ਵਿਦੇਸ਼ ਰਾਜ ਮੰਤਰੀ ਦਾ ਬਿਆਨ ‘ਚੀਨ ਦੇ ਨਾਲ ਸਾਡੇ ਸੰਬੰਧ ਭੈੜੇ ਨਹੀਂ’

09/18/2020 3:49:56 AM

ਇਸ ਸਮੇਂ ਜਦਕਿ ਪੂਰਬੀ ਲੱਦਾਖ ’ਚ ਭਾਰਤੀ ਅਤੇ ਚੀਨੀ ਫੌਜਾਂ ਦੇ ਦਰਮਿਆਨ ਤਣਾਅ ਸਿਖਰ ’ਤੇ ਹੈ, 16 ਸਤੰਬਰ ਨੂੰ ਲੋਕ ਸਭਾ ’ਚ ਵਿਦੇਸ਼ ਰਾਜ ਮੰਤਰੀ ਸ਼੍ਰੀ ਵੀ. ਮੁਰਲੀਧਰਨ ਨੇ ਇਕ ਲਿਖਤੀ ਸਵਾਲ ਦੇ ਜਵਾਬ ’ਚ ਦੱਸਿਆ ਕਿ, ‘‘ਚੀਨ ਅਤੇ ਪੰਜ ਹੋਰ ਗੁਆਂਢੀ ਦੇਸ਼ਾਂ ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ ਅਤੇ ਮਿਅਾਂਮਾਰ ਦੇ ਨਾਲ ਭਾਰਤ ਦੇ ਸੰਬੰਧ ਭੈੜੇ ਨਹੀਂ ਹੋਏ ਹਨ।’’

ਉਨ੍ਹਾਂ¯ ਨੇ ਕਿਹਾ ਕਿ, ‘‘ਭਾਰਤ ਦੇ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਸਿੱਖਿਆ, ਸੱਭਿਆਚਾਰ, ਵਪਾਰ ਅਤੇ ਨਿਵੇਸ਼ ਦੇ ਮਾਮਲੇ ’ਚ ਚੰਗੇ ਸੰੰਬੰਧ ਹਨ ਅਤੇ ਸਰਕਾਰ ਆਪਣੇ ਗੁਆਂਢੀਅਾਂ ਨਾਲ ਸੰਬੰਧਾਂ ਨੂੰ ਵਧੇਰੇ ਤਵੱਜੋਂ ਦਿੰਦੀ ਹੈ।’’ ਉਨ੍ਹਾਂ ਦਾ ਇਹ ਕਹਿਣਾ ਸਹੀ ਹੈ ਪਰ ਇਸ ਦਾ ਇਹ ਅਰਥ ਨਹੀਂ ਕਿ ਇਹ ਦੇਸ਼ ਵੀ ਸਾਡੇ ਪ੍ਰਤੀ ਅਜਿਹਾ ਹੀ ਨਜ਼ਰੀਆ ਰੱਖਦੇ ਹਨ।

ਪਹਿਲੀ ਉਦਾਹਰਣ ਚੀਨ ਦੀ ਹੈ ਜਿਸ ਦੇ ਨੇਤਾਵਾਂ ਦੇ ਨਾਲ ਵੱਖ-ਵੱਖ ਪੱਧਰਾਂ ’ਤੇ ਵਾਰਤਾਵਾਂ ਦੇ ਬਾਵਜੂਦ ਸਰਹੱਦ ’ਤੇ ਟਕਰਾਅ ਅਜੇ ਜਾਰੀ ਹੈ। ਬੀਤੀ 15 ਜੂਨ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਖੂਨੀ ਟਕਰਾਅ ’ਚ ਭਾਰਤ ਦੇ 20 ਜਵਾਨ ਸ਼ਹੀਦ ਅਤੇ ਕਈ ਜ਼ਖਮੀ ਹੋਏ ਅਤੇ ਚੀਨ ਦੇ ਵੀ 60 ਫੌਜੀ ਮਾਰੇ ਗਏ ਸਨ।

ਇਸ ਤੋਂ ਇਲਾਵਾ ਪਿਛਲੇ 20 ਦਿਨਾਂ ’ਚ ਚੀਨੀ ਫੌਜੀ ਅਸਲ ਕੰਟਰੋਲ ਰੇਖਾ ’ਤੇ ਤਿੰਨ ਵਾਰ ਗੋਲੀਬਾਰੀ ਕਰ ਚੁੱਕੇ ਹਨ। ਪਹਿਲਾਂ 29-31 ਅਗਸਤ ਦਰਮਿਆਨ ਚੀਨੀ ਫੌਜੀਅਾਂ ਨੇ ਦੱਖਣੀ ਪੈਂਗੋਂਗ ਦੀ ਉੱਚਾਈ ਵਾਲੀ ਚੋਟੀ ’ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਅਤੇ ਫਿਰ 7 ਸਤੰਬਰ ਅਤੇ 8 ਸਤੰਬਰ ਨੂੰ ਪੈਂਗੋਂਗ ਝੀਲ ਦੇ ਉੱਤਰੀ ਕੰਢੇ ਵੱਲ ਦੋਵਾਂ ਦੇਸ਼ਾਂ ਦੀਅਾਂ ਫੌਜਾਂ ਦਰਮਿਆਨ ਗੋਲੀਬਾਰੀ ਹੋਈ।

ਚੀਨ ਦੀ ਬਦਨੀਤੀ ਦਾ ਇਕ ਸਬੂਤ ਦਿੰਦੇ ਹੋਏ 14 ਸਤੰਬਰ ਨੂੰ ਭਾਰਤ ਦੇ ਦੋ ਸੀਨੀਅਰ ਅਧਿਕਾਰੀਅਾਂ ਨੇ ਕਿਹਾ ਕਿ, ‘‘ਲੰਬੇ ਸਮੇਂ ਤੱਕ ਸਰਹੱਦ ’ਤੇ ਟਿਕੇ ਰਹਿਣ ਦੀ ਆਪਣੀ ਸਾਜ਼ਿਸ਼ ਦੇ ਤਹਿਤ ਚੀਨ ਆਪਣਾ ਸੂਚਨਾ ਤੰਤਰ ਮਜ਼ਬੂਤ ਕਰਨ ਲਈ ਪੈਂਗੋਂਗ ਝੀਲ ਦੇ ਨੇੜੇ ਫਾਈਬਰ ਆਪਟੀਕਲ ਕੇਬਲ ਵਿਛਾ ਰਿਹਾ ਹੈ ਅਤੇ ਉਸ ਨੇ ਅਸਲ ਕੰਟਰੋਲ ਰੇਖਾ ਅਤੇ ਅੰਦਰੂਨੀ ਇਲਾਕਿਆਂ ’ਚ ਭਾਰੀ ਮਾਤਰਾ ’ਚ ਗੋਲਾ-ਬਾਰੂਦ ਇਕੱਠਾ ਕਰਨ ਤੋਂ ਇਲਾਵਾ ਵੱਡੀ ਗਿਣਤੀ ’ਚ ਫੌਜੀ ਤਾਇਨਾਤ ਕਰ ਦਿੱਤੇ ਹਨ।’’

ਚੀਨ ਹੁਣ ਅਰੁਣਾਚਲ ਦੇ ਨਾਲ ਲੱਗਦੇ ਇਲਾਕਿਅਾਂ ’ਚ ਵੀ ਆਪਣੀਆਂ ਨਾਪਾਕ ਕਰਤੂਤਾਂ ’ਚ ਜੁਟ ਗਿਆ ਹੈ ਅਤੇ ਉਥੇ ਆਪਣੇ ਜਵਾਨਾਂ ਦੀ ਤਾਇਨਾਤੀ ਵਧਾ ਰਿਹਾ ਹੈ।

ਸਰਹੱਦ ’ਤੇ ਜਾਰੀ ਅੜਿੱਕਾ ਸੁਲਝਾਉਣ ਲਈ 5 ਸੂਤਰੀ ਯੋਜਨਾ ’ਤੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਅਾਂ ਦੀ ਸਹਿਮਤੀ ਦੇ ਬਾਵਜੂਦ ਪੂਰਬੀ ਲੱਦਾਖ ਦੇ ਅੜਿੱਕੇ ਵਾਲੇ ਬਿੰਦੂ ’ਤੇ ਸਥਿਤੀ ’ਚ ਕੋਈ ਤਬਦੀਲੀ ਨਹੀਂ ਹੋਈ ਹੈ।

ਇਸੇ ਨੂੰ ਦੇਖਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 15 ਸਤੰਬਰ ਨੂੰ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਭਾਰਤ ਆਪਣੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰੱਖਿਆ ਕਰਨ ਲਈ ਹਰ ਹਾਲਾਤ ਲਈ ਤਿਆਰ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ, ‘‘ਦੋਵਾਂ ਦੇਸ਼ਾਂ ਦਰਮਿਆਨ 1993 ਅਤੇ 1996 ’ਚ ਹੋਏ ਸਮਝੌਤਿਅਾਂ ’ਚ ਅਸਲ ਕੰਟਰੋਲ ਰੇਖਾ ਨੂੰ ਮਾਨਤਾ ਦੇਣ ਅਤੇ ਉਥੇ ਘੱਟੋ-ਘੱਟ ਫੌਜ ਰੱਖਣ ’ਤੇ ਸਹਿਮਤੀ ਦੇ ਬਾਵਜੂਦ ਚੀਨ ਉਥੇ ਫੌਜ ਵਧਾ ਕੇ ਇਸ ਦੀ ਉਲੰਘਣਾ ਕਰ ਰਿਹਾ ਹੈ ਅਤੇ 15 ਜੂਨ ਨੂੰ ਗਲਵਾਨ ਘਾਟੀ ’ਚ ਦੋਵਾਂ ਦੇਸ਼ਾਂ ਦੀਅਾਂ ਫੌਜਾਂ ’ਚ ਖੂਨੀ ਟਕਰਾਅ ਦੀ ਸਥਿਤੀ ਵੀ ਚੀਨ ਨੇ ਹੀ ਪੈਦਾ ਕੀਤੀ ਸੀ।’’

ਨੇਪਾਲ ਦੇ ਨਾਲ ਵੀ ਭਾਰਤ ਦੇ ਸੰਬੰਧਾਂ ’ਚ ਲੰਬੇ ਸਮੇਂ ਤੋਂ ਤਣਾਤਣੀ ਚਲੀ ਆ ਰਹੀ ਹੈ। ਨੇਪਾਲ ਸਰਕਾਰ ਨਾ ਸਿਰਫ ਭਾਰਤ ਸਰਕਾਰ ਵਲੋਂ ਉੱਤਰਾਖੰਡ ਦੇ ਲਿਪੁਲੇਖ ਦੱਰੇ ਤੱਕ ਭਾਰਤ ਵਲੋਂ ਸੜਕ ਵਿਛਾਉਣ ’ਤੇ ਇਤਰਾਜ਼ ਪ੍ਰਗਟਾ ਚੁੱਕੀ ਹੈ ਸਗੋਂ ਨੇਪਾਲ ਸਰਕਾਰ ਨੇ ਲਿੰਪਿਆਧੁਰਾ, ਲਿਪੁਲੇਖ ਅਤੇ ਕਾਲਾਪਾਨੀ ’ਤੇ ਆਪਣਾ ਦਾਅਵਾ ਪ੍ਰਗਟਾਇਆ ਹੈ ਅਤੇ ਉਨ੍ਹਾਂ ਨੂੰ ਨੇਪਾਲ ਦੇ ਨਵੇਂ ਨਕਸ਼ੇ ’ਚ ਸ਼ਾਮਲ ਵੀ ਕਰ ਲਿਆ ਹੈ।

ਨੇਪਾਲ ਸਰਕਾਰ ਨੇ ਲਿਪੁਲੇਖ ਖੇਤਰ ’ਚ ਫੌਜ ਤਾਇਨਾਤ ਕਰ ਕੇ ਆਪਣੇ ਫੌਜੀਅਾਂ ਨੂੰ ਭਾਰਤੀ ਫੌਜੀਅਾਂ ’ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਵੀ ਦਿੱਤੇ ਹਨ।

ਉਸ ਨੇ ਭਾਰਤੀ ਸਰਹੱਦ ਤੋਂ ਸਿਰਫ 12 ਕਿ. ਮੀ. ਦੂਰ 3 ਹੈਲੀਪੈਡ ਵੀ ਬਣਾ ਦਿੱਤੇ ਹਨ ਅਤੇ ਉਥੇ ਨੇਪਾਲੀ ਫੌਜ ਦੇ ਲਈ ਸਥਾਈ ਬੈਰਕ ਅਤੇ ਹਥਿਆਰ ਰੱਖਣ ਲਈ ਬੰਕਰ ਵੀ ਬਣਾਉਣ ਜਾ ਰਿਹਾ ਹੈ ਜੋ ਸੁਰੱਖਿਆ ਦੇ ਨਜ਼ਰੀਏ ਤੋਂ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਹਾਲਾਂਕਿ ਮੰਤਰੀ ਸਾਹਿਬ ਨੇ ਪਾਕਿਸਤਾਨ ਦਾ ਨਾਂ ਨਹੀਂ ਲਿਆ ਪਰ ਇਹ ਗੱਲ ਜਗ-ਜ਼ਾਹਿਰ ਹੀ ਹੈ ਕਿ ਪਾਕਿਸਤਾਨ ਦੇ ਨਾਲ ਵੀ ਸਾਡੇ ਸੰਬੰਧ ਕਿਸੇ ਵੀ ਦ੍ਰਿਸ਼ਟੀ ਨਾਲ ਨਾਰਮਲ ਨਹੀਂ ਹਨ ਅਤੇ ਉਹ ਇਸ ਸਾਲ 1 ਜਨਵਰੀ ਤੋਂ 7 ਸਤੰਬਰ ਦਰਮਿਆਨ ਜੰਮੂ ਖੇਤਰ ’ਚ 3186 ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁੱਕਾ ਹੈ।

ਪਾਕਿਸਤਾਨ ਵਲੋਂ ਅੱਤਵਾਦੀਅਾਂ ਦੀ ਘੁਸਪੈਠ ਕਰਵਾਉਣ ਦੇ ਲਈ ਸੁਰੰਗਾਂ ਦਾ ਸਹਾਰਾ ਲੈਣ ਦੇ ਇਲਾਵਾ ਚੀਨ ’ਚ ਡਰੋਨ ਦੇ ਜ਼ਰੀਏ ਵੀ ਹਥਿਆਰ ਸੁੱਟੇ ਜਾ ਰਹੇ ਹਨ ਅਤੇ ਪਾਕਿਸਤਾਨ ਤੋਂ ਭਾਰਤ ’ਚ ਹਥਿਆਰਾਂ ਦੀ ਸਮੱਗਲਿੰਗ ’ਚ ਵੀ ਭਾਰੀ ਵਾਧਾ ਹੋਇਆ ਹੈ।

ਉਕਤ ਤੱਥਾਂ ਨੂੰ ਦੇਖਦੇ ਹੋਏ ਵਿਦੇਸ਼ ਰਾਜ ਮੰਤਰੀ ਸ਼੍ਰੀ ਮੁਰਲੀਧਰਨ ਦਾ ਇਹ ਕਹਿਣਾ ਸਹੀ ਨਹੀਂ ਲੱਗਦਾ ਕਿ ਚੀਨ ਨਾਲ ਸਾਡੇ ਸਬੰਧ ਭੈੜੇ ਨਹੀਂ ਹਨ। ਇਸੇ ਕਾਰਨ ਅਸੀਂ ਲਿਖਦੇ ਰਹਿੰਦੇ ਹਾਂ ਕਿ ਸਾਡੇ ਨੇਤਾਵਾਂ ਨੂੰ ਬਿਆਨ ਤੱਥਾਂ ਦੀ ਪੜਤਾਲ ਕਰ ਕੇ ਹੀ ਦੇਣੇ ਚਾਹੀਦੇ ਹਨ।

ਚੀਨ ਹੀ ਨਹੀਂ ਸਗੋਂ ਘੱਟ ਤੋਂ ਘੱਟ ਦੋ ਹੋਰ ਗੁਆਂਢੀ ਦੇਸ਼ਾਂ ਨੇਪਾਲ ਅਤੇ ਪਾਕਿਸਤਾਨ ਦੇ ਨਾਲ ਵੀ ਸਾਡੇ ਸਬੰਧ ਸੁਖਾਵੇਂ ਨਹੀਂ ਹਨ, ਜਿਸ ਕਾਰਨ ਜਿਥੇ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ।

ਇਸ ਦੇ ਨਾਲ ਹੀ ਸਾਨੂੰ ਉਕਤ ਗੁਆਂਢੀ ਦੇਸ਼ਾਂ ਨਾਲ ਸਬੰਧ ਸੁਧਾਰਨ ਦੇ ਲਈ ਸਖਤ ਯਤਨ ਕਰਨ ਦੀ ਵੀ ਲੋੜ ਹੈ, ਹਾਲਾਂਕਿ ਇਹ ਕੰਮ ਆਸਾਨ ਨਹੀਂ ਹੋਵੇਗਾ ਕਿਉਂਕਿ ਚੀਨ ਨੇ ਵਿਸ਼ਵ ਦੇ ਵਧੇਰੇ ਦੇਸ਼ਾਂ ਨੂੰ ਕਿਸੇ ਨਾ ਕਿਸੇ ਰੂਪ ’ਚ ਮਦਦ ਦੇ ਕੇ ਜਾਂ ਉਨ੍ਹਾਂ ’ਤੇ ਅਹਿਸਾਨ ਕਰ ਕੇ ਉਨ੍ਹਾਂ ਨੂੰ ਆਪਣੇ ਪ੍ਰਭਾਵ ’ਚ ਲੈ ਰੱਖਿਆ ਹੈ।

–ਵਿਜੇ ਕੁਮਾਰ


Bharat Thapa

Content Editor

Related News