ਬਾਬੂ ਜਗਜੀਵਨ ਰਾਮ ਦੇ ਬਾਅਦ ‘ਕਾਂਗਰਸ ਦੇ ਦੂਜੇ ਦਲਿਤ ਪ੍ਰਧਾਨ ਬਣੇ ਖੜਗੇ’

Thursday, Oct 20, 2022 - 01:35 AM (IST)

ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਕਾਫੀ ਰੌਲ਼ਾ ਪਿਆ ਹੋਇਆ ਸੀ ਅਤੇ ਅਖੀਰ 19 ਅਕਤੂਬਰ ਨੂੰ ਐਲਾਨੇ ਨਤੀਜਿਆਂ ’ਚ ਮਲਿਕਾਰਜੁਨ ਖੜਗੇ ਨੂੰ ਨਵਾਂ ਪ੍ਰਧਾਨ ਚੁਣ ਲਿਆ ਗਿਆ। ਉਨ੍ਹਾਂ ਨੇ ਸਿੱਧੇ ਮੁਕਾਬਲੇ ’ਚ ਸ਼ਸ਼ੀ ਥਰੂਰ ਨੂੰ ਹਰਾਇਆ। 
ਲਗਭਗ 137 ਸਾਲ ਪੁਰਾਣੀ ਕਾਂਗਰਸ ਪਾਰਟੀ ’ਚ ਛੇਵੀਂ ਵਾਰ ਪ੍ਰਧਾਨ ਦੇ ਅਹੁਦੇ ਦੇ ਲਈ ਚੋਣ ਕਰਾਈ ਗਈ ਅਤੇ 24 ਸਾਲ ਦੇ ਬਾਅਦ ਇਸ ਨੂੰ ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਪ੍ਰਧਾਨ ਮਿਲਿਆ ਹੈ।  ਅੰਤਿਮ ਵਾਰ 1998 ’ਚ ਪ੍ਰਧਾਨ ਦੇ ਅਹੁਦੇ ਦੇ ਲਈ ਸੋਨੀਆ ਗਾਂਧੀ ਅਤੇ ਜਿਤੇਂਦਰ ਪ੍ਰਸਾਦ ਦਰਮਿਆਨ ਸਿੱਧਾ ਮੁਕਾਬਲਾ ਹੋਇਆ ਸੀ, ਜਿਸ ’ਚ ਸੋਨੀਆ ਗਾਂਧੀ ਨੂੰ 7448 ਅਤੇ ਜਿਤੇਂਦਰ ਪ੍ਰਸਾਦ ਨੂੰ ਸਿਰਫ 94 ਵੋਟਾਂ ਪ੍ਰਾਪਤ ਹੋਈਆਂ ਸਨ। 
ਸੋਨੀਆ ਗਾਂਧੀ ਦੇ ਪਾਰਟੀ ਪ੍ਰਧਾਨ ਬਣਨ ਦੇ ਬਾਅਦ ਤੋਂ ਗਾਂਧੀ ਪਰਿਵਾਰ ਦੀ ਅਗਵਾਈ ਨੂੰ ਕੋਈ ਚੁਣੌਤੀ ਨਹੀਂ ਮਿਲੀ ਅਤੇ ਇਸ ਵਾਰ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਤੋਂ ਨਾਂਹ ਕਰਨ ਦੇ ਬਾਅਦ ਪਾਰਟੀ ’ਚ ਪ੍ਰਧਾਨ ਦੀ ਚੋਣ ਕਰਵਾਉਣ ਦਾ ਫੈਸਲਾ ਲਿਆ ਗਿਆ। 
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮਲਿਕਾਰਜੁਨ ਖੜਗੇ ਦੇ ਲਈ ਪਾਰਟੀ ਦਾ ਪ੍ਰੋਟੋਕੋਲ ਤੋੜਿਆ ਅਤੇ ਉਨ੍ਹਾਂ ਦੇ ਲਈ ਵੋਟਾਂ ਮੰਗੀਆਂ। 
ਚੋਣ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੇ ਖੜਗੇ ਨੂੰ ਸੋਨੀਆ ਦਾ ਰਿਮੋਟ ਕੰਟ੍ਰੋਲ ਦੱਸਿਆ ਸੀ। ਖੜਗੇ ਨੇ ਵੋਟਾਂ ਪੈਣ ਤੋਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ‘‘ਜੇਕਰ ਮੈਂ ਪ੍ਰਧਾਨ ਬਣਿਆ ਤਾਂ ਰਿਮੋਟ ਕੰਟ੍ਰੋਲ ਮੇਰੇ ਕੋਲ ਹੀ ਰਹੇਗਾ।’’ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਮਾਮਲਿਆਂ ’ਚ ਗਾਂਧੀ ਪਰਿਵਾਰ ਦੀ ਸਲਾਹ ਅਤੇ ਸਹਿਯੋਗ ਲੈਣ ’ਚ ਕੋਈ ਝਿਜਕ ਨਹੀਂ ਹੋਵੇਗੀ। 
ਇਸ ਚੋਣ ’ਚ ਜਿੱਤ ਦੇ ਨਾਲ ਹੀ ਮਲਿਕਾਰਜੁਨ ਖੜਗੇ ਕਾਂਗਰਸ ਪ੍ਰਧਾਨ ਬਣਨ ਵਾਲੇ 65ਵੇਂ ਨੇਤਾ ਅਤੇ ਪਾਰਟੀ ਦੀ ਕਮਾਨ ਸੰਭਾਲਣ ਵਾਲੇ ਦੂਜੇ ਦਲਿਤ ਨੇਤਾ ਬਣ ਗਏ ਹਨ। ਬਾਬੂ ਜਗਜੀਵਨ ਰਾਮ ਕਾਂਗਰਸ ਪ੍ਰਧਾਨ ਬਣਨ ਵਾਲੇ ਪਹਿਲੇ ਦਲਿਤ ਨੇਤਾ ਸਨ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲਗਭਗ 10 ਫੀਸਦੀ ਆਦਿਵਾਸੀਆਂ ਨੂੰ ਮਹੱਤਵ ਦਿੰਦੇ ਹੋਏ ਰਾਸ਼ਟਰਪਤੀ ਅਹੁਦੇ ਦੇ ਲਈ ਆਦਿਵਾਸੀ ਨੇਤਾ ਦ੍ਰੌਪਦੀ ਮੁਰਮੂ ਨੂੰ ਅੱਗੇ ਲਿਆ ਕੇ ਰਾਸ਼ਟਰ ਦੇ ਸਰਵਉੱਚ ਅਹੁਦੇ ’ਤੇ ਇਕ ਆਦਿਵਾਸੀ ਔਰਤ ਨੂੰ ਬਿਠਾਉਣ ਦਾ ਕੰਮ ਪਹਿਲੀ ਵਾਰ ਕਰਨ ਦਾ ਸਿਹਰਾ ਪ੍ਰਾਪਤ ਕੀਤਾ ਸੀ। 
ਇਸੇ ਤਰ੍ਹਾਂ ਗਾਂਧੀ ਪਰਿਵਾਰ ਨੇ ਕਾਂਗਰਸ ਦੇ ਸਰਵਉੱਚ ਅਹੁਦੇ ’ਤੇ ਮਲਿਕਾਰਜੁਨ ਖੜਗੇ ਨੂੰ ਲਿਆ ਕੇ ਦੇਸ਼ ਦੇ 22 ਫੀਸਦੀ ਦਲਿਤਾਂ ਨੂੰ ਮਹੱਤਵ ਦਿੱਤਾ ਹੈ।
ਇਸੇ ਦਰਮਿਆਨ ਭਾਰਤ ਜੋੜੋ ਯਾਤਰਾ ’ਤੇ ਨਿਕਲੇ ਰਾਹੁਲ ਗਾਂਧੀ ਨੇ 19 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਦੇ ਦਰਮਿਆਨ ਹੀ ਸੰਕੇਤ ਦੇ ਦਿੱਤਾ ਸੀ ਕਿ ਨਵਾਂ ਪ੍ਰਧਾਨ ਕੌਣ ਹੋਵੇਗਾ। ਜਦੋਂ ਮੀਡੀਆ ਨੇ ਕਾਂਗਰਸ ’ਚ ਉਨ੍ਹਾਂ ਦੇ ਭਾਵੀ ਰੋਲ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਸੀ ਕਿ, ‘‘ਖੜਗੇ ਜੀ ਤੋਂ ਪੁੱਛੋ। ਉਹ ਤੈਅ ਕਰਨਗੇ ਮੇਰਾ ਰੋਲ।’’ 
ਬੇਸ਼ੱਕ ਹੀ ਲੋਕ ਕੁਝ ਵੀ ਕਹਿਣ ਪਰ ‘ਭਾਰਤ ਜੋੜੋ ਯਾਤਰਾ’ ਦੇ ਦਰਮਿਆਨ ਇਨ੍ਹਾਂ ਚੋਣਾਂ ਦਾ ਨਤੀਜਾ ਆਉਣਾ ਇਕ ਚੰਗੀ ਸ਼ੁਰੂਆਤ ਹੈ। ਗਾਂਧੀ ਪਰਿਵਾਰ ਜੇਕਰ ਚਾਹੁੰਦਾ ਤਾਂ ਚੋਣ ਕਰਵਾਉਣ ਦੀ ਬਜਾਏ ਕਿਸੇ ਨੂੰ ਇਸ ਅਹੁਦੇ ਦੇ ਲਈ ਨਾਮਜ਼ਦ ਕਰ ਸਕਦਾ ਸੀ ਪਰ ਉਨ੍ਹਾਂ ਨੇ ਅਜਿਹਾ ਨਾ ਕਰ ਕੇ ਵਿਧੀਵਤ ਪੋਲਿੰਗ ਕਰਵਾਉਣ ਦਾ ਫੈਸਲਾ ਲਿਆ।
ਜਿੱਥੇ ਇਨ੍ਹਾਂ ਚੋਣਾਂ ’ਚ ਮਲਿਕਾਰਜੁਨ ਖੜਗੇ ਦੀ ਜਿੱਤ ਨੇ ਕਾਂਗਰਸ ’ਚ ਲੋਕਤੰਤਰ ਦੀ ਪੁਸ਼ਟੀ ਕੀਤੀ ਹੈ, ਉੱਥੇ ਹੀ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਵੀ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਨੂੰ ਆਪਣੇ ਤੇ ਪਾਰਟੀ ਦੇ ਵਿਚਾਰਾਂ ਤੋਂ ਜਾਣੂ ਕਰਵਾ ਰਹੇ ਹਨ। 
ਇਸ ਨਾਲ ਆਉਣ ਵਾਲੇ ਸਮੇਂ ’ਚ ਪਾਰਟੀ ਨੂੰ ਲਾਭ ਪਹੁੰਚੇਗਾ ਅਤੇ ਜਿਸ ਤਰ੍ਹਾਂ ਰਾਸ਼ਟਰੀ ਸਵੈਮ-ਸੇਵਕ ਸੰਘ ਭਾਜਪਾ ਨੂੰ ਨਿਰਦੇਸ਼ਿਤ ਕਰਦਾ ਹੈ, ਉਸੇ ਤਰ੍ਹਾਂ ਗਾਂਧੀ ਪਰਿਵਾਰ ਵੀ ਬਾਹਰ ਰਹਿ ਕੇ ਪਾਰਟੀ ਪ੍ਰਧਾਨ ਨੂੰ ਆਪਣਾ ਮਾਰਗਦਰਸ਼ਨ ਦੇ ਸਕੇਗਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਖੜਗੇ ਦੇ ਸਹਿਯੋਗ ਨਾਲ ਗਾਂਧੀ ਪਰਿਵਾਰ ਪਾਰਟੀ ’ਚ ਕਿੰਨਾ ਬਦਲਾਅ ਲਿਆ ਸਕਦਾ ਹੈ। 
ਮਲਿਕਾਰਜੁਨ ਖੜਗੇ ਬੇਦਾਗ ਨੇਤਾ ਹਨ, ਉਨ੍ਹਾਂ ’ਤੇ ਕੋਈ ਦੋਸ਼ ਨਹੀਂ ਹੈ ਅਤੇ ਪਾਰਟੀ ’ਚ ਉਨ੍ਹਾਂ ਨੂੰ ਸਨਮਾਨਜਨਕ ਸਥਾਨ ਹਾਸਲ ਹੈ। ਉਨ੍ਹਾਂ ਦੇ ਕਾਂਗਰਸ ਪ੍ਰਧਾਨ ਬਣਨ ਨਾਲ ਪਾਰਟੀ ਵਰਕਰਾਂ ’ਚ ਵੀ ਖੁਸ਼ੀ ਦਾ ਮਾਹੌਲ ਹੈ। 
ਦੱਖਣੀ ਭਾਰਤ ਦੇ ਲੋਕਾਂ ’ਚ ਤਾਂ ਪਹਿਲਾਂ ਹੀ ਉਨ੍ਹਾਂ ਦੀ ਚੰਗੀ ਜਾਣ-ਪਛਾਣ ਹੈ ਅਤੇ ਆਉਣ ਵਾਲੇ ਦਿਨਾਂ ’ਚ ਆਪਣੇ ਵਤੀਰੇ ਅਤੇ ਕੰਮ ਨਾਲ ਉਹ ਉੱਤਰ ਭਾਰਤੀਆਂ ਦੇ ਦਿਲ ’ਚ ਵੀ ਆਪਣੀ ਕਿੰਨੀ ਥਾਂ ਬਣਾ  ਸਕਦੇ ਹਨ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

-ਵਿਜੇ ਕੁਮਾਰ


Mukesh

Content Editor

Related News