ਪਾਕਿਸਤਾਨ ’ਚ ਜ਼ੁਲਮ ਅਤੇ ਤਸ਼ੱਦਦ ਝਲ ਰਹੇ ਦੂਸਰੇ ਭਾਈਚਾਰਿਆਂ ਦੇ ਘੱਟ-ਗਿਣਤੀ

09/15/2020 3:37:41 AM

ਪਾਕਿਸਤਾਨ ’ਚ ਹਿੰਦੂ, ਸਿੱਖ ਅਤੇ ਹੋਰ ਘੱਟ-ਗਿਣਤੀ ਈਸਾਈ, ਅਹਿਮਦੀ, ਬੋਧੀ, ਜੈਨ ਅਤੇ ਪਾਰਸੀ ਆਦਿ ਭਾਈਚਾਰਿਅਾਂ ਦੇ ਲੋਕ ਜਾਤੀ ਅਤੇ ਧਰਮ ਦੇ ਆਧਾਰ ’ਤੇ ਭਾਰੀ ਵਿਤਕਰੇ ਦੇ ਸ਼ਿਕਾਰ ਹਨ ਅਤੇ ਇਸੇ ਦਾ ਨਤੀਜਾ ਹੈ ਕਿ ਬਟਵਾਰੇ ਦੇ ਸਮੇਂ ਪਾਕਿਸਤਾਨ ’ਚ 23 ਫੀਸਦੀ ਘੱਟ-ਗਿਣਤੀ ਸਨ। ਜੋ ਹੁਣ ਸਿਰਫ 4 ਫੀਸਦੀ ਰਹਿ ਗਏ ਹਨ।

ਅੱਜ ਪਾਕਿਸਤਾਨ ’ਚ ਘੱਟ-ਗਿਣਤੀ ਭਾਈਚਾਰੇ ਦੀਆਂ ਕੰਨਿਆਵਾਂ ਦਾ ਵੱਡੇ ਪੱਧਰ ’ਤੇ ਅਗਵਾਹ ਅਤੇ ਧਰਮ ਤਬਦੀਲ ਕਰ ਕੇ ਉਨ੍ਹਾਂ ਦਾ ਵਿਆਹ ਮੁਸਲਮਾਨ ਨੌਜਵਾਨਾਂ ਨਾਲ ਕਰਵਾਉਣ ਦੇ ਇਲਾਵਾ ਘੱਟ-ਗਿਣਤਿਆਂ ’ਤੇ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਕੀਤੇ ਜਾ ਰਹੇ ਹਨ।

ਕੋਰੋਨਾ ਸੰਕਟ ਦੌਰਾਨ ਹੀ ਪਾਕਿਸਤਾਨ ’ਚ ਘੱਟ-ਗਿਣਤੀ ਭਾਈਚਾਰੇ ਦੀਆਂ 40 ਤੋਂ ਵੱਧ ਮੁਟਿਆਰਾਂ ਦੇ ਅਗਵਾ ਅਤੇ ਜਬਰੀ ਧਰਮ ਬਦਲਣ ਦੇ ਬਾਅਦ ਉਨ੍ਹਾਂ ਦਾ ਮੁਸਲਮਾਨ ਨੌਜਵਾਨਾਂ ਨਾਲ ਵਿਆਹ ਕਰਵਾਇਆ ਗਿਆ ਹੈ।

ਸਿੰਧ ਸੂਬੇ ਦਿ ਜ਼ਿਲਾ ਗੋਟਕੀ ’ਚ ‘ਬਰਚੁੰਡੀ ਸ਼ਰੀਫ ਦਰਗਾਹ’ ਦੇ ਪੀਰ ਅਬਦੁਲ ਹਕ ਉਰਫ ਮੀਆਂ ਮਿੱਠੂ ਦੇ ਸਹਾਇਕ ਵਲੋਂ ‘ਪੀਰ ਜਾਨ ਆਗਾ ਖਾਨ ਸਰਹੰਦੀ’ ਦੀ ਦਰਗਾਹ ’ਚ ਅਨੇਕ ਹਿੰਦੂ ਮੁਟਿਆਰਾਂ ਨੂੰ ਇਸਲਾਮ ਧਰਮ ਧਾਰਨ ਕਰਵਾਇਆ ਗਿਆ ਹੈ।

ਦੱਖਣੀ ਕੋਰੀਆ ਦੇ ਸਿਓਲ ’ਚ ਰਹਿ ਰਹੇ ਪਾਕਿਸਤਾਨੀ ਮਨੁੱਖੀ ਅਧਿਕਾਰ ਵਰਕਰ ‘ਰਾਹਤ ਆਸਿਟਨ’ ਦੇ ਅਨੁਸਾਰ ਘੱਟ-ਗਿਣਤੀ ਭਾਈਚਾਰੇ ਦੀਆਂ ਅਗਵਾਹ ਕੀਤੀਆਂ ਬੇਵੱਸ ਅਤੇ ਲਾਚਾਰ ਮੁਟਿਆਰਾਂ ਕੋਲੋਂ ਹਲਫੀਆ ਬਿਆਨਾਂ ’ਤੇ ਦਸਤਖਤ ਕਰਵਾ ਲਏ ਜਾਂਦੇ ਹਨ ਤਾਂ ਕਿ ਬਾਅਦ ’ਚ ਕੋਈ ਸਮੱਸਿਆ ਪੈਦਾ ਨਾ ਹੋਵੇ।

ਇਨ੍ਹਾਂ ਮੁਟਿਆਰਾਂ ਦਾ ਧਰਮ ਤਬਦੀਲ ਕਰਵਾਉਣ ਵਾਲੇ ਅਨੇਕ ਮੌਲਵੀ ਵੀ ਉਨ੍ਹਾਂ ਦਾ ਸੈਕਸ ਸ਼ੋਸ਼ਣ ਕਰਦੇ ਹਨ। ਧਰਮ ਤਬਦੀਲ ਕਰਵਾ ਚੁੱਕੀਆਂ ਮੁਟਿਆਰਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਨਹੀਂ ਜਾਣ ਦਿੱਤਾ ਜਾਂਦਾ ਅਤੇ ਪੁਲਸ ਉਨ੍ਹਾਂ ਨੂੰ ਅਗਵਾ ਕਰਨ ਵਾਲਿਆਂ ਦੇ ਹਵਾਲੇ ਕਰ ਦਿੰਦੀ ਹੈ।

ਜਗਜੀਤ ਕੌਰ ਜਿਸਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾ ਕੇ ਉਸਦਾ ਦਾ ਨਾਂ ਆਇਸ਼ਾ ਬੀਬੀ ਰੱਖ ਕੇ ਉਸਦਾ ਵਿਆਹ ਮੁਹੰਮਦ ਅਹਿਸਾਨ ਨਾਂ ਦੇ ਨੌਜਵਾਨ ਨਾਲ ਕਰਵਾਇਆ ਗਿਆ ਸੀ, ਦੇ ਪਿਤਾ ਭਗਵਾਨ ਸਿੰਘ ਅਨੁਸਾਰ ਹੁਣ ਉਨ੍ਹਾਂ ਦੇ ਪਰਿਵਾਰ ਦਾ ਪਾਕਿਸਤਾਨ ’ਚ ਰਹਿਣਾ ਔਖਾ ਹੀ ਨਹੀਂ ਅਸੰਭਵ ਹੋ ਗਿਆ ਹੈ।

ਭਗਵਾਨ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਦੇ ਉੱਚ ਅਧਿਕਾਰੀ ਉਨ੍ਹਾਂ ਨੂੰ ਲਗਾਤਾਰ ਇਕ ਸਾਲ ਤਕ ਹਨ੍ਹੇਰੇ ’ਚ ਰੱਖ ਕੇ ਇਹ ਭਰੋਸਾ ਦਿੰਦੇ ਰਹੇ ਕਿ ਉਨ੍ਹਾਂ ਦੀ ਧੀ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ ਪਰ ਇਸਦੀ ਬਜਾਏ ਉਨ੍ਹਾਂ ਦੀ ਧੀ ਨੂੰ ਉਨ੍ਹਾਂ ਦੇ ਵਿਰੋਧੀਆਂ ਦੇ ਨਾਲ ਭੇਜ ਦਿੱਤਾ ਗਿਆ ਹੈ, ਜਿਥੇ ਉਹ ਸੁਰੱਖਿਅਤ ਨਹੀਂ ਹੈ।

ਭਗਵਾਨ ਸਿੰਘ ਨੇ ਡੀ. ਸੀ. ਓ. ਨਨਕਾਣਾ ਸਾਹਿਬ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ, ‘‘ਜੇਕਰ ਧਰਮ ਤਬਦੀਲ ਕਰਨ ਦੀ ਪ੍ਰੰਪਰਾ ਇਸੇ ਤਰ੍ਹਾਂ ਜਾਰੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਾਕਿਸਤਾਨ ’ਚ ਕੋਈ ਘੱਟ-ਗਿਣਤੀ ਨਹੀਂ ਰਹੇਗਾ।’’

ਹੁਣ ਤਾਂ ਪਾਕਿਸਤਾਨ ’ਚ ਹਿੰਦੂ, ਸਿੱਖ, ਈਸਾਈ, ਅਹਿਮਦੀ, ਬੋਧੀ, ਜੈਨ ਅਤੇ ਪਾਰਸੀ ਘੱਟ- ਗਿਣਤੀਆਂ ਦੇ ਨਾਲ ਹੀ ਹੋਰ ਘੱਟ-ਗਿਣਤੀ ਬਲੋਚਾਂ ਅਤੇ ਸ਼ੀਆ ਮੁਸਲਮਾਨਾਂ ਦਾ ਸ਼ੋਸ਼ਣ ਵੀ ਹੋ ਰਿਹਾ ਹੈ ਅਤੇ ਲਗਾਤਾਰ ਬਲੋਚ ਭਾਈਚਾਰੇ ਦੇ ਮੈਂਬਰਾਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਅਾਂ ਹਨ।

ਹਾਲ ਹੀ ’ਚ ਈਰਾਨ ਸਥਿਤ ਆਪਣੇ ਧਾਰਮਿਕ ਅਸਥਾਨ ਤੋਂ ਪਰਤੇ ਸ਼ੀਆ ਲੋਕਾਂ ਦੀ ਆਲੋਚਨਾ ਕਰਦੇ ਹੋਏ ਸੁੰਨੀ ਮੁਸਲਮਾਨਾਂ ਨੇ ਕਿਹਾ ਕਿ, ‘‘ਸਾਰੇ ਸ਼ੀਆ ਆਪਣੇ ਨਾਲ ਕੋਰੋਨਾ ਵਾਇਰਸ ਲੈ ਕੇ ਆਏ ਹਨ। ਕੋਰੋਨਾ ਮਹਾਮਾਰੀ ਲਈ ਚੀਨ ਨਾਲੋਂ ਵੱਧ ਸ਼ੀਆ ਲੋਕ ਜ਼ਿੰਮੇਵਾਰ ਹਨ। ਇਸ ਲਈ ਇਸ ਵਾਇਰਸ ਦਾ ਨਾਂ ‘ਸ਼ੀਆ ਵਾਇਰਸ’ ਰੱਖ ਦੇਣਾ ਚਾਹੀਦਾ ਹੈ।’’

ਅਤੇ ਹੁਣ 11 ਸਤੰਬਰ ਨੂੰ ਕਰਾਚੀ ’ਚ ਹਜ਼ਾਰਾਂ ਕੱਟੜਪੰਥੀ ਸੁੰਨੀਆਂ ਨੇ ਇਤਿਹਾਸਕ ਇਸਲਾਮਿਕ ਹਸਤੀਆਂ ’ਤੇ ਇਕ ਸ਼ੀਆ ਨੇਤਾ ਦੀ ਟਿੱਪਣੀ ਦੇ ਵਿਰੁੱਧ ਭਾਰੀ ਰੋਸ ਵਿਖਾਵਾ ਕੀਤਾ। ਉਨ੍ਹਾਂ ਨੇ ‘ਕਾਫਿਰ-ਕਾਫਿਰ ਸ਼ੀਆ ਕਾਫਿਰ’ ਦੇ ਨਾਅਰੇ ਲਗਾਏ। ‘ਈਮਾਮ ਬਾਰਗਾਹ’ (ਸ਼ੀਆ ਭਾਈਚਾਰੇ ਦੇ ਇਕੱਤਰਿਤ ਹੋਣ ਦਾ ਸਥਾਨ) ’ਤੇ ਪੱਥਰਬਾਜ਼ੀ ਕੀਤੀ ਅਤੇ ਸ਼ੀਆ ਵਿਰੋਧੀ ਨਾਅਰੇ ਲਗਾਏ। ਇਸ ਤੋਂ ਪਹਿਲਾਂ ਸੁੰਨੀ ਮੁਸਲਮਾਨਾਂ ਨੇ ਮੁਹੱਰਮ ਦੇ ਜਲੂਸ ’ਚ ਵੀ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ।

ਪਾਕਿਸਤਾਨ ’ਚ ਘੱਟ-ਗਿਣਤੀਆਂ ਦੇ ਤਸ਼ੱਦਦ ਦੇ ਮਾਮਲੇ ਸਮੇਂ-ਸਮੇਂ ’ਤੇ ਕੌਮਾਂਤਰੀ ਮੰਚਾਂ ’ਤੇ ਉੱਠਦੇ ਰਹੇ ਹਨ। ਬਲੋਚਿਸਤਾਨ ’ਚ ਮਨੁੱਖੀ ਹੱਕਾਂ ਦੀ ਸਥਿਤੀ ’ਤੇ ‘ਯੂਰਪੀ ਸੰਸਦ ਖੋਜ ਸੇਵਾ’ (ਈ.ਪੀ.ਆਰ.ਐੱਸ) ਨੇ ਜੂਨ ਦੀ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ‘‘ਦੇਸ਼ ’ਚ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਇਲਾਵਾ ‘ਸ਼ੀਆ ਹਜ਼ਾਰਾ ਭਾਈਚਾਰਾ’, ‘ਜਾਕਰੀ ਭਾਈਚਾਰਾ’ ਵੀ ਤਸ਼ਦੱਦ ਦਾ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ’ਚੋਂ ਸ਼ੀਆ ਹਜਾਰਾ ਸਮੂਹ ਸਭ ਤੋਂ ਵੱਧ ਤਸ਼ੱਦਦ ਦਾ ਸ਼ਿਕਾਰ ਹੋ ਰਿਹਾ ਹੈ।

ਇਸ ਤੋਂ ਪਹਿਲਾਂ ਮਈ ਮਹੀਨੇ ’ਚ ਵੀ ਧਾਰਮਿਕ ਆਜ਼ਾਦੀ ’ਤੇ ਅਮਰੀਕੀ ਕਮਿਸ਼ਨ (ਯੂ.ਐੱਸ.ਸੀ.ਆਈ.ਆਰ.ਐੱਫ.) ਨੇ ਕਿਹਾ ਸੀ ਕਿ, ‘‘ਪਾਕਿਸਤਾਨ ’ਚ ਘੱਟ-ਗਿਣਤੀ ਧਰਮਾਂ ਨਾਲ ਸਬੰਧਤ ਲੋਕਾਂ ਦੀ ਸੁਰੱਖਿਆ ਖਤਰੇ ’ਚ ਹੈ। ਉਨ੍ਹਾਂ ’ਤੇ ਵੱਖ-ਵੱਖ ਢੰਗਾਂ ਨਾਲ ਤਸ਼ੱਦਦ ਅਤੇ ਸਮਾਜਿਕ ਬਾਈਕਾਟ ਕੀਤਾ ਜਾ ਰਿਹਾ ਹੈ।

ਉਪਰੋਕਤ ਘਟਨਾਕ੍ਰਮ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ’ਚ ਦੂਸਰੇ ਧਰਮਾਂ ਦੇ ਘੱਟ-ਗਿਣਤੀਆਂ ਦੇ ਨਾਲ-ਨਾਲ ਉਨ੍ਹਾਂ ਦੇ ਆਪਣੇ ਹੀ ਧਰਮ ਦੇ ਲੋਕਾਂ ’ਤੇ ਵੀ ਤਸ਼ੱਦਦ ਕੀਤਾ ਜਾ ਰਿਹਾ ਹੈ। ਇਸ ਲਈ ਕੌਮਾਂਤਰੀ ਭਾਈਚਾਰੇ ਨੂੰ ਪਾਕਿਸਤਾਨ ’ਚ ਸਾਰੇ ਧਰਮਾਂ ਅਤੇ ਮਾਨਤਾਵਾਂ ਨਾਲ ਜੁੜੇ ਘੱਟ-ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਅਤੇ ਉਨ੍ਹਾਂ ’ਤੇ ਹੋ ਰਹੇ ਤਸ਼ੱਦਦ ਨੂੰ ਰੋਕਣ ਲਈ ਇਕਜੁੱਟ ਹੋ ਕੇ ਪਾਕਿਸਤਾਨ ਦੇ ਹਾਕਮਾਂ ’ਤੇ ਦਬਾਅ ਬਣਾਉਣ ਦੀ ਲੋੜ ਹੈ ਤਾਂ ਕਿ ਇਸ ਬੇਇਨਸਾਫੀ ’ਤੇ ਰੋਕ ਲਗਾਈ ਜਾ ਸਕੇ।

- ਵਿਜੇ ਕੁਮਾਰ


Bharat Thapa

Content Editor

Related News