ਕਿੰਨੇ ਵੀ ਉੱਚੇ ਅਹੁਦੇ ’ਤੇ ਹੋਣ ਕਾਨੂੰਨ ਸਭ ਲਈ ਇਕ ਬਰਾਬਰ ਹੋਵੇ
Sunday, Jan 21, 2024 - 06:01 AM (IST)
ਕਾਨੂੰਨ ਸਾਰਿਆਂ ਲਈ ਇਕ ਬਰਾਬਰ ਹੁੰਦਾ ਹੈ। ਕੋਈ ਵੀ ਵਿਅਕਤੀ ਭਾਵੇਂ ਉਹ ਕਿੰਨੇ ਵੀ ਵੱਡੇ ਰੁਤਬੇ ਦਾ ਮਾਲਕ ਕਿਉਂ ਨਾ ਹੋਵੇ, ਇਸ ਤੋਂ ਉਪਰ ਨਹੀਂ। ਪੱਛਮੀ ਦੇਸ਼ਾਂ ਦੇ ਸਿਆਸਤਦਾਨਾਂ ਨਾਲ ਹੋਏ ਵੱਖ-ਵੱਖ ਘਟਨਾਕ੍ਰਮ ਇਸ ਦੀ ਪੁਸ਼ਟੀ ਕਰਦੇ ਹਨ :
* 12 ਅਪ੍ਰੈਲ, 2022 ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਸਰਕਾਰੀ ਖਜ਼ਾਨੇ ਦੇ ਚਾਂਸਲਰ (ਵਿੱਤ ਮੰਤਰੀ) ਰਿਸ਼ੀ ਸੁਨਕ (ਇਸ ਸਮੇਂ ਬਰਤਾਨੀਆ ਦੇ ਪ੍ਰਧਾਨ ਮੰਤਰੀ) ’ਤੇ ਕੋਵਿਡ ਮਹਾਮਾਰੀ ਦੌਰਾਨ ਲਾਕਡਾਊਨ ਦੇ ਨਿਯਮਾਂ ਨੂੰ ਤੋੜਨ ਦੇ ਦੋਸ਼ ’ਚ ਜੁਰਮਾਨਾ ਲਾਇਆ ਗਿਆ ਸੀ।
ਪੁਲਸ ਨੇ ਇਸ ਬਾਰੇ ਕਿਹਾ ਕਿ ‘‘ਜਦੋਂ ਆਮ ਬਰਤਾਨੀਆ ਵਾਸੀਆਂ ਨੂੰ ਸਮਾਜਿਕ ਮੇਲ-ਜੋਲ ’ਤੇ ਗੰਭੀਰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਾਥੀ ਵਿੱਤ ਮੰਤਰੀ ਨੂੰ ਸਰਕਾਰੀ ਭਵਨਾਂ ’ਚ ਪਾਰਟੀ ਕਰਦੇ ਪਾਇਆ ਗਿਆ।’’
ਇਸ ’ਤੇ ਟਿੱਪਣੀ ਕਰਦੇ ਹੋਏ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮ ਨੇ ਕਿਹਾ ਕਿ ‘‘ਜੁਰਮਾਨਾ ਇਸ ਗੱਲ ਦਾ ਸੰਕੇਤ ਹੈ ਕਿ ਦੋਵਾਂ ਵਿਅਕਤੀਆਂ ਨੇ ਬਰਤਾਨਵੀ ਜਨਤਾ ਨਾਲ ਵਾਰ-ਵਾਰ ਝੂਠ ਬੋਲਿਆ ਸੀ।’’
ਇਸ ਘਟਨਾ ਪਿੱਛੋਂ 9 ਜੂਨ, 2022 ਨੂੰ ਬੋਰਿਸ ਜਾਨਸਨ ਨੇ ਮਹਾਮਾਰੀ ਦੌਰਾਨ ਨਿਯਮ ਤੋੜਨ ਵਾਲੀਆਂ ਪਾਰਟੀਆਂ ਬਾਰੇ ਸੰਸਦ ’ਚ ਦਿੱਤੇ ਗਏ ਭਰਮਾਊ ਬਿਆਨਾਂ ਬਾਰੇ ਸੰਸਦ ਵੱਲੋਂ ਕੀਤੀ ਗਈ ਜਾਂਚ ਦੇ ਨਤੀਜੇ ਆਉਣ ਪਿੱਛੋਂ ਸੰਸਦ ਮੈਂਬਰ ਦਾ ਅਹੁਦਾ ਛੱਡ ਦਿੱਤਾ।
ਇਹੀ ਨਹੀਂ, 7 ਜੁਲਾਈ, 2022 ਨੂੰ ਬੋਰਿਸ ਜਾਨਸਨ ਨੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਵਿਰੋਧੀ ਲੇਬਰ ਪਾਰਟੀ ਵੱਲੋਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਾਰਨ ਪ੍ਰਧਾਨ ਮੰਤਰੀ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ।
* 21 ਜਨਵਰੀ, 2023 ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ’ਤੇ ਕਾਰ ’ਚ ਸੀਟ ਬੈਲਟ ਨਾ ਲਾਉਣ ’ਤੇ ਪੁਲਸ ਨੇ ਜੁਰਮਾਨਾ ਲਾ ਦਿੱਤਾ। ਉਨ੍ਹਾਂ ਨੇ ਚੱਲਦੀ ਕਾਰ ’ਚ ਪਿੱਛੇ ਵਾਲੀ ਸੀਟ ’ਤੇ ਬੈਠ ਕੇ ਇਕ ਵੀਡੀਓ ਬਣਾਈ, ਜਿਸ ਨੂੰ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਅਪਲੋਡ ਕਰ ਦਿੱਤਾ ਸੀ।
ਇਸ ਵੀਡੀਓ ’ਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸੀਟ ਬੈਲਟ ਨਹੀਂ ਲਾਈ ਹੋਈ ਸੀ। ਪੁਲਸ ਨੇ ਵੀਡੀਓ ਦੀ ਜਾਂਚ ਕਰਨ ਪਿੱਛੋਂ ਉਨ੍ਹਾਂ ਨੂੰ ਜੁਰਮਾਨਾ ਕੀਤਾ, ਜਿਸ ਨੂੰ ਅਦਾ ਕਰਨ ਦੇ ਨਾਲ ਹੀ ਉਨ੍ਹਾਂ ਨੇ ਮਾਫੀ ਵੀ ਮੰਗ ਲਈ।
ਰਿਸ਼ੀ ਸੁਨਕ ’ਤੇ ਨਿਸ਼ਾਨਾ ਲਾਉਂਦੇ ਹੋਏ ਵਿਰੋਧੀ ਲੇਬਰ ਪਾਰਟੀ ਦੇ ਬੁਲਾਰੇ ਨੇ ਕਿਹਾ ਸੀ ਕਿ ‘‘ਰਿਸ਼ੀ ਸੁਨਕ ਇਸ ਦੇਸ਼ ’ਚ ਸੀਟ ਬੈਲਟ, ਆਪਣੇ ਡੈਬਿਟ ਕਾਰਡ, ਟ੍ਰੇਨ ਸੇਵਾ ਅਤੇ ਅਰਥਵਿਵਸਥਾ ਦਾ ਪ੍ਰਬੰਧਨ ਕਰਨਾ ਨਹੀਂ ਜਾਣਦੇ ਹਨ।’’
* 24 ਜੁਲਾਈ, 2023 ਨੂੰ ਨਿਊਜ਼ੀਲੈਂਡ ਦੀ ਨਿਆਂ ਮੰਤਰੀ ‘ਕਿਰੀ ਏਲਨ’ ਨੂੰ ਸ਼ਰਾਬ ਪੀਣ ਦੀ ਕਾਨੂੰਨ ਵੱਲੋਂ ਨਿਰਧਾਰਿਤ ਹੱਦ ਦੀ ਉਲੰਘਣਾ ਕਰਨ, ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਫੜੀ ਜਾਣ ’ਤੇ ਇਕ ਪੁਲਸ ਅਧਿਕਾਰੀ ਨਾਲ ਜਾਣ ਤੋਂ ਇਨਕਾਰ ਕਰਨ ਦੀ ਦੋਸ਼ੀ ਪਾਇਆ ਗਿਆ, ਜਿਸ ਪਿੱਛੋਂ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਲੇਬਰ ਪਾਰਟੀ ਦੇ ਉਭਰਦੇ ਸਿਤਾਰਿਆਂ ’ਚ ਗਿਣੀ ਜਾਣ ਵਾਲੀ ‘ਕਿਰੀ ਐਲਨ’ ਨੇ 23 ਜੁਲਾਈ ਦੀ ਰਾਤ ਲਗਭਗ 9 ਵਜੇ ਇਕ ਖੜ੍ਹੀ ਕਾਰ ’ਚ ਜ਼ੋਰਦਾਰ ਟੱਕਰ ਮਾਰ ਦਿੱਤੀ ਸੀ, ਜਿਸ ਪਿੱਛੋਂ ਉਸ ਦੇ ਸਾਹ ਦੇ ਪ੍ਰੀਖਣ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਉਹ ਨਿਰਧਾਰਤ ਹੱਦ ਤੋਂ ਵੱਧ ਸ਼ਰਾਬ ਪੀ ਕੇ ਗੱਡੀ ਚਲਾ ਰਹੀ ਸੀ।
* ਅਤੇ ਹੁਣ 17 ਜਨਵਰੀ, 2024 ਨੂੰ ਨਿਊਜ਼ੀਲੈਂਡ ਦੀ ਲੇਬਰ ਪਾਰਟੀ ਦੀ ਇਕ ਨੌਜਵਾਨ ਮਹਿਲਾ ਸੰਸਦ ਮੈਂਬਰ ‘ਗੋਲਰਿਜ ਘਰਮਨ’ ’ਤੇ ਦੁਕਾਨਾਂ ਅਤੇ ਸ਼ਾਪਿੰਗ ਮਾਲਾਂ ਤੋਂ ਚੋਰੀ ਕਰਨ ਦਾ ਦੋਸ਼ ਲੱਗਣ ਪਿੱਛੋਂ ਉਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
‘ਗੋਲਰਿਜ ਘਰਮਨ’ ’ਤੇ ਆਕਲੈਂਡ ਅਤੇ ਵੈਲਿੰਗਟਨ ਦੇ ਇਕ ਬੁਟੀਕ ਤੋਂ ਕੱਪੜੇ ਅਤੇ ਹੈਂਡਬੈਗ ਚੋਰੀ ਕਰਨ ਦੇ ਘੱਟੋ-ਘੱਟ ਤਿੰਨ ਦੋਸ਼ ਲੱਗੇ ਹਨ।
ਪੁਲਸ ਨੇ ਇਨ੍ਹਾਂ ਸਟੋਰਾਂ ਦੀ ਵੀਡੀਓ ਫੁਟੇਜ ਹਾਸਲ ਕਰ ਕੇ ‘ਗੋਲਰਿਜ ਘਰਮਨ’ ਵਿਰੁੱਧ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਉਪਰੋਕਤ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਪੱਛਮੀ ਦੇਸ਼ਾਂ ਦੇ ਸਿਆਸਤਦਾਨ ਸਾਡੇ ਸਿਆਸਤਦਾਨਾਂ ਵਾਂਗ ਹੀ ਗਲਤੀਆਂ ਤਾਂ ਕਰਦੇ ਹਨ ਪਰ ਉਹ ਆਪਣੀ ਗਲਤੀ ਸਵੀਕਾਰ ਕਰਨ ’ਚ ਝਿਜਕਦੇ ਨਹੀਂ ਅਤੇ ਬਿਨਾਂ ਦੇਰ ਕੀਤੇ ‘ਸਜ਼ਾ’ ਭੁਗਤ ਕੇ ਜੁਰਮਾਨਾ ਆਦਿ ਅਦਾ ਕਰਦੇ ਹਨ ਤਾਂ ਕਿ ਉਨ੍ਹਾਂ ਨਾਲ ਜੁੜੇ ਵਿਵਾਦ ਨੂੰ ਖਤਮ ਕੀਤਾ ਜਾ ਸਕੇ।
ਇਸ ਦੇ ਇਲਾਵਾ ਭਾਰਤ ’ਚ ਸਿਆਸਤਦਾਨਾਂ ’ਤੇ ਲੱਗਣ ਵਾਲੇ ਦੋਸ਼ਾਂ ਦਾ ਨਿਪਟਾਰਾ ਹੋਣ ’ਚ ਦਹਾਕੇ ਲੱਗ ਜਾਂਦੇ ਹਨ। ਇਸ ਲਈ ਸਾਡੇ ਸਿਆਸਤਦਾਨਾਂ ਨੂੰ ਵੀ ਪੱਛਮੀ ਸਿਆਸਤਦਾਨਾਂ ਵਾਂਗ ਆਪਣੀ ਗਲਤੀ ਜਲਦੀ ਮੰਨ ਕੇ ਉਸ ਦੀ ਸਜ਼ਾ ਭੁਗਤਣ ਦਾ ਗੁਣ ਗ੍ਰਹਿਣ ਕਰਨਾ ਚਾਹੀਦਾ ਹੈ।
- ਵਿਜੇ ਕੁਮਾਰ