''ਲਿਜ਼ ਟਰੱਸ'' ਬਣੀ ਬ੍ਰਿਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ
Tuesday, Sep 06, 2022 - 02:33 AM (IST)
ਬ੍ਰਿਟੇਨ ਦੀ ਸਾਬਕਾ ਵਿਦੇਸ਼ ਮੰਤਰੀ 'ਲਿਜ਼ ਟਰੱਸ' (47) ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਚੋਣ ਜਿੱਤ ਲਈ। ਉਨ੍ਹਾਂ ਨੂੰ 81,000 ਵੋਟ ਮਿਲੇ, ਜਦੋਂ ਕਿ ਭਾਰਤੀ ਮੂਲ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ (42) ਨੂੰ 60,000 ਵੋਟ ਹੀ ਮਿਲੇ। ਉਹ ਪਿਛਲੇ 4 ਸਾਲ 'ਚ ਬਣਨ ਵਾਲੀ ਬ੍ਰਿਟੇਨ ਦੀ 6ਵੀਂ ਪ੍ਰਧਾਨ ਮੰਤਰੀ ਹੈ ਅਤੇ 'ਆਇਰਨ ਲੇਡੀ' ਕਹਾਉਣ ਵਾਲੀ 'ਮਾਰਗ੍ਰੇਟ ਥੈਚਰ' ਅਤੇ 'ਥੈਰੇਸਾ ਮੇ' ਤੋਂ ਬਾਅਦ ਬਣਨ ਵਾਲੀ ਬ੍ਰਿਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ। ਜੁਝਾਰੂ ਸੁਭਾਅ ਅਤੇ ਕਦੇ ਹਾਰ ਨਾ ਮੰਨਣ ਵਾਲੀ ਲਿਜ਼ ਟਰੱਸ ਦੇ ਪਿਤਾ ਗਣਿਤ ਦੇ ਪ੍ਰੋਫੈਸਰ ਅਤੇ ਮਾਂ ਨਰਸ ਸੀ। ਪੜ੍ਹਾਈ ਪੂਰੀ ਕਰਨ ਪਿੱਛੋਂ ਉਨ੍ਹਾਂ ਕੁਝ ਸਮੇਂ ਲਈ ਅਕਾਊਂਟੈਂਟ ਵਜੋਂ ਵੀ ਕੰਮ ਕੀਤਾ ਅਤੇ ਫਿਰ ਸਿਆਸਤ 'ਚ ਆ ਗਈ।
ਇਨ੍ਹਾਂ ਦਾ ਪਰਿਵਾਰ ਲੇਬਰ ਪਾਰਟੀ ਦਾ ਹਮਾਇਤੀ ਸੀ ਪਰ ਲਿਜ਼ ਟਰੱਸ ਨੂੰ ਕੰਜ਼ਰਵੇਟਿਵ ਪਾਰਟੀ ਦੀ ਵਿਚਾਰਧਾਰਾ ਪਸੰਦ ਆਈ। ਇਨ੍ਹਾਂ ਨੂੰ ਰਾਈਟ ਵਿੰਗ ਦੀ ਪੱਕੀ ਹਮਾਇਤੀ ਮੰਨਿਆ ਜਾਂਦਾ ਹੈ। 2010 'ਚ ਉਹ ਪਹਿਲੀ ਵਾਰ ਸੰਸਦ ਮੈਂਬਰ ਚੁਣੀ ਗਈ। 2012 'ਚ ਉਹ ਇੰਗਲੈਂਡ ਦੀ ਸਿੱਖਿਆ ਮੰਤਰੀ ਅਤੇ 2021 'ਚ ਵਿਦੇਸ਼ ਮੰਤਰੀ ਬਣੀ। ਲਿਜ਼ ਟਰੱਸ ਦੀ ਸਫਲਤਾ ਦੇ ਦੋ ਕਾਰਨ ਹਨ। ਪਹਿਲਾ ਇਹ ਕਿ ਜਿੱਤ ਲਈ ਨੀਤੀਆਂ ਪੇਸ਼ ਕਰਨਾ ਹੀ ਕਾਫੀ ਨਹੀਂ ਹੈ, ਇਸ ਲਈ ਜ਼ਰੂਰੀ 'ਮੂਡ' ਵੀ ਬਣਾਉਣਾ ਪੈਂਦਾ ਹੈ। ਰਿਸ਼ੀ ਸੁਨਕ ਨੇ 'ਯਥਾਰਥਵਾਦ' ਦਾ ਮੂਡ ਬਣਾਇਆ ਪਰ ਉਹ ਟੈਕਸਾਂ 'ਚ ਕਮੀ ਦੇ ਵਾਅਦੇ ਨਾ ਕਰ ਸਕੇ, ਜੋ ਕੰਜ਼ਰਵੇਟਿਵ ਚਾਹੁੰਦੇ ਹਨ।
ਉਨ੍ਹਾਂ ਦੇ ਉਲਟ ਲਿਜ਼ 'ਆਸ਼ਾਵਾਦ' ਦਾ ਮੂਡ ਬਣਾਉਣ 'ਚ ਕਾਮਯਾਬ ਰਹੀ। ਲਿਜ਼ ਟਰੱਸ ਨੇ ਲੋਕਾਂ ਦਰਮਿਆਨ ਸਮੱਸਿਆਵਾਂ ਦੇ ਹੱਲ ਲਈ ਉਸਾਰੂ ਮਾਹੌਲ ਕਾਇਮ ਕੀਤਾ, ਜਿਸ ਨੂੰ ਵੋਟਰਾਂ ਨੇ ਪਸੰਦ ਕੀਤਾ। ਲਿਜ਼ ਦੀ ਜਿੱਤ ਦਾ ਦੂਜਾ ਕਾਰਨ ਹੈ ਯੂਰਪ। ਸਭ ਕੰਜ਼ਰਵੇਟਿਵ ਬ੍ਰਿਟੇਨ ਨੂੰ ਬਾਕੀ ਯੂਰਪ ਤੋਂ ਵੱਖ ਰੱਖਣਾ ਚਾਹੁੰਦੇ ਹਨ ਅਤੇ ਲਿਜ਼ ਟਰੱਸ ਵੀ ਇਹੀ ਕਹਿੰਦੀ ਰਹੀ। ਹਾਲਾਂਕਿ ਬੋਰਿਸ ਜਾਨਸਨ ਅਮਰੀਕਾ ਹਮਾਇਤੀ ਸਨ ਪਰ ਲਿਜ਼ ਟਰੱਸ ਚਾਹੁੰਦੀ ਹੈ ਕਿ, ''ਅਸੀਂ ਆਪਣੇ ਦੇਸ਼ ਨੂੰ ਨਾ ਸਿਰਫ ਯੂਰਪ ਸਗੋਂ ਅਮਰੀਕਾ ਦੇ ਪਰਛਾਵੇਂ ਤੋਂ ਵੀ ਦੂਰ ਰੱਖ ਕੇ ਆਪਣਾ ਇਕ ਵੱਖਰਾ ਅਕਸ ਬਣਾਈਏ।'' ਇਸ ਨੂੰ ਉਥੋਂ ਦੇ ਕਮਿਊਨਿਸਟਾਂ ਨੇ ਵੀ ਪਸੰਦ ਕੀਤਾ।
ਇੰਗਲੈਂਡ 'ਚ 12 ਸਾਲ ਤੋਂ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਨਵੀਂ ਪ੍ਰਧਾਨ ਮੰਤਰੀ ਲਿਜ਼ ਟਰੱਸ ਦੇ ਸਾਹਮਣੇ ਅਰਥਵਿਵਸਥਾ ਸੰਬੰਧੀ ਕਈ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਦੇਸ਼ 'ਚ ਮਹਿੰਗਾਈ 40 ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਹੈ। ਲੋਕਾਂ ਵਲੋਂ ਬਿਜਲੀ ਤੇ ਗੈਸ ਆਦਿ ਦੇ ਵਧੇ ਹੋਏ ਬਿੱਲਾਂ 'ਚ ਕਟੌਤੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਦਯੋਗ ਜਗਤ ਨੂੰ ਉਮੀਦ ਹੈ ਕਿ ਉਹ ਊਰਜਾ ਸੰਕਟ ਅਤੇ ਕੀਮਤਾਂ 'ਤੇ ਕੰਟਰੋਲ ਕਰਨ 'ਚ ਸਫਲ ਰਹੇਗੀ। ਹਾਲਾਂਕਿ ਲਿਜ਼ ਟਰੱਸ ਨੂੰ ਵਿਰਾਸਤ 'ਚ ਵੱਡੀਆਂ ਵਿੱਤੀ ਚੁਣੌਤੀਆਂ ਮਿਲਣ ਵਾਲੀਆਂ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਦੀਆਂ ਇੱਛਾਵਾਂ 'ਤੇ ਖਰੀ ਉਤਰੇਗੀ।
ਬ੍ਰਿਟੇਨ ਦੀ ਵਿਦੇਸ਼ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਲਿਜ਼ ਟਰੱਸ ਨੇ ਭਾਰਤ ਅਤੇ ਇੰਗਲੈਂਡ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਈ ਸੀ, ਜਿਸ ਨੂੰ ਦੇਖਦੇ ਹੋਏ ਭਵਿੱਖ 'ਚ ਵੀ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਸੁਧਾਰ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।
ਜਿਥੋਂ ਤਕ ਰਿਸ਼ੀ ਸੁਨਕ ਦੀ ਹਾਰ ਦਾ ਸੰਬੰਧ ਹੈ, ਬ੍ਰਿਟੇਨ ਵਾਸੀਆਂ ਨੂੰ ਉਨ੍ਹਾਂ ਵਲੋਂ ਪ੍ਰਸਤਾਵਿਤ ਆਰਥਿਕ ਸੰਕਟ ਨਾਲ ਨਜਿੱਠਣ ਦੇ ਸਖਤ ਉਪਾਅ ਪਸੰਦ ਨਹੀਂ ਆਏ। ਸੁਨਕ ਦੀ ਪਤਨੀ ਅਕਸ਼ਤਾ 'ਤੇ ਲੱਗੇ ਦੋਸ਼ ਵੀ ਉਨ੍ਹਾਂ 'ਤੇ ਭਾਰੀ ਪਏ। 'ਸੰਡੇ ਟਾਈਮਜ਼' ਨੇ ਤਾਂ ਅਕਸ਼ਤਾ ਨੂੰ ਮਹਾਰਾਣੀ ਤੋਂ ਵੀ ਵੱਧ ਅਮੀਰ ਦੱਸਿਆ। ਰਿਸ਼ੀ ਸੁਨਕ ਦੀ ਵੈਭਵ ਪੂਰਣ ਜੀਵਨਸ਼ੈਲੀ ਵੀ ਲੋਕਾਂ ਨੂੰ ਰਾਸ ਨਹੀਂ ਆ ਰਹੀ ਸੀ। ਬਰਤਾਨੀਆ 'ਚ ਜਾਰੀ ਪਾਣੀ ਦੇ ਸੰਕਟ ਦਰਮਿਆਨ ਸੁਨਕ ਵਲੋਂ ਆਪਣੇ ਘਰ 'ਚ ਸਵੀਮਿੰਗ ਪੂਲ ਬਣਾਉਣ ਆਦਿ ਨਾਲ ਵੀ ਲੋਕਾਂ ਦੇ ਮਨ 'ਚ ਉਨ੍ਹਾਂ ਪ੍ਰਤੀ ਨਾਂਹਪੱਖੀ ਧਾਰਨਾ ਬਣੀ।
ਬ੍ਰਿਟੇਨ ਦੇ ਵਾਸੀਆਂ ਨੂੰ ਬੋਰਿਸ ਜਾਨਸਨ, ਜਿਨ੍ਹਾਂ ਨੂੰ ਰਿਸ਼ੀ ਸੁਨਕ ਆਪਣਾ 'ਸਿਆਸੀ ਗੁਰੂ' ਦੱਸਦੇ ਸਨ, ਨਾਲ ਰਿਸ਼ੀ ਸੁਨਕ ਵਲੋਂ 'ਛਲ' ਕਰਨਾ ਵੀ ਰਾਸ ਨਹੀਂ ਆਇਆ, ਜਿਸ ਨੂੰ ਸੁਨਕ ਦੇ ਵਿਰੋਧੀਆਂ ਨੇ ਬੋਰਿਸ ਨਾਲ ਧੋਖਾ ਕਰਾਰ ਦਿੱਤਾ ਕਿਉਂਕਿ ਸੁਨਕ ਨੇ ਹੀ ਸਭ ਤੋਂ ਪਹਿਲਾਂ ਅਸਤੀਫਾ ਦੇ ਕੇ ਬ੍ਰਿਟੇਨ ਦੀ ਸਿਆਸਤ 'ਚ ਧਮਾਕਾ ਕੀਤਾ ਸੀ। ਇੰਗਲੈਂਡ ਦੇ ਇਤਿਹਾਸ 'ਚ 13ਵੀਂ ਸਦੀ 'ਚ ਲੋਕਤੰਤਰ ਦੀ ਸ਼ੁਰੂਆਤ ਤੋਂ ਹੁਣ ਤਕ ਬ੍ਰਿਟਿਸ਼ ਮੂਲ ਦੇ ਲੋਕ ਹੀ ਪ੍ਰਧਾਨ ਮੰਤਰੀ ਬਣੇ ਹਨ। ਹਾਲਾਂਕਿ ਸੁਨਕ ਕੁਦਰਤੀ ਤੌਰ 'ਤੇ ਬ੍ਰਿਟਿਸ਼ ਨਾਗਰਿਕ ਹਨ ਪਰ ਉਥੇ ਮੂਲ ਰੂਪ 'ਚ ਬ੍ਰਿਟੇਨ 'ਚ ਪੈਦਾ ਹੋਏ ਲੋਕ ਹੀ ਪ੍ਰਧਾਨ ਮੰਤਰੀ ਬਣਦੇ ਆਏ ਹਨ। ਇਸ ਲਈ ਬ੍ਰਿਟੇਨ ਵਾਸੀਆਂ ਦੇ ਮਨ 'ਚ ਬਣੀ ਇਹ ਹਲਕੀ ਜਿਹੀ ਧਾਰਨਾ ਵੀ ਸ਼ਾਇਦ ਉਨ੍ਹਾਂ ਦੇ ਵਿਰੁੱਧ ਗਈ ਤੇ ਸੁਨਕ ਪੂਰੇ ਬ੍ਰਿਟਿਸ਼ ਨਹੀਂ ਹਨ।