ਘੱਟ-ਗਿਣਤੀਆਂ ਤੇ ਗੈਰ-ਕਸ਼ਮੀਰੀਆਂ ਦੀ ਹਿਜ਼ਰਤ ਨਾਲ ਕਸ਼ਮੀਰ ’ਚ ਅਸਤ-ਵਿਅਸਤ ਹੋ ਰਿਹਾ ਜਨਜੀਵਨ

10/21/2021 3:21:00 AM

ਪਾਕਿਸਤਾਨ ਦੇ ਹਾਕਮ ਘਾਟੀ ’ਚ ਰਹਿਣ ਵਾਲੇ ਸਥਾਨਕ ਘੱਟ-ਗਿਣਤੀਆਂ ਅਤੇ ਗੈਰ-ਕਸ਼ਮੀਰੀਆਂ ’ਚ ਡਰ ਪੈਦਾ ਕਰ ਕੇ ਉਨ੍ਹਾਂ ਨੂੰ ਇੱਥੋਂ ਭਜਾਉਣ ਦੀ ਮਨਸ਼ਾ ਨਾਲ 2 ਅਕਤੂਬਰ ਤੋਂ ਹੁਣ ਤੱਕ ਕਈ ਸਥਾਨਕ ਘੱਟ-ਗਿਣਤੀਆਂ ਤੇ ਗੈਰ-ਕਸ਼ਮੀਰੀਆਂ ਦੇ ਕਤਲ ਆਪਣੇ ਪਾਲੇ ਹੋਏ ਅੱਤਵਾਦੀਆਂ ਤੋਂ ਕਰਵਾ ਚੁੱਕੇ ਹਨ।

ਇਕ ਸੁਰੱਖਿਆ ਅਧਿਕਾਰੀ ਦੇ ਅਨੁਸਾਰ,‘‘ਕਿਸੇ ਜਾਣਕਾਰ ਨੂੰ ਮਾਰਨ ਦੀ ਬਜਾਏ ਅਣਪਛਾਤੇ ਦੀ ਜਾਨ ਲੈਣ ਨਾਲ ਡਰ ਦਾ ਵੱਧ ਮਾਹੌਲ ਪੈਦਾ ਹੁੰਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਅੱਤਵਾਦੀ ਇਸ ’ਚ ਸਫਲ ਹੋ ਗਏ ਹਨ।’’

ਲਗਭਗ 50,000 ਕਸ਼ਮੀਰੀ ਪੰਡਿਤਾਂ ਅਤੇ ਸਿੱਖਾਂ ਦੇ ਇਲਾਵਾ ਇਸ ਸਮੇਂ ਘਾਟੀ ’ਚ ਰੋਜ਼ੀ-ਰੋਟੀ ਦੇ ਸਿਲਸਿਲੇ ’ਚ ਪੰਜਾਬ, ਹਰਿਆਣਾ, ਬਿਹਾਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਰਾਜਸਥਾਨ, ਬੰਗਾਲ ਅਤੇ ਉੱਤਰਾਖੰਡ ਤੋਂ ਆਏ 3 ਤੋਂ 4 ਲੱਖ ਲੋਕ ਇੱਥੇ ਛੋਟੇ-ਮੋਟੇ ਕੰਮ ਕਰ ਕੇ ਨਾ ਸਿਰਫ ਆਪਣੇ ਪਰਿਵਾਰਾਂ ਦਾ ਢਿੱਡ ਪਾਲਦੇ ਹਨ, ਸਗੋਂ ਇੱਥੋਂ ਦੀ ਅਰਥਵਿਵਸਥਾ ’ਚ ਵੀ ਯੋਗਦਾਨ ਪਾਉਂਦੇ ਹਨ।

ਇਨ੍ਹਾਂ ’ਚ ਗੋਲ-ਗੱਪੇ ਵੇਚਣ ਵਾਲੇ, ਨਾਈ, ਕ੍ਰਿਕਟ ਦੇ ਬੱਲੇ ਬਣਾਉਣ ਵਾਲੇ, ਦਰਜ਼ੀ, ਤਰਖਾਣ, ਰਾਜ ਮਿਸਤਰੀ, ਵੈਲਡਰ, ਖੇਤਾਂ ਅਤੇ ਇੱਟ ਭੱਠਿਆਂ ’ਤੇ ਮਜ਼ਦੂਰੀ ਕਰਨ ਵਾਲਿਆਂ, ਬਗੀਚਿਆਂ ’ਚ ਸੇਬ ਤੋੜਣ ਵਾਲਿਆਂ, ਸਥਾਨਕ ਲੋਕਾਂ ਦੇ ਕੋਲ ਛੋਟੀਆਂ-ਮੋਟੀਆਂ ਨੌਕਰੀਆਂ ਕਰਨ ਵਾਲਿਆਂ ਦੇ ਇਲਾਵਾ ਹੋਟਲਾਂ ’ਚ ਰਸੋਈਏ, ਰੰਗ-ਰੋਗਨ ਕਰਨ ਵਾਲੇ, ਕੱਪੜਿਆਂ ਦੀ ਫੇਰੀ ਲਗਾਉਣ ਵਾਲੇ ਆਦਿ ਸ਼ਾਮਲ ਹਨ। ਸ਼੍ਰੀਨਗਰ ਦੇ ‘ਹਵਲ’ ’ਚ ਇਕ ਸੜਕ ਦਾ ਨਾਂ ਹੀ ‘ਛੋਟਾ ਬਿਹਾਰ’ ਪੈ ਗਿਆ ਹੈ।

ਇਸ ਮਹੀਨੇ ਦੇ ਸ਼ੁਰੂ ਤੋਂ ਜਾਰੀ ਘੱਟ-ਗਿਣਤੀਆਂ ਅਤੇ ਗੈਰ-ਕਸ਼ਮੀਰੀਆਂ ਦੀਆਂ ਹੱਤਿਆਵਾਂ ਦੇ ਕਾਰਨ ਇਹ ਲੋਕ ਕਸ਼ਮੀਰ ਛੱਡ ਕੇ ਜ਼ਿਆਦਾਤਰ ਬੱਸ ਅਤੇ ਟੈਕਸੀ ਆਦਿ ਰਾਹੀਂ ਜੰਮੂ ਅਤੇ ਊਧਮਪੁਰ ਰੇਲਵੇ ਸਟੇਸ਼ਨਾਂ ’ਤੇ ਆਪਣੇ ਸੂਬੇ ਨੂੰ ਜਾਣ ਦੇ ਲਈ ਪਹੁੰਚ ਰਹੇ ਹਨ, ਜਿੱਥੇ ਇਨ੍ਹਾਂ ਦੀ ਭੀੜ ਲੱਗੀ ਹੋਈ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰ ਸਾਲਾਂ ਤੋਂ ਇਨ੍ਹਾਂ ਦਾ ਦੂਸਰਾ ਘਰ ਰਿਹਾ ਹੈ ਪਰ ਹੁਣ ਉਹ ਭਾਰੀ ਮਨ ਅਤੇ ਦੁਖੀ ਹਿਰਦੇ ਇਸ ਨੂੰ ਛੱਡਣ ਲਈ ਮਜਬੂਰ ਹਨ।

ਘਾਟੀ ’ਚ ਕ੍ਰਿਕਟ ਦੇ ਬੱਲੇ ਬਣਾਉਣ ਵਾਲੇ, ਕਾਰਖਾਨੇ ’ਚ ਕੰਮ ਕਰਨ ਵਾਲੇ, ਛੱਤੀਸਗੜ੍ਹ ਦੇ ਰਹਿਣ ਵਾਲੇ ਇਕ ਮਜ਼ਦੂਰ ਨੇ ਜੰਮੂ ਰੇਲਵੇ ਸਟੇਸ਼ਨ ’ਤੇ ਕਿਹਾ,‘‘ਕਸ਼ਮੀਰ ਜੰਨਤ ਸੀ ਪਰ ਹੁਣ ਇਹ ਨਰਕ ਬਣ ਗਿਆ ਹੈ ਅਤੇ ਇੱਥੋਂ ਹਿਜ਼ਰਤ ਕਰਨ ਵਾਲੇ ਬਹੁਤ ਸਾਰੇ ਲੋਕ ਹੁਣ ਸ਼ਾਇਦ ਇੱਥੇ ਵਾਪਸ ਨਹੀਂ ਆਉਣਗੇ।’’

ਅੱਤਵਾਦੀਆਂ ਨੇ ਆਪਣੇ ਸਵਾਰਥਾਂ ਦੀ ਖਾਤਰ ਘਾਟੀ ਦੇ ਲੋਕਾਂ ਲਈ ਪ੍ਰੇਸ਼ਾਨੀ ਪੈਦਾ ਕਰ ਦਿੱਤੀ ਹੈ ਕਿਉਂਕਿ ਸੁਰੱਖਿਆ ਬਲਾਂ ਵੱਲੋਂ ਹੁਣ ਘਰ-ਘਰ ਤਲਾਸ਼ੀ ਲੈਣ ਦੇ ਇਲਾਵਾ ਸ਼੍ਰੀਨਗਰ ਦੇ ਲਾਲ ਚੌਕ ’ਤੇ ਆਉਣ-ਜਾਣ ਵਾਲੇ ਸਾਰੇ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਸ਼ਮੀਰ ’ਚ ਸਭ ਕੁਝ ਰੁਕ ਜਿਹਾ ਗਿਆ ਹੈ। ਬਾਹਰੀ ਲੋਕਾਂ ਦੇ ਕਸ਼ਮੀਰ ਛੱਡ ਦੇਣ ਨਾਲ ਇੱਥੋਂ ਦਾ ਵਪਾਰ ਤੇ ਅਰਥਵਿਵਸਥਾ ਪ੍ਰਭਾਵਿਤ ਹੋਵੇਗੀ, ਮਹਿੰਗਾਈ ਵਧੇਗੀ ਅਤੇ ਨਿਰਮਾਣ ਤੇ ਵਿਕਾਸ ਕਾਰਜਾਂ ’ਚ ਰੁਕਾਵਟ ਆਵੇਗੀ।

ਇੱਥੋਂ ਤੱਕ ਕਿ ਖਾਣ-ਪੀਣ ਦੀਆਂ ਵਸਤੂਆਂ ਅਤੇ ਨਾਈ, ਦਰਜ਼ੀ, ਧੋਬੀ ਵਰਗੇ ਕੰਮ ਕਰਵਾਉਣ ਲਈ ਵੀ ਮੁਸ਼ਕਲ ਪੈਦਾ ਹੋ ਸਕਦੀ ਹੈ। ਖੇਤੀ ਅਤੇ ਬਾਗਵਾਨੀ ਨੂੰ ਵੀ ਨੁਕਸਾਨ ਹੋਵੇਗਾ ਕਿਉਂਕਿ ਫੱਲ ਤੋੜਣ ਲਈ ਬਾਗਾਂ ਦੇ ਮਾਲਕ ਬਾਹਰੀ ਮਜ਼ਦੂਰਾਂ ’ਤੇ ਹੀ ਨਿਰਭਰ ਕਰਦੇ ਹਨ।

ਇਸੇ ਕਾਰਨ ਜਿੱਥੇ ਸਥਾਨਕ ਲੋਕਾਂ ਵੱਲੋਂ ਗੈਰ-ਕਸ਼ਮੀਰੀਆਂ ਨੂੰ ਇੱਥੋਂ ਹਿਜ਼ਰਤ ਕਰਨ ਤੋਂ ਰੋਕਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਮਸਜਿਦਾਂ ਤੋਂ ਵੀ ਐਲਾਨ ਕਰ ਕੇ ਇਮਾਮ ਸਥਾਨਕ ਮੁਸਲਮਾਨਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਆਪਣੇ-ਆਪਣੇ ਇਲਾਕਿਆਂ ’ਚ ਘੱਟ-ਗਿਣਤੀਆਂ ਅਤੇ ਗੈਰ-ਕਸ਼ਮੀਰੀਆਂ ਦਾ ਧਿਆਨ ਰੱਖਣ।

ਇਸੇ ਦਰਮਿਆਨ ਜਿੱਥੇ ਅੱਤਵਾਦੀਆਂ ’ਤੇ ਵੱਡੀ ਕਾਰਵਾਈ ਦੀ ਤਿਆਰੀ ’ਚ ਪ੍ਰਸ਼ਾਸਨ ਨੇ ਪੁੰਛ ਅਤੇ ਰਾਜੌਰੀ ਦੇ ਸਰਹੱਦੀ ਜ਼ਿਲਿਆਂ ਦੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦਾ ਹੁਕਮ ਦਿੱਤਾ ਹੈ, ਉੱਥੇ ਕੁਝ ਅਜਿਹੇ ਲੋਕ ਵੀ ਹਨ ਜੋ ਇਨ੍ਹਾਂ ਮਜਬੂਰ ਲੋਕਾਂ ਨੂੰ ਹਿਜ਼ਰਤ ਕਰਨ ਤੋਂ ਰੋਕਣ ਲਈ ਭਰਪੂਰ ਯਤਨ ਕਰ ਰਹੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੇ ਆਪਣੇ ਗੈਰ-ਕਸ਼ਮੀਰੀ ਕਰਮਚਾਰੀਆਂ ਦੀ ਤਨਖਾਹਾਂ ਤਕ ਰੋਕ ਲਈਆਂ ਹਨ।

ਕੁਲ ਮਿਲਾ ਕੇ ਪਾਕਿਸਤਾਨ ਦੇ ਪਾਲੇ ਹੋਏ ਇਨ੍ਹਾਂ ਅੱਤਵਾਦੀਆਂ ਦੇ ਇਸ ਬੁਰੇ ਕਾਰੇ ਨੇ ਇੱਥੋਂ ਦੇ ਘੱਟ-ਗਿਣਤੀਆਂ ਦੇ ਨਾਲ-ਨਾਲ ਇੱਥੇ ਰਹਿਣ ਵਾਲੇ ਗੈਰ-ਕਸ਼ਮੀਰੀਆਂ ਨੂੰ ਹਿਜ਼ਰਤ ਕਰਨ ਲਈ ਮਜਬੂਰ ਕਰ ਕੇ ਆਪਣੇ ਹੀ ਭਰਾਵਾਂ ਦੀਆਂ ਮੁਸ਼ਕਲਾਂ ਵਧਾ ਕੇ ਉਨ੍ਹਾਂ ਦੀ ਜ਼ਿੰਦਗੀ ਦੁੱਭਰ ਕਰ ਦਿੱਤੀ ਹੈ।

ਇਸ ਲਈ ਪ੍ਰਸ਼ਾਸਨ ਨੂੰ ਸਥਾਨਕ ਘੱਟ-ਗਿਣਤੀਆਂ ਤੇ ਗੈਰ-ਕਸ਼ਮੀਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਇਨ੍ਹਾਂ ਦੀ ਹਿਜ਼ਰਤ ਰੋਕ ਕੇ ਇਸ ਸਰਹੱਦੀ ਖੇਤਰ ਨੂੰ ਅਸਤ-ਵਿਅਸਤ ਹੋਣ ਤੋਂ ਬਚਾਇਆ ਜਾ ਸਕੇ।

- ਵਿਜੇ ਕੁਮਾਰ


Bharat Thapa

Content Editor

Related News