ਮੰਤਰੀ ਆਪਣੇ ਰਿਸ਼ਤੇਦਾਰਾਂ ਨੂੰ ਸਲਾਹਕਾਰ ਨਾ ਬਣਾਉਣ ਅਤੇ ਸਮੇਂ ਦੀ ਪਾਬੰਦੀ ਦੀ ਪਾਲਣਾ ਕਰਨ

Sunday, Sep 01, 2019 - 12:18 AM (IST)

ਮੰਤਰੀ ਆਪਣੇ ਰਿਸ਼ਤੇਦਾਰਾਂ ਨੂੰ ਸਲਾਹਕਾਰ ਨਾ ਬਣਾਉਣ ਅਤੇ ਸਮੇਂ ਦੀ ਪਾਬੰਦੀ ਦੀ ਪਾਲਣਾ ਕਰਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਂ-ਸਮੇਂ ’ਤੇ ਆਪਣੀ ਪਾਰਟੀ ਦੇ ਨੇਤਾਵਾਂ, ਵਰਕਰਾਂ ਅਤੇ ਸਰਕਾਰ ਦੇ ਮੰਤਰੀਆਂ ਆਦਿ ਨੂੰ ਨਸੀਹਤਾਂ ਦਿੰਦੇ ਰਹਿੰਦੇ ਹਨ। ਇਸੇ ਸਿਲਸਿਲੇ ’ਚ ਉਨ੍ਹਾਂ ਨੇ 12 ਜੂਨ ਨੂੰ ਆਪਣੀ ਸਰਕਾਰ ਦੇ ਸੀਨੀਅਰ ਮੰਤਰੀਆਂ ਨੂੰ ਕਿਹਾ ਕਿ ਉਹ ਆਪਣੇ ਮੰਤਰਾਲੇ ਦੇ ਰਾਜ ਮੰਤਰੀਆਂ ਨੂੰ ਵੀ ਕੰਮ ਦੇਣ, ਪਾਰਟੀ ਵਰਕਰਾਂ ਅਤੇ ਸੰਸਦ ਮੈਂਬਰਾਂ ਨੂੰ ਨਿਯਮਿਤ ਤੌਰ ’ਤੇ ਮਿਲਣ ਵੀ।

        ਅਤੇ ਹੁਣ ਇਕ ਵਾਰ ਫਿਰ ਸ਼੍ਰੀ ਨਰਿੰਦਰ ਮੋਦੀ ਨੇ 28 ਅਗਸਤ ਨੂੰ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ, ‘‘ਮੰਤਰੀਆਂ ਨੂੰ ਸਵੇਰੇ ਸਾਢੇ 9 ਵਜੇ ਤਕ ਦਫਤਰ ਪਹੁੰਚ ਜਾਣਾ ਚਾਹੀਦਾ ਹੈ। ਕੁਝ ਮੰਤਰੀਆਂ ਨੂੰ ਉਨ੍ਹਾਂ ਦੇ ਨਿਰਦੇਸ਼ ’ਤੇ ਧਿਆਨ ਦੇਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਇਹ ਕਰਨਾ ਚਾਹੀਦਾ ਹੈ।’’

        ‘‘ਜੇਕਰ ਉੱਚ ਸ਼੍ਰੇਣੀ ਦੇ ਮੰਤਰੀ ਸਮੇਂ ਦੀ ਪਾਬੰਦੀ ਦੀ ਪਾਲਣਾ ਕਰਨਗੇ ਤਾਂ ਇਸ ਦਾ ਸਾਕਾਰਾਤਮਕ ਪ੍ਰਭਾਵ ਉਨ੍ਹਾਂ ਦੇ ਸਬੰਧਿਤ ਮੰਤਰਾਲਿਆਂ ਦੀ ਰਚਨਾਤਮਿਕਤਾ ਅਤੇ ਨਿਪੁੰਨਤਾ ’ਤੇ ਅਤੇ ਸਮੁੱਚੀ ਸਰਕਾਰ ਦੇ ਕੰਮਕਾਜ ’ਤੇ ਵੀ ਪਵੇਗਾ।’’

          ਇਸ ਦੇ ਨਾਲ ਹੀ ਉਨ੍ਹਾਂ ਨੇ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਨੂੰ ਉਹੀ ਦਾਅਵੇ ਕਰਨ ਦੀ ਨਸੀਹਤ ਦਿੱਤੀ, ਜੋ ਪੂਰੇ ਕੀਤੇ ਜਾ ਸਕਣ ਅਤੇ ਉਹੀ ਤੱਥ ਪੇਸ਼ ਕਰਨ ਲਈ ਕਿਹਾ, ਜੋ ਸਿੱਧ ਕੀਤੇ ਜਾ ਸਕਣ।

        ਉਨ੍ਹਾਂ ਨੇ ਕਿਹਾ, ‘‘ਮੰਤਰਾਲਿਆਂ ਜਾਂ ਵੱਖ-ਵੱਖ ਵਿਭਾਗਾਂ ’ਚ ਮੰਤਰੀ ਆਪਣੇ ਰਿਸ਼ਤੇਦਾਰਾਂ ਨੂੰ ਸਲਾਹਕਾਰ ਨਿਯੁਕਤ ਨਾ ਕਰਨ। ਉਹ ਆਪਣਾ ਸੰਵਾਦ ਮੰਤਰਾਲੇ ਦੇ ਸਕੱਤਰਾਂ ਜਿਵੇਂ ਉੱਚ ਅਧਿਕਾਰੀਆਂ ਤਕ ਹੀ ਸੀਮਤ ਨਾ ਰੱਖਣ, ਸਗੋਂ ਮੁਕਾਬਲਤਨ ਹੇਠਲੇ ਪੱਧਰ ਦੇ ਅਧਿਕਾਰੀਆਂ, ਸੰਯੁਕਤ ਸਕੱਤਰਾਂ, ਡਾਇਰੈਕਟਰਾਂ ਅਤੇ ਉਪ-ਸਕੱਤਰਾਂ ਨਾਲ ਵੀ ਬਣਾਈ ਰੱਖਣ ਤਾਂ ਕਿ ਉਨ੍ਹਾਂ ਨੂੰ ਲੱਗੇ ਕਿ ਉਹ ਵੀ ਟੀਮ ਦਾ ਹਿੱਸਾ ਹਨ।’’

         ‘‘ਸ਼ਾਸਨ ਦੀ ਰਫਤਾਰ ਅਤੇ ਦਿਸ਼ਾ ਸੁਧਾਰਨ ਲਈ ਕੈਬਨਿਟ ਮੰਤਰੀਆਂ ਅਤੇ ਰਾਜ ਮੰਤਰੀਆਂ ’ਚ ਬਿਹਤਰ ਤਾਲਮੇਲ ਹੋਣਾ ਚਾਹੀਦਾ ਹੈ।’’

         ਪ੍ਰਧਾਨ ਮੰਤਰੀ ਦੀਆਂ ਉਕਤ ਗੱਲਾਂ ਸਹੀ ਅਤੇ ਵਿਵਹਾਰਕ ਹਨ। ਜੇਕਰ ਮੰਤਰੀ ਮੰਡਲ ਦੇ ਸਾਰੇ ਮੈਂਬਰ ਸਮੇਂ ਦੀ ਪਾਬੰਦੀ ਅਤੇ ਕੰਮ ਪ੍ਰਤੀ ਵਚਨਬੱਧਤਾ ਦੇ ਨਾਲ ਆਪਸ ਵਿਚ ਮਿਲ ਕੇ ਕੰਮ ਕਰਨ ਅਤੇ ਆਪਣੇ ਸਲਾਹਕਾਰਾਂ ਦੇ ਰੂਪ ’ਚ ਰਿਸ਼ਤੇਦਾਰਾਂ ਨੂੰ ਨਿਯੁਕਤ ਨਾ ਕਰਨ ਤਾਂ ਨਿਸ਼ਚੇ ਹੀ ਸਰਕਾਰ ਦੇ ਕੰਮਕਾਜ ’ਚ ਪਾਰਦਰਸ਼ਿਤਾ ਆਵੇਗੀ, ਸੁਧਾਰ ਹੋਵੇਗਾ ਅਤੇ ਜਨਤਾ ਨੂੰ ਰਾਹਤ ਮਿਲੇਗੀ।

                                                                                             –ਵਿਜੇ ਕੁਮਾਰ


author

KamalJeet Singh

Content Editor

Related News