ਲਿਵ-ਇਨ ਰਿਲੇਸ਼ਨਸ਼ਿਪ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੀ ਬੁਰਾਈ
Friday, Dec 15, 2023 - 05:40 AM (IST)
ਲਿਵ-ਇਨ ਰਿਲੇਸ਼ਨਸ਼ਿਪ ਜਾਂ ‘ਸਹਿਮਤੀ ਸਬੰਧ’ ਇਕ ਅਜਿਹੀ ਵਿਵਸਥਾ ਹੈ, ਜਿਸ ’ਚ ਔਰਤ ਅਤੇ ਮਰਦ ਬਿਨਾਂ ਵਿਆਹ ਕੀਤੇ ਪਤੀ-ਪਤਨੀ ਵਾਂਗ ਰਹਿਣ ਦੇ ਨਾਲ-ਨਾਲ ਆਪਸ ’ਚ ਸਰੀਰਕ ਸਬੰਧ ਵੀ ਬਣਾਉਂਦੇ ਹਨ। ਕਈ ਜੋੜੇ ਤਾਂ ਬੱਚੇ ਪੈਦਾ ਕਰ ਲੈਂਦੇ ਹਨ। ਆਪਸੀ ਸਹਿਮਤੀ ਨਾਲ ਕਾਇਮ ਇਹ ਸਬੰਧ ਪੱਛਮੀ ਦੇਸ਼ਾਂ ’ਚ ਆਮ ਗੱਲ ਹੈ ਅਤੇ ਉਨ੍ਹਾਂ ਦੀ ਦੇਖਾਦੇਖੀ ਭਾਰਤ ਵਰਗੇ ਦੇਸ਼ਾਂ ’ਚ ਵੀ ਇਹ ਜੀਵਨ-ਸ਼ੈਲੀ ਪੈਰ ਪਸਾਰਨ ਲੱਗੀ ਹੈ।
ਖਾਸ ਕਰ ਕੇ ਮੈਟ੍ਰੋਪੋਲਿਟਨ ਸ਼ਹਿਰਾਂ ’ਚ ਘਰਾਂ ਤੋਂ ਦੂਰ ਰਹਿਣ ਵਾਲੇ ਨੌਜਵਾਨ ਕੰਮਕਾਜੀ ਜੋੜਿਆਂ ’ਚ ਇਹ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਵੀ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਲੱਗੀਆਂ ਹਨ। ਭਾਰਤੀ ਸਿਨੇ ਜਗਤ ’ਚ ਵੀ ਲਿਵ-ਇਨ ਰਿਲੇਸ਼ਨਸ਼ਿਪ ਦੀਆਂ ਕਈ ਉਦਾਹਰਣਾਂ ਮੌਜੂਦ ਹਨ, ਜਿਨ੍ਹਾਂ ’ਚੋਂ ਕੁਝ ਦੀ ਜੋੜੀ ਟੁੱਟ ਗਈ ਅਤੇ ਕੁਝ ਦਾ ਅੰਜਾਮ ਵਿਆਹ ਤੱਕ ਪੁੱਜਿਆ।
ਮਾਇਆ ਨਗਰੀ ’ਚ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਵਾਲੇ ਜੋੜਿਆਂ ’ਚ ਜਾਨ ਅਬ੍ਰਾਹਮ-ਬਿਪਾਸ਼ਾ ਬਸੁ, ਸੈਫ ਅਲੀ ਖਾਨ-ਰੋਜ਼ਾ ਕੈਟਲੀਨੋ, ਵਿਕਰਮ ਭੱਟ-ਅਮੀਸ਼ਾ ਪਟੇਲ, ਸੁਸ਼ਾਂਤ ਸਿੰਘ ਰਾਜਪੂਤ ਤੇ ਅੰਕਿਤਾ ਲੋਖੰਡੇ ਆਦਿ ਸ਼ਾਮਲ ਹਨ, ਜਿਨ੍ਹਾਂ ਦੇ ਸਬੰਧ ਕਿਸੇ ਅੰਜਾਮ ਤੱਕ ਨਹੀਂ ਪੁੱਜ ਸਕੇ।
ਅੰਕਿਤਾ ਲੋਖੰਡੇ ਤੋਂ ਬ੍ਰੇਕਅਪ ਤੋਂ ਬਾਅਦ ਸੁਸ਼ਾਂਤ ਸਿੰਘ ਦਾ ਲਿਵ-ਇਨ ਰਿਲੇਸ਼ਨਸ਼ਿਪ ਰੀਆ ਚੱਕਰਵਰਤੀ ਨਾਲ ਵੀ ਹੋਇਆ ਸੀ ਜਿਸ ’ਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਮਾਨਸਿਕ ਤਣਾਅ ਪਹੁੰਚਾਉਣ ਅਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਗਿਆ ਅਤੇ ਇਸ ਬਾਰੇ ਪੁਲਸ ਰੀਆ ਕੋਲੋਂ ਪੁੱਛਗਿੱਛ ਵੀ ਕਰ ਚੁੱਕੀ ਹੈ।
ਦੂਜੇ ਪਾਸੇ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਵਾਲੀਆਂ ਸਫਲ ਜੋੜੀਆਂ ’ਚ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦਾ ਨਾਂ ਸਭ ਤੋਂ ਉਪਰ ਹੈ, ਜਿਨ੍ਹਾਂ ਨੇ ਪੰਜ ਸਾਲ ਤੱਕ ਲਿਵ-ਇਨ ਰਿਲੇਸ਼ਨਸਿਪ ’ਚ ਰਹਿਣ ਪਿੱਛੋਂ ਵਿਆਹ ਰਚਾ ਲਿਆ।
ਭਾਰਤ ’ਚ 1978 ’ਚ ਸੁਪਰੀਮ ਕੋਰਟ ਨੇ ਪਹਿਲੀ ਵਾਰ ਲਿਵ-ਇਨ ਰਿਲੇਸ਼ਨਸ਼ਿਪ ਨੂੰ ਮਾਨਤਾ ਦਿੱਤੀ ਸੀ। ‘ਲਿਵ-ਇਨ’ ਰਿਲੇਸ਼ਨਸ਼ਿਪ ’ਚ ਤਲਾਕ ਵਰਗੇ ਝੰਜਟ ਦੀ ਨੌਬਤ ਤਾਂ ਨਹੀਂ ਆਉਂਦੀ ਪਰ ਇਸ ’ਚ ਕਿਸੇ ਇਕ ਸਾਥੀ ਵੱਲੋਂ ਧੋਖਾ ਦੇਣ ਦੇ ਕਾਰਨ ਦੂਜੇ ਸਾਥੀ ਦੀ ਜ਼ਿੰਦਗੀ ਨਰਕ ਜ਼ਰੂਰ ਬਣ ਜਾਂਦੀ ਹੈ।
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਨੇ ਵੀ ਕਿਹਾ ਹੈ ਕਿ ਦੇਸ਼ ’ਚ ਪਿਛਲੇ 5 ਸਾਲਾਂ ਦੌਰਾਨ ਪ੍ਰੇਮ, ਅਸਫਲ ਪ੍ਰੇਮ, ਧੋਖਾ ਅਤੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਹੋਣ ਵਾਲੀਆਂ ਖੁਦਕੁਸ਼ੀਆਂ ’ਚ ਕਾਫੀ ਵਾਧਾ ਹੋਇਆ ਹੈ।
ਦਿੱਲੀ ’ਚ 18 ਮਈ, 2022 ਨੂੰ ਸ਼ਰਧਾ ਵਾਲਕਰ ਦਾ ਉਸ ਨਾਲ ਲਿਵ-ਇਨ ’ਚ ਰਹਿਣ ਵਾਲੇ ਆਫਤਾਬ ਪੂਨਾਵਾਲਾ ਵੱਲੋਂ ਕਤਲ ਤੋਂ ਪਹਿਲਾਂ ਅਤੇ ਉਸ ਦੇ ਬਾਅਦ ਵੀ ਦੇਸ਼ ’ਚ ਕਈ ਅਜਿਹੀਆਂ ਹੱਤਿਆਵਾਂ ਹੋਈਆਂ ਹਨ, ਜਿਨ੍ਹਾਂ ’ਚ ਪ੍ਰੇਮਿਕਾਵਾਂ ਜਾਂ ਪ੍ਰੇਮੀਆਂ ਨੇ ਆਪਣੇ ਸਾਥੀ ਨਾਲ ਗੈਰ-ਮਨੁੱਖੀ ਵਿਹਾਰ ਕੀਤਾ ਅਤੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਸੁੱਟ ਦਿੱਤੇ, ਨਾਲੇ ’ਚ ਰੋੜ੍ਹ ਦਿੱਤੇ ਜਾਂ ਸਾੜ ਦਿੱਤੇ। ਦੱਸਿਆ ਜਾਂਦਾ ਹੈ ਕਿ ਆਫਤਾਬ ਪੂਨਾਵਾਲਾ ਨੇ ਸ਼ਰਧਾ ਵਾਲਕਰ ਦੀ ਲਾਸ਼ ਦੇ 35 ਟੁਕੜੇ ਕੀਤੇ ਸਨ।
ਅਜੇ 13 ਦਸੰਬਰ ਨੂੰ ਹੀ ਇੰਦੌਰ ’ਚ ਲਿਵ-ਇਨ ’ਚ ਰਹਿਣ ਵਾਲੀ 20 ਸਾਲਾ ਕੁੜੀ ਵੱਲੋਂ ਸੈਕਸ ਤੋਂ ਇਨਕਾਰ ਕਰਨ ’ਤੇ ਉਸ ਦੇ ਸਾਥੀ ਨੇ ਹੱਤਿਆ ਕਰ ਦਿੱਤੀ।
ਲਿਵ-ਇਨ ਸਬੰਧਾਂ ’ਚ ਨਿਹਿਤ ਇਸੇ ਤਰ੍ਹਾਂ ਦੇ ਖਤਰਿਆਂ ਨੂੰ ਦੇਖਦੇ ਹੋਏ ਹੀ ਹਰਿਆਣਾ ਦੇ ਭਿਵਾਨੀ-ਮਹਿੰਦਰਗੜ੍ਹ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਧਰਮਵੀਰ ਸਿੰਘ ਨੇ 7 ਦਸੰਬਰ ਨੂੰ ਲੋਕ ਸਭਾ ’ਚ ‘ਲਿਵ ਇਨ’ ਸਬੰਧਾਂ ਨੂੰ ਸਮਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਵਾਲੀ ਇਕ ਖਤਰਨਾਕ ਅਤੇ ਹਾਨੀਕਾਰਕ ਬੁਰਾਈ ਕਰਾਰ ਦਿੰਦੇ ਹੋਏ ਸਰਕਾਰ ਕੋਲੋਂ ਇਸ ’ਤੇ ਰੋਕ ਲਾਉਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ।
ਧਰਮਵੀਰ ਸਿੰਘ ਨੇ ਕਿਹਾ ਕਿ ‘‘ਪ੍ਰੇਮ ਵਿਆਹਾਂ ’ਚ ਲੜਕੇ-ਲੜਕੀ ਦੇ ਮਾਤਾ-ਪਿਤਾ ਦੀ ਸਹਿਮਤੀ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਜਿੱਥੇ ਦੇਸ਼ ’ਚ ਪ੍ਰੇਮ ਵਿਆਹ ਵਧਣ ਨਾਲ ਤਲਾਕ ਦੇ ਮਾਮਲੇ ਵੀ ਵਧ ਗਏ ਹਨ, ਉੱਥੇ ਹੀ ‘ਲਿਵ-ਇਨ’ ਸਬੰਧਾਂ ਕਾਰਨ ਦੇਸ਼ ਦਾ ਸੱਭਿਆਚਾਰ ਬਰਬਾਦ ਹੋ ਰਿਹਾ ਹੈ। ਇਸ ਲਈ ਭਾਰਤੀ ਸੱਭਿਆਚਾਰ ਨੂੰ ਪੱਛਮੀ ਸੱਭਿਆਚਾਰ ਵਾਂਗ ਬਣਨ ਤੋਂ ਬਚਾਉਣ ਲਈ ਇਕ ਕਾਨੂੰਨ ਬਣਾਉਣ ਦੀ ਲੋੜ ਹੈ।’’
ਸ਼ਰਧਾ ਵਾਲਕਰ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ, ‘‘ਭਾਰਤੀ ਸਮਾਜ ’ਚ ਰਵਾਇਤੀ ਤੌਰ ’ਤੇ ਵਿਆਹ ਪਰਿਵਾਰਾਂ ਵੱਲੋਂ ਤੈਅ ਕੀਤੇ ਜਾਂਦੇ ਹਨ, ਜਿਨ੍ਹਾਂ ’ਚ ਲੜਕੇ ਅਤੇ ਲੜਕੀ ਦੀ ਵੀ ਸਹਿਮਤੀ ਹੁੰਦੀ ਹੈ। ਅਜਿਹੇ ਸਬੰਧਾਂ ’ਚ ਪਰਿਵਾਰਾਂ ਦੇ ਪਿਛੋਕੜ ਨੂੰ ਵੀ ਪਹਿਲ ਦਿੱਤੀ ਜਾਂਦੀ ਹੈ ਅਤੇ ਵਿਆਹ ਨੂੰ ਸੱਤ ਜਨਮਾਂ ਦਾ ਪਵਿੱਤਰ ਬੰਧਨ ਮੰਨਿਆ ਜਾਂਦਾ ਹੈ।’’
‘‘ਭਾਰਤ ’ਚ ਤਲਾਕ ਦੀ ਦਰ 1.1 ਫੀਸਦੀ ਹੈ, ਜਦਕਿ ਅਮਰੀਕਾ ’ਚ ਇਹ 40 ਫੀਸਦੀ ਤੱਕ ਪਹੁੰਚ ਗਈ ਹੈ, ਜਿਸ ਦਾ ਇਕ ਮਹੱਤਵਪੂਰਨ ਕਾਰਨ ਪ੍ਰੇਮ ਵਿਆਹ ਹੈ।’’
ਉੱਚ ਪ੍ਰਾਚੀਨ ਭਾਰਤੀ ਸੱਭਿਆਚਾਰ ਨੂੰ ਦੇਖਦੇ ਹੋਏ ਸੰਸਦ ਮੈਂਬਰ ਧਰਮਵੀਰ ਸਿੰਘ ਦਾ ਕਥਨ ਸਹੀ ਹੈ। ਇਸ ਲਈ ਸਰਕਾਰ ਨੂੰ ਇਸ ਸਬੰਧ ’ਚ ਕੋਈ ਕਾਨੂੰਨ ਜ਼ਰੂਰ ਬਣਾਉਣਾ ਚਾਹੀਦਾ ਹੈ ਤਾਂ ਕਿ ਇਸ ਨਵੇਂ ਰੁਝਾਨ ਤੋਂ ਮੁਕਤੀ ਮਿਲ ਸਕੇ, ਜਿਸ ’ਚ ਲਾਭ ਘੱਟ ਅਤੇ ਖਤਰੇ ਜ਼ਿਆਦਾ ਹਨ।
- ਵਿਜੇ ਕੁਮਾਰ