਰਤਾਂ ਦੇ ਲਾਪਤਾ ਹੋਣ ਅਤੇ ਨੌਕਰੀ ਆਦਿ ਦਾ ਲਾਲਚ ਦੇ ਕੇ ਅਰਬ ਦੇਸ਼ਾਂ ਜਾਂ ਦੇਸ਼ ਦੇ ਵੇਸਵਾਘਰਾਂ ਜਾਂ ਬੰਧੂਆ ਮਜ਼ਦੂਰੀ ’ਚ ਧੱਕਣ ਦੀ ਬੁਰਾਈ ਜ਼ੋਰਾਂ ’ਤੇ ਹੈ।
‘ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ’ ਮੁਤਾਬਕ ਬੀਤੇ 5 ਸਾਲਾਂ ’ਚ ਗੁਜਰਾਤ ’ਚੋਂ 41,621 ਤੋਂ ਵੱਧ ਔਰਤਾਂ ਲਾਪਤਾ ਹੋਈਆਂ ਹਨ। ਐੱਨ. ਜੀ. ਓ. ‘ਕ੍ਰਾਈ’ ਮੁਤਾਬਕ 2021 ’ਚ ਮੱਧ ਪ੍ਰਦੇਸ਼ ’ਚ ਔਸਤ 24 ਕੁੜੀਆਂ ਅਤੇ 5 ਮੁੰਡਿਆਂ ਸਮੇਤ 29 ਬੱਚੇ ਰੋਜ਼ਾਨਾ ਲਾਪਤਾ ਹੋਏ। ਮੱਧ ਪ੍ਰਦੇਸ਼ ’ਚ 2021 ’ਚ 8876 ਅਤੇ ਰਾਜਸਥਾਨ ’ਚ 4468 ਕੁੜੀਆਂ ਲਾਪਤਾ ਹੋਈਆਂ।
ਹਾਲ ਹੀ ’ਚ ਰਿਲੀਜ਼ ਹੋਈ ਫਿਲਮ ‘ਦਿ ਕੇਰਲ ਸਟੋਰੀ’ ’ਚ ਕੇਰਲ ’ਚੋਂ ਔਰਤਾਂ ਦੀ ਸਮੱਗਲਿੰਗ ਦਾ ਮੁੱਦਾ ਉਠਾਇਆ ਗਿਆ ਹੈ ਜਿਸ ਨੂੰ ਲੈ ਕੇ ਕੁਝ ਸੂਬਿਆਂ ’ਚ ਕਾਫੀ ਰੌਲਾ ਵੀ ਪਿਆ ਅਤੇ ਬੰਗਾਲ ਸਰਕਾਰ ਨੇ ਇਸ ਦਾ ਪ੍ਰਦਰਸ਼ਨ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਸੁਪਰੀਮ ਕੋਰਟ ਨੇ ਇਸ ਦੇ ਪ੍ਰਦਰਸ਼ਨ ਦੀ ਆਗਿਆ ਦੇ ਦਿੱਤੀ ਹੈ।
ਕਿਸੇ ਵੀ ਸੂਬੇ ’ਚੋਂ ਔਰਤਾਂ ਦਾ ਲਾਪਤਾ ਹੋਣਾ ਅਤਿਅੰਤ ਚਿੰਤਾਜਨਕ ਸੰਕੇਤ ਹੈ। ਫਿਲਮ ਨਿਰਮਾਤਾਵਾਂ ਨੂੰ ਦੂਜੇ ਸੂਬਿਆਂ ਤੋਂ ਲਾਪਤਾ ਹੋ ਰਹੀਆਂ ਔਰਤਾਂ ’ਤੇ ਵੀ ਫਿਲਮਾਂ ਬਣਾ ਕੇ ਉਨ੍ਹਾਂ ਦੀ ਦਰਦਨਾਕ ਹਾਲਤ ਲੋਕਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ।
-ਵਿਜੇ ਕੁਮਾਰ