ਜੰਮੂ-ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਦੀ ਮਦਦ ਕਰ ਰਹੇ ਕੁਝ ਸਥਾਨਕ ਲੋਕ ਆਪਣੇ ਹੀ ਪੈਰਾਂ ’ਤੇ ਮਾਰ ਰਹੇ ਕੁਹਾੜੀ

04/30/2023 2:17:36 AM

ਜੰਮੂ-ਕਸ਼ਮੀਰ ’ਚ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਵੱਲੋਂ ਫੌਜ ਅਤੇ ਨਾਗਰਿਕਾਂ ’ਤੇ ਹਮਲੇ ਰੁਕ ਨਹੀਂ ਰਹੇ ਹਨ। ਤਾਜ਼ਾ ਹਮਲਾ ਉਨ੍ਹਾਂ ਨੇ 21 ਅਪ੍ਰੈਲ ਨੂੰ ਜੰਮੂ ’ਚ ਪੁੰਛ ਦੇ ‘ਭਾਟਾ ਦੁਰੀਆਂ’ ਵਿਖੇ ਇਕ ਫੌਜੀ ਵਾਹਨ ’ਤੇ ਕੀਤਾ, ਜਿਸ ’ਚ 5 ਫੌਜੀ ਸ਼ਹੀਦ ਅਤੇ ਇਕ ਜ਼ਖਮੀ ਹੋ ਗਿਆ। ਹਮਲੇ ’ਚ ਵਰਤੇ ਗਏ ਵਿਸਫੋਟਕ ਅਤੇ ਹਥਿਆਰ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਆਏ ਸਨ।

ਡੀ. ਜੀ. ਪੀ. ਦਿਲਬਾਗ ਸਿੰਘ ਨੇ ਕਿਹਾ ਕਿ ਪੁੰਛ ਹਮਲਾ ਸਥਾਨਕ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਕੀਤਾ ਗਿਆ ਕਿਉਂਕਿ ਬਿਨਾਂ ਸਥਾਨਕ ਹਮਾਇਤ ਤੋਂ ਇਸ ਤਰ੍ਹਾਂ ਦੇ ਹਮਲੇ ਨਹੀਂ ਕੀਤੇ ਜਾ ਸਕਦੇ।

ਇਸ ਸਬੰਧੀ ਗ੍ਰਿਫਤਾਰ ਕੀਤਾ ਗਿਆ ‘ਗੁਰਸਾਈ’ ਪਿੰਡ ਦਾ ਨਿਸਾਰ ਅਹਿਮਦ ਉਨ੍ਹਾਂ 200 ਵਿਅਕਤੀਆਂ ’ਚ ਸ਼ਾਮਲ ਹੈ, ਜਿਨ੍ਹਾਂ ਨੂੰ ਉਕਤ ਹਮਲੇ ਨਾਲ ਜੁੜੇ ਹੋਣ ਦੇ ਸ਼ੱਕ ਹੇਠ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਸੀ ਅਤੇ ਉਸ ਦਾ ਪਰਿਵਾਰ ਵੀ ਅੱਤਵਾਦੀਆਂ ਨੂੰ ਸੁਪੋਰਟ ਪ੍ਰਦਾਨ ਕਰਨ ’ਚ ਸ਼ਾਮਲ ਪਾਇਆ ਗਿਆ ਹੈ।

ਡੀ. ਜੀ. ਪੀ. ਅਨੁਸਾਰ ਇਕ ਮਾਡਿਊਲ ਦੇ ਗ੍ਰਿਫਤਾਰ ਕੀਤੇ ਗਏ 6 ਮੈਂਬਰਾਂ ’ਚ ਉਹ ਵਿਅਕਤੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਅੱਤਵਾਦੀਆਂ ਨੂੰ ਇਕ ਥਾਂ ਤੋਂ ਦੂਜੀ ਥਾਂ ਜਾਣ ’ਚ ਮਦਦ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਹਥਿਆਰ, ਗੋਲਾ ਬਾਰੂਦ, ਵਿਸਫੋਟਕ ਮੁਹੱਈਆ ਕਰਵਾਇਆ।

ਡੀ. ਜੀ. ਪੀ. ਨੇ ਕਿਹਾ ਕਿ ਅੱਤਵਾਦੀਆਂ ਨੇ ਇਸ ਹਮਲੇ ’ਚ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਅਤੇ ਫੌਜ ਦੇ ਵਾਹਨ ਨੂੰ ਨਿਸ਼ਾਨਾ ਬਣਾਉਣ ਲਈ ਆਈ. ਈ. ਡੀ. ਅਤੇ ਸਟੀਲ ਦੀ ਪਰਤ ਵਾਲੀਆਂ ਕਵਚ ਰੋਕੂ ਗੋਲੀਆਂ ਦੀ ਵਰਤੋਂ ਕੀਤੀ। ਸ਼ੁਰੂਆਤੀ ਜਾਂਚ ਮੁਤਾਬਕ ਰਾਜੌਰੀ-ਪੁੰਛ ਇਲਾਕੇ ’ਚ 9 ਤੋਂ 12 ਵਿਦੇਸ਼ੀ ਅੱਤਵਾਦੀ ਸਰਗਰਮ ਹਨ।

ਪੁੰਛ ਅੱਤਵਾਦੀ ਹਮਲੇ ਸਬੰਧੀ ਗ੍ਰਿਫਤਾਰੀਆਂ ਤੋਂ ਇਕ ਵਾਰ ਫਿਰ ਸਿੱਧ ਹੋ ਗਿਆ ਹੈ ਕਿ ਇਸ ਅਸ਼ਾਂਤ ਖੇਤਰ ’ਚ ਅੱਤਵਾਦੀਆਂ ਨੂੰ ਤਰ੍ਹਾਂ-ਤਰ੍ਹਾਂ ਦੀ ਮਦਦ ਅਤੇ ਸ਼ਰਨ ਦੇਣ ਤੋਂ ਅਜੇ ਵੀ ਕੁਝ ਸਥਾਨਕ ਲੋਕ ਬਾਜ਼ ਨਹੀਂ ਆ ਰਹੇ। ਅਜਿਹਾ ਕਰ ਕੇ ਉਹ ਆਪਣੇ ਹੀ ਭਰਾਵਾਂ ਦੀ ਮੌਤ ਦਾ ਕਾਰਨ ਬਣਨ ਤੋਂ ਇਲਾਵਾ ਆਪਣੀ ਮਾਤਰ ਭੂਮੀ ਨਾਲ ਵੀ ਗੱਦਾਰੀ ਕਰ ਰਹੇ ਹਨ।

ਇਸ ਲਈ ਅਜਿਹੀਆਂ ਕਾਲੀਆਂ ਭੇਡਾਂ ਵਿਰੁੱਧ ਮੁਹਿੰਮ ਹੋਰ ਤੇਜ਼ ਕਰਨ ਅਤੇ ਫੜੇ ਗਏ ਮੁਲਜ਼ਮਾਂ ਵਿਰੁੱਧ ਜਲਦੀ ਜਾਂਚ ਮੁਕੰਮਲ ਕਰ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ।

-ਵਿਜੇ ਕੁਮਾਰ


Mukesh

Content Editor

Related News